ਸਿੱਖਿਆ ਕਿਸੇ ਵੀ ਸਮਾਜ ਜਾਂ ਦੇਸ਼ ਦੀ ਉੱਨਤੀ ਅਤੇ ਖ਼ੁਸ਼ਹਾਲੀ ਦਾ ਮੂਲ ਹੁੰਦੀ ਹੈ। ਸ਼ਾਇਦ ਇਸ ਲਈ ਹੀ ਅਧਿਆਪਕ ਨੂੰ ਸਮਾਜਿਕ ਪ੍ਰਕਿਰਿਆ ਦੀ ਨੀਂਹ ਵੀ ਆਖਿਆਂ ਜਾਂਦਾ ਹੈ। ਅੱਜ ਦੇ ਸਮੇਂ ਸਮਾਜ ਨੂੰ ਸੁਘੜ-ਸੁਚੱਜੇ, ਮਿਹਨਤੀ, ਨਿਮਰ, ਸੁਹਿਰਦ, ਨਿਰਪੱਖ, ਹਿਤੈਸ਼ੀ, ਉਸਾਰੂ, ਜਗਿਆਸੂ, ਅਗਾਂਹਵਧੂ, ਦੂਰਅੰਦੇਸ਼ੀ ਆਦਿ ਨੈਤਿਕ ਗੁਣ ਵਾਲੇ ਅਧਿਆਪਕਾਂ ਦੀ ਬਹੁਤ ਲੋੜ ਮਹਿਸੂਸ ਹੋ ਰਹੀ ਹੈ। ਅਜਿਹਾ ਹੀ ਕਰਮਯੋਗੀ ਅਧਿਆਪਕ ਹੈ: ਪਾਲੀ ਖ਼ਾਦਿਮ। ਖ਼ਾਦਿਮ ਨੂੰ ਜੇਕਰ ਅਧਿਆਪਨ, ਸਾਹਿਤ ਅਤੇ ਲੋਕ ਕਲਾਵਾਂ ਦੀ ਤ੍ਰਿਵੇਣੀ ਆਖ ਲਿਆ ਜਾਵੇ ਤਾਂ ਇਹ ਕੋਈ ਅਤਕਥਨੀ ਨਹੀਂ ਹੋਵੇਗੀ, ਉਹ ਬਹੁਪੱਖੀ ਕਲਾਵਾਂ ਦਾ ਕਲ-ਕਲ ਵਗਦਾ ਦਰਿਆ ਹੈ। ਲੋਕ ਸਾਜ਼ਾਂ ਦੀ ਮਹਿਕ ਵੰਡਣ ਵਾਲੇ ਇਸ ਅਧਿਆਪਕ ਨੂੰ ਹੁਣ ਸਟੇਟ ਅਵਾਰਡ ਤੋਂ ਬਾਅਦ ਇਸ ਅਧਿਆਪਕ ਦਿਵਸ ਉਪਰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਪਾਲੀ ਖ਼ਾਦਿਮ ਉਸ ਦਾ ਸਾਹਿਤਕ ਤਖੱਲਸ ਹੈ ਜਦੋਂ ਕਿ ਉਸ ਦਾ ਅਸਲ ਨਾਮ ਅੰਮ੍ਰਿਤਪਾਲ ਸਿੰਘ ਹੈ ਅਤੇ ਪੇਸ਼ੇ ਵਜੋਂ ਸਰਕਾਰੀ ਸਕੂਲ ਵਿੱਚ ਕੰਪਿਊਟਰ ਅਧਿਆਪਕ ਹਨ । ਗ਼ਜ਼ਲ ਸੰਗ੍ਰਹਿ: ‘ਸਵੈ ਦੀ ਤਸਦੀਕ’, ਬਾਲ ਪੁਸਤਕ: ‘ਸਾਡੀ ਕਿਤਾਬ’ ਅਤੇ ਬਾਲ ਨਾਵਲ ‘ਜਾਦੂ ਪੱਤਾ’ ਅਤੇ ‘ਵਾਇਰਸ’ ਨਾਲ ਸਾਹਿਤ ਦੇ ਖੇਤਰ ਵਿੱਚ ਉਹ ਆਪਣੀ ਭਾਵਪੂਰਤ ਹਾਜਰੀ ਲਗਾ ਚੁੱਕਾ ਹੈ। ‘ਜਾਦੂ ਪੱਤਾ’ ਬਾਲ ਨਾਵਲ ਉਸ ਦੀ ਸ਼ਾਹਕਾਰ ਰਚਨਾ ਕਹੀ ਜਾ ਸਕਦੀ ਹੈ। ਇਸ ਵਿੱਚ ਉਸ ਨੇ ਬਾਲ ਮਨਾਂ ਦੀਆਂ ਉਡਾਰੀਆਂ ਨੂੰ ਬਹੁਤ ਹੀ ਨਿਵੇਕਲੇ ਅੰਦਾਜ਼ ਵਿੱਚ ਪੇਸ਼ ਕੀਤਾ ਹੈ। ਅੱਜਕਲ੍ਹ ਉਸ ਦਾ ਬਾਲ ਨਾਵਲ ‘ਵਾਇਰਸ’ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪਿਛਲੇ ਸਮੇਂ ਉਸ ਦੀਆਂ ਇਨ੍ਹਾਂ ਬਹੁਪੱਖੀ ਪ੍ਰਾਪਤੀਆਂ ਨੂੰ ਵੇਖਦੇ ਹੋਏ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਵਲੋਂ ਖ਼ਾਦਿਮ ਨੂੰ ਸੀਨੀਅਰ ਖੋਜ ਫੈਲੋਸ਼ਿਪ ਵਜੋਂ ਵੀ ਸਨਮਾਨਿਤ ਕੀਤਾ ਗਿਆ।
ਇਸ ਤੋਂ ਇਲਾਵਾ ਪੰਜਾਬੀ ਦੇ ਨਾਮਵਰ ਅਖਬਾਰਾਂ ਵਿੱਚ ਮਗ਼ਜ਼ਲਾਂ ਅਤੇ ਵਿਚਾਰ ਅਕਸਰ ਛਪਦੇ ਰਹਿੰਦੇ ਹਨ। ਅਧਿਆਪਨ ਆਸ਼ਾਵਾਦ ਦਾ ਸਭ ਤੋਂ ਵੱਡਾ ਕਾਰਜ ਹੈ, ਇਹ ਪ੍ਰਤਿਭਾ ਉਸ ਦੀ ਲੇਖਣੀ ਵਿੱਚ ਵੀ ਸਪਸ਼ਟ ਵਿਖਾਈ ਦਿੰਦੀ ਹੈ:
ਮੈਂ ਪੰਛੀ ਵਾਂਗ ਪਿੰਜਰੇ ਵਿੱਚ ਭਾਵੇਂ ਫੜਫੜਾਉਂਦਾ ਹਾਂ।
ਮਗਰ ਹਰ ਹਾਲ ਖ਼ੁਦ ਨੂੰ ਨਿੱਤ ਨਵੇਂ ਅੰਬਰ ਵਿਖਾਉਂਦਾ ਹਾਂ।
ਮੈਂ ਸ਼ਾਇਰ ਹਾਂ ਮੇਰੀ ਰੂਹ ਵਿੱਚ ਗ਼ਜ਼ਲ, ਕਵਿਤਾ ਵੀ ਵਸਦੀ ਹੈ,
ਗ਼ਮਾਂ ਦੀ ਰਾਤ ਦੇ ਅੰਦਰ ਰੁਬਾਈਆਂ ਗੁਣਗੁਣਾਉਂਦਾ ਹਾਂ।
ਪਾਲੀ ਖ਼ਾਦਿਮ ਅਧਿਆਪਨ ਦੇ ਨਾਲ-ਨਾਲ ਪੰਜਾਬ ਦੇ ਅਮੀਰ ਵਿਰਸੇ ਅਤੇ ਸਭਿਆਚਾਰ ਨਾਲ ਵੀ ਜੁੜੇ ਹੋਏ ਹਨ। ਲੋਕ ਸਾਜ਼ਾਂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸੋਨ ਤਗ਼ਮਾ ਜੇਤੂ ਪਾਲੀ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਵੀ ਲੋਕ ਸਾਜਾਂ ਨਾਲ ਜੋੜ ਰਹੇ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਲੋਕ ਸਾਜਾਂ ਤੇ ਅਧਾਰਤ ਵੰਨਗੀ ‘ਫੋਕ ਆਰਕੈਸਟਰਾ’ ਵਿਚ ਸਾਲ 2002 ਵਿੱਚ ਸੋਨ ਤਮਗਾ ਜੇਤੂ, ਪਾਲੀ ਪੰਜਾਬ ਦੇ ਤਕਰੀਬਨ ਸਾਰੇ ਲੋਕ ਸਾਜ ਜਿਵੇ: ਅਲਗੋਜੇ, ਢੱਡ, ਤੂੰਬੀ, ਢੋਲਕੀ, ਬੁੱਗਤੂ, ਘੜਾ ਆਦਿ ਵਜਾ ਲੈਦੇ ਹਨ। ਪੰਜਾਬ ਦੇ ਸਾਰੇ ਲੋਕ ਨਾਚਾਂ ਜਿਵੇਂ ਭੰਗੜਾ, ਮਲਵਈ ਗਿੱਧਾ, ਝੂਮਰ, ਜਿੰਦੂਆਂ, ਸੰਮੀ, ਗਿੱਧਾ, ਆਦਿ ਦੇ ਪਹਿਰਾਵੇ, ਮੁੱਦਰਾਵਾਂ, ਤਾਲਾਂ ਅਤੇ ਵਰਤੋਂ ਦੇ ਸਾਜੋ-ਸਮਾਨ ਵਿੱਚ ਪਾਲੀ ਦੀ ਖਾਸ ਮੁਹਾਰਤ ਹੈ। ਉਹ ਵਿਦਿਆਰਥੀਆਂ ਨੂੰ ਸੱਭਿਆਚਾਰਕ ਗਤੀਵਿਧੀਆਂ ਨਾਲ ਜੋੜਦੇ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚ ਤਕਰੀਬਨ 190 ਮੈਡਲ ਜਿਤਵਾ ਚੁੱਕੇ ਹਨ।
ਪੰਜਾਬੀ ਰੰਗ-ਮੰਚ ਵਿੱਚ ਵੀ ਪਾਲੀ ਆਪਣੇ ਹੁਨਰ ਦਾ ਲੋਹਾ ਮਨਵਾ ਚੁੱਕਿਆ ਹੈ। ਅਣਗਿਣਤ ਨਾਟਕਾਂ ਵਿੱਚ ਉਹ ਦਰਸ਼ਕਾਂ ਦੇ ਰੂਬਰੂ ਹੋ ਚੁੱਕਾਂ ਹਾਂ। ਜਲੰਧਰ ਦੂਰਦਰਸ਼ਨ ਤੋਂ ਚਲਦੇ ਪ੍ਰੋਗਰਾਮ ‘ਲਿਸ਼ਕਾਰਾ’ ਵਿੱਚ ਸਕਿੱਟਾਂ ਤੋਂ ਇਲਾਵਾ ਦੂਰਦਰਸ਼ਨ ਤੋਂ ਚਲਦੇ ਸੀਰੀਅਲ ‘ਮੈਂ ਗੂੰਗੀ ਨਹੀਂ’ ਨਾਟਕ ਵਿੱਚ ਭੂਮਿਕਾ ਨਿਭਾ ਚੁੱਕਾ ਹੈ। ਕਾਲਜ ਪੜਨ ਵੇਲ਼ੇ ਹੀ ਪਾਲੀ ਨੂੰ ਨਾਟਕਾਂ ਵਿੱਚ ਕੰਮ ਕਰਨ ਦੀ ਚਿਣਗ ਅਤੇ ਚੇਟਕ ਲੱਗ ਗਈ ਸੀ ਅਤੇ ਹੁਣ ਖੁਦ ਆਪਣੇ ਵਿਦਿਆਰਥੀਆਂ ਨਾਲ ਨਾਟਕ ਤਿਆਰ ਕਰਵਾ ਰਿਹਾ ਹੈ। ਇਸ ਤੋਂ ਇਲਾਵਾ ਕੋਰੀਓਗ੍ਰਾਫੀ , ਹਿਸਟਾਨਿਕਸ, ਸਕਿੱਟ, ਮਮਿਕਰੀ ਅਤੇ ਮਾਈਮ ਆਦਿ ਦੀ ਵੀ ਯੋਗਤਾ ਪਾਲੀ ਦੀ ਸਖਸੀਅਤ ਨੂੰ ਚਾਰ ਚੰਨ ਲਾਉਂਦੇ ਹਨ। ਉਸ ਵਲੋਂ ਤਿਆਰ ਕਰਵਾਈ ਮਲਵਈ ਗਿਧੇ ਦੀ ਟੀਮ PTC ਪੰਜਾਬੀ ਚੈਨਲ ਵਲੋਂ ਕਰਵਾਏ ਗਏ ‘ਪੇਚਾ ਭੰਗੜੇ ਦਾ 2010’ ਵਿੱਚ ਪੰਜਾਬ ਦੀ ਸਰਵੋਤਮ ਟੀਮ ਐਲਾਨੀ ਗਈ। ਇਹੋ ਟੀਮ ਇੰਡੀਆਂ ਗੋਟ ਟੇਲੈਂਟ ਸੀਜਨ-2 ਵਿਚ ਵੀ ਆਪਣੇ ਜਲਵੇ ਵਿਖਾ ਚੁੱਕੀ ਹੈ।
ਜੇਕਰ ਪਾਲੀ ਖਾਦਿਮ ਦੇ ਅਧਿਆਪਨ ਕਿੱਤੇ ਵਲ ਨਜ਼ਰਸਾਨੀ ਕਰੀਏ ਤਾਂ 2006 ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਪਾਰ ਵਿਖੇ ਆਪਣੀਆਂ ਸੇਵਾਵਾਂ ਬਾਖੂਬੀ ਨਿਭਾ ਰਿਹਾ ਹੈ। ‘ਆਈ ਸੀ ਟੀ ਪਰਵਾਜ਼’ ਪ੍ਰਾਜੈਕਟ ਜੋ ਕਿ 2017 ਵਿੱਚ ਉਸ ਵਲੋਂ ਆਰੰਭ ਕੀਤਾ ਗਿਆ ਜਿਸ ਵਿੱਚ ਹੁਣ ਤੱਕ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਲੱਖਾਂ ਵਿਦਿਆਰਥੀ ਭਾਗ ਲੈ ਚੁੱਕੇ ਹਨ। ਉਨ੍ਹਾਂ ਨੇ ਕੰਪਿਊਟਰ ਸਾਇੰਸ ਵਿਸ਼ੇ ਨੂੰ ਰੋਚਕ ਬਣਾਉਣ ਲਈ ਗੁਣਾਤਮਕ ਮੋਬਾਇਲ ਗੇਮਸ ਬਣਾਈਆਂ। ਪੰਜਾਬ ਦਾ ਪਹਿਲਾ ਕੰਪਿਊਟਰ ਪਾਰਕ ਦੀ ਮਾਣਮੱਤੀ ਪ੍ਰਾਪਤੀ ਵੀ ਖਾਦਿਮ ਦੇ ਨਾਮ ਹੀ ਹੈ। ਬਾਲ ਨਾਵਲ ‘ਜਾਦੂ ਪੱਤਾ’ ਬੱਚਿਆਂ ਦੇ ਮਨੋਵਿਗਿਆਨ ਨੂੰ ਸਮਝਣ ਲਈ ਪਾਲੀ ਖਾਦਿਮ ਦਾ ਇਕ ਸਾਰਥਕ ਯਤਨ ਹੈ। ਕੰਪਿਊਟਰ ਵਿਸ਼ੇ ਨਾਲ ਸਬੰਧਤ ਕਿਤਾਬ ਜਿਸ ਵਿੱਚ ਕੰਪਿਊਟਰ ਵਿਸ਼ੇ ਦੀਆਂ ਕਵਿਤਾਵਾਂ ਹਨ ਜੋ ਕਿ ਵਿਭਾਗ ਵੱਲੋਂ ਬਹੁਤ ਜਲਦੀ ਛਪਣ ਜਾ ਰਹੀ ਹੈ। ਕੰਪਿਊਟਰ ਬੋਲੀਆਂ ਵੀ ਉਸ ਦਾ ਨਿਵੇਕਲਾ ਕਾਰਜ ਹੈ ਜਿਸ ਨੂੰ ਵਿਦਿਆਰਥੀ ਵਰਗ ਨੇ ਬਹੁਤ ਪਸੰਦ ਕੀਤਾ। ਸਾਲ-2008 ਤੋਂ 2013 ਦੌਰਾਨ ਪੰਜਾਬ ਸਕੂਲ਼ ਸਿਖਿਆ ਵਿਭਾਗ ਵੱਲੋਂ ਖੇਤਰੀ ਪੱਧਰ ਤੇ ਕਰਵਾਏ ਜਾਂਦੇ ਨਾਟਕ ਤੇ ਜ਼ਿਲ੍ਹਾ ਪੱਧਰ ਤੇ ਕਰਵਾਏ ਜਾਂਦੇ ਸੋਲੋ ਡਾਂਸ ਦੇ ਮੁਕਾਬਲਿਆਂ ਵਿੱਚ ਬਤੌਰ ਜੱਜ ਦੀ ਸੇਵਾ ਨਿਭਾ ਚੁਕਿਆਂ ਹਾਂ। ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ ਕਰਵਾਏ ਗਏ ਰਾਜ ਪੱਧਰੀ ਮੁਕਾਬਲੇ-2014 ਵਿੱਚ ਉਸ ਵਲੋਂ ਤਿਆਰ ਕੀਤੀ ਗਈ ਮਲਵਈ ਗਿੱਧੇ ਦੀ ਟੀਮ ਪਹਿਲੇ ਸਥਾਨ ਤੇ ਰਹੀ। ਇਨ੍ਹਾਂ ਸਾਰੀਆਂ ਵਿੱਦਿਆ ਦੇ ਖੇਤਰ ਵਿੱਚ ਮਾਣਮੱਤੀਆਂ ਪ੍ਰਾਪਤੀਆਂ ਕਾਰਨ ਹੀ ਪੰਜਾਬ ਸਰਕਾਰ ਦੁਆਰਾ 2021 ਖਾਦਿਮ ਨੂੰ ਅਧਿਆਪਨ ਖੇਤਰ ਵਿੱਚ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।
ਪਾਲੀ ਦੀਆਂ ਪ੍ਰਾਪਤੀਆਂ ਤੇ ਜੇ ਇਕ ਪੰਛੀ ਯਾਤ ਮਾਰੀਏ ਤਾਂ ਉਸ ਦੀ ਕਲਾ ਅਤੇ ਸਮਰਪਣ ਭਾਵਨਾ ਸਹਿਜੇ ਹੀ ਸਪਸ਼ਟ ਹੋ ਜਾਂਦੀ ਹੈ। ਸਾਹਿਤਕ ਇਨਾਮ: ਡਾ ਸਾਧੂ ਸਿੰਘ ਹਮਦਰਦ ਐਵਾਰਡ, ਮਹਿੰਦਰ ਮਾਨਵ ਗ਼ਜ਼ਲ ਪੁਰਸਕਾਰ, ਕਿਰਪਾਲ ਕਸੇਲ ਯਾਦਗਾਰੀ ਪੁਰਸਕਾਰ। ਹੋਰ ਪ੍ਰਾਪਤੀਆਂ/ਇਨਾਮ: ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋ ਸਾਲ-2002 ਫੋਕ ਆਰਕੈਸਟਰਾ ਵਿਚ ਸੋਨ ਤਮਗਾ ਜੇਤੂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੂਥ ਫੈਸਟੀਵਲ ਵਿੱਚ ਨਾਟਕ ਅਤੇ ਹਿਸਟਾਨਿਕਸ ਵਿੱਚ ਦੂਜਾ ਸਥਾਨ,ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਯੂਥ ਫੈਸਟੀਵਲ ਵਿੱਚ ਹਿਸਾਨਿਕਸ ਵਿੱਚ ਤੀਸਰਾ ਸਥਾਨ, ਬਾਬਾ ਫਰੀਦ ਨੈਸ਼ਨਲ ਕੰਪੀਟੀਸ਼ਨ ਵਿੱਚ ਨਾਟਕ ਮੁਕਾਬਲੇ ਪਹਿਲਾ ਸਥਾਨ, ਸਰਕਾਰੀ ਕਾਲਜ ਰਾੜਾ ਸਾਹਿਬ ਵੱਲੋਂ ਸਰਵੋਤਮ ਆਰਵਿਸਟ ਐਵਾਰਡ-2000, ਸਾਂਤੀ ਤਾਰਾ ਕਾਲਜ਼ ਵੱਲੋਂ ਸਰਵੋਤਮ ਫੋਕ ਆਰਟਿਸਟ ਐਵਾਰਡ-2002, ਮਲਵਈ ਗਿਧੇ ਦੀ ਟੀਮ ਤਿਆਰ ਕਰਵਾਈ ਜੋ ਕਿ ਚੰਡੀਗੜ੍ਹ ਯੂਨੀ. ਵੱਲੋਂ ਕਰਵਾਏ ਜਾਂਦੇ ‘ਝਨਕਾਰ’ ਫੈਸਟੀਵਲ ਵਿੱਚ ਪਹਿਲੇ ਸਥਾਨ ਤੇ ਰਹੀ ਆਦਿ।
ਸਿੱਖਿਆ ਦਾ ਮਕਸਦ ਸਿਰਫ਼ ਅੱਖਰੀ ਗਿਆਨ ਜਾਂ ਬਜ਼ਾਰੀਕਰਨ ਲਈ ਵਿੱਦਿਆਰਥੀ ਤਿਆਰ ਕਰਨਾ ਨਹੀਂ ਬਲਕਿ ਸਮਾਜਿਕ, ਬੋਧਿਕ, ਆਤਮਿਕ, ਸਭਿਆਚਾਰਕ ਆਦਿ ਮਾਨਵੀ ਗੁਣਾਂ ਅਤੇ ਚੇਤਨਤਾ ਨਾਲ ਲਬਰੇਜ਼ ਅਜਿਹੇ ਵਿਦਿਆਰਥੀਆਂ ਦੀ ਘਾੜਤ ਘੜਨ ਤੋਂ ਹੈ, ਜੋ ਅੱਗੇ ਜਾ ਕੇ ਸਮਾਜ ਵਿੱਚ ਆਪਣੀ ਸੁਹਿਰਦਤਾ ਨਾਲ ਬਹੁਪੱਖੀ ਭੂਮਿਕਾ ਨਿਭਾ ਸਕਣ। ਇਸ ਮੰਤਵ ਦੀ ਪੂਰਤੀ ਪਾਲੀ ਖਾਦਿਮ ਜਿਹੇ ਆਦਰਸ਼ ਅਧਿਆਪਕ ਹੀ ਕਰ ਸਕਦੇ ਹਨ। ਜਾਂਦੇ-ਜਾਂਦੇ ਉਸ ਦੀ ਕਲਮ ਤੋਂ ਲਿੱਖੀਆਂ ਭਾਵਪੂਰਤ ਸਤਰਾਂ….
ਉਹ ਕਹੇ ਪੈਰੀਂ ਮੇਰੇ ਦਸਤਾਰ ਰੱਖ।
ਮੈਂ ਕਿਹਾ ਤੂੰ ਧੌਣ ‘ਤੇ ਤਲਵਾਰ ਰੱਖ।
ਹੋਂਦ ਅਪਣੀ ਜੇ ਬਚਾਉਂਣੀ ਲੋਚਦੈਂ,
ਤੂੰ ਬਰਾਬਰ ਵਕਤ ਦੇ ਰਫ਼ਤਾਰ ਰੱਖ।
ਜਗਜੀਤ ਸਿੰਘ ਗਣੇਸ਼ਪੁਰ,
ਕੰਪਿਊਟਰ ਅਧਿਆਪਕ,
ਸਹਸ ਲਕਸੀਹਾਂ, ਜ਼ਿਲ੍ਹਾਂ ਹੁਸ਼ਿਆਰਪੁਰ, M-94655 76022