—-ਸ਼ਬਦ ਕਿਸੇ ਅਹਿਸਾਸ ਦਾ ਬਿਆਨ ਕੀਤਾ ਹੋਇਆ ਰੂਪ ਹੁੰਦੇ ਹਨ। ਜਿਸ ਪ੍ਰਕਾਰ ਦੇ ਸਾਡੇ ਅਹਿਸਾਸ ਹੋਣਗੇ, ਭਾਵ ਜੋ ਅਸੀਂ ਵੇਖਾਂਗੇ ਅਤੇ ਮਹਿਸੂਸ ਕਰਾਂਗੇ ਉਸੇ ਪ੍ਰਕਾਰ ਦੇ ਹੀ ਸ਼ਬਦ ਸਾਡੇ ਮੁੱਖ ਵਿਚੋਂ ਉਚਾਰੇ ਜਾਣਗੇI ਮੌਜੂਦਾ ਸਵਾਲ ਇਹ ਹੈ ਕਿ ਸਾਡਾ ਅੱਜ ਦਾ ਵਿਦਿਆਰਥੀ ਵਰਗ ਕੀ ਵੇਖ ਰਿਹਾ ਹੈ ਅਤੇ ਕੀ ਬੋਲ ਰਿਹਾ ਹੈ? ਜਵਾਬ ਸਪੱਸ਼ਟ ਹੈ ਕਿ ਉਹ ਉਹੀ ਸਭ ਕੁਝ ਵੇਖ ਅਤੇ ਬੋਲ ਰਿਹਾ ਹੈ, ਜੋ ਉਸਦੇ ਸਾਹਮਣੇ ਸਾਰਾ ਦਿਨ ਸੋਸ਼ਲ ਮੀਡੀਆ ਪੇਸ਼ ਕਰ ਰਿਹਾ ਹੈI ਉਹ ਬੋਲਦਾ ਹੈ ਗੀਤਾਂ ਵਿੱਚ ਸੁਣੇ ਹੋਏ ਸ਼ਿਸ਼ਟਾਚਾਰ ਰਹਿਤ ਸ਼ਬਦ, ਉਹ ਬੋਲਦਾ ਹੈ ਇੰਟਰਨੈੱਟ ਅਤੇ ਸੋਸ਼ਲ ਮੀਡੀਆ ‘ਤੇ ਵਰਤੀ ਜਾਂਦੀ ‘ਸਲੈਂਗ’ ਭਾਸ਼ਾ ਦੇ ਸ਼ਬਦ; ਜੋ ਜ਼ਿਆਦਾਤਰ ਗਾਲ੍ਹਾਂ, ਮਿਹਣੇ, ਆਲੋਚਨਾ, ਨਗਨਤਾ, ਵਿਭਚਾਰ ਆਦਿ ਨਾਲ਼ ਜੁੜੇ ਹੁੰਦੇ ਹਨ, ਉਹ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਕਾਮੇਡੀ ਦੇ ਨਾਮ ਤੇ ਦੁਹਰਾਏ ਜਾਂਦੇ ਦੋਹਰੇ ਅਰਥਾਂ ਵਾਲ਼ੇ ਡਾਇਲਾੱਗ ਬੋਲਦਾ ਹੈ ਅਤੇ ਬਿੱਗ ਬਾੱਸ ਦੇ ਸ਼ੋਅ ਵਿੱਚ ਸੈਲੀਬ੍ਰਿਟੀ ਕਹੇ ਜਾਣ ਵਾਲ਼ੇ ਲੋਕਾਂ ਦੇ ਮੱਧਮ ਰੌਸ਼ਨੀ ਵਿੱਚ ਚੱਲ ਰਹੇ ਪ੍ਰੇਮ-ਪ੍ਰਸੰਗ ਅਤੇ ਉੱਚੇ-ਤਿੱਖੇ ਹਮਲਾਵਰ ਲਹਿਜ਼ੇ ਵੇਖਦਾ ਹੈ, ਜੋ ਉਸਨੂੰ ਬੇਸ਼ਰਮ ਅਤੇ ਹਿੰਸਕ ਬਣਾ ਰਹੇ ਹਨI ਮੌਜ਼ੂਦਾ ਸਮੇਂ ਤੇ ਫ਼ੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਆਦਿ ਤੇ ਪਾਈਆਂ ਜਾਂਦੀਆਂ ਸਟੋਰੀਆਂ ਅਤੇ ਨਿਰਾਰਥਕ ਭੜਕਾਊ ਪੋਸਟਾਂ ਨੂੰ ਸਭ ਤੋਂ ਵੱਧ ਵੇਖਣ ਵਾਲ਼ਾ ਵਰਗ ਵਿਦਿਆਰਥੀਆਂ ਦਾ ਹੀ ਹੈ ਜੋ ਭਾਵਨਾਵਾਂ ਦੇ ਵਹਾਅ ਵਿੱਚ ਵਹਿ ਕੇ ਸੋਸ਼ਲ ਮੀਡੀਆ ਦੇ ਪਲੇਟਫਾਰਮਾਂ ਤੇ ਇੱਕ-ਦੂਜੇ ਨੂੰ ਲਲਕਾਰੇ ਮਾਰਨ ਅਤੇ ਜਵਾਬ ਦੇਣ ਲਈ ਅਭੱਦਰ ਅਤੇ ਨੀਵੇਂ ਦਰਜੇ ਦੀ ਭਾਸ਼ਾ ਦੀ ਵਰਤੋਂ ਕਰਦੇ ਹਨ। ਅਜਿਹਾ ਨਹੀਂ ਹੈ ਕਿ ਇਹਨਾਂ ਸੋਸ਼ਲ ਮੀਡੀਆ ਦੇ ਮੰਚਾਂ ਤੇ ਕੁਝ ਵੀ ਸਾਰਥਕ ਨਹੀਂ ਹੁੰਦਾ, ਹੁੰਦਾ ਹੈ ਪਰ ਬਹੁਤ ਘੱਟ ਮਾਤਰਾ ਵਿੱਚ, ਜਿਸਨੂੰ ਜ਼ਿਆਦਾਤਰ ਜਾਂ ਤਾਂ ਸਕਰੌਲ ਡਾਊਨ ਕਰ ਦਿੱਤਾ ਜਾਂਦਾ ਹੈ ਜਾਂ ਫਿਰ ਵੇਖ ਕੇ ਨਜ਼ਰਅੰਦਾਜ਼I ਜੋ ਕੁਝ ਸੋਸ਼ਲ ਮੀਡੀਆ ਤੇ ਨਹੀਂ ਦਿਖਾਇਆ ਜਾ ਰਿਹਾ ਉਹ ਹੈ – ਸ਼ਿਸ਼ਟਾਚਾਰ, ਸੱਭਿਅਕ ਬੋਲ-ਚਾਲ, ਮਹਾਨ ਲੋਕ-ਨਾਇਕਾਂ ਦੀਆਂ ਜੀਵਨੀਆਂ, ਸੁਹਿਰਦਤਾ ਭਰੇ ਇਤਿਹਾਸਕ ਕਿੱਸੇ, ਪ੍ਰਫੁੱਲਤ ਪਰਵਾਰਿਕ ਢਾਂਚੇ, ਸਾਡੀਆਂ ਕੌਮੀ ਕਦਰਾਂ-ਕੀਮਤਾਂ ਅਤੇ ਵਿਰਾਸਤੀ ਤੌਰ-ਤਰੀਕੇ, ਸਾਡੀਆ ਪੁਰਾਤਨ ਵਿਰਾਸਤੀ ਖੇਡਾਂ, ਸਾਡੇ ਸੰਪੂਰਨ ਆਹਾਰ, ਰੂਹ ਤੱਕ ਸਕੂਨ ਦੇਣ ਵਾਲ਼ੇ ਕੁਦਰਤੀ ਨਜ਼ਾਰੇ ਅਤੇ ਹੋਰ ਕਿੰਨਾ ਹੀ ਕੁਝ, ਜਿਸ ਵਿੱਚੋਂ ਸੰਸਾਰ ਨੂੰ ਅਹਿਮ ਯੋਗਦਾਨ ਦੇਣ ਵਾਲ਼ੀਆਂ ਅਣਗਿਣਤ ਮਹਾਨ ਸ਼ਖਸੀਅਤਾਂ ਦਾ ਜਨਮ ਹੋਇਆ ਸੀ। ਸਿੱਟੇ ਵੱਜੋਂ ਅੱਜ ਸਾਡੀ ਯੁਵਾ ਪੀੜ੍ਹੀ ਖ਼ਾਸ ਕਰਕੇ ਵਿਦਿਆਰਥੀ ਵਰਗ ਆਪਣੇ ਮਾਪਿਆਂ ਅਤੇ ਅਧਿਆਪਕਾਂ ਲਈ ਅਪਣੱਤ ਤੋਂ ਸੱਖਣੀ ਭਾਸ਼ਾ ਦੀ ਵਰਤੋਂ ਕਰਦਾ ਹੈ। ਉਸਦਾ ਸਰੋਕਾਰ ਸਿਰਫ਼ ਸੋਸ਼ਲ ਮੀਡੀਆ ਤੇ ਸਟੇਟਸ ਪਾ ਕੇ ਦੋਸਤਾਂ ਮਿੱਤਰਾਂ ਤੋਂ ਲਾਇਕ ਲੈਣ ਤੱਕ ਹੀ ਸੀਮਤ ਰਹਿ ਗਿਆ ਹੈ ਪਰ ਆਪਣਿਆਂ ਨਾਲ਼ ਵਿਚਰਨਾ, ਮਾਂ-ਬਾਪ ਨਾਲ਼ ਗੱਲਾਂ ਸਾਂਝੀਆਂ ਕਰਨੀਆਂ ਜਾਂ ਕਿਸੇ ਲੋੜਵੰਦ ਦੀ ਮੱਦਦ ਕਰਨ ਨੂੰ ਉਹ ਪਸੰਦ ਨਹੀਂ ਕਰਦਾI ਅੱਜ ਦਾ ਵਿਦਿਆਰਥੀ ਜ਼ਮੀਨੀ ਹਕੀਕਤਾਂ ਤੋਂ ਟੁੱਟ ਚੁੱਕਾ ਹੈ ਕਿਉਂਕਿ ਉਸਦੇ ਸਾਹਮਣੇ ਇੱਕ ਖ਼ਿਆਲੀ ਅਤੇ ਯਥਾਰਥ ਤੋਂ ਦੂਰ ਦੁਨੀਆ ਦੀ ਤਸਵੀਰ ਪੇਸ਼ ਕੀਤੀ ਜਾ ਰਹੀ ਹੈI ਇਹ ਖ਼ਿਆਲੀ ਤਸਵੀਰ ਅਤੇ ਗ਼ੈਰ-ਹਕੀਕੀ ਵਿਵਹਾਰ ਉਸਦੇ ਦਿਲ-ਦਿਮਾਗ਼ ਵਿੱਚ ਇਸ ਹੱਦ ਤੱਕ ਘਰ ਕਰ ਚੁੱਕਾ ਹੈ ਕਿ ਜਦੋਂ ਉਸਦਾ ਸੱਚਾਈ ਨਾਲ਼ ਸਾਹਮਣਾ ਹੁੰਦਾ ਹੈ ਤਾਂ ਬਹੁਤ ਸਾਰੇ ਵਿਦਿਆਰਥੀ ਉਸਦਾ ਮੁਕਾਬਲਾ ਨਹੀਂ ਕਰ ਪਾਉਂਦੇ ਨਤੀਜੇ ਵੱਜੋਂ ਸਮਾਜ ਵਿੱਚ ਵਿਕਾਰਾਂ ਨਾਲ਼ ਭਰੀਆਂ ਸ਼ਖਸੀਅਤਾਂ ਵਿੱਚ ਵਾਧਾ ਹੋ ਰਿਹਾ ਹੈI ਜਿੰਨੀ ਜ਼ਿਆਦਾ ਗਿਣਤੀ ਵਿੱਚ ਡਿਗਰੀਆਂ ਦੇਣ ਵਾਲੇ ਅਦਾਰੇ ਖੁੱਲ੍ਹ ਗਏ ਹਨ,ਉਸ ਤੋਂ ਕਿਤੇ ਜ਼ਿਆਦਾ ਗਿਣਤੀ ਵਿੱਚ ਸਮਾਜ ਵਿੱਚ ਅਪਰਾਧ ਕਰਨ ਵਾਲ਼ੇ, ਨਸ਼ਿਆਂ ਦਾ ਸੇਵਨ ਕਰਨ ਵਾਲ਼ੇ ਅਤੇ ਕਾਨੂੰਨ ਤੋੜਨ ਵਾਲ਼ੇ ਪੈਦਾ ਹੋ ਰਹੇ ਹਨI ਕਾਰਨ ਸਿਰਫ਼ ਇਹੀ ਹੈ ਕਿ ਨਾ ਤਾਂ ਸਕੂਲਾਂ ਵਿੱਚ ਅਤੇ ਨਾ ਹੀ ਸਮਾਜ ਵਿੱਚ ਕਿਤੋਂ ਵੀ ਵਿਦਿਆਰਥੀ ਨੂੰ ਨੈਤਿਕਤਾ ਦਾ ਠੋਸ ਅਧਾਰ ਨਹੀਂ ਮਿਲ ਰਿਹਾ ਹੈI ਅੱਜ ਵਿਦਿਆਰਥੀ ਵਰਗ ਮਹਿੰਗੀ ਤਾਲੀਮ ਹਾਸਿਲ ਕਰਕੇ ਵੀ ਬੇਰੁਜ਼ਗਾਰ ਅਤੇ ਅਵਸਾਦ-ਗ੍ਰਸਤ ਹੈ। ਜਿਸ ਵਿਦਿਆਰਥੀ ਪਾਸੋਂ ਭਵਿੱਖ ਵਿੱਚ ਚੰਗੇ ਸਮਾਜ ਦੀ ਉਸਾਰੀ ਵਿੱਚ ਅਹਿਮ ਭੂਮਿਕਾ ਨਿਭਾਉਣ ਦੀ ਉਮੀਦ ਹੈ, ਉਹ ਵਿਦਿਆਰਥੀ ਅੱਜ ਆਪਣੇ ਵਤੀਰੇ ਨਾਲ਼ ਸਮਾਜ ਨੂੰ ਢਾਅ ਲਾ ਰਿਹਾ ਹੈ ਜਾਂ ਫਿਰ ਸਮਾਜ ਤੋਂ ਕਿਨਾਰਾ ਕਰ ਰਿਹਾ ਹੈ। ਵਿਦਿਆਰਥੀਆਂ ਦੀ ਸਮਾਜ ਵਿੱਚ ਕਿਰਿਆਸ਼ੀਲ ਭਾਗੀਦਾਰੀ ਹੌਲੀ-ਹੌਲੀ ਖ਼ਤਮ ਹੋ ਰਹੀ ਹੈ ਅਤੇ ਪਦਾਰਥਵਾਦੀ ਸੋਚ ਦੇ ਚਲਦਿਆਂ ਉਹ ਆਪਣੇ ਪਰਿਵਾਰ ਅਤੇ ਸਮਾਜ ਪ੍ਰਤੀ ਬਣਦੇ ਫ਼ਰਜ਼ਾਂ ਤੋਂ ਮੁਨਕਰ ਹੋ ਰਿਹਾ ਹੈI ਇਹੀ ਕਾਰਨ ਹੈ ਕਿ ਹੁਣ ਸਾਡੇ ਸਮਾਜ ਵਿੱਚ ਵਿਚਾਰਕ, ਸਰਪ੍ਰਸਤ ਅਤੇ ਸੁਧਾਰਕ ਨਹੀਂ ਸਗੋਂ ਸੰਹਾਰਕ ਪੈਦਾ ਹੋ ਰਹੇ ਹਨI
ਗਗਨਦੀਪ ਗੱਖੜ
ਸਾਇੰਸ ਮਾਸਟਰ
ਸ.ਹ.ਸ.ਉੱਗੋ ਕੇ
ਫ਼ਿਰੋਜ਼ਪੁਰ ।
ਫ਼ੋਨ: 9501300527
ਅਣਕਬੂਲਿਆ ਸੱਚ
1 Comment
ਬਹੁਤ ਵਧੀਆ ਸਚਾਈ ਪੇਸ਼ ਕੀਤੀ ਆ ਸਰ