ਅਲਵਿਦਾ ਰਤਨ ਟਾਟਾ!
ਭਾਰਤ ਦੇ ਨਾਮਵਰ ਉਦਯੋਗਪਤੀ ਤੇ ਦੁਨੀਆਂ ਦੇ ਗਿਣਤੀ ਦੇ ਅਮੀਰ ਵਿਅਕਤੀਆਂ ਦੇ ਵਿੱਚ ਆਪਣਾ ਨਾਮ ਸ਼ੁਮਾਰ ਕਰਨ ਵਾਲੇ ਰਤਨ ਟਾਟਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਪੈਸਾ ਤੇ ਤਾਕਤ ਇਨਸਾਨ ਦਾ ਦਿਮਾਗ ਖਰਾਬ ਕਰ ਦਿੰਦੇ ਹਨ, ਇਹ ਚਿੱਟੇ ਵਰਗੇ ਨਸ਼ੇ ਨਾਲੋਂ ਵੀ ਭੈੜੀ ਸ਼ੈਅ ਹਨ, ਪਰੰਤੂ ਕੁਝ ਲੋਕ ਇਸ ਦੇ ਵਿਚਕਾਰ ਰਹਿੰਦੇ ਹਨ ਪ੍ਰੰਤੂ ਇਸ ਦੇ ਪ੍ਰਭਾਵ ਨੂੰ ਕਬੂਲਦੇ ਨਹੀਂ। ਸੁਣਿਆ ਸੀ ਤੇ ਪੜ੍ਹਿਆ ਸੀ ਕਿ ਰਤਨ ਟਾਟਾ ਅਜਿਹੇ ਲੋਕਾਂ ਦੇ ਵਿੱਚੋਂ ਇੱਕ ਹੈ ਜਿਸ ਨੇ ਮਿਹਨਤ ਤੇ ਲਗਨ ਨਾਲ ਬੁਲੰਦੀਆਂ ਛੂਹੀਆਂ ਪਰੰਤੂ ਆਪਣੇ ਪੈਰ ਹਮੇਸ਼ਾ ਜ਼ਮੀਨ ਤੇ ਰੱਖੇ। ਇਸ ਮਹਾਨ ਵਿਅਕਤੀ ਦਾ ਇਸ ਜੱਗ ਤੋਂ ਤੁਰ ਜਾਣਾ ਸੱਚਮੁੱਚ ਸਾਡੇ ਦੇਸ਼ ਲਈ ਇੱਕ ਵੱਡਾ ਘਾਟਾ ਹੈ ਕਿਉਂਕਿ ਅਜਿਹੇ ਲੋਕ ਕਦੇ ਕਦੇ ਹੀ ਪੈਦਾ ਹੁੰਦੇ।
ਉਹਨਾਂ ਦੀ ਜ਼ਿੰਦਗੀ ਤੋਂ ਸਿੱਖਣ ਵਾਲੀ ਚੀਜ਼ ਇਹੀ ਹੈ ਕਿ ਬੇਸ਼ੱਕ ਤੁਸੀਂ ਅਰਬਪਤੀ ਹੋ ਪ੍ਰੰਤੂ ਇੱਕ ਦਿਨ ਤੁਸੀਂ ਇਸ ਸੰਸਾਰ ਤੋਂ ਜਾਣਾ ਹੈ ਤੇ ਦੂਸਰੀ ਵੱਡੀ ਤੇ ਸਭ ਤੋਂ ਅਹਿਮ ਗੱਲ ਜੇਕਰ ਤੁਸੀਂ ਅਰਬਪਤੀ ਬਣਨਾ ਹੈ ਤਾਂ ਉਸ ਲਈ ਤੁਹਾਨੂੰ ਮਿਹਨਤ ਕਰਨੀ ਪਵੇਗੀ, ਲਗਨ ਨਾਲ ਕੰਮ ਕਰਨਾ ਪਵੇਗਾ, ਤੇ ਇਹਨਾਂ ਦੋਨਾਂ ਪਿਛਲੀਆਂ ਗੱਲਾਂ ਤੋਂ ਵੀ ਵੱਡੀ ਗੱਲ ਬੇਸ਼ਕ ਤੁਸੀਂ ਅਰਬਪਤੀ ਬਣ ਕੇ ਬੁਲੰਦੀਆਂ ਨੂੰ ਛੂਹ ਲਓ ਤੇ ਜੇਕਰ ਤੁਸੀਂ ਆਪਣੇ ਪੈਰ ਧਰਤੀ ਤੇ ਟਿਕਾ ਕੇ ਨਹੀਂ ਰੱਖਦੇ, ਤੇ ਪੈਸੇ ਤੇ ਤਾਕਤ ਦੇ ਨਸ਼ੇ ਦਾ ਪ੍ਰਭਾਵ ਕਬੂਲਦਿਆਂ ਆਮ ਦੁਨੀਆਂ ਨਾਲੋਂ ਕੱਟ ਜਾਂਦੇ ਹੋ, ਤਾਂ ਤੁਹਾਡੇ ਇਸ ਜਗਤ ਤੋਂ ਰੁਖਸਤ ਹੋਣ ਤੋਂ ਬਾਅਦ ਤੁਹਾਨੂੰ ਕੋਈ ਯਾਦ ਨਹੀਂ ਕਰੇਗਾ।