ਅਹਿਮਦ ਨਦੀਮ ਕਾਸਮੀ ਦੀ ਇਕ ਕਿਤਾਬ ਦੇ ਸਮਰਪਣ ਵਾਲੇ ਸਫੇ ‘ਤੇ ਲਿਖਿਆ ਹੈ: “ਜੇ ਇਹ ਸੱਚ ਹੈ ਕਿ ਧਰਤੀ-ਮਾਂ ਕਿਸੇ ਧੌਲ ਦੇ ਸਿੰਗਾਂ ‘ਤੇ ਨਹੀਂ, ਬਲਕਿ ਨੇਕ ਤੇ ਬੇਗਰਜ਼ ਇਨਸਾਨਾਂ ਦੇ ਮੋਢਿਆਂ ‘ਤੇ ਖਲੋਤੀ ਹੈ — ਤਾਂ ਉਨ੍ਹਾਂ ਵਿਚੋਂ ਇਕ ਮੇਰਾ ਨਿੱਕਾ ਭਰਾ ਸੋਹਣ ਵੀ ਜ਼ਰੂਰ ਹੋਵੇਗਾ।”
ਮੈਂ ਇਹੀ ਗੱਲ ਡਾ. ਲਖਵਿੰਦਰ ਸਿੰਘ ਬਾਰੇ ਵੀ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ।
ਡਾ. ਲਖਵਿੰਦਰ ਸਿੰਘ ਇਕ ਵਿਵੇਕੀ, ਨਿਰੀਖਣਸ਼ੀਲ, ਸੁਝਵਾਨ ਅਤੇ ਸੰਵੇਦਨਸ਼ੀਲ ਵਿਅਕਤੀ ਹਨ। ਉਹ ਅਕਸਰ ਆਪਣੇ ਜੀਵਨ ਵਿਚ ਰਚਨਾਤਮਕਤਾ ਅਤੇ ਰੂਹਾਨੀਅਤ ਰਾਹੀਂ ਗਹਿਰੇ ਅਰਥਾਂ ਦੀ ਖੋਜ ਕਰਦੇ ਰਹਿੰਦੇ ਹਨ। ਉਹ ਨਰਮਦਿਲ, ਦਿਲੋਂ ਹਮਦਰਦ ਅਤੇ ਹੋਰਨਾਂ ਦੇ ਦੁਖ-ਸੁਖ ਦਾ ਅਹਿਸਾਸ ਕਰਨ ਵਾਲੇ ਮਨੁਖ ਹਨ। ਉਨ੍ਹਾਂ ਦੀ ਸੋਚ ਵਿਚ ਜੀਵਨ ਅਨੁਭਵਾਂ ਅਤੇ ਵਿਵੇਕ ਦੀ ਝਲਕ ਮਿਲਦੀ ਹੈ।
23 ਫਰਵਰੀ 1984 ਨੂੰ ਪੰਜਾਬ ਦੇ ਜ਼ਿਲ੍ਹਾ ਮਾਨਸਾ ਦੀ ਬੁਢਲਾਡਾ ਤਹਿਸੀਲ ਦੇ ਪਿੰਡ ਕਲਹਿਰੀ ਵਿਚ ਜਨਮੇ ਡਾ. ਲਖਵਿੰਦਰ ਸਿੰਘ ਇਤਿਹਾਸ ਅਤੇ ਧਰਮ ਅਧਿਐਨ ਦੇ ਇਕ ਸਮਰਪਤ ਖੋਜੀ ਹਨ। ਉਨ੍ਹਾਂ ਨੇ ਗੁਰੂ ਨਾਨਕ ਕਾਲਜ, ਬੁਢਲਾਡਾ ਤੋਂ ਬੀ.ਏ. ਕਰ ਕੇ, ਗੁਰਮਤਿ ਕਾਲਜ, ਪਟਿਆਲਾ ਤੋਂ ਧਰਮਾਂ ਦੇ ਤੁਲਨਾਤਮਕ ਅਧਿਐਨ ਵਿਚ ਐੱਮ.ਏ. ਕੀਤੀ। ਫਿਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਇਤਿਹਾਸ ਤੇ ਪੰਜਾਬੀ ਵਿਚ ਐੱਮ.ਏ. ਕੀਤੀ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਹੀ ਉਨ੍ਹਾਂ ਨੇ “ਸਿੱਖ ਰਹਿਤਨਾਮਾ ਸਾਹਿਤ: ਇਕ ਧਰਮ-ਸ਼ਾਸਤਰੀ ਅਧਿਐਨ” ਵਿਸ਼ੇ ਉੱਤੇ ਐਮ.ਫਿਲ. ਕੀਤੀ। ਫਿਰ 2017 ਵਿਚ “ਸਿਖ ਅਧਿਐਨ ਤੇ ਅਧਿਆਪਨ ਦੀ ਸਥਿਤੀ: ਸੀਮਾਵਾਂ ਤੇ ਸੰਭਾਵਨਾਵਾਂ” ਵਿਸ਼ੇ ਉੱਤੇ ਡਾਕਟਰੇਟ ਪ੍ਰਾਪਤ ਕੀਤੀ। NET-JRF ਦੀ ਪ੍ਰੀਖਿਆ ਵੀ ਪਾਸ ਕੀਤੀ।
ਸਿਖ ਅਧਿਐਨ ਦੇ ਨਾਲ-ਨਾਲ ਉਨ੍ਹਾਂ ਨੇ ਪ੍ਰਾਚੀਨ ਕਲਾ ਕੇਂਦਰ, ਚੰਡੀਗੜ੍ਹ ਤੋਂ ਪ੍ਰਾਰੰਭਿਕਾ ਅਤੇ ਭਾਸਕਰ (ਕਲਾਸੀਕਲ ਵੋਕਲ ਅਤੇ ਵਾਦ-ਯੰਤਰਾਂ) ਦੀ ਪ੍ਰੀਖਿਆ, ਭਾਸ਼ਾ ਵਿਭਾਗ, ਪੰਜਾਬ ਤੋਂ ਉਰਦੂ ਅਮੋਜ ਅਤੇ ਰਾਸ਼ਟਰੀ ਸੰਸਕ੍ਰਿਤ ਸੰਸਥਾਨ, ਨਵੀਂ ਦਿੱਲੀ ਤੋਂ ਸੰਸਕ੍ਰਿਤ ਵਿਚ ਪ੍ਰਥਮ-ਦੀਕਸ਼ਾ (Prathmadiksha) ਪਾਸ ਕੀਤੀ ਹੋਈ ਹੈ।
ਡਾ. ਲਖਵਿੰਦਰ ਸਿੰਘ ਨੂੰ ਅਧਿਆਪਨ ਦਾ ਅਨੁਭਵ ਵੀ ਹੈ। ਉਹ ਹਮੇਸ਼ਾ ਨਵਾਂ ਪੜ੍ਹਨ ਅਤੇ ਨਵਾਂ ਖੋਜਣ ਲਈ ਜਤਨਸ਼ੀਲ ਰਹਿੰਦੇ ਹਨ। ਇਸੇ ਕਰਕੇ ਉਹ ਕੁਝ ਸਮਾਂ ਅਧਿਆਪਨ ਕਾਰਜ ਕਰਨ ਉਪਰੰਤ ਸਿਖ ਰਿਸਰਚ ਇੰਸਟੀਟਿਉਟ (ਸਿਖ-ਰੀ) ਦੇ ‘ਗੁਰੂ ਗ੍ਰੰਥ ਸਾਹਿਬ ਪ੍ਰੌਜੇਕਟ’ ਨਾਲ ਜੁੜ ਗਏ। ਇਸ ਪ੍ਰੌਜੈਕਟ ਵਿਚ ਉਹ ਇਤਿਹਾਸ ਦੇ ਵਿਸ਼ਾ ਮਾਹਰ (SME History) ਵਜੋਂ ਸੇਵਾ ਕਰ ਰਹੇ ਹਨ। ‘ਗੁਰੂ ਗ੍ਰੰਥ ਸਾਹਿਬ ਪ੍ਰੌਜੈਕਟ’ ਵਿਚ ਕਾਵਿਕ ਅਤੇ ਸੰਗੀਤਕ ਪਖ ਦੇ ਨਾਲ-ਨਾਲ ਇਤਿਹਾਸਕ ਪਖ ਨੂੰ ਵੀ ਵਾਚਿਆ ਤੇ ਵਿਚਾਰਿਆ ਜਾਂਦਾ ਹੈ।
ਕਿਸੇ ਵੀ ਧਾਰਮਕ ਟੈਕਸਟ ਦੇ ਇਤਿਹਾਸਕ ਪੱਖ ਦੀ ਸਮਝ ਬਹੁਤ ਜਰੂਰੀ ਹੁੰਦੀ ਹੈ, ਕਿਉਂਕਿ ਇਹ ਸਾਨੂੰ ਉਸ ਟੈਕਸਟ ਦੇ ਰਚਨਾ-ਕਾਲ, ਲੇਖਕ, ਸਮਾਜਕ-ਧਾਰਮਕ ਪ੍ਰਸੰਗ ਅਤੇ ਉਸ ਸਮੇਂ ਦੇ ਜੀਵਨ ਮੁੱਲਾਂ ਬਾਰੇ ਜਾਣਕਾਰੀ ਦਿੰਦੀ ਹੈ। ਇਹ ਪੱਖ ਸਿਰਫ ਟੈਕਸਟ ਦੇ ਅੰਦਰੂਨੀ ਅਰਥਾਂ ਦੀ ਹੀ ਨਹੀਂ, ਸਗੋਂ ਉਸ ਦੀ ਆਧੁਨਿਕ ਪ੍ਰਸੰਗਕਤਾ ਨੂੰ ਵੀ ਸਮਝਣ ਵਿਚ ਮਦਦ ਕਰਦਾ ਹੈ। ਜਦੋਂ ਅਸੀਂ ਕਿਸੇ ਟੈਕਸਟ ਨੂੰ ਉਸ ਦੇ ਇਤਿਹਾਸਕ ਸੰਦਰਭ ਵਿਚ ਪੜ੍ਹਦੇ ਹਾਂ, ਤਾਂ ਅਸੀਂ ਉਨ੍ਹਾਂ ਲਫ਼ਜ਼ਾਂ ਦੇ ਅਰਥਾਂ ਨੂੰ ਚੰਗੀ ਤਰ੍ਹਾਂ ਗ੍ਰਹਿਣ ਕਰ ਕਰ ਸਕਦੇ ਹਾਂ, ਜੋ ਸਿਰਫ਼ ਆਧੁਨਿਕ ਨਜ਼ਰੀਏ ਤੋਂ ਦੇਖੇ ਜਾਣ ‘ਤੇ ਅਧੂਰੇ ਜਾਂ ਗਲਤ ਵੀ ਸਮਝੇ ਜਾ ਸਕਦੇ ਹਨ।
ਇਸ ਤਰ੍ਹਾਂ ਇਤਿਹਾਸਕ ਪੱਖ ਸਿਰਫ ਵਿਦਵਾਨਾਂ ਲਈ ਹੀ ਨਹੀਂ, ਸਗੋਂ ਆਮ ਪਾਠਕਾਂ ਲਈ ਵੀ ਟੈਕਸਟ ਦੀ ਗਹਿਰਾਈ ਨੂੰ ਸਮਝਣ ਦਾ ਇਕ ਸਰੋਤ ਬਣ ਜਾਂਦਾ ਹੈ। ਇਸੇ ਲਈ ‘ਗੁਰੂ ਗ੍ਰੰਥ ਸਾਹਿਬ ਪ੍ਰੌਜੈਕਟ’ ਵਿਚ ਹਰ ਸ਼ਬਦ ਜਾਂ ਬਾਣੀ ਦੇ ਇਤਿਹਾਸਕ ਪਖ ਨੂੰ ਬਹੁਤ ਸੰਜੀਦਗੀ ਨਾਲ ਵਿਚਾਰਿਆ ਜਾਂਦਾ ਹੈ। ਇਹ ਕਾਰਜ ਡਾ. ਲਖਵਿੰਦਰ ਸਿੰਘ ਬਾਖੂਬੀ ਕਰ ਰਹੇ ਹਨ।
ਉਨ੍ਹਾਂ ਦਾ ਉਦੇਸ਼ ਪ੍ਰਾਚੀਨ ਅਤੇ ਨਵੀਨ ਸਰੋਤਾਂ ਦੀ ਪੜਤਾਲ ਕਰ ਕੇ, ਗੁਰਬਾਣੀ ਦੇ ਹਰ ਸ਼ਬਦ/ਬਾਣੀ ਦੇ ਉਚਾਰੇ ਜਾਣ ਦੇ ਸਥਾਨ ਦੀ ਟੋਹ ਲਗਾਉਣਾ ਹੁੰਦਾ ਹੈ। ਇਸ ਉਦੇਸ਼ ਪੂਰਤੀ ਲਈ ਉਹ ਦਿੱਲੀ ਅਤੇ ਜੈਪੁਰ ਵਰਗੇ ਵੱਕਾਰੀ ਪੁਸਤਕ ਮੇਲਿਆਂ ਵਿਚ ਵੀ ਪਹੁੰਚਦੇ ਹਨ ਅਤੇ ਪੰਜਾਬ ਦੇ ਪਿੰਡਾਂ ਦੇ ਕਬਾੜੀਆਂ ਦੀਆਂ ਦੁਕਾਨਾਂ ਵੀ ਫਰੋਲਦੇ ਹਨ। ਇਸ ਫੋਲਾ-ਫਾਲੀ ਵਿਚੋਂ ਉਨ੍ਹਾਂ ਦੇ ਹੱਥ ਕਈ ਵਾਰ ਅਜਿਹੇ ਬੇਸ਼ਕੀਮਤੀ ਸਰੋਤ ਵੀ ਲੱਗ ਜਾਂਦੇ ਹਨ, ਜਿਹੜੇ ਪਹਿਲੀ ਪੀੜ੍ਹੀ ਦੇ ਖਤਮ ਹੋਣ ਨਾਲ ਕੌਡੀਆਂ ਦੇ ਭਾਅ ਵਿਕੇ ਹੁੰਦੇ ਹਨ।
ਡਾ. ਲਖਵਿੰਦਰ ਸਿੰਘ ਇਤਿਹਾਸ ਅਤੇ ਧਰਮ ਦੇ ਨਾਲ-ਨਾਲ ਸਾਹਿਤਕ ਮੱਸ ਵੀ ਰੱਖਦੇ ਹਨ। ਇਸੇ ਕਰਕੇ ਪ੍ਰੌਜੈਕਟ ਵਿਚ ਉਨ੍ਹਾਂ ਦੁਆਰਾ ਤਿਆਰ ਕੀਤੀ ਜਾਂਦੀ ਫਾਇਲ ਵਿਚ ਇਤਿਹਾਸਕ ਪਖ ਦੇ ਨਾਲ-ਨਾਲ ਸੰਬੰਧਤ ਸ਼ਬਦ/ਬਾਣੀ ਦੀ ਰੂਪ ਵਿਧਾ ਸੰਬੰਧੀ ਵੀ ਭਰਪੂਰ ਚਰਚਾ ਕੀਤੀ ਜਾਂਦੀ ਹੈ। ਉਨ੍ਹਾਂ ਦੁਆਰਾ ਤਿਆਰ ਕੀਤੀ ਫਾਇਲ ਦੀ ਇਹ ਵਿਸ਼ੇਸ਼ਤਾ ਹੁੰਦੀ ਹੈ ਕਿ ਉਸ ਵਿਚ ਕਿਤੇ ਵੀ ਕਾਲਪਨਿਕ ਉਡਾਰੀਆਂ ਨਹੀਂ ਹੁੰਦੀਆਂ। ਹਰ ਇਕ ਸਥਾਪਨਾ ਪਿਛਲੇਰੀ ਖੋਜ ਅਤੇ ਤੱਥਾਂ ‘ਤੇ ਅਧਾਰਤ ਹੁੰਦੀ ਹੈ।
