===========================
ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਤੇ ਨਜਾਇਜ਼ ਤੌਰ ਲੱਗੇ NSA ਵਿੱਚ ਤੀਸਰੀ ਵਾਰ ਵਾਧੇ ਦਾ ਵੱਡੇ ਤੌਰ ਤੇ ਵਿਰੋਧ
===========================
( ਮਾਨਸਾ) 27 ਮਈ (ਨਾਨਕ ਸਿੰਘ ਖੁਰਮੀ ) ਅਕਾਲੀ ਦਲ ( ਵਾਰਿਸ ਪੰਜਾਬ ਦੇ ) ਅਧੀਨ ਆਉਂਦੀਆਂ ਸਾਰੀਆਂ ਜ਼ਿਲਾ ਇਕਾਈਆਂ ਵੱਲੋਂ ਅੱਜ ਪੰਜਾਬ ਦੇ ਹਰ ਜ਼ਿਲੇ ‘ਚ ਇੱਕਜੁਟ ਹੋ ਕੇ ਡਿਪਟੀ ਕਮਿਸ਼ਨਰ ਦਫਤਰਾਂ ਵੱਲ ਰੋਸ ਮਾਰਚ ਕੀਤੇ ਗਏ। ਇਹ ਮਾਰਚ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਉੱਤੇ ਤੀਜੀ ਵਾਰ ਨਜਾਇਜ਼ ਢੰਗ ਨਾਲ ਵਧਾਏ ਗਏ NSA, ਬੰਦੀ ਸਿੰਘਾਂ ਦੀ ਰਿਹਾਈ ਅਤੇ ਪੰਜਾਬੀਆਂ ਦੀ ਆਵਾਜ਼ ਨੂੰ ਦਬਾਉਣ ਦੇ ਵਿਰੋਧ ‘ਚ ਕੀਤੇ ਗਏ। ਹਰ ਜ਼ਿਲੇ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਅਕਾਲੀ ਦਲ ( ਵਾਰਿਸ ਪੰਜਾਬ ਦੇ ) ਆਗੂ, ਵਰਕਰ ਅਤੇ ਸਿੱਖ ਨੌਜਵਾਨ ਸ਼ਾਂਤੀਪੂਰਨ ਢੰਗ ਨਾਲ ਰੋਸ ਵਿਅਕਤ ਕਰਦੇ ਹੋਏ ਕੇਸਰੀ ਨਿਸ਼ਾਨ ਸਾਹਿਬ, ਭਾਈ ਅੰਮ੍ਰਿਤਪਾਲ ਸਿੰਘ ਦੀਆਂ ਤਸਵੀਰਾਂ ਤੇ ਹੱਕਾਂ ਦੇ ਸਲੋਗਨ ਲੈ ਕੇ ਨਿਕਲੇ। ਅਕਾਲੀ ਦਲ ( ਵਾਰਿਸ ਪੰਜਾਬ ਦੇ ) ਵੱਲੋਂ “NSA ਰੱਦ ਕਰੋ”, “ਸਿੱਖ ਨੌਜਵਾਨ ਰਿਹਾਅ ਕਰੋ”, “ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘ ਰਿਹਾਅ ਕਰੋ”, “ਸਿੱਖ ਕੌਮ ਦੀ ਆਵਾਜ਼ ਨੂੰ ਨਾਂ ਦਬਾਓ” ਵਰਗੇ ਨਾਅਰਿਆਂ ਦੀ ਗੂੰਜ ਨਾਲ ਪੰਜਾਬ ਦੇ ਹਰੇਕ ਸ਼ਹਿਰ ਵਿੱਚ ਲੋਕਤੰਤਰਿਕ ਰੂਪ ਵਿੱਚ ਆਪਣੀਂ ਆਵਾਜ਼ ਬੁਲੰਦ ਕੀਤੀ ਗਈ। ਪਾਰਟੀ ਆਗੂਆਂ ਨੇ ਦੱਸਿਆ ਕਿ ਭਾਈ ਅੰਮ੍ਰਿਤਪਾਲ ਸਿੰਘ, ਜੋ ਕਿ ਲੋਕਤੰਤਰੀ ਢੰਗ ਨਾਲ ਚੋਣ ਜਿੱਤ ਕੇ ਸੰਸਦ ‘ਚ ਪਹੁੰਚੇ ਹਨ, ਉਨ੍ਹਾਂ ਉੱਤੇ ਲਗਾਤਾਰ NSA ਦਾ ਵਾਧਾ ਕਰਨਾ ਸਿਰਫ਼ ਅਤੇ ਸਿਰਫ਼ ਪੰਜਾਬ ਦੀ ਆਵਾਜ਼ ਨੂੰ ਦਬਾਉਣ ਦੇ ਨਾਲ-ਨਾਲ ਲੋਕਤੰਤਰ ਦੀ ਵੀ ਹੱਤਿਆ ਹੈ । ਇਸੇ ਤਰ੍ਹਾਂ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਤੇ ਲਾਕੇ ਰੱਖੀ ਗਈ ਰੋਕ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਗ੍ਰਿਫਤਾਰ ਹੋਏ ਸਿੱਖ ਨੌਜਵਾਨਾਂ ਦੀ ਲੰਮੀ ਕੈਦ ਸਮੁੱਚੀ ਸਿੱਖ ਕੌਮ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਉਣ ਵਾਲੀ ਅਤੇ ਮਨੁੱਖੀ ਅਧਿਕਾਰਾਂ ਘਾਣ ਕਰਨ ਵਾਲੀ ਹੈ। ਉਹਨਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਜੇਲ੍ਹ ‘ਚ ਜਾਣ ਤੋਂ ਪਹਿਲਾਂ ਚਲਾਈ ਨਸ਼ਾ ਵਿਰੋਧੀ ਲਹਿਰ ਨੇ ਪੰਜਾਬ ਦੇ ਨੌਜਵਾਨਾਂ ਵਿਚ ਚੇਤਨਾ ਜਗਾਈ ਅਤੇ ਉਹਨਾਂ ਨੇ ਗੁਰਮਤਿ ਅਧਾਰਿਤ ਜੀਵਨ, ਸਿੱਖ ਸਿਧਾਂਤਾਂ ਦੀ ਰੱਖਿਆ ਅਤੇ ਮਨੁੱਖੀ ਅਧਿਕਾਰਾਂ ਦੀ ਬਹਾਲੀ ਲਈ ਲੋਕਾਂ ਨੂੰ ਉਤਸ਼ਾਹਿਤ ਕੀਤਾ। ਇਸਦੇ ਉਲਟ, ਪੰਜਾਬ ਦੇ ਮੁੱਖ ਮੰਤਰੀ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨੂੰ ਹਾਲਾਤ ਵਿਗਾੜਨ ਵਾਲਾ ਕਦਮ ਦੱਸਣਾ ਨਾ ਸਿਰਫ਼ ਹਕੀਕਤ ਤੋਂ ਪਰੇ ਹੈ, ਸਗੋਂ ਇਹ ਸਿੱਖ ਹੱਕਾਂ ਦੀ ਆਵਾਜ਼ ਨੂੰ ਦਬਾਉਣ ਦੀ ਯੋਜਨਾ ਦਾ ਹਿੱਸਾ ਵੀ ਲੱਗਦਾ ਹੈ। ਇਸ ਦੌਰਾਨ, ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਹਿਰਾਸਤ ਵਿੱਚ ਹੋਣ ਦੇ ਬਾਵਜੂਦ, ਪੰਜਾਬ ਦੇ ਹਰ ਹਿੱਸੇ ਤੋਂ ਨਸ਼ਿਆਂ ਦੀ ਵੱਧ ਰਹੀ ਭਿਆਨਕ ਸਥਿਤੀ, ਲਾਅ ਐਂਡ ਆਰਡਰ ਦਾ ਡਿੱਗਦਾ ਪੱਧਰ, ਨੌਜਵਾਨਾਂ ਵਿੱਚ ਵੱਧਦੀ ਨਿਰਾਸ਼ਾ, ਅਤੇ ਆਰਥਿਕ ਬੇਹਾਲੀ ਦੀਆਂ ਖ਼ਬਰਾਂ ਆ ਰਹੀਆਂ ਹਨ। ਇਹ ਸਾਰੇ ਹਾਲਾਤ ਸਿੱਧ ਕਰਦੇ ਹਨ ਕਿ ਅਸਲ ਖ਼ਤਰਾ ਭਾਈ ਅੰਮ੍ਰਿਤਪਾਲ ਸਿੰਘ ਨਹੀਂ, ਸਗੋਂ ਉਹ ਸੂਬਾਈ ਨੀਤੀਆਂ ਹਨ ਜੋ ਨਾਂ ਤਾਂ ਨਸ਼ਿਆਂ ਨੂੰ ਰੋਕ ਸਕੀਆਂ ਅਤੇ ਨਾਂ ਹੀ ਲੋਕਾਂ ਨੂੰ ਇਨਸਾਫ਼ ਦੇ ਸਕੀਆਂ। ਅਖ਼ੀਰ ਵਿੱਚ ਅਕਾਲੀ ਦਲ ( ਵਾਰਿਸ ਪੰਜਾਬ ਦੇ ) ਸਮੂਹ ਆਗੂਆਂ ਤੇ ਵਰਕਰਾਂ ਪਾਰਟੀ ਦੇ ਮੁੱਖ ਸੇਵਾਦਾਰ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਜੀ ਤੋਂ ਤੁਰੰਤ NSA ਹਟਾ ਕੇ ਰਿਹਾਅ ਕਰਨ ਦੀ ਗੱਲ ਕਰਦਿਆਂ “ਸਿੱਖ ਕੌਮ ਦੀ ਆਵਾਜ਼ ਜ਼ੁਲਮ ਦੇ ਖਿਲਾਫ਼” ਦਾ ਨਾਅਰਾ ਬੁਲੰਦ ਕੀਤਾ। ਇਸ ਮੌਕੇ ਜਿਲਾ ਮਾਨਸਾ ਤੋਂ ਮੁੱਖ ਤੌਰ ਤੇ
ਜ਼ਿਲ੍ਹਾ ਅਬਸਰਵਰ ਗੁਰਪ੍ਰੀਤ ਸਿੰਘ ਬੱਲੋ॥ਹਰਜੀਤ ਸਿੰਘ ਭੂੰਦੜ , ਰਮਿੰਦਰ ਸਿੰਘ ਝੱਬਰ, ਅਰਸ਼ਦੀਪ ਸਿੰਘ ਸਿੱਧੂ, ਮਿਸ਼ਰਾ ਸਿੰਘ ਘਰਾਂਗਣਾ ਜ਼ਿਲ੍ਹਾ ਕਾਰਜਕਾਰੀ ਕਮੇਟੀ ਮਾਨਸਾ
ਸ.ਸੁਖਚੈਨ ਸਿੰਘ ਅਤਲਾ (ਬਾਬਾ ਦੀਪ ਸਿੰਘ ਸੇਵਾ ਦਲ)
ਗੁਰਜੀਤ ਸਿੰਘ ਭੁੱਪਾਲ, ਮਿੱਠੂ ਸਿੰਘ ਭੁੱਪਾਲ , ਜਸਪ੍ਰੀਤ ਸਿੰਘ ਰੱਲਾ,ਨਿਰਭੈ ਸਿੰਘ ,ਜਗਸੀਰ ਸਿੰਘ ਰੜ੍ਹ ,ਰੇਸ਼ਮ ਸਿੰਘ ਜਵਾਹਰਕੇ,ਬੀਰਬਲ ਸਿੰਘ,ਭੁੱਪਿੰਦਰ ਸਿੰਘ, ਰਮਨਦੀਪ ਸਿੰਘ ਜਟਾਣਾ , ਧੰਨਾ ਸਿੰਘ ਬੁੱਢਲਾਡਾ ਹਾਜਰ ਸਨ।
ਅਕਾਲੀ ਦਲ ( ਵਾਰਿਸ ਪੰਜਾਬ ਦੇ ) ਵੱਲੋਂ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਗਏ ਮੰਗ ਪੱਤਰ

Leave a comment