ਉੱਘੇ ਸਮਾਜਸੇਵੀ ਗੁਰਪ੍ਰੀਤ ਸਿੰਘ ਮਿੰਟੂ ਬਤੌਰ ਮੁੱਖ ਮਹਿਮਾਨ ਪਹੁੰਚੇ
ਸਿੱਖਿਆ, ਸਮਾਜ ਸੇਵਾ, ਵਾਤਾਵਰਨ ਅਤੇ ਖ਼ੂਨਦਾਨ ਦੇ ਖੇਤਰ ਵਿੱਚ ਦਿੱਤੇ ਗਏ ਨੇਕੀ ਪੁਰਸਕਾਰ
28 ਅਕਤੂਬਰ (ਨਾਨਕ ਸਿੰਘ ਖੁਰਮੀ) ਬੁਢਲਾਡਾ: ਮਾਨਵਤਾ ਦੀ ਸੇਵਾ ਨੂੰ ਸਮਰਪਿਤ ਨੇਕੀ ਫਾਊਂਡੇਸ਼ਨ ਵੱਲੋਂ ਸੰਸਥਾ ਦੇ ਸੱਤ ਸਾਲ ਪੂਰੇ ਹੋਣ ਤੇ ਨੇਕ ਇਨਸਾਨਾਂ ਨਾਲ ਮੁਲਾਕਾਤ ਦੇ ਬੈਨਰ ਹੇਠ ਨੇਕੀ ਨਾਇਟ ਪ੍ਰੋਗਰਾਮ ਦਾ ਆਯੋਜਨ ਸਥਾਨਕ ਸ਼੍ਰੀ ਰਾਮ ਲੀਲਾ ਗਰਾਉਂਡ ਵਿਖੇ ਕੀਤਾ ਗਿਆ, ਜਿੱਥੇ ਮਨੁੱਖਤਾ ਦੀ ਸੇਵਾ ਸੁਸਾਇਟੀ, ਹਸਨਪੁਰ (ਲੁਧਿਆਣਾ) ਦੇ ਮੁੱਖ ਸੇਵਾਦਾਰ ਅਤੇ ਪੰਜਾਬ ਦੇ ਉੱਘੇ ਸਮਾਜਸੇਵੀ ਗੁਰਪ੍ਰੀਤ ਸਿੰਘ ਮਿੰਟੂ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਗੁਰਪ੍ਰੀਤ ਮਿੰਟੂ ਨੇ ਉੱਥੇ ਪਹੁੰਚੇ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੇਕੀ ਵਰਗੀਆਂ ਸੰਸਥਾਵਾਂ ਦੀ ਹਰ ਸ਼ਹਿਰ ਵਿੱਚ ਲੋੜ ਹੈ। ਅੱਜ ਲੋੜ ਹੈ ਆਪਣਿਆਂ ਦੇ ਦੁੱਖਾਂ ਨੂੰ ਪਹਿਚਾਨਣ ਦੀ ਅਤੇ ਉਹਨਾਂ ਦੀ ਮਦਦ ਕਰਨ ਦੀ। ਜੇਕਰ ਅਸੀਂ ਆਪਣੇ ਰਿਸ਼ਤੇਦਾਰਾਂ ਅਤੇ ਬਜ਼ੁਰਗਾਂ ਨੂੰ ਸੰਭਾਲ ਲਵਾਂਗੇ ਤਾਂ ਪੰਜਾਬ ਬਚ ਜਾਵੇਗਾ। ਉਹਨਾਂ ਕਿਹਾ ਕਿ ਨੇਕੀ ਫਾਉਂਡੇਸ਼ਨ ਦੇ ਸਾਰੇ ਕੰਮ ਸ਼ਲਾਘਾਯੋਗ ਹਨ ਅਤੇ ਉਹ ਵਧਾਈ ਦੇ ਪਾਤਰ ਹਨ ਕਿ ਅੱਜ ਸਾਰਾ ਸ਼ਹਿਰ ਉਹਨਾਂ ਨਾਲ ਖੜ੍ਹਾ ਹੈ ਅਤੇ 2000 ਤੋਂ ਵੱਧ ਵਿਅਕਤੀਆਂ ਦਾ ਇਕੱਠ ਇਸਦਾ ਸਬੂਤ ਦੇ ਰਿਹਾ ਹੈ। ਇਸ ਮੌਕੇ ਸੰਸਥਾ ਵੱਲੋਂ ਸੰਸਥਾ ਦੀ ਇੱਕ ਡਾਕੂਮੈਂਟਰੀ ਫ਼ਿਲਮ ਦਿਖਾਈ ਗਈ ਅਤੇ ਨੇਕੀ ਫਾਊਂਡੇਸ਼ਨ ਦੇ ਕੰਮਾਂ ਅਤੇ ਸਾਲ ਦੇ ਖਰਚੇ ਬਾਰੇ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਪ੍ਰੋਗਰਾਮ ਦੌਰਾਨ ਪ੍ਰਿੰਸੀਪਲ ਡਾਕਟਰ ਬੂਟਾ ਸਿੰਘ ਸ਼ੇਖੋਂ ਨੂੰ ਸਿੱਖਿਆ ਦੇ ਖ਼ੇਤਰ ਵਿੱਚ, ਰਿਟਾਇਰਡ ਈ ਓ ਕੁਲਵਿੰਦਰ ਸਿੰਘ ਨੂੰ ਸਮਾਜ ਸੇਵਾ ਦੇ ਖ਼ੇਤਰ ਵਿੱਚ, ਬਾਬਾ ਅੰਗੜ ਦਾਸ ਕਲੱਬ ਧਲੇਵਾਂ ਨੂੰ ਵਾਤਾਵਰਨ ਦੇ ਖ਼ੇਤਰ ਵਿੱਚ ਅਤੇ ਐੱਚ ਡੀ ਐੱਫ ਸੀ ਬੈੰਕ ਬੁਢਲਾਡਾ ਨੂੰ ਖ਼ੂਨਦਾਨ ਦੇ ਖ਼ੇਤਰ ਵਿੱਚ ਸੰਸਥਾ ਵੱਲੋਂ ਨੇਕੀ ਪੁਰਸਕਾਰ 2024 ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਛੋਟੇ ਬੱਚਿਆ ਦੇ ਫੈਨਸੀ ਡਰੈਸ ਮੁਕਾਬਲੇ, ਸੰਗੀਤ ਪ੍ਰੋਗਰਾਮ ਕਰਵਾਏ ਗਏ ਅਤੇ ਡਰਾਇੰਗ, ਸੁੰਦਰ ਲਿਖਾਈ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਅਤੇ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਉੱਥੇ ਹੀ ਕਿਰਤੀ ਕਿਰਪਾਲ ਨਾਟਕਕਾਰ ਦੀ ਟੀਮ ਵੱਲੋਂ ਸਮਾਜਿਕ ਮੁਦਿਆਂ ਉੱਤੇ ਨਾਟਕ ਦਾ ਆਯੋਜਨ ਵੀ ਕੀਤਾ ਗਿਆ। ਸੰਸਥਾ ਦੇ ਮੈਂਬਰਾਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਸਾਲਾਨਾ ਸਮਾਗਮ ਸੰਸਥਾ ਦੇ 7 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਕਰਵਾਇਆ ਗਿਆ ਹੈ ਅਤੇ ਸੰਸਥਾ ਆਪਣੇ ਵਿਤੀ ਦਾਨੀਆਂ, ਖ਼ੂਨਦਾਨੀਆਂ, ਸਹਿਯੋਗੀਆਂ ਅਤੇ ਪ੍ਰੈਸ ਮੀਡਿਆ ਦਾ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕਰਦੀ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਸਹਿਰਵਾਸੀ ਅਤੇ ਧਾਰਮਿਕ, ਰਾਜਨੀਤਿਕ, ਸਮਾਜ ਸੇਵੀ ਸੰਸਥਾਵਾਂ ਦੇ ਆਗੂ ਵੀ ਹਾਜ਼ਰ ਸਨ।