ਮਾਨਸਾ, 27 ਜੁਲਾਈ-ਚਰਚਿਤ ਕਹਾਣੀਕਾਰ ਅਨੇਮਨ ਸਿੰਘ ਦੇ ਕਹਾਣੀ ਸੰਗ੍ਰਹਿ ‘ਨੂਰੀ’ ਦਾ ਦੂਜਾ ਐਡੀਸ਼ਨ ਲੇਖਕ ਪਾਠਕ ਮੰਚ ਮਾਨਸਾ ਵੱਲੋਂ ਕਹਾਣੀਕਾਰ ਦਰਸ਼ਨ ਜੋਗਾ ਦੀ ਪ੍ਰਧਾਨਗੀ ’ਚ ਲੋਕ ਅਰਪਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਨੇਮਨ ਦੇ ਇਸ ਸੰਗ੍ਰਹਿ ਦੀਆਂ ਕਹਾਣੀਆਂ ਅਜੋਕੇ ਸਮਾਜ ਹੋ ਰਹੇ, ਵਾਪਰ ਰਹੇ ਦੀਆਂ ਸਕਰੀਨਿੰਗ ਕਰਦੀਆਂ ਹਨ, ਜੋ ਪਾਠਕ ਨੂੰ ਕੁਝ ਸੋਚਣ ਲਈ ਮਜਬੂਰ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਪੁਸਤਕ ’ਚ ਸ਼ਾਮਿਲ ਕਹਾਣੀਆਂ ਪੰਜਾਬੀ ਕਹਾਣੀ ਦੇ ਸੁਨਹਿਰੀ ਭਵਿੱਖ ਦੀ ਨਿਸ਼ਾਨਦੇਹੀ ਕਰਦੀਆਂ ਹਨ। ਸ਼ਾਇਰ ਗੁਰਪ੍ਰੀਤ ਨੇ ਕਿਹਾ ਕਿ ਅਨੇਮਨ ਸਿੰਘ ਪੰਜਾਬੀ ਭਾਸ਼ਾ ਦਾ ਵਿਲੱਖਣ ਕਿਸਮ ਦਾ ਕਹਾਣੀਕਾਰ ਹੈ, ਜਿਸ ਨੇ ਅਜਿਹੇ ਵਿਸ਼ਿਆਂ ਨੂੰ ਚਿਤਰਿਆ ਹੈ, ਜਿਸ ਨੂੰ ਛੇਤੀ ਕੀਤਿਆਂ ਕੋਈ ਹੋਰ ਕਹਾਣੀਕਾਰ ਹੱਥ ਨਹੀਂ ਪਾਉਂਦਾ। ਸ਼ਾਇਰ ਅੰਮ੍ਰਿਤ ਸਮਿਤੋਜ ਨੇ ਕਿਹਾ ਕਿ ਅਨੇਮਨ ਬਹੁ ਪਰਤੀ ਸ਼ਖ਼ਸੀਅਤ ਦਾ ਮਾਲਕ ਹੈ, ਜਿਸਨੇ ਸਾਹਿਤ ਦੀ ਹਰ ਵਿਧਾ ’ਤੇ ਚੰਗਾ ਨਾਮਣਾ ਖੱਟਿਆ ਹੈ। ਉਨ੍ਹਾਂ ਕਿਹਾ ਕਿ ਅਨੇਮਨ ਦੇ ਇਸ ਕਹਾਣੀ ਸੰਗ੍ਰਹਿ ਦਾ ਦੂਜਾ ਐਡੀਸ਼ਨ ਛੱਪ ਕੇ ਆਉਣਾ ਇਸ ਗੱਲ ਦਾ ਗਵਾਹ ਹੈ ਕਿ ਉਸਦੀਆਂ ਕਹਾਣੀਆਂ ਦੇ ਪਾਠਕ ਸੈਂਕੜੇ ਹਨ। ਡਾ. ਵੀਰਪਾਲ ਕੌਰ ਕਮਲ ਹੋਰਾਂ ਕਿਹਾ ਕਿ ਅਨੇਮਨ ਦੀਆਂ ਕਹਾਣੀਆਂ ਆਪਣੀ ਸਮਾਜਿਕ ਹੋਂਦ ਦੀ ਸਥਾਪਨਾ ਲਈ ਜੂਝ ਰਹੇ ਆਮ ਮਨੁੱਖ ਦੀ ਤਰਜ਼ਮਾਨੀ ਕਰਦੀਆਂ ਹਨ। ਅੰਤ ’ਚ ਅਨੇਮਨ ਨੇ ਸਾਰੇ ਲੇਖਕਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਸੰਗ੍ਰਹਿ ਦੇ ਦੂਜੇ ਐਡੀਸ਼ਨ ਨੂੰ ਸਾਹਿਬਦੀਪ ਪ੍ਰਕਾਸ਼ਨ ਭੀਖੀ/ਪਟਿਆਲਾ ਵੱਲੋਂ ਬੜੇ ਖੂਬਸੂਰਤ ਢੰਗ ਨਾਲ ਛਾਪਿਆ ਗਿਆ ਹੈ।