ਮਾਲਵੇ ਦੇ ਟਿੱਬਿਆਂ ਚ ਜੰਮਿਆ ਖੇਤਾਂ ਦਾ ਪੁੱਤ ਸਿੱਧੂ ਮੂਸੇਵਾਲਾ। ਜਿਸ ਨੇ ਸੰਗੀਤ ਜਗਤ ਵਿੱਚ ਅਜਿਹੀਆਂ ਧੁੰਮਾਂ ਪਾਈਆਂ ਕਿ ਪੂਰੇ ਦੁਨੀਆਂ ਦੇ ਚੁਣਵੇਂ ਕਲਾਕਾਰਾਂ ਦੇ ਵਿੱਚ ਸਿੱਧੂ ਦਾ ਨਾਂ ਪਹਿਲੀ ਕਤਾਰ ਦੇ ਗਾਇਕਾਂ ਵਿਚ ਸ਼ਾਮਲ ਹੈ। ਆਪਣੇ ਪਿੰਡ ਅਤੇ ਮਾਪਿਆਂ ਨੂੰ ਪਿਆਰ ਕਰਨ ਵਾਲੇ ਇਸ ਨੌਜਵਾਨ ਗਾਇਕ ਨੇ ਆਪਣੇ ਪਿੰਡ ਮੂਸੇ ਅਤੇ ਮਾਨਸਾ ਨੂੰ ਪੂਰੀ ਦੁਨੀਆਂ ਵਿੱਚ ਚਮਕਾ ਦਿੱਤਾ। ਪਿਛਲੇ ਦਿਨੀਂ ਉਸ ਤੇ ਹੋਏ ਹਮਲੇ ਕਾਰਨ ਉਸ ਦੀ ਮੌਤ ਹੋ ਗਈ। ਬੇਸ਼ੱਕ ਉਹ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਰਿਹਾ ਪਰ ਆਪਣੇ ਗੀਤਾਂ ਰਾਹੀਂ ਉਹ ਅਮਰ ਹੋ ਗਿਆ। ਸਿੱਧੂ ਮੂਸੇ ਵਾਲੇ ਨੇ ਆਪਣੀ ਸਖ਼ਤ ਮਿਹਨਤ ਅਤੇ ਹਿੱਕ ਦੇ ਜ਼ੋਰ ਤੇ ਅਜਿਹੀਆਂ ਮੱਲਾਂ ਮਾਰੀਆਂ। ਕਿ ਉਹ ਗਾਇਕੀ ਦੇ ਖੇਤਰ ਵਿੱਚ ਸੰਗੀਤ ਜਗਤ ਦਾ ਅਜਿਹਾ ਧਰੂ ਤਾਰਾ ਬਣਕੇ ਚਮਕਿਆ ਕਿ ਕਈ ਚਮਕਦੇ ਸਿਤਾਰਿਆਂ ਦੀ ਰੋਸ਼ਨੀ ਮੱਧਮ ਪੈਣ ਲੱਗੀ। ਜਿਸ ਕਰਕੇ ਬਹੁਤੇ ਲੋਕ ਉਸ ਨਾਲ ਖਾਰ ਖਾਣ ਲੱਗੇ। ਉਸ ਵੱਲੋਂ ਗਾਏ ਗੀਤ ਜਦੋਂ ਹੀ ਰਿਲੀਜ਼ ਹੁੰਦੇ ਤਾਂ ਕਰੋੜਾਂ ਲੋਕਾਂ ਦੀ ਮਨਪਸੰਦ ਬਣਦੇ। ਬੇਸ਼ੱਕ ਉਸ ਦੇ ਗੀਤ ਅਤੇ ਉਹ ਖੁਦ ਵਿਵਾਦਾਂ ਵਿੱਚ ਘਿਰਿਆ ਰਹਿੰਦਾ ਅਤੇ ਹਰ ਗੀਤ ਚਰਚਾ ਦਾ ਵਿਸ਼ਾ ਬਣਦਾ ਜਾਂ ਬਣਾ ਦਿੱਤਾ ਜਾਂਦਾ। ਕੁਝ ਲੋਕਾਂ ਦਾ ਅਜਿਹਾ ਵਰਗ ਵੀ ਸੀ ਜੋ ਉਸ ਨੂੰ ਚੰਗਾ ਨਹੀਂ ਸਮਝਦਾ ਸੀ ਬੇਸ਼ੱਕ ਉਨ੍ਹਾਂ ਚੋਂ ਬਹੁਤਿਆਂ ਨੇ ਸਿੱਧੂ ਦੇ ਗੀਤ ਸੁਣੇ ਤਕ ਨਹੀਂ ਸਨ ਪਰ ਪਤਾ ਨਹੀ ਕਿਉੰ ਅੰਦਰੋ-ਅੰਦਰੀ ਉਸ ਦਾ ਵਿਰੋਧ ਕਰਦੇ। ਪਰ ਫੇਰ ਵੀ ਸਿੱਧੂ ਦਾ ਵਿਰੋਧ ਕਰਨ ਵਾਲਿਆਂ ਨਾਲੋਂ ਉਸ ਦੇ ਪ੍ਰਸੰਸਕਾਂ ਅਤੇ ਪਿਆਰ ਕਰਨ ਵਾਲਿਆਂ ਦੀ ਗਿਣਤੀ ਕਈ ਹਜ਼ਾਰਾਂ ਗੁਣਾ ਵੱਧ ਸੀ। ਉਸ ਨੂੰ ਨਫ਼ਰਤ ਕਰਨ ਵਾਲੇ ਜਾਂ ਮਾੜਾ ਕਹਿਣ ਵਾਲਿਆਂ ਨੇ ਜਦ ਉਸ ਦੀ ਮੌਤ ਤੋਂ ਬਾਅਦ ਉਸਦੇ ਗੀਤ ਸੁਣੇ ਤਾਂ ਉਹ ਵੀ ਉਸ ਦੇ ਪ੍ਰਸ਼ੰਸਕ ਬਣ ਗਏ। ਉਸ ਦੀ ਮੌਤ ਨੇ ਕਰੋੜਾਂ ਅੱਖਾਂ ਨੂੰ ਰੁਆ ਦਿੱਤਾ। ਮੂਸੇਵਾਲੇ ਦੀ ਮੌਤ ਨੂੰ ਤਿੰਨ-ਚਾਰ ਸਾਲ ਦੇ ਬੱਚੇ ਤੋੰ ਲੈਕੇ ਬਜੁਰਗਾਂ ਤੱਕ, ਪਿੰਡ ਮੂਸੇ ਤੋੰ ਲੈਕੇ ਬਾਲੀਵੁੱਡ-ਹਾਲੀਵੁੱਡ ਦੇ ਵੱਡੇ ਸ਼ਿਤਾਰਿਆਂ ਤੇ ਦੇਸ਼ ਵਿਦੇਸ਼ ਚ ਵੱਸਦਿਆਂ ਲੱਖਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ। ਪੰਜਾਬੀ ਜ਼ੁਬਾਨ ਨਾ ਸਮਝਣ ਵਾਲੇ ਗੋਰੇ-ਕਾਲੇ ਵੀ ਸਿੱਧੂ ਦੀ ਮੌਤ ਤੋਂ ਬਾਅਦ ਆਪਣੇ ਹੰਝੂ ਰੋਕ ਨਹੀਂ ਸਕੇ ਤੇ ਵੱਖ-ਵੱਖ ਚੈਨਲਾਂ ਅਤੇ ਸੋਸ਼ਲ ਮੀਡੀਆ ਰਾਹੀਂ ਉਹ ਰੋਂਦੇ ਕੁਰਲਾਉਂਦੇ ਵੇਖੇ । ਸਿੱਧੂ ਦੀ ਮੌਤ ਤੋਂ ਬਾਅਦ ਵੱਖ-ਵੱਖ ਸਮਾਜਕ, ਧਾਰਮਿਕ, ਰਾਜਨੀਤਕ, ਸ਼ੰਘਰਸ਼ੀਲ ਅਤੇ ਟਰੇਡ ਯੂਨੀਅਨਾਂ ਦੇ ਛੋਟੇ-ਵੱਡੇ ਆਗੂ ਅਤੇ ਵਰਕਰ ਪਿੰਡ ਮੂਸੇ ਪਹੁੰਚ ਕੇ ਉਸ ਦੇ ਮਾਤਾ ਪਿਤਾ ਨਾਲ ਦੁੱਖ ਸਾਂਝਾ ਕਰਕੇ ਹਰ ਦੁੱਖ-ਸੁੱਖ ਦੀ ਘੜੀ ਚ ਉਨ੍ਹਾਂ ਨਾਲ ਖੜ੍ਹਨ ਦਾ ਵਾਅਦਾ ਕਰ ਰਹੇ ਹਨ।
ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਵੱਖ-ਵੱਖ ਲੋਕਾਂ, ਪਾਰਟੀਆਂ, ਵਿਦਵਾਨਾਂ ਅਤੇ ਚਿੰਤਤ ਲੋਕਾਂ ਦੇ ਵੱਖ-ਵੱਖ ਵਿਚਾਰ ਹਨ। ਕੋਈ ਕਹਿ ਰਿਹਾ ਹੈ ਕਿ ਇਹ ਏਜੰਸੀਆਂ ਦਾ ਕਾਰਨਾਮਾ ਹੈ ਤੇ ਕੋਈ ਉਸ ਨੂੰ ਗੈਂਗਸਟਰਾਂ ਨਾਲ ਜੋੜ ਰਿਹਾ ਹੈ, ਕੋਈ ਨਿੱਜੀ ਦੁਸ਼ਮਣੀ ਤੇ ਕੋਈ ਪੰਜਾਬ ਵਿਰੋਧੀ ਅਤੇ ਸਿੱਖ ਵਿਰੋਧੀ ਤਾਕਤਾਂ ਨੂੰ ਉਸ ਦੀ ਮੌਤ ਦਾ ਜ਼ਿੰਮੇਵਾਰ ਮੰਨ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਗੀਤ ਆਮ ਨਹੀ ਸਨ । ਉਸਦੇ ਗੀਤਾਂ ਵਿੱਚ ਸੱਚ ਸੀ ਉਹ ਸੱਚ ਕਹਿਣ ਦੀ ਹਿੰਮਤ ਰੱਖਦਾ ਸੀ ਅਤੇ ਉਸਨੇ ਸੱਚ ਗਾਇਆ ਤੇ ਸਾਇਦ ਇਹ ਸੱਚ ਹੀ ਉਸ ਦੀ ਮੌਤ ਦਾ ਕਾਰਨ ਬਣ ਗਿਆ ਹੋਵੇ।
ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਆਦ ਉਸ ਤੇ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਵੱਲੋਂ ਰੱਜਕੇ ਰਾਜਨੀਤੀ ਕੀਤੀ ਗਈ ਤੇ ਕੀਤੀ ਜਾ ਰਹੀ ਹੈ। ਇਲੈਕਟ੍ਰੋਨਿਕ ਤੇ ਸੋਸਲ ਮੀਡੀਆਂ ਰੂਪੀ ਗਿਰਝਾਂ ਨੇ ਆਪਣੇ ਵਿਊ ਵੱਧਾਉਣ ਲਈ ਉਹ ਹੱਥਕੰਡੇ ਅਪਣਾਏ ਜਿਸ ਨੇ ਪੂਰੇ ਮੀਡੀਏ ਨੂੰ ਸ਼ਰਮਸਾਰ ਕੀਤਾ। ਜਾਂਚ ਦਾ ਹਿੱਸਾ ਬਣਨ ਵਾਲੇ ਲੋਕਾਂ ਤੇ ਸਬੂਤਾਂ ਨੂੰ ਮੀਡੀਏ ਵੱਲੋਂ ਸਮੇਂ ਤੋੰ ਪਹਿਲਾਂ ਨੰਗਾਂ ਕਰਨਾ ਜਾਂਚ ਨੂੰ ਵੱਡੇ ਪੱਧਰ ਤੇ ਪ੍ਰਭਾਵਤ ਕਰ ਸਕਦਾ ਹੈ।
ਸੁਭਦੀਪ ਤੋੰ ਸਿੱਧੂ ਮੂਸੇਵਾਲਾ ਦਾ ਸਫਰ :-
ਮਾਨਸਾ ਜ਼ਿਲੇ ਦੇ ਪਿੰਡ ਮੂਸੇ ਚ ਸਧਾਰਨ ਮੱਧ ਵਰਗੀ ਪਰਿਵਾਰ ਨਾਲ ਸਬੰਧਤ ਪਿਤਾ ਬਲਕੌਰ ਸਿੰਘ ਦੇ ਘਰ ਮਾਤਾ ਚਰਨ ਕੌਰ ਦੀ ਕੁੱਖੋ 11 ਜੂਨ 1993 ਨੂੰ ਜਨਮੇ ਸੁਭਦੀਪ ਨੇ ਮੱਢਲੀ ਸਿੱਖਿਆਂ ਮਾਨਸਾ ਵਿੱਖੇ ਹਾਸਲ ਕਰਨ ਤੋੰ ਬਆਦ ਉਸ ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਵਿਚ ਪੜ੍ਹਾਈ ਕੀਤੀ ਅਤੇ 2016 ਵਿਚ ਗ੍ਰੈਜੂਏਸ਼ਨ ਕੀਤੀ। ਸਿੱਧੂ ਟੂਪੈਕ ਸ਼ਕੂਰ ਤੋਂ ਪ੍ਰਭਾਵਿਤ ਸੀ। ਇਸ ਨੇ ਛੇਵੀਂ ਕਲਾਸ ਵਿੱਚ ਹੀ ਹਿਪ ਹੋਪ ਸੰਗੀਤ ਸੁਣਨਾ ਸ਼ੁਰੂ ਕੀਤਾ ਅਤੇ ਲੁਧਿਆਣਾ ਵਿੱਚ ਹਰਵਿੰਦਰ ਬਿੱਟੂ ਤੋਂ ਸੰਗੀਤ ਦੇ ਹੁਨਰ ਸਿੱਖੇ। ਉਸ ਨੇ ਆਪਣਾ ਪਹਿਲਾ ਗਾਣਾ “ਜੀ ਵੈਗਨ” ਜਾਰੀ ਕੀਤਾ।
ਗ੍ਰੈਜੁਏਸ਼ਨ ਦੀ ਪੜ੍ਹਾਈ ਕਰਨ ਤੋਂ ਬਾਅਦ ਸ਼ੁਭਦੀਪ ਬਰੈਂਪਟਨ, ਕੈਨੇਡਾ ਚਲਾ ਗਿਆ। ਸੰਗੀਤਕ ਕਰੀਅਰ ਦੀ ਸ਼ੁਰੂਆਤ ਉਸ ਕੈਨੇਡਾ ਵਿੱਚ ਰਹਿੰਦੇ ਹੋਏ ਕੀਤੀ। 2017 ਵਿੱਚ ਮੂਸੇ ਵਾਲੇ ਨੇ ਆਪਣੇ ਗੀਤ “ਸੋ ਹਾਈ” ਨਾਲ ਬਹੁਤ ਸਾਰੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ, ਜੋ ਇਸ ਨੇ ਬਿਗ ਬਰਡ ਮਿਊਜ਼ਿਕ ਨਾਲ ਕੀਤਾ ਸੀ। ਉਸ ਤੋਂ ਬਾਅਦ ਇਸ ਨੇ 2018 ਵਿਚ ਭਾਰਤ ਵਿੱਚ ਲਾਈਵ ਗਾਉਣਾ ਸ਼ੁਰੂ ਕੀਤਾ। ਉਸਨੇ ਕੈਨੇਡਾ ਵਿੱਚ ਵੀ ਸਫਲ ਲਾਈਵ ਸ਼ੋਅ ਕੀਤੇ। ਅਗਸਤ 2018 ਵਿਚ ਇਸ ਨੇ ਪੰਜਾਬੀ ਫ਼ਿਲਮ “ਡਾਕੂਆਂ ਦਾ ਮੁੰਡਾ” ਲਈ ਆਪਣਾ ਪਹਿਲਾ ਫ਼ਿਲਮੀ ਗੀਤ “ਡਾਲਰ” ਲਾਂਚ ਕੀਤਾ। ਫਿਰ 2018 ਵਿੱਚ, ਇਸ ਨੇ ਆਪਣੀ ਪਹਿਲੀ ਐਲਬਮ PBX1 ਰਿਲੀਜ਼ ਕੀਤੀ। ਜਿਸ ਨੇ ਬਿਲਬੋਰਡ ਕੈਨੇਡੀਅਨ ਐਲਬਮਾਂ ਚਾਰਟ ਵਿੱਚ 66ਵਾਂ ਸਥਾਨ ਹਾਸਿਲ ਕੀਤਾ। ਇਸ ਐਲਬਮ ਦੇ ਬਾਅਦ, ਉਸਨੇ ਆਪਣੇ ਗੀਤ ਸੁਤੰਤਰ ਤੌਰ ‘ਤੇ ਗਾਉਣੇ ਸ਼ੁਰੂ ਕਰ ਦਿੱਤੇ। 2019 ਵਿੱਚ ਇਸ ਦੇ ਸਿੰਗਲ ਟ੍ਰੈਕ “47” ਨੂੰ ਯੂਕੇ ਸਿੰਗਲ ਚਾਰਟ ਵਿੱਚ ਦਰਜਾ ਦਿੱਤਾ ਗਿਆ ਸੀ। 2020 ਵਿੱਚ, ਮੂਸੇਵਾਲਾ ਦਾ ਨਾਮ ਦ ਗਾਰਡੀਅਨ ਦੁਆਰਾ 50 ਆਉਣ ਵਾਲੇ ਉੱਚ ਚੋਟੀ ਦੇ ਕਲਾਕਾਰਾਂ ਵਿੱਚ ਸ਼ਾਮਲ ਕੀਤਾ ਗਿਆ। ਇਸਦੇ 10 ਗੀਤ ਯੂਕੇ ਏਸ਼ੀਅਨ ਚਾਰਟ ਵਿੱਚ ਸ਼ਾਮਿਲ ਸਨ। ਜਿਨ੍ਹਾਂ ਵਿੱਚੋਂ ਦੋ ਚਾਰਟ ਦੀ ਸਿਖਰ ‘ਤੇ ਹਨ। ਇਸ ਦਾ ਗੀਤ “ਬੰਬੀਹਾ ਬੋਲੇ” ਗਲੋਬਲ ਯੂਟਿਊਬ ਸੰਗੀਤ ਚਾਰਟ ਵਿੱਚ ਚੋਟੀ ਦੇ ਪੰਜ ਗੀਤਾਂ ਵਿੱਚੋਂ ਇੱਕ ਸੀ। 2021 ਵਿੱਚ, ਇਸ ਨੇ ਮੂਸਟੇਪ ਜਾਰੀ ਕੀਤੀ। ਜਿਸ ਦੇ ਗੀਤ ਕੈਨੇਡੀਅਨ ਹਾਟ 100, ਯੂਕੇ ਏਸ਼ੀਅਨ, ਅਤੇ ਨਿਊਜ਼ੀਲੈਂਡ ਹੌਟ ਚਾਰਟ ਸਮੇਤ ਵਿਸ਼ਵ ਪੱਧਰ ‘ਤੇ ਕਈ ਚਾਰਟਾਂ ਵਿੱਚ ਸ਼ਾਮਿਲ ਹੋਏ। 31 ਅਗਸਤ 2020 ਨੂੰ, ਮੂਸੇ ਵਾਲਾ ਨੇ ਅਧਿਕਾਰਤ ਤੌਰ ‘ਤੇ ਆਪਣਾ ਰਿਕਾਰਡ ਲੇਬਲ, 5911 ਰਿਕਾਰਡ ਲਾਂਚ ਕੀਤਾ।
ਵਿਵਾਦਾਂ ਦੇ ਘੇਰੇ ਚ:-
ਸਿੱਧੂ ਮੂਸੇਵਾਲਾ ਕਈ ਵਿਵਾਦਾਂ ਵਿੱਚ ਘਿਰਿਆ ਰਿਹਾ। 2022 ਤੱਕ ਮੂਸੇਵਾਲਾ ਚਾਰ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਸੀ। ਇਨ੍ਹਾਂ ਵਿੱਚੋਂ ਦੋ ਕੇਸ ਅਸ਼ਲੀਲ ਦ੍ਰਿਸ਼ਾਂ ਨਾਲ ਸਬੰਧਤ ਸਨ। ਮਈ 2020 ਵਿੱਚ, ਮੂਸੇਵਾਲੇ ਦੇ ਦੋ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਇੱਕ ਵਿੱਚ ਉਸਨੂੰ ਪੁਲਿਸ ਅਧਿਕਾਰੀਆਂ ਦੀ ਸਹਾਇਤਾ ਨਾਲ ਇੱਕ ਏਕੇ-47 ਦੀ ਵਰਤੋਂ ਕਰਨ ਦੀ ਸਿਖਲਾਈ ਦਾ ਪ੍ਰਦਰਸ਼ਨ ਕੀਤਾ ਅਤੇ ਦੂਜੇ ਵਿੱਚ ਉਸਨੂੰ ਇੱਕ ਨਿੱਜੀ ਪਿਸਤੌਲ ਦੀ ਵਰਤੋਂ ਕਰਦੇ ਹੋਏ ਦੇਖਿਆ। ਇਸ ਘਟਨਾ ਤੋਂ ਬਾਅਦ ਉਸ ਦੀ ਮਦਦ ਕਰਨ ਵਾਲੇ ਛੇ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। 19 ਮਈ ਨੂੰ, ਉਸ ‘ਤੇ ਆਰਮਜ਼ ਐਕਟ ਦੀਆਂ ਦੋ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। 6 ਜੂਨ 2020 ਨੂੰ ਗੱਡੀ ਦੇ ਸ਼ੀਸ਼ੇ ਕਾਲੇ ਕਰਵਾਉਣ ਕਾਰਨ ਨਾਭਾ ਵਿੱਚ ਪੁਲਿਸ ਵੱਲੋਂ ਉਸ ਨੂੰ ਜੁਰਮਾਨਾ ਕੀਤਾ ਗਿਆ। ਜੁਲਾਈ ਵਿੱਚ ਪੁਲਿਸ ਜਾਂਚ ਤੋਂ ਬਾਅਦ ਉਸ ਨੂੰ ਨਿਯਮਤ ਜ਼ਮਾਨਤ ਦੇ ਦਿੱਤੀ ਗਈ। ਉਸ ਮਹੀਨੇ ਹੀ ਉਸਨੇ ਅਭਿਨੇਤਾ ਸੰਜੇ ਦੱਤ ਨਾਲ ਆਪਣੀ ਤੁਲਨਾ ਕਰਦੇ ਹੋਏ “ਸੰਜੂ” ਨਾਮ ਦਾ ਇੱਕ ਸਿੰਗਲ ਟ੍ਰੈਕ ਰਿਲੀਜ਼ ਕੀਤਾ। ਭਾਰਤੀ ਖੇਡ ਨਿਸ਼ਾਨੇਬਾਜ਼ ਅਵਨੀਤ ਸਿੱਧੂ ਨੇ ਗੀਤ ਦੀ ਆਲੋਚਨਾ ਕੀਤੀ ਅਤੇ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਮੂਸੇਵਾਲਾ ਦੇ ਉੱਪਰ ਦੋਸ਼ ਲਗਾਇਆ। ਅਗਲੇ ਦਿਨ, ਗੀਤ ਨੂੰ ਰਿਲੀਜ਼ ਕਰਨ ਲਈ ਉਸ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਇੱਕ ਇੰਟਰਵਿਊ ਵਿੱਚ, ਮੂਸੇ ਵਾਲਾ ਨੇ ਦੋਸ਼ ਲਾਇਆ ਕਿ ਉਸਨੂੰ ਕੁਝ ਨਿਊਜ਼ ਚੈਨਲਾਂ ਅਤੇ ਵਕੀਲਾਂ ਦੁਆਰਾ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਫਿਲਮ ਜਗਤ :-
ਸਿੱਧੂਮੂਸੇ ਵਾਲੇ ਨੇ ਆਪਣੀ ਖੁਦ ਦੀ ਪ੍ਰੋਡਕਸ਼ਨ ਕੰਪਨੀ ਜੱਟ ਲਾਈਫ ਸਟੂਡੀਓਜ਼ ਅਧੀਨ ਫਿਲਮ ‘ਯੈੱਸ.ਆਈ.ਐਮ. ਸਟੂਡੈਂਟ’ ਪੰਜਾਬੀ ਫਿਲਮ ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਫਿਲਮ ਦਾ ਨਿਰਦੇਸ਼ਨ ਤਰਨਵੀਰ ਸਿੰਘ , ਜਗਪਾਲ ਦੁਆਰਾ ਕੀਤਾ ਗਿਆ ਸੀ ਅਤੇ ਇਹ ਫਿਲਮ ਗਿੱਲ ਰੌਂਤੇ ਦੁਆਰਾ ਲਿਖੀ ਗਈ ਸੀ। 