ਸਾਊਥਾਲ, 22 ਜੁਲਾਈ ( ਦੇਸ ਪੰਜਾਬ ਬਿਊਰੋ)
ਏਸ਼ੀਅਨ ਸਾਹਿਤਕ ਤੇ ਸੱਭਿਆਚਾਰਕ ਫੋਰਮ (ਯੂ. ਕੇ.) ਵੱਲੋਂ ਸਾਊਥਾਲ ਲੰਡਨ ਵਿਖੇ ਕਰਵਾਇਆ ਦੂਜਾ ‘ਅਦਬੀ ਮੇਲਾ’ ਮਨੁੱਖੀ ਜੀਵਨ ਜਿਊਣ ਦੇ ਬੇਹਤਰੀਨ ਅੰਦਾਜ਼ ਦੀਆਂ ਸੰਭਾਵਨਾਵਾਂ ਨੂੰ ਤਲਾਸ਼ਦਾ ਯਾਦਗਾਰੀ ਪੈੜਾਂ ਪਾਉਂਦਾ ਹੋਇਆ ਮਸਤਕ ਵਿਚ ਡੂੰਘੀ ਲਕੀਰ ਛੱਡ ਗਿਆ। ਪ੍ਰੋਗਰਾਮ ਪ੍ਰਬੰਧਕ ਸ਼ਾਇਰ ਰਾਜਿੰਦਰਜੀਤ ਨੇ ਵਿਸ਼ਵ ਭਰ ਚੋਂ ਪੁੱਜੇ ਲੇਖਕ, ਵਿਦਵਾਨਾਂ ਅਤੇ ਚਿੰਤਕਾਂ ਦਾ ਭਰਵਾਂ ਸਵਾਗਤ ਕੀਤਾ। ਮੇਲੇ ਦੇ ਮੁੱਖ ਪ੍ਰਬੰਧਕ ਸ਼ਾਇਰ ਅਜ਼ੀਮ ਸ਼ੇਖਰ ਵੱਲੋਂ ਮੇਲੇ ਦਾ ਮੁੱਖ ਮਕਸਦ ਅਤੇ ਇਸ ਦੀ ਰੂਪ ਰੇਖਾ ਲੇਖਕਾਂ ਪਾਠਕਾਂ ਨਾਲ ਸਾਂਝੀ ਕੀਤੀ।
ਮੇਲੇ ਦਾ ਆਗਾਜ਼ ਵਿਸ਼ਵ ਪ੍ਰਸਿੱਧ ਪੰਜਾਬੀ ਚਿੰਤਕ ਤੇ ਨਾਟਕਕਾਰ ਡਾ ਆਤਮਜੀਤ ਦੁਆਰਾ ‘ਮਾਨਵ, ਕੁਦਰਤ, ਮਸ਼ੀਨ ਅਤੇ ਅਦਬ’ ਵਿਸ਼ੇ ‘ਤੇ ਦਿੱਤੇ ਭਾਸ਼ਣ ਨਾਲ ਸ਼ੁਰੂ ਹੋਇਆ। ਉਹਨਾਂ ਕਿਹਾ ਕਿ ਮਸਨੂਈ ਬੁੱਧੀ ਸਾਡੇ ਸਾਹਮਣੇ ਮੁੱਖ ਚੁਣੌਤੀ ਤਾਂ ਹੈ ਪਰ ਇਸ ਚੁਣੌਤੀ ਨਾਲ ਮਨੁੱਖ ਹੀ ਨਿਪਟ ਸਕਦਾ ਹੈ। ਸੈਸ਼ਨ ਦਾ ਮੰਚ ਸੰਚਾਲਨ ਪ੍ਰਸਿੱਧ ਨਾਵਲਕਾਰ ਮਹਿੰਦਰ ਪਾਲ ਧਾਲੀਵਾਲ ਨੇ ਕੀਤਾ ਅਤੇ ਧੰਨਵਾਦ ਗੁਰਨਾਮ ਗਰੇਵਾਲ ਦੁਆਰਾ ਕੀਤਾ ਗਿਆ।
