=================
ਪ੍ਰਾਚੀਨ ਕਾਲ ਤੋਂ ਹੀ ਗੁਰੂ ਅਤੇ ਚੇਲੇ ਦਾ ਅਟੁੱਟ ਰਿਸ਼ਤਾ ਰਿਹਾ ਹੈ।ਇਹ ਰਿਸ਼ਤਾ ਸਿਰਫ ਜਾਣ ਪਛਾਣ ਅਧਾਰਿਤ ਹੀ ਨਹੀਂ ਹੁੰਦਾ ਸਗੋਂ ਇਸ ਦੀਆਂ ਅੰਦਰੂਨੀ ਪਰਤਾਂ ‘ਚ ਅਪਣੱਤ ਅਤੇ ਵਿਸ਼ਵਾਸ਼ ਦਾ ਵਾਸਾ ਵੀ ਹੁੰਦਾ ਹੈ। ਬਾਹਰੀ ਤੌਰ ‘ਤੇ ਇਹ ਭਾਵੇਂ ਨਾ ਵੀ ਨਜ਼ਰੀ ਪਵੇ ਪ੍ਰੰਤੂ ਦਿਮਾਗ ਅਤੇ ਮਨ ਦੀਆਂ ਤਰੰਗਾਂ ਕਿਤੇ ਨਾ ਕਿਤੇ ਇਸ ਨੂੰ ਮਹਿਸੂਸ ਜਰੂਰ ਕਰਦੀਆਂ ਰਹਿੰਦੀਆਂ ਹਨ,। ਇਸੇ ਤਰਾਂ ਹੀ ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਵੀ ਇਸ ਦੇ ਨਾਲ ਹੀ ਮਿਲਦਾ ਜੁਲਦਾ ਹੈ। ਜੇਕਰ ਮਾਪਿਆਂ ਤੋਂ ਬਾਅਦ ਅਧਿਆਪਕਾਂ ਨੂੰ ਬੱਚੇ ਦੇ ਦੂਸਰੇ ਮਾਤਾ ਪਿਤਾ ਜਾਂ ਗੁਰੂ ਕਹਿ ਲਿਆ ਜਾਵੇ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ।ਇਹ ਰਿਸ਼ਤਾ ਵੀ ਆਪਸੀ ਪਿਆਰ,ਅੰਨੇ ਵਿਸ਼ਵਾਸ ਅਤੇ ਰਾਹ ਦੁਸੇਰੇ ਵਾਲਾ ਹੀ ਮੰਨਿਆ ਜਾਂਦਾ ਹੈ। ਪਿਛਲੇ ਸਮਿਆਂ ਦੌਰਾਨ ਆਵਾਜਾਈ ਦੇ ਸਾਧਨਾਂ ਦੀ ਘਾਟ ਹੋਣ ਕਾਰਣ ਅਧਿਆਪਕ ਆਮ ਤੌਰ ‘ਤੇ ਆਪਣੀ ਨੌਕਰੀ ਵਾਲੇ ਸਥਾਨ( ਪਿੰਡ ਸ਼ਹਿਰ)’ਚ ਹੀ ਰਹਾਇਸ਼ ਕਰਦੇ ਸਨ। ਅਧਿਆਪਕਾਂ ਕੋਲ ਪੜ੍ਹਨ ਵਾਲੇ ਵਿਦਿਆਰਥੀ ਸਕੂਲ ਸਮੇਂ ਤੋਂ ਬਾਅਦ ਵੀ ਆਪਣਾ ਘਰ ਦਾ ਕੰਮ ਉਹਨਾਂ ਕੋਲ ਹੀ ਕਰਦੇ ਸਨ। ਇੱਥੋਂ ਤੱਕ ਕਿ ਉਹਨਾਂ ਦੇ ਖਾਣ, ਪੀਣ ਦਾ ਪ੍ਰਬੰਧ ਕਰਨ, ਕੱਪੜੇ ਧੋਣ ਅਤੇ ਹੋਰ ਹਰ ਤਰ੍ਹਾਂ ਦੀਆਂ ਸੇਵਾਵਾਂ ਇੱਕ ਦੂਜੇ ਤੋਂ ਅੱਗੇ ਹੋ ਕੇ ਚਾਂਈ ਚਾਂਈ ਕਰਨ ਲਈ ਤਿਆਰ ਬਰ ਤਿਆਰ ਰਹਿੰਦੇ। ਅਧਿਆਪਕ ਵੀ ਬਗੈਰ ਸਮੇਂ ਦਾ ਖਿਆਲ ਰੱਖਿਆਂ ਆਪਣੇ ਵਿਦਿਆਰਥੀਆਂ ਨੂੰ ਪੜਾਉਣ ਤੋਂ ਇਲਾਵਾ ਚੰਗੇ ਨਾਗਰਿਕ ਬਣਨ ਦੀਆਂ ਤਰਕੀਬਾਂ ਦੱਸਦਿਆਂ ਅੰਦਰੂਨੀ ਖੁਸ਼ੀ ਅਤੇ ਫ਼ਖਰ ਮਹਿਸੂਸ ਕਰਦੇ ਸਨ। ਪ੍ਰੰਤੂ ਅਫਸੋਸ ਪਿਛਲੇ ਕੁਝ ਸਮੇਂ ਤੋਂ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਬਦਲਦੀਆਂ ਪ੍ਸਥਿਤੀਆਂ ਅਤੇ ਪਦਾਰਥਵਾਦੀ ਯੁੱਗ ਦੇ ਚਲਦਿਆਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਰਿਸ਼ਤਿਆਂ ‘ਚ ਕੁਝ ਕੁੜੱਤਣ ਆਉਣ ਕਾਰਣ ਇਹ ਪਵਿੱਤਰ ਰਿਸ਼ਤਾ ਤਿੜਕਣ ਤੋਂ ਵੀ ਅਗਾਂਹ ਲੰਘ ਕੇ ਟੁੱਟਣ ਦੀ ਕਗਾਰ ‘ਤੇ ਖੜਾ ਨਜ਼ਰੀਂ ਆ ਰਿਹਾ ਹੈ। ਇਸ ਦੇ ਪ੍ਰਮੁੱਖ ਕਾਰਨਾਂ ਚੋਂ ਵੱਡੇ ਕਾਰਣ ਇਹ ਹਨ ਕਿ ਕੁਝ ਅਧਿਆਪਕਾਂ ‘ਚ ਆਪਣੇ ਕਿੱਤੇ ਪ੍ਰਤੀ ਪ੍ਰਤੀਬੱਧਤਾ ਦੀ ਘਾਟ,ਤੋਂ ਇਲਾਵਾ ਵਪਾਰਕ ਨਜ਼ਰੀਆ,ਅਤੇ ਵੱਧ ਰਹੀ ਬੇਰੁਜ਼ਗਾਰੀ ਨੂੰ ਮੰਨਿਆ ਜਾ ਸਕਦਾ ਹੈ।ਬੇਰੁਜ਼ਗਾਰੀ ਦੀ ਚੱਕੀ ਚ ਪਿਸ ਰਹੇ ਇਹ ਨੌਜਵਾਨ ਮੁੰਡੇ ਕੁੜੀਆਂ ਅਧਿਆਪਨ ਵਰਗੇ ਪਵਿੱਤਰ ਖੇਤਰ ‘ਚ ਅਧਿਆਪਕਾਂ ਦੇ ਨਾਮ’ ‘ਤੇ ਇੱਕ ਤਰ੍ਹਾਂ ਨਾਲ ਘੁਸਪੈਂਠ ਕਰ ਗਏ ਹਨ।, ਜਿਨਾਂ ਦਾ ਇਸ ਖੇਤਰ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ। ਇਸੇ ਤਰ੍ਹਾਂ ਹੀ ਵਿਦਿਆਰਥੀ ਵੀ ਅਜੋਕੀ ਸਿੱਖਿਆ ਪ੍ਰਣਾਲੀ ਜਿਹੜੀ ਉਨਾਂ ਦੇ ਭਵਿੱਖ ਦੀ ਕੋਈ ਗਰੰਟੀ ਮੁੁੁਹਈਆ ਨਹੀਂ ਕਰਵਾਉਂਦੀ ਦੇ ਕਾਰਣ ਭੰਬਲ ਭੂਸੇ ਵਾਲੀ ਸਥਿਤੀ ਚੋਂ ਵਿਚਰ ਰਹੇ ਹਨ । ਦੂਸਰੇ ਸ਼ਬਦਾਂ ‘ਚ ਉਹਨਾਂ ਨੂੰ ਆਪਣਾ ਆਉਣ ਵਾਲਾ ਸਮਾਂ ਅੰਧੇਰ ਨਗਰੀ ਵੱਲ ਜਾਂਦੇ ਰਸਤੇ ਵਾਂਗ ਜਪਦਾ ਹੈ। ਇਹੀ ਕਾਰਨ ਹੈ ਕਿ ਨਿਰਾਸ਼ਤਾ ਦੇ ਆਲਮ ਚੋਂ ਗੁਜ਼ਰਦਿਆਂ, ਅੱਜ ਉਹ ਨਸ਼ਾ ਗ੍ਰਸਤ ਹੋ ਕੇ ਆਪਣੇ ਅਧਿਆਪਕਾਂ ਲਈ ਪਿਆਰ, ਮੁਹੱਬਤ ਅਤੇ ਅਪਣੱਤ ਵਾਲੇ ਰਸਤੇ ਤੋਂ ਭਟਕ ਕੇ ਔਝੜੇ ਰਾਹਾਂ ਦੇ ਪਾਂਧੀ ਬਣਨ ਵੱਲ ਵੱਧ ਰਹੇ ਹਨ। ਅਜੋਕੇ ਰਾਜਨੀਤਿਕ ਗੰਧਲੇਪਣ ਨੇ ਉਹਨਾਂ ਨੂੰ ਆਪਣੇ ਨਪਾਕ ਮਨਸੂਬਿਆਂ ਲਈ ਵਰਤਣ ਦਾ ਰਸਤਾ ਅਖਤਿਆਰ ਕਰ ਲਿਆ ਹੈ। ਆਪਣਾ ਰਾਜਨੀਤਿਕ ਉੱਲੂ ਸਿੱਧਾ ਕਰਕੇ ਇਹ ਸ਼ਾਤਰ ਦਿਮਾਗੀ ਰਾਜਸੀ ਲੋਕ ਖੁਦ ਤਾਂ ਉੱਚ ਰੁਤਬਿਆਂ ਤੇ ਬਿਰਾਜ਼ਮਾਨ ਹੋ ਜਾਂਦੇ ਹਨ ਪ੍ਰੰਤੂ ਅਣਭੋਲ ਵਿਦਿਆਰਥੀਆਂ ਨੂੰ ਉਹ ਭਵਸਾਗਰ ਦੀਆਂ ਘੁੰਮਣ ਘੇਰੀ ਵਾਲੀਆਂ ਲਹਿਰਾਂ ‘ਚ ਗੋਤੇ ਖਾਣ ਅਤੇ ਜੀਵਨ ਤਬਾਹੀ ਦੇ ਅੰਧੇਰਿਆਂ ਭਰੇ ਰਸਤਿਆਂ ਵੱਲ ਤੋਰ ਦਿੰਦੇ ਹਨ, ਜਿੱਥੋਂ ਵਾਪਸੀ ਦੇ ਮੌਕੇ ਨਾਹ ਦੇ ਬਰਾਬਰ ਹੀ ਹੁੰਦੇ ਹਨ ।ਉਕਤ ਸਭ ਕੁਝ ਦੇ ਬਾਵਜੂਦ ਵੀ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਰਿਸ਼ਤਾ ਭਲੇ ਹੀ ਪਹਿਲਾਂ ਵਰਗਾ ਨਾ ਹੋਵੇ, ਪ੍ਰੰਤੂ ਅਜੇ ਵੀ ਕੁਝ ਸੁਹਿਰਦ ਅਧਿਆਪਕ ਅਤੇ ਵਿਦਿਆਰਥੀ ਇਸ ਰਿਸ਼ਤੇ ਦੀ ਪਵਿੱਤਰਤਾ, ਵਿਸ਼ਵਾਸ ਅਤੇ ਗਰਿਮਾ ਨੂੰ ਬਣਾਈ ਰੱਖਣ ਲਈ ਹਰ ਸੰਭਵ ਯਤਨ ਕਰਦੇ ਦਿਖਾਈ ਦਿੰਦੇ ਹਨ ।