ਗੁਰਿੰਦਰ ਔਲਖ
ਭੀਖੀ,18 ਅਕਤੂਬਰ
ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ ਵੱਲੋਂ ਪਰਖ ਰਾਸ਼ਟਰੀ ਸਰਵੇਖਣ ਦੀ ਮੀਟਿੰਗ ਸਮੁੱਚੇ ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲਾਂ ਦੇ ਮੁੱਖ ਅਧਿਆਪਕਾਂ ਦੀ ਮੀਟਿੰਗ ਸਰਵਹਿੱਤਕਾਰੀ ਵਿੱਦਿਆ ਮੰਦਰ ਮੂਲਾ ਸਿੰਘ ਵਾਲਾ ਰੋਡ ਭੀਖੀ ਵਿਖੇ ਰੱਖੀ ਸੀ, ਮੀਟਿੰਗ ਦੌਰਾਨ ਸਮੁੱਚੇ ਜਿਲ੍ਹੇ ਦੇ ਪ੍ਰਾਇਮਰੀ ਸਕੂਲ ਮੁੱਖ ਅਧਿਆਪਕ ਪਹੁੰਚੇ ਹੋਏ ਸਨ, ਜਿਸ ਦਾ ਅਧਿਆਪਕ ਜਥੇਬੰਦੀਆਂ ਅਤੇ ਹਾਜ਼ਰ ਅਧਿਆਪਕਾਂ ਨੇ ਵਿਰੋਧ ਕੀਤਾ।
ਅਧਿਆਪਕ ਆਗੂਆਂ ਨੇ ਕਿਹਾ ਕਿ ਸਾਰੇ ਜ਼ਿਲੇ ਵਿੱਚੋਂ ਇੱਕ ਨਿੱਜੀ ਸਕੂਲ ਵਿੱਚ ਅਧਿਆਪਕ ਇਕੱਠੇ ਕਰਨਾ ਨਿੱਜੀ ਸਕੂਲ ਦੀ ਮਸ਼ਹੂਰੀ ਕਰਨਾ ਹੋ ਸਕਦਾ ਹੈ। ਜਿਸ ਸਕੂਲ ਵਿੱਚ ਇਹ ਮੀਟਿੰਗ ਰੱਖੀ ਉੱਥੇ ਕੋਈ ਵੀ ਪਬਲਿਕ ਟਰਾਂਸਪੋਰਟ ਨਹੀਂ ਜਾਂਦੀ ਹੈ ਸਰਦੂਲਗੜ੍ਹ ਤੋਂ ਭੀਖੀ ਪਹੁੰਚਣ ਵਾਲੇ ਅਧਿਆਪਕਾਂ ਨੂੰ 80 ਕਿਲੋਮੀਟਰ ਤੱਕ ਦਾ ਸਫ਼ਰ ਤਹਿ ਕਰਨ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੀਟਿੰਗ ‘ਤੇ ਪਹੁੰਚਣ ਸਮੇਂ ਇੱਕ ਅਧਿਆਪਕ ਨਾਲ ਹਾਦਸਾ ਵਾਪਰਨ ਕਾਰਨ ਸਾਰੇ ਹੀ ਅਧਿਆਪਕ ਰੋਸ ਨਾਲ ਭਰੇ ਹੋਏ ਸਨ।
ਉਹਨਾਂ ਕਿਹਾ ਕਿ ਅਧਿਆਪਕਾਂ ਨੇ ਮਹਿਸੂਸ ਕੀਤਾ ਹੈ ਕਿ ਇੰਨੀ ਦੂਰ ਮੀਟਿੰਗ ਰੱਖਣਾ ਅਧਿਆਪਕਾਂ ਨੂੰ ਖੱਜਲ-ਖੁਆਰ ਕਰਨਾ ਹੀ ਹੈ। ਜੋ ਪਹਿਲਾਂ ਹੀ ਸਿਲੇਬਸ ਦੀਆਂ ਕਿਤਾਬਾਂ ਬੱਚਿਆਂ ਕੋਲ ਹਨ, ਉਹ ਪੜ੍ਹਾਈਆਂ ਨਹੀਂ ਜਾ ਰਹੀਆਂ, ਸਰਕਾਰ ਆਪਣੀ ਪਿੱਠ ਥਾਪੜਨ ਦੇ ਲਈ ਇੱਕ ਨਵਾਂ ਪ੍ਰੋਜੈਕਟ cep ਲੈ ਕੇ ਆਈ ਹੈ, ਜਿਸ ਦਾ ਕਿ ਅਧਿਆਪਕਾਂ ਤੇ ਬੱਚਿਆਂ ‘ਤੇ ਬਹੁਤ ਜ਼ਿਆਦਾ ਬੋਝ ਹੈ, ਮਹੀਨੇ ਵਿੱਚ ਕਈ ਪ੍ਰੈਕਟਿਸ ਸੀਟਾਂ ਆਉਂਦੀਆਂ ਹਨ, ਜਿਸ ਦਾ ਅਭਿਆਸ ਕਰਵਾਉਣਾ ਹੁੰਦਾ ਹੈ। ਉਹਨਾਂ ਕਿਹਾ ਕਿ ਮਹੀਨੇ ਵਿੱਚ ਦੋ ਵਾਰ ਬੱਚਿਆਂ ਦੇ ਪੇਪਰ ਲੈ ਕੇ ਚੈੱਕ ਕਰਨੇ ਹਨ, ਉਸ ਦਾ ਡਾਟਾ ਆਨਲਾਈਨ ਚੜ੍ਹਾਉਣਾ ਹੈ। ਇਸ ਸਾਰੀ ਪ੍ਰਕਿਰਿਆ ਵਿੱਚ ਅਧਿਆਪਕ ਬੱਚਿਆਂ ਨੂੰ ਪੜ੍ਹਾਉਣ ਤੋਂ ਅਸਮਰਥ ਹੋ ਜਾਂਦਾ ਹੈ। ਬੱਚਿਆਂ ਦੇ ਮਾਪੇ ਵੀ ਇਸ ਪ੍ਰਕਿਰਿਆ ਤੋਂ ਬਹੁਤ ਔਖੇ ਹਨ। ਅਧਿਆਪਕ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਅਧਿਆਪਕਾਂ ਨੂੰ ਇਸ ਤਰਾਂ ਹੀ ਖੱਜਲ਼ ਖੁਆਰ ਕੀਤਾ ਗਿਆਂ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਪ੍ਰੋਜੈਕਟ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ।
ਅਧਿਆਪਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਅਧਿਕਾਰੀਆਂ ਨੇ ਆਪਣੀ ਗਲਤੀ ਨੂੰ ਮੰਨਿਆ ਅਤੇ ਮੀਟਿੰਗ ਮੁਲਤਵੀ ਕਰ ਦਿੱਤੀ।।
ਇਸ ਮੌਕੇ ਅਧਿਆਪਕ ਡੀਟੀਐਫ ਆਗੂ ਅਮੋਲਕ ਡੇਲੂਆਣਾ, ਦਰਸ਼ਨ ਅਲੀਸ਼ੇਰ, ਕਾਲਾ ਸਿੰਘ ਸਹਾਰਨਾ, ਵਿਨੋਦ ਕੁਮਾਰ ਬਰੇਟਾ, ਜਸਵੀਰ ਭੰਮੇ, ਅਮਨਦੀਪ ਸ਼ਰਮਾ, ਗੁਰਲਾਲ ਗੁਰਨੇ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਅਧਿਆਪਕ ਯੂਨੀਅਨ ਜ਼ਿਲ੍ਹਾ ਆਗੂ ਅਮੋਲਕ ਸਿੰਘ ਡੇਲੂਆਣਾ ਸੰਬੋਧਨ ਕਰਦੇ ਹੋਏ।