ਬਠਿੰਡਾ 08 ਜੁਲਾਈ(ਨਾਨਕ ਸਿੰਘ ਖੁਰਮੀ)- ਪੰਜਾਬ ਸਰਕਾਰ ਵੱਲੋਂ ਅਣਐਲਾਨੀ ਵਿੱਤੀ ਐਮਰਜੈਂਸੀ ਖਿਲਾਫ ਅੱਜ ਡੈਮੋਕਰੇਟਿਕ ਟੀਚਰ ਫਰੰਟ ਇਕਾਈ ਬਠਿੰਡਾ ਵੱਲੋਂ ਜਿਲਾ ਖਜ਼ਾਨਾ ਦਫਤਰ ਬਠਿੰਡਾ ਦੇ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਧਰਨੇ ਨੂੰ ਸੰਬੋਧਨ ਕਰਦਿਆਂ ਹੋਇਆ ਜਿਲਾ ਪ੍ਰਧਾਨ ਰੇਸ਼ਮ ਸਿੰਘ ਖੇਮੋਆਣਾ ,ਸਕੱਤਰ ਜਸਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ,ਮੀਤ ਪ੍ਰਧਾਨ ਵਿਕਾਸ ਗਰਗ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਇਕੱਠੇ ਕੀਤੇ ਟੈਕਸ ਰੂਪੀ ਪੈਸੇ ਨੂੰ ਆਪਣੀਆਂ , ਇਸ਼ਤਿਹਾਰਬਾਜ਼ੀਆਂ, ਬੇਲੋੜੀਆਂ ਅਹੁਦੇਦਾਰੀਆਂ, ਚੇਅਰਮੈਨੀਆਂ ਅਤੇ ਨਵੀਆਂ ਨਿਯੁਕਤੀਆਂ ਉੱਪਰ ਮਨ ਮਰਜ਼ੀ ਨਾਲ ਲੁਟਾਇਆ ਜਾ ਰਿਹਾ ਹੈ। ਦੂਜੇ ਪਾਸੇ ਸਰਕਾਰ ਦੇ ਮੁਲਾਜ਼ਮ ,ਜਿਨਾਂ ਦੇ ਸਿਰ ਤੇ ਸਮੁੱਚਾ ਪ੍ਰਸ਼ਾਸਨਿਕ ਪ੍ਰਬੰਧ ਚੱਲਣਾ ਹੁੰਦਾ ਹੈ ਆਪਣੀਆਂ ਤਨਖ਼ਾਹਾਂ ਅਤੇ ਵਿੱਤੀ ਲਾਭਾਂ ਲਈ ਧਰਨੇ ਲਾਉਣ ਲਈ ਮਜ਼ਬੂਰ ਹਨ।ਪੰਜਾਬ ਸਰਕਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਅੰਦਰ ਅਣਐਲਾਨੀ ਵਿੱਤੀ ਐਮਰਜੈਂਸੀ ਘੋਸ਼ਿਤ ਕੀਤੀ ਹੋਈ ਹੈ। ਮੁਲਾਜ਼ਮਾਂ ਦੀਆਂ ਤਨਖਾਹਾਂ ਹਰ ਮਹੀਨੇ ਜੁਬਾਨੀ ਹੁਕਮਾਂ ਤਹਿਤ ਰੋਕ ਲਈਆਂ ਜਾਂਦੀਆਂ, ਪਹਿਲਾਂ ਸਮੁੱਚੇ ਮਹਿਕਮਿਆਂ ਨੂੰ ਪੂਰੇ ਸਾਲ ਦਾ ਬਜਟ ਜਾਰੀ ਕੀਤਾ ਜਾਂਦਾ ਸੀ ਪ੍ਰੰਤੂ ਮੌਜੂਦਾ ਸਰਕਾਰ ਨੇ ਸਾਰੇ ਹੀ ਮਹਿਕਮਿਆਂ ਨੂੰ ਬਹੁਤ ਥੋੜਾ ਬਜਟ ਜਾਰੀ ਕੀਤਾ ਗਿਆ ਹੈ ਜਿਸ ਨਾਲ ਹਰ ਮਹੀਨੇ ਤਨਖਾਹਾਂ ਤੇ ਬਜਟ ਖਤਮ ਹੋਣ ਦਾ ਖਤਰਾ ਬਣਿਆ ਰਹਿੰਦਾ। ਪੈਨਸ਼ਨਰਾਂ ਦੀ ਸੇਵਾ ਮੁਕਤੀ ਤੇ ਮਿਲਣ ਵਾਲੇ ਲਾਭਾਂ ਦੇ ਬਿੱਲ ਵੀ ਪਿਛਲੇ ਲੰਬੇ ਸਮੇਂ ਤੋਂ ਜੁਬਾਨੀ ਹੁਕਮਾਂ ਤਹਿਤ ਰੋਕੇ ਹੋਏ ਹਨ ,ਅਧਿਆਪਕਾਂ ਸਮੇਤ ਸਾਰੇ ਮੁਲਾਜ਼ਮਾਂ ਦੇ ਜੀਪੀਐਫ ਐਡਵਾਂਸ ਦੇ ਬਿੱਲ ਦਸੰਬਰ 2024 ਤੋਂ ਰੋਕੇ ਗਏ ਹਨ, ਮੈਡੀਕਲ ਬਿਲ ਵੀ ਖਜ਼ਾਨੇ ਦੀਆਂ ਫਾਈਲਾਂ ਵਿੱਚ ਗੁੰਮ ਹੋਏ ਪਏ ਹਨ, 5178 ਅਧਿਆਪਕਾਂ ਦੇ ਬਕਾਏ ਜੋ ਕੋਰਟ ਵੱਲੋਂ ਵੀ ਸਰਕਾਰ ਨੂੰ ਜਾਰੀ ਕਰਨ ਦੇ ਹੁਕਮ ਦਿੱਤੇ ਹੋਏ ਹਨ,ਸਮੇਤ ਸਰਕਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਮੁਲਾਜ਼ਮਾਂ ਦਾ ਡੀ ਏ ਅਤੇ ਪੇਅ ਕਮਿਸ਼ਨ ਦਾ ਬਕਾਇਆ ਦੱਬਿਆ ਹੋਇਆ ਹੈ। ਪੇਂਡੂ ਭੱਤੇ ਸਮੇਤ 37 ਤਰ੍ਹਾਂ ਦੇ ਭੱਤੇ ਅਤੇ ਏ ਸੀ ਪੀ ਸਕੀਮ ਬੰਦ ਕੀਤੀ ਹੋਈ ਹੈ, ਕੇਂਦਰੀ ਪੇ ਸਕੇਲ ਦੇ ਨਾਂ ਹੇਠ ਪੰਜਾਬ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਉੱਪਰ ਮੋਟਾ ਕੱਟ ਲਗਾਇਆ ਗਿਆ ਜਾ ਰਿਹਾ ਹੈ। ਇਸ ਤਰ੍ਹਾਂ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਮੁਲਾਜ਼ਮ ਮਾਰੂ ਨੀਤੀ ਲਾਗੂ ਕਰਨ ਤੇ ਉੱਤਰੀ ਹੋਈ ਹੈ ਅਤੇ ਲਗਾਤਾਰਮੁਲਾਜ਼ਮਾਂ ਨੂੰ ਵਿੱਤੀ ਰਗੜੇ ਲਗਾ ਰਹੀ ਹੈ। ਜ਼ਿਲਾ ਖਜ਼ਾਨਾ ਦਫਤਰ ਬਠਿੰਡਾ ਅੱਗੇ ਲਗਾਏ ਗਏ ਧਰਨੇ ਨੂੰ ਸੰਬੋਧਨ ਕਰਦਿਆਂ ਜਿਲਾ ਜਥੇਬੰਦਕ ਸਕੱਤਰ ਕੁਲਵਿੰਦਰ ਸਿੰਘ ਵਿਰਕ, ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਖੇਮੋਆਣਾ, ਵਿੱਤ ਸਕੱਤਰ ਅਨਿਲ ਭੱਟ, ਬਲਾਕ ਪ੍ਰਧਾਨ ਭੁਪਿੰਦਰ ਸਿੰਘ ਮਾਈਸਰਖਾਨਾ, ਭੋਲਾ ਰਾਮ, ਰਾਜਵਿੰਦਰ ਸਿੰਘ ਜਲਾਲ, ਬਲਕਰਨ ਸਿੰਘ ਕੋਟਸ਼ਮੀਰ, ਅਸ਼ਵਨੀ ਡੱਬਵਾਲੀ, ਜਿਲਾ ਆਗੂ ਰਣਦੀਪ ਕੌਰ ਖਾਲਸਾ, ਬਲਜਿੰਦਰ ਕੌਰ ਨੇ ਸਰਕਾਰ ਦੀ ਅਣਐਲਾਨੀ ਵਿੱਤੀ ਐਮਰਜੈਂਸੀ ਖਿਲਾਫ ਸਮੁੱਚੇ ਮੁਲਾਜ਼ਮਾਂ ਨੂੰ ਸੰਘਰਸ਼ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿਹਾ ਕਿ ਪੰਜਾਬ ਸਰਕਾਰ ਜਾਣ ਬੁੱਝ ਕੇ ਆਪਣੇ ਵਿੱਤੀ ਘਾਟੇ ਨੂੰ ਮੁਲਾਜ਼ਮਾਂ ਉੱਪਰ ਥੋਪ ਕੇ ਉਹਨਾਂ ਦੀਆਂ ਤਨਖਾਹਾਂ ਤੇ ਕੱਟ ਲਗਾਉਣਾ ਚਾਹੁੰਦੀ ਹੈ। ਸਰਕਾਰ ਮਹਿਕਮਿਆਂ ਅੰਦਰ ਕਾਰਪੋਰੇਟ ਅਤੇ ਐਨ ਜੀ ਓਜ ਰਾਹੀਂ ਘੁਸਪੈਠ ਕਰਵਾ ਕੇ ਸਮੁੱਚੇ ਸਰਕਾਰੀ ਤੰਤਰ ਦਾ ਭੋਗ ਪਾਉਣਾ ਚਾਹੁੰਦੀ ਹੈ। ਸਰਕਾਰ ਦੀਆਂ ਵਿੱਤੀ ਕਟੌਤੀ ਦੀਆਂ ਚਾਲਾਂ ਨੂੰ ਸਮਝ ਕੇ ਸਮੁੱਚੇ ਅਧਿਆਪਕ ਅਤੇ ਮੁਲਾਜ਼ਮਾਂ ਨੂੰ ਸਰਕਾਰ ਖਿਲਾਫ ਆਪਣੀਆਂ ਮੰਗਾਂ ਲਈ ਕਰੜੇ ਸੰਘਰਸ਼ ਦੇ ਰਾਹ ਪੈਣਾ ਚਾਹੀਦਾ ਹੈ ਪੁਰਾਣੀ ਪੈਨਸ਼ਨ, ਡੀ ਏ ਅਤੇ ਪੇ ਕਮਿਸ਼ਨ ਜਿਹੀਆਂ ਆਰਥਿਕ ਮੰਗਾਂ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਨੇ ਲਟਕਾਈਆਂ ਹੋਈਆਂ ਹਨ ਜਿਨਾਂ ਦੀ ਪ੍ਰਾਪਤੀ ਲਈ ਭਵਿੱਖ ਵਿੱਚ ਤਿੱਖੇ ਦ੍ਰਿੜ ਖਾੜਕੂ ਅਤੇ ਵਿਸ਼ਾਲ ਏਕੇ ਵਾਲੇ ਸੰਘਰਸ਼ ਕਰਨੇ ਸਮੇਂ ਦੀ ਅਨਸਰਦੀ ਲੋੜ ਹੈ । ਇਸ ਸਮੇਂ ਹੋਰਨਾਂ ਤੋਂ ਇਲਾਵਾ ਵੱਖ ਵੱਖ ਜਥੇਬੰਦੀਆਂ ਤੋਂ ਪੈਨਸ਼ਨਰ ਐਸੋਸੀਏਸ਼ਨ ਤੋਂ ਕ੍ਰਿਸਨ ਮੰਨਣ, ਪੀ ਐੱਸ ਐੱਮ ਐੱਸ ਯੂ ਦੇ ਜਿਲ੍ਹਾ ਪ੍ਰਧਾਨ ਰਾਜਵੀਰ ਸਿੰਘ ਮਾਨ,ਸਾਬਕਾ ਡੀ ਟੀ ਐੱਫ ਪ੍ਰਧਾਨ ਪਰਮਜੀਤ ਸਿੰਘ,ਕੰਪਿਊਟਰ ਟੀਚਰ ਯੂਨੀਅਨ ਤੋਂ ਜੌਨੀ ਸਿੰਗਲਾ, ਗੁਰਬਖਸ਼ ਲਾਲ, ਸਮਿਤ ਗੋਇਲ,5178 ਅਧਿਆਪਕ ਜਥੇਬੰਦੀ ਤੋਂ ਕੁਲਵਿੰਦਰ ਸਿੰਘ ਆਗੂਆਂ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।