(5 ਸਤੰਬਰ) ਮੌਕੇ
—- ਕਿਹੜੇ ਅਧਿਆਪਕ ਸਾਡੇ ਨਾਇਕ ਹਨ? —-
ਅੱਜ 5 ਸਤੰਬਰ ਨੂੰ ‘ਅਧਿਆਪਕ ਦਿਵਸ’ ਵਜੋਂ ਮਨਾਇਆ ਜਾਵੇਗਾ ਤੇ Happy Teacher’s Day ਦੇ ਸੁਨੇਹੇ ਘੁੰਮਣਗੇ। ਇਹ ਦਿਨ ਭਾਰਤ ਦੇ ਦੂਜੇ ਰਾਸ਼ਟਰਪਤੀ ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮਦਿਨ ‘ਤੇ ਮਨਾਇਆ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਉਹ ਇੱਕ ਚੰਗੇ ਅਧਿਆਪਕ ਤੇ ਵੱਡੇ ਦਾਰਸ਼ਨਿਕ ਸਨ। ਪਰ ਸ਼੍ਰੀ ਰਾਧਾਕ੍ਰਿਸ਼ਨਨ ਦੇ ਜੀਵਨ ਵਿੱਚ ਨਾਇਕ ਜਿਹੀ ਖੂਬੀ ਵਾਲ਼ੀ ਕੋਈ ਗੱਲ ਨਹੀਂ। 1888 ‘ਚ ਇੱਕ ਕਲੈਕਟਰ ਦੇ ਘਰ ਪੈਦਾ ਹੋਏ, ਸਕਾਲਰਸ਼ਿਪ ਰਾਹੀਂ ਪੜ੍ਹਦਾ ਰਹੇ ਸ਼੍ਰੀ ਰਾਧਾਕ੍ਰਿਸ਼ਨਨ ਮਗਰੋਂ ਅੰਗਰੇਜ਼ਾਂ ਅਧੀਨ ਕਾਲਜਾਂ, ਯੂਨੀਵਰਸਿਟੀਆਂ ‘ਚ ਅਧਿਆਪਨ ਦਾ ਕੰਮ ਕਰਦੇ ਰਹੇ ਤੇ ਇਸ ਸੇਵਾ ਬਦਲੇ ਉਹਨਾਂ ਨੂੰ 1931 ‘ਚ ‘ਸਰ’ ਜਾਂ ‘ਨਾਈਟਹੁੱਡ’ ਦੀ ਉਪਾਧੀ ਵੀ ਮਿਲ਼ੀ ਸੀ। ਅੰਗਰੇਜ਼ਾਂ ਤੋਂ ਅਜ਼ਾਦੀ ਲਈ ਭਾਰਤੀ ਲੋਕਾਂ ਦੇ ਕੁਰਬਾਨੀਆਂ ਭਰੇ ਸੰਘਰਸ਼ ਤੋਂ ਉਹਨਾਂ ਹਮੇਸ਼ਾ ਸੁਰੱਖਿਅਤ ਦੂਰੀ ਬਣਾਈ ਰੱਖੀ। ਵਿਦਵਤਾ ਪੱਖੋਂ ਉਹ ਹਿੰਦੂ ਗ੍ਰੰਥਾਂ ਦਾ ਇੱਕ ਆਮ ਵਿਆਖਿਆਕਾਰ ਤੇ ਵੇਦਾਂ ਪੱਖੀ ਸਨ। ਉਹ ਬਾਕੀ ਧਰਮਾਂ ਨੂੰ ਹਿੰਦੂ ਧਰਮਾਂ ਦੇ ਹੀ ਰੂਪ ਮੰਨਦਾ ਸਨ ਤੇ ਜਾਤਪਾਤੀ ਢਾਂਚੇ ਦਾ ਹਮਾਇਤੀ ਸਨ। ਅਧਿਆਪਨ ਦੇ ਮਾਮਲੇ ‘ਚ ਉਹਨਾਂ ‘ਤੇ ਆਪਣੇ ਵਿਦਿਆਰਥੀ ਜਾਦੂਨਾਥ ਸਿਨਹਾ ਦਾ ਥੀਸਸ ਚੋਰੀ ਕਰਕੇ ਕਿਤਾਬ ਲਿਖਣ ਦਾ ਦੋਸ਼ ਲੱਗਿਆ ਸੀ। ਭਾਰਤ ਦੇ ਲੁਟੇਰੇ ਹਾਕਮ ਲੋਕਾਂ ਨੂੰ ਅਜਿਹੇ ਖੋਖਲੇ ਨਾਇਕ ਹੀ ਦੇ ਸਕਦੇ ਹਨ।
ਭਾਰਤ ਵਿੱਚ ਜੇ ਕਿਸੇ ਦੇ ਨਾਮ ‘ਤੇ ‘ਅਧਿਆਪਕ ਦਿਵਸ’ ਮਨਾਇਆ ਜਾ ਸਕਦਾ ਹੈ ਤਾਂ ਉਹਨਾਂ ਵਿੱਚ ਲਾਜ਼ਮੀ ਹੀ ਸਾਵਿੱਤਰੀ ਬਾਈ ਫੂਲੇ ਤੇ ਫਾਤਿਮਾ ਸ਼ੇਖ ਦਾ ਨਾਮ ਗਿਣਿਆ ਜਾ ਸਕਦਾ ਹੈ। 1850 ਦੇ ਨੇੜੇ ਅੰਗਰੇਜ਼ਾਂ ਦੀ ਹਕੂਮਤ ਸਮੇਂ ਉਹਨਾਂ ਨੇ ਔਰਤਾਂ ਲਈ ਪਹਿਲੇ ਸਕੂਲ ਖੋਲ੍ਹੇ ਤੇ ਉਹ ਪਹਿਲੀਆਂ ਮਹਿਲਾ ਅਧਿਆਪਕਾਵਾਂ ਬਣੀਆਂ। ਅੰਗਰੇਜ਼ਾਂ ਦੀ ਸਿੱਖਿਆ (ਜਿਸ ਵਿੱਚ ਸ਼੍ਰੀ ਰਾਧਾਕ੍ਰਿਸ਼ਸ਼ਨ ਨੇ ਚਾਅ ਨਾਲ਼ ਸੇਵਾ ਕੀਤੀ) ਅੰਗਰੇਜ਼ ਭਗਤ ਕਲਰਕ ਬਣਾਉਣ ਲਈ ਸੀ ਪਰ ਸਾਵਿੱਤਰੀ ਫੂਲੇ ਤੇ ਫਾਤਿਮਾ ਸ਼ੇਖ ਦਾ ਜ਼ੋਰ ਵਿਗਿਆਨਕ ਸਿੱਖਿਆ ਦੇਣ ‘ਤੇ ਸੀ। ਧਿਆਨ ਰਹੇ ਕਿ ਉਸ ਵੇਲ਼ੇ ਭਾਰਤੀ ਸਮਾਜ ਬਹੁਤ ਪੱਛੜਿਆ ਹੋਇਆ ਤੇ ਔਰਤਾਂ ਦੇ ਸਿੱਖਿਆ ਹਾਸਲ ਕਰਨ, ਬਾਹਰ ਨਿੱਕਲਣ ‘ਤੇ ਪਾਬੰਦੀਆਂ ਸਨ। ਸਮਾਜ ਵਿੱਚ ਹੁੰਦੇ ਨਿਰਾਦਰ, ਨਫ਼ਰਤ ਦੇ ਬਾਵਜੂਦ ਉਹਨਾਂ ਆਪਣਾ ਕੰਮ ਜਾਰੀ ਰੱਖਿਆ। ਸਾਵਿੱਤਰੀ ਬਾਈ ਫੂਲੇ ਨੂੰ ਤਾਂ ਕੁੱਝ ਲੋਕ ਜਾਣਦੇ ਹਨ ਪਰ ਫਾਤਿਮਾ ਸ਼ੇਖ ਬਾਰੇ ਬਹੁਤ ਹੀ ਘੱਟ ਜਾਣਕਾਰੀ ਮੌਜੂਦ ਹੈ।
ਸਾਡੇ ਲੁਟੇਰੇ ਹਾਕਮਾਂ ਨੂੰ ਰਾਧਾਕ੍ਰਿਸ਼ਨਨ ਜਿਹੇ ਨਾਇਕ ਰੱਖਣ ਦਿਉ, ਅਧਿਆਪਕਾਂ ਵਿੱਚੋਂ ਕਿਰਤੀ ਲੋਕਾਂ ਦੇ ਨਾਇਕ ਸਾਵਿੱਤਰੀ ਫੂਲੇ ਤੇ ਫਾਤਿਮਾ ਸ਼ੇਖ ਜਿਹੇ ਅਧਿਆਪਕ ਹੋ ਹੀ ਸਕਦੇ ਹਨ। ਸਾਨੂੰ, (ਖਾਸ ਕਰਕੇ ਵਰਤਮਾਨ ਤੇ ਭਵਿੱਖ ਦੇ ਅਧਿਆਪਕਾਂ ਨੂੰ) ਸਾਡੀ ਵਿਰਾਸਤ ਦੀਆਂ ਇਹਨਾਂ ਮਹਾਨ ਅਧਿਆਪਕਾਵਾਂ ਦੇ ਜੀਵਨ ਤੋਂ ਸੇਧ ਲੈਂਦੇ ਹੋਏ ਉਹਨਾਂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਲਈ ਅੱਜ ਦੇ ਸਮੇਂ ਦੀਆਂ ਚੁਣੌਤੀਆਂ ਮੁਤਾਬਕ ਕਿਰਤੀਆਂ, ਮਜ਼ਦੂਰਾਂ ਤੱਕ ਦੀ ਸਭ ਅਬਾਦੀ ਨੂੰ ਅਗਾਂਹਵਧੂ, ਵਿਗਿਆਨਕ ਕਦਰਾਂ-ਕੀਮਤਾਂ ਵਾਲ਼ੀ ਤੇ ਮੁਫ਼ਤ ਸਿੱਖਿਆ ਮੁਹੱਈਆ ਕਰਵਾਉਣ ਦੀ ਦਿਸ਼ਾ ਵੱਲ ਵਧਣਾ ਚਾਹੀਦਾ ਹੈ। ਸਾਵਿੱਤਰੀ ਬਾਈ ਫੂਲੇ, ਫਾਤਿਮਾ ਸ਼ੇਖ ਤੇ ਇਤਿਹਾਸ ਤੇ ਵਰਤਮਾਨ ਦੇ ਉਹਨਾਂ ਜਿਹੇ ਹਜ਼ਾਰਾਂ ਅਣਗੌਲੇ ਅਧਿਆਪਕ ਕਹਾਉਣ ਦੇ ਹੱਕਦਾਰਾਂ ਨੂੰ ਸਾਡਾ ਸਲਾਮ, ਬਾਕੀਆਂ ਨੂੰ ਸ਼੍ਰੀ ਰਾਧਾਕ੍ਰਿਸ਼ਨਨ ਵਾਲ਼ਾ ਅਧਿਆਪਕ ਦਿਵਸ ਮੁਬਾਰਕ!