ਪਟਿਆਲਾ, 7 ਨਵੰਬਰ
ਬੀਤੇ ਦਿਨੀਂ ਤ੍ਰੈ ਮਾਸਕ ਮੈਗਜ਼ੀਨ ‘ਤਾਸਮਨ’ ਦੀ ਵਿਸ਼ੇਸ਼ ਬੈਠਕ ਹੋਈ ਜਿਸ ਵਿੱਚ ਤਾਸਮਨ ਦੇ ਮੁੱਖ ਸੰਪਾਦਕ ਹਰਮਨਦੀਪ ਗਿੱਲ, ਪ੍ਰਬੰਧਕੀ ਸੰਪਾਦਕ ਤਰਨਦੀਪ ਦਿਓਲ ਬਿਲਾਸਪੁਰ, ਵਰਿੰਦਰ ਅਲੀਸ਼ੇਰ, ਡਾ ਸੁਮੀਤ ਸ਼ੰਮੀ, ਪ੍ਰੋਫੈਸਰ ਦੀਪਕ ਧਲੇਵਾਂ ਅਤੇ ਚਿੱਟਾ ਸਿੱਧੂ ਸ਼ਾਮਲ ਹੋਏ। ਇਸ ਮੌਕੇ ਤਾਸਮਨ ਵੱਲੋਂ ਆਪਣੇ ਸਾਲ 2024 ਦੇ ਸਨਮਾਨਾਂ ਦੀ ਘੋਸ਼ਣਾ ਕੀਤੀ ਗਈ। ਮੈਗਜ਼ੀਨ ਦੇ ਸੰਪਾਦਕ ਸਤਪਾਲ ਭੀਖੀ ਨੇ ਦੱਸਿਆ ਕਿ ਅਦਾਰਾ ਤਾਸਮਨ ਵੱਲੋਂ 2024 ਦੇ ਪੁਰਸਕਾਰਾਂ ਦੀ ਘੋਸ਼ਣਾ ਵਿਚ ਇਸ ਵਾਰ ਤਾਸਮਨ ‘ਸਿਰਜਣਾ ਤੇ ਅਨੁਵਾਦ ਪੁਰਸਕਾਰ’ (ਮਾਸਟਰ ਗੁਰਮੇਲ ਸਿੰਘ ਬਿਲਾਸਪੁਰ ਜੀ ਦੀ ਯਾਦ ਵਿੱਚ) ਪੰਜਾਬੀ ਕਹਾਣੀ ਦੇ ਪ੍ਰਸਿੱਧ ਹਸਤਾਖ਼ਰ ਤੇ 47 ਦੇ ਦੁਖਾਂਤ ਨੂੰ ਸਾਂਭਣ ਵਾਲੇ ਗਲਪਕਾਰ ਸਾਂਵਲ ਧਾਮੀ ਨੂੰ ਅਤੇ ‘ਸ਼ਬਦ ਪਰਵਾਹ ਪੁਰਸਕਾਰ’ ( ਹੁਕਮ ਚੰਦ ਜਿੰਦਲ ਯਾਦਗਾਰੀ) ਜੋ ਕਿ ਕਿਤਾਬਾਂ ਨੂੰ ਪਾਠਕਾਂ ਵਿੱਚ ਪਹੁੰਚਾਉਣ ਲਈ ਯਤਨਸ਼ੀਲ ਸ਼ਖ਼ਸੀਅਤਾਂ ਲਵਪ੍ਰੀਤ ਸਿੰਘ ਫੇਰੂਕੇ ਅਤੇ ਅਮਨਦੀਪ ਕੌਰ ਖੀਵਾ ਨੂੰ, ‘ਯੁਵਾ ਸਾਹਿਤ ਪੁਰਸਕਾਰ’ (ਪ੍ਰਦੀਪ ਸਿੰਘ ਚੜਿੱਕ ਦੀ ਯਾਦ ਵਿਚ) ‘ਸੁਲਗਦੇ ਸਫਰ ‘ਤੇ’ ਕਾਵਿ ਪੁਸਤਕ ਨਾਲ ਚਰਚਿਤ ਸ਼ਾਇਰ ਅਤੇ ਆਲੋਚਕ ਗੁਰਜੰਟ ਸਿੰਘ ਰਾਜੇਆਣਾ ਨੂੰ ਅਤੇ ‘ਸਾਹਿਤ ਵਿਸ਼ੇਸ਼ ਪੁਰਸਕਾਰ’ ਪ੍ਰਸਿੱਧ ਨਾਵਲਕਾਰ, ਅਨੁਵਾਦਕ ਤੇ ਵਾਰਤਕਕਾਰ ਮਹਿੰਦਰਪਾਲ ਸਿੰਘ ਧਾਲੀਵਾਲ ਨੂੰ ਦੇਣ ਦਾ ਫੈਸਲਾ ਕੀਤਾ ਹੈ। ਇਹ ਸਨਮਾਨ ਬਾਕਾਇਦਾ ਜਨਵਰੀ ਮਹੀਨੇ ‘ਚ ਤਾਸਮਨ ਵੱਲੋਂ ਕੀਤੇ ਜਾਣ ਵਾਲੇ ਸਮਾਗਮ ਵਿੱਚ ਦਿੱਤੇ ਜਾਣਗੇ।ਤਰੀਕ ਜਲਦੀ ਹੀ ਦੱਸ ਦਿੱਤੀ ਜਾਵੇਗੀ।