—————————————————————
1993 ਵਿੱਚ ਸਾਡਾ ਬੈਂਕ ਬਠਿੰਡੇ ਨਾਲ਼ੋਂ ਸਕੇ ਭਾਈਆ ਵਾਂਗੂ ਭਾਂਡੇ ਵੰਡ ਕੇ ਵੱਖ ਹੋ ਗਿਆ ਸੀ । ਹੁਣ ਨਵਾਂ ਨਾਮ ਸੀ “ ਦੀ ਮਾਨਸਾ ਕੇਂਦਰੀ ਸਹਿਕਾਰੀ ਬੈਂਕ ਲਿਮਟਡ “ । ਸਾਡੇ ਹਿੱਸੇ ਦੋ ਮਿੱਲਾਂ , ਸ਼ੂਗਰ ਮਿੱਲ ਬੁਢਲਾਡਾ ਤੇ ਸਪਿਨਿੰਗ ਮਿੱਲ ਮਾਨਸਾ ਆ ਗਈਆਂ । ਬਠਿੰਡੇ ਵਾਲੇ ਕਹਿੰਦੇ ਸੀ ਸਾਰੀ ਮਲਾਈ ਮਾਨਸਾ ਵਾਲੇ ਲੈ ਗਏ ਤੇ ਇਹ ਬੈਂਕ ਜਲਦੀ ਨਵਾਂਸ਼ਹਿਰ ਦਾ ਮੁਕਾਬਲਾ ਕਰੇਗਾ । ਪਰ ਹੋ ਗਿਆ ਉਲਟ , ਦੋ ਸਾਲਾਂ ਤੋ ਪਹਿਲਾਂ ਪਹਿਲਾਂ ਦੋਵੇਂ ਮਿੱਲਾਂ ਬੰਦ ਹੋ ਗਈਆਂ ਤੇ ਮਾਨਸਾ ਬੈਂਕ ਦਾ ਕਰੋੜਾਂ ਰੁਪਿਆ ਡੁੱਬ ਗਿਆ ।
ਸਮਾਂ ਬੀਤਦਾ ਗਿਆ , ਸਟਾਫ਼ ਦੀ ਮਿਹਨਤ ਸਦਕਾ ਬੈਂਕ ਤਰੱਕੀਆਂ ਵੱਲ ਵੱਧਣ ਲੱਗਾ । ਅਚਾਨਕ ਇਕ ਜਿਲਾ ਮੈਨੇਜਰ ਐਸਾ ਆ ਗਿਆ ਜਿਸ ਦਾ ਨਾਂਮ ਦੋ ਅੱਖਰਾਂ ਦਾ ਸੀ ਤੇ ਉਸ ਦੇ ਤਖ਼ੱਲਸ ਦਾ ਮਤਲਬ “ਤੁਰਦਾ-ਫਿਰਦਾ” ਨਿਕਲਦਾ ਸੀ । ਉਸ ਮਾਂ ਦੇ ਸ਼ੇਰ ਨੇ ਸਾਰੇ ਸਟਾਫ਼ ਨੂੰ ਐਸਾ ਗਧੀ ਗੇੜ ਚ’ ਪਾਇਆ ਕਿ ਬੈਂਕ ਦਾ ਗ੍ਰਾਫ ਹੇਠਾਂ ਵੱਲ ਜਾਣ ਲੱਗ ਗਿਆ । ਕੁੱਝ ਮੈਨੇਜਮੈਟ ਵੀ ਦੋਸ਼ੀ ਸੀ । ਸਾਡੇ ਨਾਲ ਓਸ ਅਬਲਾ ਵਰਗੀ ਹੋਈ ਜਿਹੜੀ ਕਹਿੰਦੀ ਸੀ
“ਕੁੱਝ ਲੁੱਟ ਲਈ ਮੈ ਪਿੰਡ ਦਿਆਂ ਪੰਚਾਂ , ਕੁੱਝ ਲੁੱਟ ਲਈ ਸਰਕਾਰਾਂ ਨੇ” ।
ਬੈਂਕ ਦੀ ਨਿਘਰਦੀ ਹਾਲਤ ਵੇਖ ਕੇ ਪੰਜਾਬ ਦੇ ਐਮ ਡੀ ਸ. ਪਰਮੇਸ਼ਵਰ ਸਿੰਘ ਸਿੱਧੂ ਅਤੇ ਏ ਐਮ ਡੀ ਸ. ਊਧਮ ਸਿੰਘ ਨੇ ਸਟਾਫ਼ ਮੀਟਿੰਗ ਰੱਖ ਲਈ । ਓਹ ਸਾਨੂੰ ਇਹੋ ਲਾਹਣਤਾਂ ਪਾਉਣ ਕਿ ਤੁਸੀਂ ਬੈਂਕ ਡੋਬਣ ਤੇ ਲੱਗੇ ਹੋਏ ਓ ।
ਮੈ ਆਪਣੀ ਜਥੇਬੰਦੀ ਦਾ ਜਨਰਲ ਸਕੱਤਰ ਸੀ । ਮੈ ਐਮ ਡੀ ਪੰਜਾਬ ਨੂੰ ਇਕ ਸਵਾਲ ਕੀਤਾ ਕਿ…
“ ਬੈਂਕ ਦਾ ਕੁੱਲ ਮੁਨਾਫ਼ਾ ਬਾਈ ਲੱਖ ਐ , ਉਸ ਵਿੱਚੋਂ ਉਨੀਂ ਲੱਖ ਇਕ ਮੁਲਾਜ਼ਮ ਨੂੰ ਬਕਾਏ ਵਜੋਂ ਦੇਣਾਂ ਕਿੱਧਰ ਦੀ ਮੈਨੇਜਮੈਟ ਐ । ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਕੱਲ ਨੂੰ ਕਿਹੜੀ ਬਰਾਂਚ ਦੀ ਬਦਲੀ ਹੋਊ । ਕੁੱਲ ਮੁਲਾਜ਼ਮ 56 ਤੇ ਬਦਲੀਆਂ 72 , ਹੈ ਕੋਈ ਇਨਸਾਫ਼ । ਤੁਸੀਂ ਸਾਨੂੰ ਸਾਡੀ ਪਸੰਦ ਦਾ ਜਿਲਾ ਮੈਨੇਜਰ ਦੇ ਦਿਓ ,ਅਸੀਂ ਬੈਂਕ ਦੀ ਜਮਾਂ ਪੂੰਜੀ 67 ਕਰੋੜ ਤੋ ਵਧਾਅ ਕੇ 100 ਕਰੋੜ ਕਰ ਦੇਵਾਂਗੇ “ ।
ਪੰਜਾਬ ਦੇ ਐਮ ਡੀ ਸਾਹਮਣੇ ਏਨੀ ਜੁਰੱਅਤ ਨਾਲ ਗੱਲ ਕਰਕੇ ਉਸ ਨੂੰ ਜਥੇਬੰਦੀ ਦੀ ਗੱਲ ਸੁਣਨ ਲਈ ਮਜਬੂਰ ਕਰ ਲਿਆ । ਐਮ ਡੀ ਨੇ ਪੁੱਛਿਆ ਦੱਸੋ ਕਿਹੜਾ ਜਿਲਾ ਮੈਨੇਜਰ ਚਾਹੀਦੈ । ਅਸੀਂ ਝੱਟ ਦੇਣੇ ਸ. ਜਗਦੀਸ਼ ਸਿੰਘ ਸਿੱਧੂ ਦਾ ਨਾਂ ਲੈ ਦਿੱਤਾ । ਓਹ ਮੁਕਤਸਰ ਜਿਲਾ ਮੈਨੇਜਰ ਸੀ । ਪਰਮੇਸ਼ਵਰ ਸਿੰਘ ਨੇ ਅਡੀਸ਼ਨਲ ਚਾਰਜ ਦੇ ਕੇ ਸਾਡੇ ਚਹੇਤੇ ਸਿੱਧੂ ਨੂੰ ਮਾਨਸਾ ਭੇਜ ਦਿੱਤਾ ਤੇ ਨਾਲ ਵਾਅਦਾ ਵੀ ਯਾਦ ਕਰਵਾ ਦਿੱਤਾ । ਇਹ ਵੀ ਕਹਿ ਦਿੱਤਾ ਜੇ 100 ਕਰੋੜ ਨਾਂ ਹੋਇਆ ਫੇਰ ਸੋਚ ਲਿਓ !
