31 ਮਾਰਚ (ਰਿੰਪਲ ਗੋਲਣ) ਭਿੱਖੀਵਿੰਡ: ਭਿੱਖੀਵਿੰਡ ਦੇ ਨਿੱਜੀ ਹਸਪਤਾਲ ਵਿੱਚ ਜਣੇਪੇ ਲਈ ਆਈ ਔਰਤ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਔਰਤ ਦੀ ਪਛਾਣ ਸੰਦੀਪ ਕੌਰ(32) ਪਤਨੀ ਹਰਪ੍ਰੀਤ ਸਿੰਘ ਵਾਸੀ ਨਾਰਲੀ ਵਜੋਂ ਹੋਈ ਹੈ। ਦੱਸ ਦਈਏ ਕਿ ਮ੍ਰਿਤਕ ਔਰਤ ਦੇ ਪਤੀ ਤੇ ਪਰਿਵਾਰਿਕ ਮੈਂਬਰਾਂ ਨੇ ਸੰਦੀਪ ਕੌਰ ਦੀ ਮੌਤ ਲਈ ਹਸਪਤਾਲ ਦੇ ਸਟਾਫ਼ ਤੇ ਡਾਕਟਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਥਾਣਾ ਭਿੱਖੀਵਿੰਡ ‘ਚ ਦਰਜ ਕਰਵਾਈ ਦਰਖ਼ਾਸਤ ‘ਚ ਮ੍ਰਿਤਕ ਸੰਦੀਪ ਕੌਰ ਦੇ ਪਤੀ ਹਰਪ੍ਰੀਤ ਸਿੰਘ ਉਰਫ਼ ਹੰਸ ਪੁੱਤਰ ਪਰਮਜੀਤ ਸਿੰਘ ਹੰਸ ਨੇ ਦੱਸਿਆ ਕਿ ਉਸ ਨੇ ਮਿਤੀ 28 ਮਾਰਚ ਨੂੰ ਆਪਣੀ ਪਤਨੀ ਨੂੰ ਪ੍ਰਸੂਤੀ ਪੀੜਾਂ ਹੋਣ ਮਗਰੋਂ ਜਣੇਪੇ ਲਈ ਧਵਨ ਨਰਸਿੰਗ ਹੋਮ ਭਿੱਖੀਵਿੰਡ ਵਿੱਚ ਦਾਖਲ ਕਰਵਾਇਆ ਸੀ। ਮ੍ਰਿਤਕ ਔਰਤ ਦੇ ਪਤੀ ਨੇ ਦੱਸਿਆ ਕਿ ਮਿਤੀ 29 ਮਾਰਚ ਨੂੰ ਸਮਾਂ ਕਰੀਬ ਢਾਈ ਕੁ ਵਜੇ ਉਸ ਦੀ ਪਤਨੀ ਦੀ ਡਿਲੀਵਰੀ ਹੋਈ ਅਤੇ ਉਸਦੇ ਘਰ ਲੜਕੀ ਨੇ ਜਨਮ ਲਿਆ। ਹਰਪ੍ਰੀਤ ਨੇ ਦੱਸਿਆ ਕਿ ਜਦੋਂ ਜਣੇਪੇ ਤੋਂ 15 ਮਿੰਟਾਂ ਬਾਅਦ ਉਸ ਦੀ ਪਤਨੀ ਤੇਜ਼ ਪੀੜ ਹੋਣ ਕਾਰਨ ਤੜਫਣ ਲੱਗ ਪਈ ਤਾਂ ਡਾਕਟਰਾਂ ਵੱਲੋਂ ਉਸ ਨੂੰ ਦਿਲਾਸਾ ਦਿੱਤਾ ਗਿਆ ਕਿ ਉਸ ਦੀ ਪਤਨੀ ਬਿਲਕੁਲ ਠੀਕ-ਠਾਕ ਹੈ ਤੇ ਡਾਕਟਰਾਂ ਨੇ ਉਸ ਦੀ ਪਤਨੀ ਨੂੰ ਵੈਨਟੀਲੇਟਰ ‘ਤੇ ਪਾ ਦਿੱਤਾ। ਜਦੋਂ ਕੁਝ ਘੰਟੇ ਬੀਤ ਜਾਣ ਦੇ ਬਾਵਜੂਦ ਉਸ ਦੀ ਪਤਨੀ ਨੂੰ ਕੋਈ ਵੀ ਹੋਸ਼ ਨਾ ਆਈ ਤਾਂ ਡਾਕਟਰਾਂ ਨੇ ਉਸ ਦੀ ਪਤਨੀ ਨੂੰ ਆਪਣੀ ਨਿੱਜੀ ਐਬੂਲੈਂਸ ਦੇ ਕੇ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ‘ਚ ਭੇਜ ਦਿੱਤਾ, ਜਿੱਥੇ ਸੰਦੀਪ ਕੌਰ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਹਰਪ੍ਰੀਤ ਸਿੰਘ ਨੇ ਕਿਹਾ ਕਿ ਹਸਪਤਾਲ ਦੇ ਡਾਕਟਰ ਤੇ ਸਟਾਫ ਵੱਲੋਂ ਵਰਤੀ ਗਈ ਅਣਗਿਹਲੀ ