— ਮੈਂ ਅਤੇ ਮੇਰੇ ਪਹਿਲੇ ਅਧਿਆਪਕ ਸ੍ਰੀਮਤੀ ਦਲਜੀਤ ਕੌਰ ਜੀ, ਜੋ ਕਿ ਰਿਸ਼ਤੇ ਵਿਚ ਮੇਰੇ ਮਾਸੀ ਜੀ ਵੀ ਲੱਗਦੇ ਹਨ। ਮੈਂ ਆਪਣੇ ਨਾਨਕੇ ਪਿੰਡ ਚੀਮਾਬਾਠ ਵਿਖੇ ਹੀ ਜੰਮਿਆ ਅਤੇ ਪਲਿਆ ਹਾਂ। ਇਹ ਤਸਵੀਰ ਗੁਰੂ ਤੇਗ਼ ਬਹਾਦਰ ਪਬਲਿਕ ਸਕੂਲ ਬਾਬਾ ਬਕਾਲਾ ਵਿਖੇ ਪਹਿਲੇ ਸਾਲ 1979 ਵਿਚ ਨਰਸਰੀ ਜਮਾਤ ਵਿਚ ਦਾਖਲ ਹੋਣ ਤੋਂ ਬਾਅਦ ਦੀ ਹੈ। ਮੇਰੀ ਜ਼ਿੰਦਗੀ ਤਰਾਸ਼ਣ ਵਿਚ ਉਨ੍ਹਾਂ ਦਾ ਬਹੁਤ ਯੋਗਦਾਨ ਹੈ। ਉਹ ਸੁਭਾਅ ਦੇ ਬਹੁਤ ਹੀ ਸਖ਼ਤ ਅਤੇ ਅਨੁਸ਼ਾਸਨ ਪਸੰਦ ਅਧਿਆਪਕ ਸਨ। ਉਨ੍ਹਾਂ ਦਾ ਭਣੇਵਾਂ ਹੋਣ ਦੀ ਮੈਨੂੰ ਸਕੂਲ ਵਿਚ ਕੋਈ ਰਿਆਇਤ ਨਹੀਂ ਮਿਲਦੀ ਸੀ। ਮੇਰੇ ਮਾਪੇ ਵੀ ਮੈਨੂੰ ਵਾਧੂ ਜੇਬ ਖਰਚ ਨਾ ਦੇ ਸਕਦੇ। ਜੇ ਮੈਨੂੰ ਕੋਈ ਪੈਸੇ ਦਿੰਦਾ ਤਾਂ ਉਹ ਉਸ ਨਾਲ ਨਾਰਾਜ਼ ਹੋ ਜਾਂਦੇ। ਦਲਜੀਤ ਕੌਰ ਜੀ ਬਹੁਤ ਸਾਦੇ, ਸਨਿਮਰ ਅਤੇ ਸਮਰਪਿਤ ਅਧਿਆਪਕ ਸਨ। ਇੱਕ ਪ੍ਰਕਾਰ ਤੀਜੀ ਜਮਾਤ ਤੀਕ ਉਹ ਮੇਰੀ ਮਾਂ ਤੋਂ ਵੀ ਵੱਧ ਕੇ ਸਨ। ਅਸਲ ਵਿੱਚ ਉਨ੍ਹਾਂ ਦੀ ਨਿਗਰਾਨੀ ਹੇਠ ਕੀਤੀਆਂ ਤਿੰਨ ਜਮਾਤਾਂ ਮੇਰੇ ਵਿੱਦਿਅਕ ਜੀਵਨ ਦੀ ਪੁਖ਼ਤਾ ਬੁਨਿਆਦ ਹਨ। ਇੱਕ ਵਾਰ ਪੇਪਰ ਚੈੱਕ ਕਰਦਿਆਂ ਮੇਰਾ ਇੱਕ ਨੰਬਰ ਸਾਧੂ ਸਿੰਘ (ਮੇਰੇ ਸਹਿਪਾਠੀ) ਨਾਲ਼ੋਂ ਘੱਟ ਸੀ। ਉਹ ਘਰ ਪੇਪਰ ਚੈੱਕ ਕਰ ਰਹੇ ਸੀ। ਮੈਂ ਬਹੁਤ ਰੋਇਆ, ਉਸ ਰਾਤ ਰੋਟੀ ਵੀ ਨਾ ਖਾਧੀ, ਪਰ ਉਨ੍ਹਾਂ ਮੇਰਾ ਨੰਬਰ ਨਾ ਵਧਾਇਆ। ਮੇਰਾ ਬੌਧਿਕ ਪੱਧਰ ਜਿਸ ਪੱਧਰ ਦਾ ਵੀ ਹੈ, ਇਸ ਵਿੱਚ ਉਨ੍ਹਾਂ ਦਾ ਬਹੁਤ ਯੋਗਦਾਨ ਹੈ। ਆਪਣੇ ਕਾਰਜ ਕਾਲ ਦੌਰਾਨ ਉਹ ਇੱਕ ਨਿਪੁੰਨ ਅਧਿਆਪਕ ਰਹੇ ਹਨ। ਅਧਿਆਪਕ ਮੈਂ ਵੀ ਰਿਹਾ ਹਾਂ, ਪਰ ਮੈਂ ਉਨ੍ਹਾਂ ਵਰਗਾ ਅਧਿਆਪਕ ਕਦੀ ਨਹੀਂ ਬਣ ਸਕਿਆ। ਉਨ੍ਹਾਂ ਵਰਗੇ ਅਧਿਆਪਕ ਆਪਣੇ ਵਿਦਿਆਰਥੀ ਜੀਵਨ ਵਿੱਚ ਮੈਨੂੰ ਬਹੁਤ ਹੀ ਘੱਟ ਮਿਲੇ ਹਨ। ਉਹ ਜਮਾਂਦਰੂ ਅਧਿਆਪਕ ਸਨ, ਬਿਨਾ ਜੇ ਬੀ ਟੀ/ਬੀ ਐੱਡ ਕੀਤੇ ਵੀ ਉਨ੍ਹਾਂ ਦਾ ਸਿਖਾਉਣ/ਪੜ੍ਹਾਉਣ ਦਾ ਤਰੀਕਾ ਬਹੁਤ ਹੀ ਪ੍ਰਵੀਣ ਅਤੇ ਪ੍ਰਭਾਵਸ਼ਾਲੀ ਸੀ। ਮੈਂ ਅੱਜ ਅਧਿਆਪਕ ਦਿਵਸ ਤੇ ਉਨ੍ਹਾਂ ਨੂੰ ਸਲਾਮ ਕਰਦਾ ਹੋਇਆ, ਨਤਮਸਤਕ ਹੁੰਦਾ ਹਾਂ।