ਹੁਣ ਸਟਾਫ਼ ਨੂੰ ਸਿਰੇ ਦਾ ਚਾਅ ਸੀ । ਕੁਰੱਖਤ ਜਿਲਾ ਮੈਨੇਜਰ ਤੋ ਖਹਿੜਾ ਜੁ ਛੁੱਟ ਗਿਆ ਸੀ । ਓਧਰ ਪੰਜਾਬ ਸਰਕਾਰ ਨੇ ਬਹਿਣੀ ਵਾਲ ਥਰਮਲ ਪਲਾਂਟ ਲਾਉਣ ਲਈ ਜ਼ਮੀਨ ਲੈਣੀ ਸ਼ੁਰੂ ਕਰ ਦਿੱਤੀ ।
“ ਲੱਲੂ ਦੀਆਂ ਝੱਲ ਵਲੱਲੀਆਂ ਆਪੇ ਰੱਬ ਸਿੱਧੀਆਂ ਪਾਉਦੈ “
ਵਾਲੀ ਗੱਲ ਸਾਡੇ ਨਾਲ ਹੋਈ । ਅਸੀਂ ਜਿਲਾ ਮੈਨੇਜਰ ਸਿੱਧੂ ਸਾਹਿਬ ਤੋ ਦੋ ਬੰਦਿਆਂ ਦੀ ਡਿਊਟੀ ਅਮਾਨਤਾਂ ਇਕੱਠੀਆਂ ਕਰਨ ਤੇ ਲਵਾ ਲਈ । ਮੁੱਖ ਦਫਤਰ ਵਿੱਚ ਕੰਮ ਕਰਦੇ ਬਲਜੀਤ ਸਿੰਘ ਦੇ ਨਾਲ ਇੱਕ ਬੰਦਾ ਹੋਰ ਲਾਉਣਾ ਸੀ । ਕਰਨੈਲ ਸਿੰਘ ਮੇਰੇ ਕੋਲ ਫਫੜੇ ਭਾਈਕੇ ਖ਼ਜ਼ਾਨਾ ਮੰਤਰੀ ਸੀ । ਮੈ ਸਿੱਧੂ ਸਾਹਿਬ ਨੂੰ ਕਿਹਾ ਬਲਜੀਤ ਨਾਲ ਡਿਊਟੀ ਕਰਨੈਲ ਦੀ ਲਾ ਦਿਓ , ਮੈ ਓਨੀਂ ਦੇਰ ਕੱਲਾ ਸਾਰ ਲਊਂ ।
ਕਰਨੈਲ ਸਾਡੀ ਬੈਂਕ ਦਾ ਹਿੰਮਤੀ ਵਰਕਰ ਸੀ । ਜੁਗਾੜ ਲਾਉਣ ਦੀ ਕਲਾ ਇਸ ਨੂੰ ਆਉਂਦੀ ਸੀ । ਸਰਦੂਲਗੜ ਵਾਲੇ ਪਾਸਿਓਂ ਕਲਿਆਣ ਵਰਗੇ ਵੀ ਮੱਦਦ ਤੇ ਆ ਜਾਂਦੇ ਸੀ । ਕਰਨੈਲ ਤੇ ਬਲਜੀਤ ਦੀ ਟੀਮ ਨੇ ਗਿਣਵੇ ਦਿਨਾਂ ਵਿੱਚ ਫਿਗਰ 67 ਕਰੋੜ ਤੋ 80 ਕਰੋੜ ਤੇ ਲਿਆਂਦੀ ।
ਇਕ ਦਿਨ ਪੇਰੋਂ ਪਿੰਡ ਤੋ ਕਰਨੈਲ ਦਾ ਮੇਰੇ ਕੋਲ ਫਫੜੇ ਭਾਈਕੇ ਫ਼ੋਨ ਆਇਆ
“ ਗੁਰੂ ਜੀ ਜਲਦੀ ਆ ਜੋ ਪੇਰੋਂ ਟੂਰਨਾਮੈਂਟ ਐ “ ।
ਅੰਨ੍ਹਾ ਕੀ ਭਾਲੇ ਦੋ ਅੱਖਾਂ , ਵਾਲੀ ਗੱਲ ਹੋ ਗਈ । ਟੂਰਨਾਮੈਂਟ ਕਮੇਟੀ ਦਾ ਪ੍ਰਧਾਨ ਕਰਨੈਲ ਦਾ ਜਾਣੂੰ ਸੀ । ਕਰਨੈਲ ਵਰਗੇ ਜੁਗਾੜੀ ਬੰਦੇ ਨੂੰ ਜੁਗਾੜ ਲਾਉਣਾ ਕਬੱਡੀ ਦੇ ਜੱਫੇ ਲਾਉਣ ਵਾਂਗੂੰ ਆਉਂਦਾ ਸੀ ।
ਮੇਰੇ ਲਈ ਕੁਮੈਟਰੀ ਦਾ ਮੌਕਾ ਬੈਂਕ ਦੀ ਤਰੱਕੀ ਵਾਲਾ ਲੱਗ ਰਿਹਾ ਸੀ । ਸਟੇਜ ਤੇ ਕਿਸਾਨ ਯੂਨੀਅਨ ਦੇ ਆਗੂ ਵੀ ਬੈਠੇ ਸੀ । ਸੋ ਮੈ ਕੁਮੈਟਰੀ ਦੇ ਬੋਲ ਡਾ. ਜਗਤਾਰ ਦੀ ਇਸ ਕਵਿਤਾ ਦੇ ਬੋਲਾਂ ਨਾਲ ਸ਼ੁਰੂ ਕੀਤੇ…
“ ਹਰ ਪੈਰ ਤੇ ਮੁਸੀਬਾਂ, ਹਰ ਮੋੜ ਤੇ ਹਨੇਰਾ
ਫਿਰ ਵੀ ਅਸੀਂ ਰੁਕੇ ਨਾਂ , ਤੂੰ ਸਾਡਾ ਵੀ ਵੇਖ ਜੇਰਾ “
ਕਬੱਡੀ ਦੇ ਜੱਫੇ ਲਵਾਉਂਦਾ ਵਿੱਚ ਆਪਣੀ ਗੱਲ ਵੀ ਕਰ ਜਾਂਦਾ ।ਕਹਿ ਦਿੰਦਾ ਭਰਾਵੋ ਸਾਡੀ ਬੈਂਕ ਦੀ ਹਾਲਤ ਸੁਰਜੀਤ ਪਾਤਰ ਦੀ ਗ਼ਜ਼ਲ ਦੇ ਇਸ ਸ਼ੇਅਰ ਵਰਗੀ ਐ
“ ਬਲਦਾ ਬਿਰਖ ਹਾਂ , ਖਤਮ ਹਾਂ ,ਬੱਸ ਸ਼ਾਮ ਤੀਕ ਹਾਂ
ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ “ ।
ਇਸ ਦੇ ਸੁਧਾਰ ਕਰਨ ਵਿੱਚ ਅੱਜ ਤੁਹਾਡੀ ਲੋੜ ਐ ।
ਕਦੀ ਨੰਦ ਲਾਲ ਨੂਰਪੁਰੀ , ਕਦੀ ਪ੍ਰੋ. ਮੋਹਣ ਸਿੰਘ , ਕਦੀ ਗੁਰਭਜਨ ਗਿੱਲ ਦੀਆ ਕਵਿਤਾਵਾਂ ਦੇ ਬੋਲ ਸਾਂਝੇ ਕਰਦਾ ਰਿਹਾ ।
ਮੌਕਾ ਵੇਖ ਕੇ ਕਿਸਾਨ ਯੁੂਨੀਅਨ ਵਾਲੇ ਵੀ ਇਹ ਕਹਿ ਕੇ ਖੁਸ਼ ਕਰ ਲਏ ….
“ ਜੱਟ ਦੀ ਗਿਣਤੀ ਹੋਣੀ ਯਾਰੋ ਵਿੱਚ ਨਲਾਇਕਾਂ ਦੇ
ਜੇ ਦੁਨੀਆ ਨੇ ਸੁਣ ਲਏ ਗਾਣੇ ਅੱਜ ਦਿਆਂ ਗਾਇਕਾਂ ਦੇ
ਵਿੱਚ ਕਚੈਹਿਰੀ ਠਾਣੇ ਜੱਟ ਨੂੰ ਰੋਲ਼ੀ ਜਾਂਦੇ ਓ
ਕਿਉਂ ਜੱਟਾਂ ਲਈ ਉਲਟਾ ਸਿੱਧਾ ਬੋਲੀਂ ਜਾਂਦੇ ਓ “ ।
ਹੁਣ ਅਸੀਂ ਟੂਰਨਾਮੈਂਟ ਵਾਲਾ ਮੇਲਾ ਲੁੱਟ ਲਿਆ ਸੀ ।
ਆਖਰੀ ਬੋਲ ਮੇਰੇ ਇਹ ਸਨ …
“ ਵੀਰਨੋ ਜੇ ਮੇਰੀ ਕੁਮੈਟਰੀ ਚੰਗੀ ਲੱਗੀ ਤਾਂ ਤਾੜੀ ਮਾਰ ਦਿਓ “। ਸੱਚ ਮੁੱਚ ਦਰਸ਼ਕਾਂ ਨੇ ਸੁਆਦ ਦੇ ਤਾ । ਜਿਵੇਂ ਬਾਬੇ ਕਹਿੰਦੇ ਹੁੰਦੇ ਨੇ ਕੋਈ ਰਸਨਾਂ ਵਾਂਝੀ ਨਾਂ ਰਹੇ , ਵਾਲੀ ਗੱਲ ਹੋ ਗਈ ਸੀ । ਵੱਡੇ ਤੋ ਵੱਡੇ ਟੂਰਨਾਮੈਂਟ ਤੇ ਬੋਲਣ ਦਾ ਏਨਾ ਸੁਆਦ ਪਹਿਲਾਂ ਕਦੇ ਨਹੀਂ ਸੀ ਆਇਆ ।
ਮੈ ਆਪਣੀ ਗੱਲ ਜਾਰੀ ਰੱਖੀ ਤੇ ਕਿਹਾ….
“ ਮੈ ਜਾਚਕ ਦਰ ਆਇਆ ਖਾਲ਼ੀ ਮੋੜੀ ਨਾਂ
ਇੱਕ ਖ਼ੈਰ ਮਿਹਰ ਦੀ ਪਾ ਦੇ ਖਾਲ਼ੀ ਮੋੜੀ ਨਾਂ “ ।
“ ਮਿਤਰੋ ਮੈ ਕੁਮੈਂਟਰੀ ਦੇ ਜ਼ਰੀਏ ਤੁਹਾਨੂੰ ਖੁਸ਼ ਕੀਤੈ , ਹੁਣ ਤੁਹਾਡੀ ਵਾਰੀ ਐ , ਤੁਸੀਂ ਚੈੱਕ ਦੇ ਕੇ ਮੈਨੂੰ ਖੁਸ਼ ਕਰ ਦੇਵੋ । ਹੱਥ ਖੜ੍ਹੇ ਕਰਕੇ ਦੱਸੋ ਜਿਹੜੇ ਚੈੱਕ ਦੇ ਕੇ ਨਿਵਾਜਣ ਗੇ “ । ਸੌਆਂ ਦੀ ਗਿਣਤੀ ਵਿੱਚ ਦਰਸ਼ਕਾਂ ਨੇ ਹੱਥ ਖੜੇ ਕਰਕੇ ਮਾਣ ਵਧਾਇਆ ।
ਅਗਲੇ ਦਿਨ ਪ੍ਰਾਈਵੇਟ ਬੈਂਕਾਂ ਦੇ ਕਈ ਮੈਨੇਜਰ ਜੋ ਟੂਰਨਾਮੈਂਟ ਵੇਖ ਰਹੇ ਸੀ ,ਮੈਨੂੰ ਮਿਲਣ ਲਈ ਆਏ । ਕਹਿਣ ਸਰ ਅਸੀਂ ਥੋਡੀ ਕਲਾ ਨੂੰ ਸਲਾਮ ਕਰਦੇ ਆਂ ।
ਕਰਨੈਲ , ਬਲਜੀਤ ਦੀ ਅਗਵਾਈ ਵਿੱਚ ਇਕ ਹਫ਼ਤੇ ਅਸੀਂ 100 ਕਰੋੜ ਦਾ ਟੀਚਾ ਪਾਰ ਕਰਕੇ 108 ਕਰੋੜ ਤੇ ਲੈ ਗਏ ।
ਹੁਣ ਸਾਡੇ ਜਿਲਾ ਮੈਨੇਜਰ ਸ. ਜਗਦੀਸ਼ ਸਿੰਘ ਸਿੱਧੂ ਦੀ ਤੇ ਸਾਡੀ ਜਥੇਬੰਦੀ ਦੀ ਸਾਰੇ ਪੰਜਾਬ ਦੇ ਸਹਿਕਾਰੀ ਬੈਂਕਾਂ ਵਿੱਚ ਬੱਲੇ ਬੱਲੇ ਹੋਈ ਪਈ ਸੀ ।
ਮਸੂਰੀ ਹੋਈ ਸਲਾਨਾ ਕਾਨਫਰੰਸ ਤੇ ਜਦੋਂ ਸਾਡੇ ਜਿਲਾ ਮੈਨੇਜਰ ਸਿੱਧੂ ਸਾਹਿਬ ਨੇ ਬੈਂਕ ਦੀ ਰਿਪੋਰਟ ਪੜ੍ਹੀ ਤਾਂ ਏ ਐਮ ਡੀ ਊਧਮ ਸਿੰਘ ਨੇ ਮਾਈਕ ਫੜ ਕੇ ਦਸ ਮਿੰਟ ਸਾਡੇ ਸਾਰੇ ਸਟਾਫ਼ ਦੀਆ ਸਿਫ਼ਤਾਂ ਦੇ ਪੁਲ ਬੰਨਣ ਤੇ ਲਾਏ। ਇਹ ਸੁਹਾਵਣੇ ਪਲ ਅੱਜ ਵੀ ਯਾਦ ਨੇ ।