23 ਜੁਲਾਈ (ਗਗਨਦੀਪ ਸਿੰਘ) ਮਹਿਲ ਕਲਾਂ: ਹੋਮੀ ਭਾਬਾ ਕੈਂਸਰ ਹਸਪਤਾਲ ਸੰਗਰੂਰ ਅਤੇ ਸਿਹਤ ਵਿਭਾਗ ਵੱਲੋਂ ਮਹਿਲ ਕਲਾਂ ਅੰਦਰ ਔਰਤਾਂ ਦੇ ਮੂੰਹ, ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਦੀ ਜਾਂਚ ਸੰਬੰਧੀ ਮੁੱਢਲੇ ਸਕਰੀਨਿੰਗ ਕੈਂਪ ਲਗਾਏ ਜਾ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਮ.ਓ ਮਹਿਲ ਕਲਾਂ ਡਾ.ਗੁਰਤੇਜਿੰਦਰ ਕੌਰ ਨੇ ਦੱਸਿਆ ਕਿ ਹੋਮੀ ਭਾਬਾ ਕੈਂਸਰ ਹਸਪਤਾਲ ਦੀ ਟੀਮ ਵੱਲੋਂ ਲਗਭਗ ਦੋ ਮਹੀਨੇ ਅੰਦਰ – ਅੰਦਰ ਇਹ ਕੈਂਸਰ ਸਕਰੀਨਿੰਗ ਸਰਵੇ ਪੂਰਾ ਕੀਤਾ ਜਾਣਾ ਹੈ।
ਇਸ ਸੰਬੰਧ ਵਿਸਥਾਰਿਤ ਜਾਣਕਾਰੀ ਦਿੰਦਿਆਂ ਸਿਹਤ ਬਲਾਕ ਮਹਿਲ ਕਲਾਂ ਦੇ ਬਲਾਕ ਐਕਸਟੈਂਸਨ ਐਜੂਕੇਟਰ ਕੁਲਜੀਤ ਸਿੰਘ ਵਜੀਦਕੇ ਨੇ ਦੱਸਿਆ ਕਿ ਇਸ ਸੰਬੰਧੀ ਬਲਾਕ ਪੀ.ਐੱਚ.ਸੀ ਮਹਿਲ ਕਲਾਂ ਅਧੀਨ ਆਸਾ ਫੈਸਿਲੀਟੇਟਰਜ ਅਤੇ ਆਸ਼ਾ ਵਰਕਰਾਂ ਦੇ ਸਹਿਯੋਗ ਨਾਲ ਕੈਂਸਰ ਹਸਪਤਾਲ ਦੀਆਂ ਟੀਮਾਂ ਵੱਲੋਂ ਪਿੰਡਾਂ ਵਿੱਚ ਕੈਂਸਰ ਬਾਰੇ ਸਿਹਤ ਸਿੱਖਿਆ ਦੇਣ ਉਪਰੰਤ ਔਰਤਾਂ ਦੇ ਮੂੰਹ,ਬੱਚੇਦਾਨੀ ਅਤੇ ਛਾਤੀ ਦੇ ਕੈਂਸਰ ਬਾਰੇ ਸਕਰੀਨਿੰਗ ਕੈਂਪ ਲਗਾਏ ਜਾ ਰਹੇ ਹਨ ਅਤੇ ਸ਼ੁਰੂਆਤੀ ਲੱਛਣਾਂ ਵਾਲੀਆਂ ਔਰਤਾਂ ਨੂੰ ਹੋਮੀ ਭਾਬਾ ਕੈਂਸਰ ਹਸਪਤਾਲ ਵਿਖੇ ਇਲਾਜ/ਜਾਂਚ ਲਈ ਭੇਜਿਆ ਜਾ ਰਿਹਾ ਹੈ। ਉਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਸ ਮੁੱਢਲੇ ਕੈਂਸਰ ਜਾਂਚ ਸਰਵੇ ਦਾ ਲਾਭ ਲੈਣ ਤਾਂ ਜੇ ਇਸ ਭਿਆਨਕ ਬਿਮਾਰੀ ਤੋਂ ਸਮਾਂ ਰਹਿੰਦਿਆਂ ਬਚਾਓ ਕੀਤਾ ਜਾ ਸਕੇ। ਇਸ ਮੌਕੇ ਤੇ ਡਾ.ਤਨਵੀਰ ਕੌਰ,ਮਨਪ੍ਰੀਤ ਸਿੰਘ ਕੋ-ਆਰਡੀਨੇਟਰ, ਨਿਰਮਲ ਸਿੰਘ ਐਲ.ਟੀ. ਕੌਮਲ,ਸੀ.ਐੱਚ.ਓ ਸੁਖਦੀਪ ਕੌਰ ਅਤੇ ਸਮੂਹ ਆਸਾ ਵਰਕਰਜ ਮਹਿਲ ਕਲਾਂ ਹਾਜਰ ਸਨ।