ਸਮਾਗਮ ਦਾ ਦੂਜਾ ਸੈਸ਼ਨ ‘ਚਿੰਤਨ ਸੈਸ਼ਨ’ ਸੀ ਜਿਸ ਵਿੱਚ ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ‘ਨਿਊ ਮੀਡੀਆ ਦੇ ਦੌਰ ਵਿੱਚ ਸਾਹਿਤ’ ਵਿਸ਼ੇ ਤੇ ਬੋਲਦਿਆਂ ਕਿਹਾ ਕਿ ਏ ਆਈ ਦੇ ਦੌਰ ਵਿੱਚ ਇਸ ਦੀ ਸੰਭਾਵਨਾ ਤੇ ਸੀਮਾ ਵੱਲ ਬਾਰੀਕੀ ਨਾਲ ਧਿਆਨ ਦੇਣ ਦੀ ਲੋੜ ਹੈ। ਇਸ ਤੋਂ ਬਾਅਦ ਚਿੰਤਕ ਅਤੇ ਨਾਟਕਕਾਰ ਡਾ ਕੁਲਦੀਪ ਸਿੰਘ ਦੀਪ ਨੇ ‘ਸਾਮਰਾਜੀ ਜੰਗਾਂ ਦੇ ਦੌਰ ਵਿੱਚ ਅਦਬ ਦੀ ਭੂਮਿਕਾ’ ਵਿਸ਼ੇ ਤੇ ਬੋਲਦਿਆਂ ਕਿਹਾ ਕਿ ਇਤਿਹਾਸ ਸੱਤਾ ਦਾ ਹੁੰਦਾ ਹੈ। ਸਾਹਿਤ ਅਵਾਮ ਦੀ ਆਵਾਜ਼ ਹੁੰਦਾ ਹੈ। ਸਾਹਿਤ ਜੰਗਾਂ ਦੇ ਪ੍ਰਭਾਵਾਂ ਨੂੰ ਸਮਾਜ ਸਾਹਮਣੇ ਬੜੀ ਜ਼ਿੰਮੇਵਾਰੀ ਨਾਲ ਨਾਲ ਪੇਸ਼ ਕਰਦਾ ਹੈ। ਇਸ ਸਮਾਗਮ ਦਾ ਸੰਚਾਲਨ ਨੁਜ਼ਹਤ ਅੱਬਾਸ ਦੁਆਰਾ ਕੀਤਾ ਗਿਆ ਅਤੇ ਧੰਨਵਾਦ ਪ੍ਰਸਿੱਧ ਕਹਾਣੀਕਾਰ ਜਸਵਿੰਦਰ ਰੱਤੀਆਂ ਦੁਆਰਾ ਕੀਤਾ ਗਿਆ।
‘ਰੰਗਮੰਚ ਦੇ ਰੰਗ’ ਸੈਸ਼ਨ ਤਹਿਤ ਪੰਜਾਬੀ ਨਾਟਕਕਾਰ ਤੇ ਅਦਾਕਾਰ ਸੋਮਪਾਲ ਹੀਰਾ ਵੱਲੋਂ ਮਰਹੂਮ ਸੁਰਜੀਤ ਪਾਤਰ ਦੀਆਂ ਕਵਿਤਾਵਾਂ ‘ਤੇ ਅਧਾਰਤ ਨਾਟਕ ‘ਭਾਸ਼ਾ ਵਹਿੰਦਾ ਦਰਿਆ’ ਪੇਸ਼ ਕੀਤਾ ਗਿਆ। ਇਹ ਨਾਟਕ ਪੰਜਾਬੀ ਮਾਂ ਬੋਲੀ ਦੀ ਬੇਕਦਰੀ ਤੇ ਇਸ ਦੇ ਪ੍ਰਭਾਵਾਂ ਬਾਰੇ ਯਾਦਗਾਰੀ ਹੋ ਨਿਬੜਿਆ। ਦਰਸ਼ਨ ਸਿੰਘ ਢਿੱਲੋ ਅਤੇ ਡਾ. ਕੁਲਦੀਪ ਦੀਪ ਦੀ ਅਗਵਾਈ ‘ਚ ਛਪਣ ਵਾਲੇ ਮੈਗਜ਼ੀਨ ‘ਕੌਮਾਂਤਰੀ ਚਰਚਾ’ ਦਾ ਲੋਕ ਅਰਪਣ ਕੀਤਾ ਗਿਆ ।