ਇਤਿਹਾਸ, ਧਰਮ ਅਤੇ ਸਾਹਿਤ ਦੇ ਸੁਮੇਲ ਨੇ ਉਨ੍ਹਾਂ ਦੀ ਸੂਝ ਅਤੇ ਸਖਸ਼ੀਅਤ ਨੂੰ ਸਵਾਰਨ ਤੇ ਨਿਖਾਰਨ ਵਿਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ। ਅਧਿਐਨ, ਅਧਿਆਪਨ ਤੇ ਖੋਜ ਦੇ ਅਨੁਭਵ ਨੇ ਉਨ੍ਹਾਂ ਨੂੰ ਰਚਨਾਤਮਕਤਾ, ਸੰਜੀਦਗੀ ਅਤੇ ਸਿਦਕ ਵਰਗੇ ਗੁਣਾਂ ਨਾਲ ਸ਼ਿਗਾਰਿਆ ਹੈ। ਉਨ੍ਹਾਂ ਦੀ ਸੁਭਾਵਕ ਸਰਲਤਾ ਅਤੇ ਸੰਵੇਦਨਸ਼ੀਲਤਾ ਉਨ੍ਹਾਂ ਨੂੰ ਆਪਣੇ ਕਾਰਜ ਵਿਚ ਵੀ ਹੋਰਨਾਂ ਲਈ ਇਕ ਭਰੋਸੇਯੋਗ ਅਤੇ ਕਦਰਯੋਗ ਵਿਅਕਤੀ ਬਣਾਉਂਦੀ ਹੈ।
ਉਹ ਸਿਰਫ਼ ਨਿਜੀ ਸੰਬੰਧਾਂ ਵਿਚ ਹੀ ਨਹੀਂ, ਸਗੋਂ ਸਮਾਜਕ ਅਤੇ ਵਿਦਿਅਕ ਪੱਧਰ ‘ਤੇ ਵੀ ਇਕ ਨਰਮ, ਪਰ ਸੁਦ੍ਰਿੜ੍ਹ ਵਿਅਕਤੀਤਵ ਦੇ ਮਾਲਕ ਹਨ। ਭਾਵਨਾਤਮਕ ਤੌਰ ‘ਤੇ ਡੂੰਘੇ ਹੋਣ ਦੇ ਨਾਲ-ਨਾਲ, ਉਨ੍ਹਾਂ ਦੀ ਸੋਚ ਵਿਚ ਸੁਹਿਰਦਤਾ ਤੇ ਉਚੇ ਆਦਰਸ਼ਾਂ ਦੀ ਛਾਪ ਹੈ।
ਉਹ ਗੁਰੂ ਗ੍ਰੰਥ ਸਾਹਿਬ ਪ੍ਰੌਜੈਕਟ ਦੇ ਮੁਢਲੇ ਟੀਮ ਮੈਂਬਰਾਂ ਵਿਚੋਂ ਹਨ ਅਤੇ 2018 ਤੋਂ ਹੀ ਇਸ ਨਾਲ ਜੁੜੇ ਹੋਏ ਹਨ। ਉਨ੍ਹਾਂ ਦਾ ਯੋਗਦਾਨ ਪ੍ਰੌਜੈਕਟ ਲਈ ਬਹੁਤ ਮੁੱਲਵਾਨ ਅਤੇ ਸਲਾਹੁਣਯੋਗ ਹੈ। ਆਸ ਹੈ ਕਿ ਉਹ ਭਵਿੱਖ ਵਿਚ ਵੀ ਏਸੇ ਜਤਨਸ਼ੀਲਤਾ, ਸੰਵੇਦਨਸ਼ੀਲਤਾ ਅਤੇ ਸਮਰਪਣ ਨਾਲ ਆਪਣੀ ਭੂਮਿਕਾ ਨਿਭਾਉਂਦੇ ਰਹਿਣਗੇ।
–ਡਾ. ਜਸਵੰਤ ਸਿੰਘ, ਡਾਇਰੈਕਟਰ ਗੁਰਬਾਣੀ ਰਿਸਰਚ
ਸਿਖ ਰਿਸਰਚ ਇੰਸਟੀਟਿਊਟ (ਯੂਐਸਏ)
ਅਧਿਐਨ, ਖੋਜ ਤੇ ਸਿਦਕ ਦਾ ਸੁਮੇਲ ਡਾ. ਲਖਵਿੰਦਰ ਸਿੰਘ/ਡਾ. ਜਸਵੰਤ ਸਿੰਘ

Leave a comment