ਡੀ. ਟੀ.ਐੱਫ. ਦੀ ਸਰਕਾਰ ਨੂੰ ਨਸੀਹਤ
02 ਅਪ੍ਰੈਲ (ਰਵਿੰਦਰ ਸਿੰਘ ਖਿਆਲਾ) ਮਾਨਸਾ: ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ਪੰਜਾਬ ਸਰਕਾਰ ਦੇ ਇੱਕ ਪਾਸੇ ਸਕੂਲਾਂ ਵਿੱਚ ਦਾਖਲੇ ਵਧਾਉਣ ਅਤੇ ਦੂਜੇ ਪਾਸੇ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀਆਂ ਡਿਊਟੀਆਂ ਅਗਾਮੀ ਲੋਕ ਸਭਾ ਚੋਣਾਂ ਲਈ ਵੱਖ-ਵੱਖ ਟੀਮਾਂ ਵਿੱਚ ਲਾ ਕੇ ਉਹਨਾਂ ਨੂੰ ਦੋ ਮਹੀਨੇ ਲਈ ਸਕੂਲਾਂ ਵਿੱਚੋਂ ਬਾਹਰ ਕੱਢਣ ਦੇ ਆਪਾ ਵਿਰੋਧੀ ਹੁਕਮਾਂ ਦੀ ਕਰੜੀ ਨਿੰਦਾ ਕੀਤੀ ਹੈ |ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਅਤੇ ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ ਦੀ ਅਗਵਾਈ ਵਿੱਚ ਡੀ ਟੀ ਐਫ਼ ਦੇ ਜਿਲ੍ਹਾ ਮਾਨਸਾ ਦੇ ਪ੍ਰਧਾਨ ਕਰਮਜੀਤ ਤਾਮਕੋਟ ਅਤੇ ਹਰਜਿੰਦਰ ਅਨੂਪਗੜ ਨੇ ਕਿਹਾ ਕਿ ਸਕੂਲਾਂ ਵਿੱਚ ਦਾਖਲੇ ਵਧਾਉਣਾ ਕੋਈ ਮਸ਼ੀਨੀ ਕਾਰਜ ਨਹੀਂ ਹੈ ਜੋ ਅਧਿਆਪਕਾਂ ਦੇ ਹੀ ਹੱਥ ਵਸ ਹੋਵੇ ਸਗੋਂ ਇਹ ਕਾਰਜ ਸਮੁੱਚੇ ਸਿੱਖਿਆ ਢਾਂਚੇ ਦੇ ਮਿਆਰ ਨਾਲ ਸਬੰਧਤ ਹੈ ਜਿਸ ਨੂੰ ਪੰਜਾਬ ਸਰਕਾਰ ਆਪ ਹੀ ਅਧਿਆਪਕਾਂ ਨੂੰ ਸਕੂਲਾਂ ਵਿੱਚੋਂ ਬਾਹਰ ਕੱਢਣ ਦੇ ਹੁਕਮਾਂ ਨਾਲ ਹੇਠਾਂ ਸੁੱਟ ਰਹੀ ਹੈ। ਸੀਨੀਅਰ ਆਗੂਆਂ ਰਾਜਵਿੰਦਰ ਬੈਹਣੀਵਾਲ, ਗੁਰਤੇਜ ਉਭਾ, ਕੁਲਦੀਪ ਅੱਕਾਵਾਲੀ ਨੇ ਕਿਹਾ ਕਿ ਕਹਿਣ ਨੂੰ ਤਾਂ ਸਿੱਖਿਆ ਮੰਤਰੀ ਸਾਹਿਬ ਨੇ ਪਿਛਲੇ ਸਾਲ ਸਿੱਖਿਆ ਦੀ ਗੁਣਵੱਤਾ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਦੇ ਨਾਂ ਅਧਿਆਪਕਾਂ ਤੋਂ ਚੋਣ ਡਿਊਟੀ,ਜਨਗਣਨਾ ਅਤੇ ਹੋਰ ਗੈਰ-ਵਿੱਦਿਅਕ ਕੰਮ ਨਾ ਲੈਣ ਦੇ ਹੁਕਮ ਜਾਰੀ ਕੀਤੇ ਸਨ ਪਰ ਪਰਨਾਲਾ ਉਥੇ ਦਾ ਉਥੇ ਹੀ ਹੈ। ਇਸ ਤੋਂ ਸਰਕਾਰ ਦੀ ਕਹਿਣੀ ਤੇ ਕਰਨੀ ਦਾ ਫ਼ਰਕ ਸਾਫ਼ ਝਲਕਦਾ ਹੈ। ਜਥੇਬੰਦੀ ਦੇ ਆਗੂਆਂ ਨਿਧਾਨ ਸਿੰਘ, ਸ਼ਿੰਗਾਰਾ ਸਿੰਘ, ਤਰਸੇਮ ਬੋੜਾਵਾਲ, ਹਰਫੂਲ ਸਿੰਘ, ਰਾਜਿੰਦਰ ਸਿੰਘ ਨੇ ਕਿਹਾ ਹੈ ਕਿ ਸਿੱਖਿਆ ਨੂੰ ਆਪਣੀ ਪਹਿਲ ਦੱਸਣ ਵਾਲੀ ਸਰਕਾਰ ਨੂੰ ਉਹਨਾਂ ਦੀ ਜਥੇਬੰਦੀ ਵੱਲੋਂ ਨਸੀਹਤ ਹੈ ਕਿ ਸਭ ਤੋਂ ਪਹਿਲਾਂ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਲੋੜ ਅਨੁਸਾਰ ਅਧਿਆਪਕ ਦਿੱਤੇ ਜਾਣ। ਜੇਕਰ ਬੱਚਿਆਂ ਦੀ ਸਿੱਖਿਆ ਲਈ ਇਹ ਮੁੱਢਲੀ ਸ਼ਰਤ ਪੂਰੀ ਨਹੀਂ ਕੀਤੀ ਜਾਂਦੀ ਤਾਂ ਮੁੱਠੀ ਭਰ ਪਹਿਲਾਂ ਤੋਂ ਹੀ ਚੰਗੇ ਢਾਂਚੇ ਵਾਲੇ ਸਕੂਲਾਂ ਨੂੰ ਲਿਸ਼ਕਾ-ਪੁਸ਼ਕਾ ਕੇ ਅਤੇ ਉਹਨਾਂ ਨੂੰ ਲੋਕ-ਲੁਭਾਵਣੇ ਨਾਂ ਦੇ ਕੇ ਵੋਟਾਂ ਵਟੋਰਨ ਦਾ ਪ੍ਰਚਾਰ ਕਰਨ ਨਾਲ ਪੰਜਾਬ ਦੇ ਵੱਡੀ ਗਿਣਤੀ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨਾਲ ਇਹ ਬੇਇਨਸਾਫ਼ੀ ਹੋਵੇਗੀ। ਜਦੋਂ ਵਿਦਿਆਰਥੀਆਂ ਦੇ ਮਾਪੇ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚੇ ਨੂੰ ਦਾਖਲ ਕਰਾਉਣ ਆਉਂਦੇ ਹਨ ਤਾਂ ਅਧਿਆਪਕਾਂ ਦੀ ਘਾਟ ਕਾਰਨ ਬੱਚਿਆਂ ਦੀ ਅਨੁਸ਼ਾਸਨਹੀਣਤਾ ਅਤੇ ਪੜ੍ਹਾਈ ਦੀ ਘਾਟ ਦਾ ਗ਼ਲਤ ਅਕਸ ਆਪਣੇ ਦਿਮਾਗ ਵਿੱਚ ਲੈ ਕੇ ਜਾਂਦੇ ਹਨ। ਅਜਿਹੇ ਵਿੱਚ ਉਹ ਕਿਵੇਂ ਆਪਣੇ ਬੱਚੇ ਨੂੰ ਅਜਿਹੇ ਸਕੂਲਾਂ ਵਿੱਚ ਦਾਖਲ ਕਰਵਾਉਣਗੇ? ਸਿੱਖਿਆ ਪ੍ਰਤੀ ਸਰਕਾਰ ਦੀ ਸੁਹਿਰਦਤਾ ਅਤੇ ਚੰਗੇ ਨਤੀਜਿਆਂ ਨਾਲ ਹੀ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵੱਲ ਖਿੱਚਿਆ ਜਾ ਸਕਦਾ ਹੈ ਨਾ ਕਿ ਅਧਿਆਪਕਾਂ ‘ਤੇ ਦਬਾਅ ਬਣਾ ਕੇ। ਆਗੂਆਂ ਨੇ ਸਰਕਾਰ ਨੂੰ ਨਸੀਹਤ ਦਿੱਤੀ ਕਿ ਆਪਣਾ ਫਰਜ਼ ਸਮਝ ਕੇ ਸਰਕਾਰ ਸਹੀ ਅਰਥਾਂ ਵਿੱਚ ਸਿੱਖਿਆ ਨੂੰ ਆਪਣੀ ਪਹਿਲ ਬਣਾਵੇ ਅਤੇ ਜ਼ਮੀਨੀ ਪੱਧਰ ਦੀਆਂ ਸਮੱਸਿਆਵਾਂ ਨੂੰ ਹੱਲ ਕਰੇ ਤਾਂ ਹੀ ਸਕੂਲਾਂ ਵਿੱਚ ਦਾਖਲੇ ਵਧ ਸਕਦੇ ਹਨ। ਇਸ ਤੋਂ ਬਿਨਾਂ ਸਭ ਹੁਕਮ ਅਤੇ ਬਿਆਨ ਫੋਕੀ ਲਿਫਾਫੇਬਾਜ਼ੀ ਤੋਂ ਬਿਨਾ ਹੋਰ ਕੁਝ ਨਹੀਂ।ਇਸ ਮੌਕੇ ਗੁਰਬਚਨ ਹੀਰੇਵਾਲਾ, ਚਰਨਪਾਲ ਸਿੰਘ, ਜਸਵਿੰਦਰ ਹਾਕਮਵਾਲਾ, ਗੁਰਦੀਪ ਝੰਡੂਕੇ, ਸੁਖਚੈਨ ਸੇਖੋਂ, ਜਗਦੇਵ ਸਿੰਘ, ਮੱਘਰ ਸਿੰਘ, ਜਗਪਾਲ ਸਿੰਘ, ਅਮ੍ਰਿਤਪਾਲ ਸਿੰਘ, ਕੁਲਵਿੰਦਰ ਜੋਗਾ, ਅਮਨਦੀਪ ਕੌਰ, ਬੇਅੰਤ ਕੌਰ, ਰੇਨੂੰ ਬਾਲਾ, ਅਮਰਪ੍ਰੀਤ ਕੌਰ, ਮਨਵੀਰ ਕੌਰ, ਗੁਰਜੀਤ ਮਾਨਸਾ ਆਦਿ ਅਧਿਆਪਕ ਆਗੂ ਹਾਜ਼ਰ ਸਨ |