ਇਸ ਲਈ ਸਾਨੂੰ ਨਿਰਾਸ਼ ਹੋਣ ਦੀ ਬਜਾਏ ਹਮੇਸ਼ਾ ਆਸ਼ਾਵਾਦੀ ਹੋ ਕੇ ਚੰਗੇਰੇ ਭਵਿੱਖ ਲਈ ਯਤਨਸ਼ੀਲ ਰਹਿਣਾ ਹੋਵੇਗਾ। ਇਹ ਵੀ ਇੱਕ ਕੌੜਾ ਸੱਚ ਹੈ ਕਿ ਵਿਦਿਆਰਥੀ ਹਮੇਸ਼ਾ ਹੀ ਆਪਣੇ ਅਧਿਆਪਕਾਂ ਦੀ ਚੰਗੀ ਜਾਂ ਮਾੜੀ ਸ਼ਖਸੀਅਤ ਦਾ ਪ੍ਰਭਾਵ ਕਬੂਲਦੇ ਆਏ ਹਨ। ਆਪਣੇ ਲੰਬੇ ਅਧਿਆਪਨ ਤਜਰਬੇ ਚੋਂ ਦੋ ਕੁ ਘਟਨਾਵਾਂ ਦਾ ਜ਼ਿਕਰ ਕਰਨਾ ਇੱਥੇ ਕੁਥਾਂ ਨਹੀਂ ਹੋਵੇਗਾ,ਜੋ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਆਪਸੀ ਵਿਸ਼ਵਾਸ ਅਤੇ ਰਹਿਨੁਮਾਈ ਨੂੰ ਪੁਖਤਾ ਕਰਦੀਆਂ ਹਨ। ਇੰਨਾ ਘਟਨਾਵਾਂ ਨੂੰ ਲਿਖਦਿਆਂ ਸਿਰਫ ਮੇਰਾ ਹੀ ਨਹੀਂ ਸਗੋਂ ਸਮੁੱਚੇ ਅਧਿਆਪਕ ਵਰਗ ਦਾ ਸਿਰ ਵੀ ਫਖਰ ਨਾਲ ਉੱਚਾ ਹੋਵੇਗਾ। ਗੱਲ ਨਵੰਬਰ 1995 ਦੀ ਹੈ ਜਦੋਂ ਮੈਂ ਪ੍ਰਾਈਮਰੀ ਵਿਭਾਗ ਚੋਂ ਸਕੈਂਡਰੀ ‘ਚ ਬਤੌਰ ਸ. ਸ. ਮਾਸਟਰ ਪਦ ਉਨਤ ਹੋ ਕੇ ਇੱਕ ਲੜਕੀਆਂ ਦੇ ਸਕੂਲ ‘ਚ ਜਾ ਹਾਜ਼ਰ ਹੋਇਆ। ਆਪਣੀ ਲਿਖਣ ਪੜਨ ਦੀ ਆਦਤ ਅਨੁਸਾਰ ਅਕਸਰ ਹੀ ਮੈਂ ਆਪਣੀਆਂ ਵਿਦਿਆਰਥਣਾਂ ਨਾਲ ਪਾਠ ਕ੍ਮ ਤੋਂ ਹਟ ਕੇ ਸਾਹਿਤਕ ਲਿਖਤਾਂ,ਅਖਬਾਰ ਪੜਨ ਅਤੇ ਹੋਰ ਸਮਾਜਿਕ ਜੀਵਨ ‘ਚ ਵਿਚਰਨ ਦੇ ਨੁਕਤੇ ਆਪਣੀ ਬੁੱਧੀ ਅਤੇ ਸਮਰੱਥਾ ਅਨੁਸਾਰ ਆਪਸੀ ਗੱਲਬਾਤ ਦੇ ਜਰੀਏ ਕਰਦਾ ਰਹਿੰਦਾ। ਮੈਨੂੰ ਲਿਖਦਿਆਂ ਖੁਸ਼ੀ ਅਤੇ ਫਖਰ ਮਹਿਸੂਸ ਹੋ ਰਿਹਾ ਹੈ ਕਿ ਅੱਜ ਵੱਖ ਵੱਖ ਅਸਾਮੀਆਂ ‘ਤੇ ਤਾਇਨਾਤ ਮੇਰੀਆਂ ਵਿਦਿਆਰਥਣਾਂ ਨੇ ਜੋ ਕੁਝ ਉਹਨਾਂ ਤੋਂ ਮੈਨੂੰ ਉਮੀਦ ਸੀ, ਨੂੰ ਅਮਲੀ ਰੂਪ ‘ਚ ਲਾਗੂ ਕਰ ਦਿਖਾਇਆ ਹੈ। ਉਹਨਾਂ ਅਤੇ ਹੋਰਨਾ ਵੱਲੋਂ ਅਜਿਹੀ ਖਬਰ ਸੁਣ ਕੇ ਮੈਂ ਘਰ ਬੈਠਾ ਬੈਠਾ ਹੀ ਸਕੂਲ ਦੇ ਅਹਾਤੇ ‘ਚ ਪਹੁੰਚਿਆ ਹੋਇਆ ਮਹਿਸੂਸ ਕਰਦਾ ਹਾਂ।
ਇਸ ਸਕੂਲ ਚੋਂ ਵੀ ਮੇਰੀ ਬਦਲੀ ਸਤੰਬਰ 2005 ‘ਚ ਮੇਰੀ ਰਿਹਾਇਸ਼ ਦੇ ਨੇੜੇ ਹੀ ਇੱਕ ਸਕੰਡਰੀ ਸਕੂਲ ਚ’ ਹੋ ਗਈ। ਸਕੂਲ ‘ਚ ਪ੍ਰਿੰਸੀਪਲ ਸਮੇਤ ਲੈਕਚਰਾਰਾਂ ਦੀਆਂ ਅੱਧੋਂ ਵੱਧ ਅਸਾਮੀਆਂ ਖਾਲੀ ਪਈਆਂ ਸਨ। ਜਿਸ ਕਰਕੇ ਬਾਰਵੀਂ ਸ਼੍ਰੇਣੀ ਦੇ ਇਤਿਹਾਸ ਦਾ ਪੀਰਅਡ ਮੈਨੂੰ ਦਿੱਤਾ ਗਿਆ। ਸਵੇਰ ਦੀ ਸਭਾ ਚ ਬੋਲਦਿਆਂ ਜਾਂ ਫਿਰ ਕਿਸੇ ਖਾਲੀ ਪੀਰਅਡ ਦੌਰਾਨ ਵੱਡੀ ਸ਼੍ਰੇਣੀ ਦੇ ਵਿਦਿਆਰਥੀ ਹੋਣ ਕਾਰਨ ਮੈਂ ਉਹਨਾਂ ਨਾਲ ਸਮਾਜਿਕ ਕਦਰਾਂ ਕੀਮਤਾਂ ਜਾਂ ਫਿਰ ਵਹਿਮਾਂ ਭਰਮਾਂ ਆਦਿ ਵਿਸ਼ਿਆਂ ‘ਤੇ ਅਕਸਰ ਹੀ ਗੱਲਬਾਤ ਕਰਦਾ ਰਹਿੰਦਾ। ਸਮਾਂ ਬੀਤਦਾ ਗਿਆ ਮੇਰੀ ਬਦਲੀ ਉਥੋਂ ਵੀ ਕਿਸੇ ਹੋਰ ਸਕੂਲ ‘ਚ ਹੋ ਗਈ। ਵਿਦਿਆਰਥੀ ਵੀ ਆਪਣੀ ਪੜ੍ਹਾਈ ਪੂਰੀ ਕਰਕੇ ਉੱਚ ਸਿੱਖਿਆ ਜਾਂ ਕਿਸੇ ਹੋਰ ਪ੍ਰੋਫੈਸ਼ਨਲ ਕੋਰਸਾਂ ਲਈ ਚਲੇ ਗਏ। ਇੱਕ ਦਿਨ ਅਜਿਹਾ ਆਇਆ ਕਿ ਮੈਨੂੰ ਆਪਣੀ ਅਧਿਆਪਕਾ ਪਤਨੀ ਦੇ ਸਕੂਲ ‘ਚ ਕਿਸੇ ਕੰਮ ਕਾਰਣ ਜਾਣ ਦਾ ਮੌਕਾ ਮਿਲਿਆ। ਸਕੂਲ ਜਾਣ ਉਪਰੰਤ ਪਤਾ ਲੱਗਾ ਉਹਨਾਂ ਦੇ ਸਕੂਲ ‘ਚ ਕਿਸੇ ਪਾਰਟੀ ਬਗੈਰਾ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ। ਜਿਸ ਕਰਕੇ ਖਾਣ ਪੀਣ ਦਾ ਸਮਾਨ ਲਿਆਉਣ ਲਈ ਸਾਨੂੰ ਉਸੇ ਪਿੰਡ ਵਿਚਲੀ ਦੁਕਾਨ ‘ਤੇ ਜਾਣਾ ਪਿਆ। ਇਤਫਾਕ ਨਾਲ ਉਸੇ ਦਿਨ ਹੀ ਪਿੰਡ ਚ ਇੱਕ ਧਾਰਮਿਕ ਜਗਾ ਤੇ ਛੋਟਾ ਮੋਟਾ ਮੇਲਾ ਲੱਗਾ ਹੋਇਆ ਸੀ। ਜਿਸ ਕਾਰਨ ਉਥੇ ਕੁਝ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਹੋਏ ਸਨ। ਮੇਰੀ ਪਤਨੀ ਉਸ ਦੁਕਾਨ ‘ਤੇ ਸਮਾਨ ਲੈਣ ਚਲੀ ਗਈ ਅਤੇ ਮੈਂ ਬਾਹਰ ਹੀ ਮੋਟਰ ਸਾਈਕਲ ਕੋਲ ਖਲੋ ਗਿਆ। ਇਸੇ ਦੌਰਾਨ ਉਹਨਾਂ ਪੁਲਿਸ ਕਰਮਚਾਰੀਆਂ ਚੋਂ ਇੱਕ ਮੇਰੇ ਵੱਲ ਵਧਿਆ ਅਤੇ ਸਤਿ ਸ੍ਰੀ ਅਕਾਲ ਕਹਿ ਕੇ ਮੇਰੇ ਪੈਰ ਛੂਹੇ । ਮੈਂ ਉਸ ਵੱਲ ਕੁਝ ਹੈਰਾਨੀ ਜਿਹੀ ਨਾਲ ਤੱਕਿਆ ਤਾਂ ਉਸ ਦਾ ਸਵਾਲ ਸੀ ,”ਸਰ ਪਛਾਣਿਆ ਨਹੀਂ? ਮੈ ਨਾਹ ‘ਚ ਸਿਰ ਫੇਰ ਦਿੱਤਾ। ਉਸ ਵੱਲੋਂ ਆਪਣੇ ਆਪ ਨੂੰ ਮੇਰਾ ਵਿਦਿਆਰਥੀ ਹੋਣ ਦਾ ਜ਼ਿਕਰ ਕਰਦਿਆਂ, ਫਿਰ ਸਵਾਲ ਦਾਗਿਆ” ਸਰ ਤੁਸੀਂ ਇੱਥੇ ਕਿਵੇਂ”? ਤੁਸੀਂ ਤਾਂ ਸਾਨੂੰ ਵਹਿਮਾਂ ਭਰਮਾਂ ਤੋਂ ਦੂਰ ਰਹਿਣ ਦੇ ਕਸ਼ੀਦੇ ਪੜਾਉਂਦੇ ਨਹੀਂ ਥੱਕਦੇ ਸੀ।” ਉਸ ਦਾ ਭਾਵ ਉਸ ਜਗ੍ਹਾ ਤੇ ਮੱਥਾ ਟੇਕਣ ਆਉਣ ਤੋਂ ਸੀ। ਇਸੇ ਦੌਰਾਨ ਹੀ ਸਕੂਲ ਦੀ ਪਾਰਟੀ ਵਾਲੀ ਸਾਰੀ ਕਹਾਣੀ ਸੰਖੇਪ ‘ਚ ਉਸ ਅੱਗੇ ਰੱਖ ਦਿੱਤੀ। ਮੇਰੇ ਜਿਹਨ ‘ਚ ਸਮੁੱਚੀ ਨੌਕਰੀ ਦੌਰਾਨ ਅਣਗਿਣਤ ਵਿਦਿਆਰਥੀਆਂ ਨਾਲ ਬਿਤਾਏ ਪਲ ਕਿਸੇ ਫਿਲਮੀ ਦ੍ਰਿਸ਼ ਵਾਂਗ ਘੁੰਮ ਗਏ। ਮੈਂ ਹੁਣ ਵੀ ਕਈ ਵਾਰ ਸੋਚਦਾ ਹਾਂ ਕਿ ਭਾਵੇਂ ਕੋਈ ਅਧਿਆਪਕ ਸਹਿਜ ਸੁਭਾਅ ਰੂਪ ‘ਚ ਹੀ ਆਪਣੇ ਵਿਦਿਆਥੀਆਂ ਨਾਲ ਵਿਚਰਦਾ ਹੋਵੇ ਪ੍ਰੰਤੂ ਉਸ ਵੱਲੋਂ ਸੁਭਾਵਿਕ ਤੌਰ ‘ਤੇ ਕਹੇ ਗਏ ਸ਼ਬਦਾਂ ਦਾ ਪ੍ਰਭਾਵ ਵਿਦਿਆਰਥੀ ਜਰੂਰ ਕਬੂਲਦੇ ਹਨ । ਇਸ ਲਈ ਸਮੁੱਚੇ ਅਧਿਆਪਕ ਵਰਗ ਨੂੰ ਗੁਜ਼ਾਰਿਸ਼ ਹੈ ਕਿ ਆਪਣੇ ਵਿਦਿਆਰਥੀਆਂ ਦੀ ਮਾਸੂਮੀਅਤ ਨੂੰ ਧਿਆਨ ਹਿਤ ਰੱਖਦਿਆਂ ਉਹਨਾਂ ਸਾਹਮਣੇ ਹਮੇਸ਼ਾ ਹੀ ਰੋਲ ਮਾਡਲ ਦੇ ਰੂਪ ‘ਚ ਵਿਚਰਨ ਦਾ ਯਤਨ ਕੀਤਾ ਜਾਵੇ। ਕਿਉ ਕਿ ਵਿਦਿਆਰਥੀ ਹਮੇਸਾਂ ਹੀ ਅਧਿਆਪਕ ਦਾ ਅਨੁਸਰਣ ਕਰਦੇ ਹਨ। ਅਧਿਆਪਕ ਦੀ ਮਾਮੂਲੀ ਉਕਾਈ ਕਿਸੇ ਬੱਚੇ ਦਾ ਭਵਿੱਖ ਧੁੰਦਲਾ ਕਰਨ ਦਾ ਕਾਰਨ ਵੀ ਬਣ ਸਕਦੀ ਹੈ। ਪਾਠ ਕਰਮ ਦੇ ਨਾਲ ਨਾਲ ਉਹਨਾਂ ਨੂੰ ਸਮਾਜਿਕ ਕਦਰਾਂ ਕੀਮਤਾਂ ਦੀ ਮਹੱਤਤਾ ਦੱਸਦਿਆਂ ਵਹਿਮਾਂ ਭਰਮਾਂ ਚੋਂ ਕੱਢ ਕੇ ਵਿਗਿਆਨਿਕ ਸੋਚ ਅਪਣਾਉਣ ਵੱਲ ਸੇਧਿਤ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਅਜਿਹਾ ਕਰਦਿਆਂ ਤੁਹਾਨੂੰ ਆਪਣੇ ਅਧਿਆਪਕ ਹੋਣ ‘ਤੇ ਮਾਣ ਵੀ ਮਹਿਸੂਸ ਹੋਵੇਗਾ।
ਆਤਮਾ ਸਿੰਘ ਪਮਾਰ
ਸਰਕਾਰੀ ਨਹਿਰੂ ਮੈਂਮੋਰੀਅਲ ਕਾਲਜ਼ ਲਿੰਕ ਰੋਡ ਪ੍ਰੀਤ ਨਗਰ ਵਾ. ਨੰ.02 ਮਾਨਸਾ 1515 05
ਮੋ. 89680 56200