2019 ਵਿੱਚ ਮੂਸੇ ਵਾਲਾ ‘ਤੇਰੀ ਮੇਰੀ ਜੋੜੀ’ ਵਿੱਚ ਨਜ਼ਰ ਆਇਆ। ਉਸਨੇ ‘ਗੁਨਾਹ’ ਨਾਮ ਦੀ ਇੱਕ ਹੋਰ ਫਿਲਮ ਦੀ ਘੋਸ਼ਣਾ ਕੀਤੀ। ਉਸਨੇ ਫਿਲਮ ‘ਮੂਸਾ ਜੱਟ’, ਜੱਟਾਂ ਦਾ ਮੁੰਡਾ ਗਾਉਣ ਲੱਗਿਆ’ ਆਦਿ ਚ ਚੰਗਾ ਕੰਮ ਕੀਤਾ।
ਰਾਜਨੀਤਿਕ ਕਰੀਅਰ:-
ਸਿੱਧੂ ਮੂਸੇਵਾਲਾ ਨੇ ਆਪਣੀ ਮਾਤਾ ਚਰਨ ਕੌਰ ਨੇ 2018 ਚ ਪਿੰਡ ਮੂਸੇ ਤੋੰ ਸਰਪੰਚੀ ਦੀ ਚੌਣ ਲੜਾਈ ਤੇ ਜਿੱਤ ਪ੍ਰਾਪਤ ਕੀਤੀ। ਦਸੰਬਰ 2021 ਚ ਸਿੱਧੂ ਮੂਸੇਵਾਲਾ ਕਾਂਗਰਸ ਪਾਰਟੀ ਚ ਸਾਮਲ ਹੋ ਗਏ। ਵਿਧਾਨ ਸਭਾ ਚੋਣਾਂ 2022 ਲਈ ਮੂਸੇਵਾਲਾ ਨੂੰ ਕਾਂਗਰਸ ਨੇ ਹਲਕਾ ਮਾਨਸਾ ਤੋਂ ਆਪਣਾ ਉਮੀਦਾਵਾਰ ਅੇੈਲਾਣਿਆਂ । ਪਰ ਉਹ ਆਪਣੇ ਵਿਰੋਧੀ ਆਪ ਆਦਮੀ ਪਾਰਟੀ ਦੇ ਉਮੀਦਵਾਰ ਡਾਂ ਵਿਜੈ ਸਿੰਗਲਾ ਤੋਂ ਵੱਡੇ ਫਰਕ ਨਾਲ ਚੋਣ ਹਾਰ ਗਏ। 11 ਅਪ੍ਰੈਲ 2022 ਨੂੰ, ਮੂਸੇਵਾਲਾ ਨੇ “ਬਲੀ ਦਾ ਬੱਕਰਾ” ਸਿਰਲੇਖ ਵਾਲਾ ਇੱਕ ਗੀਤ ਰਿਲੀਜ਼ ਕੀਤਾ। ਜਿਸ ਵਿਚ ਆਮ ਲੋਕਾਂ, ਕਿਸਾਨਾਂ, ਲੀਡਰਾਂ, ਸਰਕਾਰਾਂ ਨੂੰ ਸਵਾਲ ਕੀਤਾ। ਜਿਸ ਨੇ ਵੱਡੇ-ਵੱਡੇ ਲੀਡਰਾਂ ਤੇ ਆਮ ਲੋਕਾਂ ਨੂੰ ਝੰਜੋੜਕੇ ਰੱਖ ਦਿੱਤਾ।
ਮੌਤ:-
ਸਿੱਧੂ ਮੂਸੇਵਾਲੇ ਵੱਲੋਂ ਬਹੁਤ ਘੱਟ ਸਮੇਂ ਵਿੱਚ ਬਹੁਤ ਵੱਡੀ ਪ੍ਰਸਿੱਧੀ ਹਾਸਲ ਕਰ ਲਈ ਸੀ। ਪਤਾ ਨਹੀਂ ਉਹ ਕਿਸ-ਕਿਸ ਦੀਆਂ ਅੱਖਾਂ ਵਿੱਚ ਰੜਕਦਾ ਸੀ। ਉਸ ਨੂੰ ਸਮੇਂ-ਸਮੇਂ ਤੇ ਧਮਕੀਆਂ ਵੀ ਮਿਲਦੀਆਂ ਰਹੀਆਂ। ਪਰ ਸਿਰਫ਼ ਪ੍ਰਮਾਤਮਾ ਤੋਂ ਡਰਨ ਵਾਲਾ ਸਿੱਧੂ ਕਿਸੇ ਅੱਗੇ ਨਾ ਚੁੱਕਿਆ ਤੇ ਨਾ ਡਰਿਆ ਅਤੇ ਆਪਣੀ ਗੱਲ ਬੇਬਾਕ ਕਹਿੰਦਾ ਰਿਹਾ। ਸੂਬਾ ਸਰਕਾਰ ਵੱਲੋਂ ਸੁਰੱਖਿਆ ਵਾਪਸ ਲੈਣ ਤੋਂ ਬਾਅਦ ਉਸ ਦੇ ਦੁਸ਼ਮਣਾਂ ਦੇ ਹੌਸਲੇ ਹੋਰ ਬੁਲੰਦ ਹੋ ਕੇ ਜਦ ਸਿੱਧੂ ਮੂਸੇਵਾਲਾ 29 ਮਈ 2022 ਨੂੰ ਪਿੰਡ ਮੂਸੇ ਤੋਂ ਆਪਣੀ ਮਾਸੀ ਨੂੰ ਪਿੰਡ ਬਰਨਾਲਾ (ਮਾਨਸਾ) ਮਿਲਣ ਜਾ ਰਿਹਾ ਸੀ ਤਾਂ ਪਿੰਡ ਜਵਾਹਰਕੇ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਜੋ ਉਸਦੀ ਥਾਰ ਗੱਡੀ ਦਾ ਪਿੱਛਾ ਕਰ ਰਹੇ ਸਨ ਵੱਲੋੰ ਅੰਨ੍ਹੇਧੁੰਦ ਫਾਇਰ ਕਰਕੇ ਮਾਲਵੇ ਦੇ ਟਿੱਬਿਆਂ ਚ ਜਾਇਆ ਪੰਜਾਬ ਦਾ ਇਹ ਹੀਰਾ ਪੁੱਤ ਸਾਡੇ ਤੋਂ ਹਮੇਸ਼ਾਂ ਲਈ ਖੋਹ ਲਿਆ। ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦਾ ਸਸਕਾਰ ਉਨ੍ਹਾਂ ਦੇ ਆਪਣੇ ਖੇਤ ਵਿਖੇ ਕਰ ਦਿੱਤਾ। ਜਿੱਥੇ ਕਿ ਉਨ੍ਹਾਂ ਦੀ ਯਾਦਗਾਰ ਸਮਾਰਕ ਬਣਾ ਦਿੱਤੀ ਗਈ। ਜਿੱਥੇ ਰੋਜ਼ਾਨਾ ਹੀ ਸੈਂਕੜੇ ਉਸ ਦੇ ਪ੍ਰਸੰਸਕ ਅਤੇ ਉਸ ਨੂੰ ਪਿਆਰ ਕਰਨ ਵਾਲੇ ਆ ਕੇ ਨਤਮਸਤਕ ਹੋ ਰਹੇ ਹਨ।
ਅਹਿਮ ਜਾਣਕਾਰੀ
ਨਾਮ ਸ਼ੁਭਦੀਪ ਸਿੰਘ ਸਿੱਧੂ
ਜਨਮ ਦਿਨ 11 ਜੂਨ 1993
ਕਤਲ 29 ਮਈ 2022
ਜਨਮ ਸਥਾਨ ਪਿੰਡ ਮੂਸਾ, ਮਾਨਸਾ, ਪੰਜਾਬ
ਉਚਾਈ 6′ 1” ਜਾਂ 185cm
ਸਕੂਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਮਾਨਸਾ
ਕਾਲਜ ਗੁਰੂ ਨਾਨਕ ਦਸੰਬਰ ਇੰਜੀਨੀਅਰਿੰਗ ਕਾਲਜ, ਲੁਧਿਆਣਾ
ਯੋਗਤਾ ਬੀ ਟੈਕ (ਇਲੈਕਟ੍ਰੀਕਲ ਇੰਜੀਨੀਅਰ)
ਪਿਤਾ ਦਾ ਨਾਮ ਸ: ਬਲਕੌਰ ਸਿੰਘ
ਮਾਤਾ ਦਾ ਨਾਮ ਸ: ਚਰਨ ਕੌਰ
ਗਾਇਕ ਗੀਤਕਾਰ, ਫਿਲਮ ਅਦਾਕਾਰ
-9872598525