ਦੂਜੇ ਦਿਨ ਦਾ ਪਹਿਲਾ ਸੈਸ਼ਨ ਸੀ ‘ਪੰਜਾਬੀ ਭਾਸ਼ਾ ਤੇ ਪ੍ਰਵਾਸ’ ਅਤੇ ਇਸਦੇ ਪੈਨਲਿਸਟ ਸਨ ਡਾ. ਆਤਮਜੀਤ, ਰਣਜੀਤ ਧੀਰ, ਕੰਵਲ ਧਾਲੀਵਾਲ ਅਤੇ ਵਕਾਸ ਬੱਟ। ਇਸਨੂੰ ਮਾਡਰੇਟ ਕੀਤਾ ਨਾਟਕਕਾਰ ਅਤੇ ਆਲੋਚਕ ਡਾ ਕੁਲਦੀਪ ਸਿੰਘ ਦੀਪ ਨੇ। ਆਤਮਜੀਤ ਹੋਰਾਂ ਕਿਹਾ ਪੰਜਾਬੀ ਸਾਹਿਤ ਨੂੰ ਬਾਕੀ ਭਾਸ਼ਾਵਾਂ ਵਿੱਚ ਅਨੁਵਾਦ ਨਾ ਕਰਨ ਦੇ ਨਾਲ ਨਾਲ ਇਸ ਦੇ ਧਰਮ ਨਾਲ ਜੁੜੇ ਹੋਣ ਕਰਕੇ ਵੀ ਨੁਕਸਾਨ ਹੋਇਆ ਹੈ । ਕੰਵਲ ਧਾਲੀਵਾਲ ਨੇ ਕਿਹਾ ਕਿਸੇ ਭਾਸ਼ਾ ਨੂੰ ਬਚਾਉਣ ਲਈ ਰੋਮਨ ਲਿਪੀ ਦੇ ਨਾਲ ਨਾਲ ਮੂਲ ਭਾਸ਼ਾ ਦੇ ਚਿੰਨ੍ਹਾਂ ਦਾ ਹੋਣਾ ਵੀ ਜ਼ਰੂਰੀ ਹੈ ਤਾਂ ਜੋ ਬੱਚੇ ਮੂਲ ਭਾਸ਼ਾ ਸਿੱਖ ਸਕਣ। ਰਣਜੀਤ ਧੀਰ ਨੇ ਕਿਹਾ ਇੰਗਲੈਂਡ ਦੀ ਸਿੱਖਿਆ ਪਾਲਸੀ ਵਿੱਚ ਹੋਰਨਾ ਭਾਸ਼ਾਵਾਂ ਨੂੰ ਰੱਖਿਆ ਗਿਆ ਹੈ ।ਇਸ ਤਹਿਤ ਬੱਚੇ ਪੰਜਾਬੀ ਪੜ੍ਹ ਸਕਦੇ ਹਨ ਪਰ ਇਸਦਾ ਫ਼ਾਇਦਾ ਨਹੀਂ ਲਿਆ ਗਿਆ। ਵਕਾਸ ਬੱਟ ਨੇ ਘਟ ਰਹੇ ਪੰਜਾਬੀ ਪਾਠਕਾਂ ਬਾਰੇ ਚਿੰਤਾ ਜ਼ਾਹਿਰ ਕੀਤੀ।
ਡਾ ਰਿਆਜ਼ ਬਾਬਰ ਦੁਆਰਾ ‘ਸੱਭਿਆਚਾਰਕ ਕਲਾਵਾਂ ਵਿੱਚ ਨੌਜਵਾਨਾਂ ਦੀ ਭੂਮਿਕਾ’ ਬਾਰੇ ਆਪਣੇ ਬਹੁਮੁੱਲੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਸ਼ਾਇਰ ਅਧਿਆਪਕ ਪਾਲੀ ਖ਼ਾਦਿਮ ਦੁਆਰਾ ਲੋਕ ਸਾਜ਼ ਅਲਗੋਜ਼ਾ ਵਜਾ ਕੇ ਸਰੋਤਿਆਂ ਨੂੰ ਨਿਹਾਲ ਕੀਤਾ ।
ਪ੍ਰੋਗਰਾਮ ਦੇ ਦੂਜੇ ਚਿੰਤਨ ਸੈਸ਼ਨ ਦਾ ਵਿਸ਼ਾ ਸੀ ‘ਪੰਜਾਬੀ ਗੀਤਕਾਰੀ, ਗਾਇਕੀ ਅਤੇ ਪ੍ਰਵਾਸ’। ਇਸ ਵਿੱਚ ਸ਼ਾਇਰ ਜਸਵਿੰਦਰ, ਡਾ ਰਜਿੰਦਰਪਾਲ ਸਿੰਘ ਬਰਾੜ ਅਤੇ ਡਾ. ਚਰਨਜੀਤ ਕੌਰ ਬਰਾੜ ਨੇ ਆਪਣੇ ਵਿਚਾਰ ਵਿਅਕਤ ਕੀਤੇ ਅਤੇ ਪ੍ਰਸਿੱਧ ਨਾਟਕਕਾਰ ਨਿਰਮਲ ਜੌੜਾ ਇਸ ਦੇ ਮਾਡਰੇਟਰ ਸਨ। ਰਜਿੰਦਰਪਾਲ ਸਿੰਘ ਬਰਾੜ ਨੇ ਪੰਜਾਬੀ ਗੀਤਾਂ ਦੇ ਸਮਕਾਲੀ ਸੰਦਰਭ ਅਤੇ ਓਹਨਾਂ ਦੀ ਬਣਤਰ ਅਤੇ ਰਵਾਨੀ ਬਾਰੇ ਗੱਲ ਕੀਤੀ। ਚਰਨਜੀਤ ਕੌਰ ਨੇ ਪੰਜਾਬੀ ਲੋਕ ਗੀਤਾਂ ਦੇ ਸੰਦਰਭ ਵਿਚ ਔਰਤ ਮਨ ਦੀਆਂ ਭਾਵਨਾਵਾਂ ਨੂੰ ਲੋਕ ਗੀਤਾਂ ਰਾਹੀਂ ਖੋਲ੍ਹ ਕੇ ਦੱਸਿਆ। ਜਸਵਿੰਦਰ ਨੇ ਕਨੇਡਾ ਵਿਚਲੇ ਪੰਜਾਬੀ ਲੋਕਾਂ ਦੀ ਮਾਨਸਿਕ ਸਥਿਤੀ ਬਾਰੇ ਖੁੱਲ੍ਹ ਕੇ ਗੱਲਾਂ ਕੀਤੀਆਂ।
ਪ੍ਰੋਗਰਾਮ ਦੇ ਦੋਵੇਂ ਦਿਨ ਕਵੀ ਦਰਬਾਰ ਦੇ ਦੋ ਸ਼ਾਨਦਾਰ ਸੈਸ਼ਨ ਕਰਵਾਏ ਗਏ ਜਿਨ੍ਹਾਂ ਦੀ ਪ੍ਰਧਾਨਗੀ ਪ੍ਰਸਿੱਧ ਗਜ਼ਲਕਾਰ ਜਸਵਿੰਦਰ (ਕੈਨੇਡਾ) ਨੇ ਕੀਤੀ। ਪਹਿਲੇ ਦਿਨ ਮੰਚ ਸੰਚਾਲਨ ਦੀਪਕ ਧਲੇਵਾਂ ਤੇ ਦਲਵੀਰ ਕੌਰ ਨੇ ਅਤੇ ਦੂਜੇ ਦਿਨ ਰਾਜਵੰਤ ਰਾਜ ਤੇ ਰੂਹੀ ਸਿੰਘ ਵੱਲੋਂ ਕੀਤਾ ਗਿਆ। ਸ਼ਾਇਰੀ ਦੇ ਜਲੌਅ ਵਿੱਚ ਵਿੱਚ ਭਾਸ਼ੋ (ਭਾਰਤ) ਰਾਜਵੰਤ ਰਾਜ (ਕਨੇਡਾ) ਅਜੀਤ ਪਾਲ ਸਿੰਘ (ਭਾਰਤ) ਸਰਬਜੀਤ ਕੌਰ ਜਸ (ਭਾਰਤ) ਨਰਿੰਦਰ ਪਾਲ ਕੌਰ (ਭਾਰਤ) ਰੂਹੀ ਸਿੰਘ (ਭਾਰਤ) ਦੀਪਕ ਧਲੇਵਾਂ (ਭਾਰਤ) ਮਨਜੀਤ ਕੌਰ ਗਿੱਲ (ਅਮਰੀਕਾ) ਨੀਲੂ (ਜਰਮਨੀ) ਗੌਤਮ (ਕਨੇਡਾ) ਜੀਤ ਸੁਰਜੀਤ (ਬੈਲਜੀਅਮ) ਅਨੂਬਾਲਾ (ਭਾਰਤ )ਪਾਲੀ ਖ਼ਾਦਿਮ (ਭਾਰਤ) ਇੰਦਰਪਾਲ ਸਿੰਘ (ਸਵੀਡਨ) ਅਤੇ ਪ੍ਰੋ ਸ਼ਾਹਿਦ ਗੁਲ ਨੇ ਕਵਿਤਾਵਾਂ ਪੇਸ਼ ਕੀਤੀਆਂ। ਬਰਤਾਨਵੀ ਕਵੀਆਂ ਵਿੱਚੋਂ ਵਰਿੰਦਰ ਪਰਿਹਾਰ, ਸੁਰਿੰਦਰ ਸੀਹਰਾ, ਦਰਸ਼ਨ ਬੁਲੰਦਵੀ, ਨੁਜ਼ਰਤ ਅੱਬਾਸ, ਰਾਜਿੰਦਰਜੀਤ, ਅਜ਼ੀਮ ਸ਼ੇਖ਼ਰ, ਅਬੀਰ ਬੁੱਟਰ, ਦਲਵੀਰ ਕੌਰ, ਪ੍ਰਕਾਸ਼ ਸੋਹਲ, ਕੁਲਵੰਤ ਢਿਲੋ, ਅਮਨਦੀਪ ਸਿੰਘ, ਭੁਪਿੰਦਰ ਸੱਗੂ, ਸੋਨੀਆ ਪਾਲ, ਗੁਰਸ਼ਰਨ ਸਿੰਘ, ਸੁਰਿੰਦਰਪਾਲ, ਸੰਤੋਖ ਹੇਅਰ, ਰਿਪਜੀਤ ਸੰਧੂ, ਅੰਬਰੀਨ ਜ਼ਫ਼ਰ, ਰੂਪ ਦਵਿੰਦਰ ਕੌਰ, ਮਨਜੀਤ ਪੱਡਾ, ਗੁਰਮੇਲ ਸੰਘਾ, ਰੂਪ ਦਬੁਰਜੀ, ਡਾ ਮਹਿੰਦਰ ਗਿੱਲ, ਹਰਦੇਸ਼ ਬਸਰਾ, ਕਿੱਟੀ ਬੱਲ, ਮਨਪ੍ਰੀਤ ਸਿੰਘ ਬੱਧਨੀ ਆਦਿ ਨੇ ਖੂਬਸੂਰਤ ਰੰਗ ਬੰਨਿਆ। ਮੁਸ਼ਾਇਰੇ ਬਾਰੇ ਟਿੱਪਣੀ ਕਰਦਿਆਂ ਸ਼ਾਇਰ ਜਸਵਿੰਦਰ ਨੇ ਕਿਹਾ ਸ਼ਬਦ ਸੰਵੇਦਨਾ ਦਾ ਵਾਹਕ ਹੈ। ਪੰਜਾਬੀ ਸ਼ਾਇਰੀ ਤੇ ਹੁਣ ਨਵੀਂ ਸ਼ਾਇਰੀ ਮਨੁੱਖੀ ਰਿਸ਼ਤਿਆਂ ਦੀ ਖ਼ੂਬਸੂਰਤ ਬਾਤ ਪਾਉਦੀ ਹੈ। ਉਹਨਾ ਪੰਜਾਬੀ ਸ਼ਾਇਰੀ ਦੇ ਰੌਸ਼ਨ ਭਵਿੱਖ ਬਾਰੇ ਤਸੱਲੀ ਪ੍ਰਗਟ ਕੀਤੀ। ਮੋਹ ਭਰੇ ਲਫ਼ਜ਼ਾਂ ਵਿਚ ਧੰਨਵਾਦੀ ਸ਼ਬਦ ਅਬੀਰ ਬੁੱਟਰ ਨੇ ਪੇਸ਼ ਕੀਤੇ।
ਦੂਜੇ ਤੇ ਆਖਰੀ ਦਿਨ ਪ੍ਰੋਗਰਾਮ ਦਾ ਅਖੀਰਲਾ ਸੈਸ਼ਨ ਪੰਮੀ ਹੰਸਪਾਲ ਦੀ ਗਾਇਕੀ ਨਾਲ ਸਿਖ਼ਰ ਤੇ ਚਲਾ ਗਿਆ। ਆਪਣੀ ਖੂਬਸੂਰਤ ਤੇ ਮੁਗਧ ਕਰਨ ਵਾਲੀ ਆਵਾਜ਼ ਨਾਲ ਉਸਨੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ਡਾ. ਆਤਮਜੀਤ ਦੁਆਰਾ, ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਜ਼ਿੰਦਗੀ ‘ਤੇ ਅਧਾਰਿਤ ਨਾਟਕ ‘ਕਿਸ਼ਤੀਆਂ ਵਿਚ ਜਹਾਜ’ ਦਾ ਨਾਟ-ਪਾਠ ਕੀਤਾ ਗਿਆ ਜਿਸਨੂੰ ਸਰੋਤਿਆਂ ਨੇ ਖ਼ੂਬ ਸਲਾਹਿਆ। ਹਰਕੀਰਤ ਕੌਰ ਚਹਿਲ, ਮਹਿੰਦਰਪਾਲ ਧਾਲੀਵਾਲ ਅਤੇ ਜਸਵਿੰਦਰ ਰੱਤੀਆਂ ਦੁਆਰਾ ਕਹਾਣੀ ਪਾਠ ਕੀਤਾ ਗਿਆ ਅਤੇ ਇਸ ਸੈਸ਼ਨ ਦਾ ਸੰਚਾਲਨ ਨੁਜ਼ਹਤ ਅੱਬਾਸ ਦੁਆਰਾ ਕੀਤਾ ਗਿਆ।
ਯਕੀਨਨ ਦੂਜਾ ‘ਅਦਬੀ ਮੇਲਾ’ ਅਨੇਕ ਰੰਗ ਬਿਖੇਰਦਾ ਹੋਇਆ ਅਮਿੱਟ ਪੈੜਾਂ ਛੱਡ ਗਿਆ।
ਜਾਰੀ ਕਰਤਾ: ਸਤਪਾਲ ਭੀਖੀ