25 ਜਨਵਰੀ (ਗਗਨਦੀਪ ਸਿੰਘ) ਬਠਿੰਡਾ: ਸਿਖਲਾਈ ਅਧਿਕਾਰੀ ਕੈਪਟਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਰੋਜਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਕਾਲਝਰਾਣੀ ਵਲੋਂ ਬਠਿੰਡਾ ਜ਼ਿਲ੍ਹੇ ਸਮੇਤ ਸ੍ਰੀ ਮੁਕਤਸਰ ਸਾਹਿਬ ਅਤੇ ਫਾਜਿਲਕਾ ਦੇ ਅਗਨੀਵੀਰ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਨੂੰ ਲਿਖਤੀ ਪੇਪਰ ਅਤੇ ਫਿਜੀਕਲ ਟੈਸਟ ਦੀ ਤਿਆਰੀ ਮੁਫ਼ਤ ਕਰਵਾਈ ਜਾਵੇਗੀ। ਭਰਤੀ ਹੋਣ ਦੇ ਚਾਹਵਾਨ ਨੌਜਵਾਨ 29 ਜਨਵਰੀ 2024 ਤੋਂ ਕਿਸੇ ਵੀ ਕੰਮਕਾਜ ਵਾਲੇ ਦਿਨ ਸਵੇਰੇ 9 ਵਜੇ ਸੀ-ਪਾਈਟ, ਕਾਲਝਰਾਣੀ ਵਿਖੇ ਨਿੱਜੀ ਤੌਰ ਤੇ ਪਹੁੰਚ ਕੇ ਆਪਣੇ ਦਸਤਾਵੇਜ ਨਾਲ ਲਿਆ ਕੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕੈਪਟਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਕਰਵਾਉਣ ਸਮੇਂ ਨੌਜਵਾਨ ਦਸਵੀਂ ਜਮਾਤ ਦੇ ਸਰਟੀਫਿਕੇਟ ਦੀ ਫੋਟੋ ਕਾਪੀ, ਅਧਾਰ ਕਾਰਡ ਦੀ ਫੋਟੋ ਕਾਪੀ, ਜਾਤੀ ਸਰਟੀਫ਼ਿਕੇਟ ਦੀ ਫੋਟੋਕਾਪੀ, 02 ਪਾਸਪੋਰਟ ਸਾਈਜ਼ ਫੋਟੋਆਂ ਆਦਿ ਦਸਤਾਵੇਜ ਲੈ ਕੇ ਪਿੰਡ ਕਾਲਝਰਾਣੀ ਵਿਖੇ ਨਿੱਜੀ ਤੌਰ ਤੇ ਕੈਂਪ ਵਿੱਚ ਪਹੁੰਚ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸਾਲ 2024-25 ਲਈ ਆਰਮੀ ਦੀ ਅਗਨੀਵੀਰ ਦੀ ਭਰਤੀ ਲਈ ਰਜਿਸਟ੍ਰੇਸ਼ਨ 8 ਫਰਵਰੀ 2024 ਤੋਂ ਸ਼ੁਰੂ ਹੋ ਕੇ 21 ਮਾਰਚ 2024 ਤੱਕ ਹੋਣੀ ਹੈ। ਸਿਖਲਾਈ ਦੌਰਾਨ ਨੌਜਵਾਨਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖਾਣਾ ਅਤੇ ਰਿਹਾਇਸ਼ ਮੁਫਤ ਦਿੱਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਚਾਹਵਾਨ ਨੌਜਵਾਨ 94641-52013, 95493-00001, 94638-31615 ਤੇ ਸੰਪਰਕ ਕਰ ਸਕਦੇ ਹਨ।