ਭਗਤਾ ਭਾਈ, 4 ਦਸੰਬਰ (ਰਾਜਿੰਦਰ ਸਿੰਘ ਮਰਾਹੜ)-ਇਸ ਨਾਸ਼ਵਾਨ ਸੰਸਾਰ ਵਿਚੋਂ ਹਰ ਇੱਕ ਵਿਅਕਤੀ ਨੇ ਚਲਿਆ ਜਾਣਾ ਹੈ ਪਰ ਕੁਝ ਇਨਸਾਨ ਬੜੀ ਛੋਟੀ ਉਮਰੇ ਵਿਛੋੜਾ ਦੇ ਜਾਂਦੇ ਹਨ, ਜਿਸ ਕਾਰਨ ਬੱਚਿਆਂ, ਪਰਿਵਾਰ ਅਤੇ ਨਜ਼ਦੀਕੀਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪੈ ਜਾਂਦਾ ਹੈ। ਬੀਤੇ 26 ਨਵੰਬਰ ਨੂੰ ਮਹਿਜ਼ 54 ਸਾਲ ਦੀ ਉਮਰ ਵਿੱਚ ਸਦੀਵੀ ਵਿਛੋੜਾ ਦੇਣ ਵਾਲੇ ਨਿਮਰ ਸੁਭਾਅ ਦੇ ਮਾਲਕ ਜਸਵਿੰਦਰ ਸਿੰਘ ਮਰਾਹੜ ਦਾ ਜਨਮ 29 ਨਵੰਬਰ 1970 ਨੂੰ ਪਿਤਾ ਜਥੇਦਾਰ ਰਣਜੀਤ ਸਿੰਘ ਮਰਾਹੜ ਦੇ ਘਰ ਮਾਤਾ ਸ੍ਰੀਮਤੀ ਕੁਲਦੀਪ ਕੌਰ ਦੀ ਕੁੱਖੋਂ ਪਿੰਡ ਕੋਠਾ ਗੁਰੂ (ਬਠਿੰਡਾ) ਵਿਖੇ ਹੋਇਆ। ਉਹ ਦੋ ਭੈਣਾਂ ਪਲਮਿੰਦਰ ਕੌਰ ਤੇ ਹਰਮਿੰਦਰ ਕੌਰ ਦੇ ਵੱਡੇ ਇਕਲੌਤੇ ਭਰਾ ਸਨ। ਉਨ੍ਹਾਂ ਮੁਢਲੀ ਪੜ੍ਹਾਈ ਸਰਕਾਰੀ ਹਾਈ ਸਕੂਲ ਕੋਠਾ ਗੁਰੂ ਤੋਂ ਹਾਸਲ ਕਰਨ ਉਪਰੰਤ ਖੇਤੀਬਾੜੀ ਦਾ ਕਿੱਤਾ ਅਪਣਾ ਲਿਆ। ਸੰਨ 1992 ਵਿਚ ਉਨ੍ਹਾਂ ਦੀ ਸ਼ਾਦੀ ਸੁਰਿੰਦਰ ਕੌਰ (ਸਪੁੱਤਰੀ ਬਲਦੇਵ ਸਿੰਘ) ਵਾਸੀ ਸੁਖਾਨੰਦ (ਮੋਗਾ) ਨਾਲ ਹੋਈ। ਉਨ੍ਹਾਂ ਦੇ ਘਰ ਦੋ ਸਪੁੱਤਰਾਂ ਹਰਜੋਤ ਸਿੰਘ ਜੋਤੀ ਅਤੇ ਪ੍ਰਭਜੋਤ ਸਿੰਘ ਗੋਰਾ ਨੇ ਜਨਮ ਲਿਆ। ਜਸਵਿੰਦਰ ਸਿੰਘ ਸਮਾਜ ਸੇਵਾ ਤੇ ਪਿੰਡ ਦੇ ਸਾਂਝੇ ਕੰਮਾਂ ‘ਚ ਵੀ ਹਮੇਸ਼ਾ ਮੋਹਰੀ ਰੋਲ ਅਦਾ ਕਰਦੇ ਰਹਿੰਦੇ ਸਨ। ਉਨ੍ਹਾਂ ਦਾ ਪਰਿਵਾਰ ਅਕਾਲੀ ਰਾਜਨੀਤੀ ਨਾਲ ਜੁੜਿਆ ਹੋਣ ਕਰਕੇ ਉਹ ਪਾਰਟੀ ਲਈ ਸੁਹਿਰਦਤਾ ਨਾਲ ਕੰਮ ਕਰਦੇ ਰਹੇ। ਉਹ ਲੈਂਡਮਾਰਗੇਜ ਬੈਂਕ ਰਾਮਪੁਰਾ ਫੂਲ ਦੇ ਪੰਜ ਸਾਲ ਡਾਇਰੈਕਟਰ ਰਹੇ। ਜਸਵਿੰਦਰ ਸਿੰਘ ਬੜੇ ਹੀ ਸ਼ਾਂਤ, ਨਿਮਰ ਤੇ ਸਾਦੇ ਸੁਭਾਅ ਦੇ ਮਾਲਕ ਸਨ। ਜਿਸ ਕਾਰਨ ਪਿੰਡ ਤੇ ਇਲਾਕੇ ਦੇ ਲੋਕਾਂ ਨਾਲ ਉਨ੍ਹਾਂ ਦੀ ਬੜੀ ਹੀ ਗੂੜੀ ਤੇ ਚੰਗੀ ਪਹਿਚਾਣ ਸੀ। ਉਹ 26 ਨਵੰਬਰ ਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੇ 54 ਸਾਲ ਦੀ ਛੋਟੀ ਉਮਰ ‘ਚ ਚਲੇ ਜਾਣ ਕਾਰਨ ਪਰਿਵਾਰ ਨੂੰ ਅਸਹਿ ਤੇ ਅਕਹਿ ਦੁੱਖ ਲੱਗਾ ਹੈ। ਜਸਵਿੰਦਰ ਸਿੰਘ ਨਮਿੱਤ ਪਾਠ ਦਾ ਭੋਗ ਅੱਜ 5 ਦਸੰਬਰ 2024 (ਵੀਰਵਾਰ) ਨੂੰ ਗੁਰਦੁਆਰਾ ਗੁੰਗਸਰ ਸਾਹਿਬ ਪਿੰਡ ਕੋਠਾ ਗੁਰੂ (ਬਠਿੰਡਾ) ਵਿਖੇ ਪਵੇਗਾ।
ਕੈਪਸ਼ਨ: ਜਸਵਿੰਦਰ ਸਿੰਘ ਮਰਾਹੜ ਦੀ ਪੁਰਾਣੀ ਫੋਟੋ
ਅੱਜ ਭੋਗ ‘ਤੇ ਵਿਸ਼ੇਸ਼: ਨਿਮਰ ਸੁਭਾਅ ਦੇ ਮਾਲਕ ਸਨ: ਜਸਵਿੰਦਰ ਸਿੰਘ ਮਰਾਹੜ

Leave a comment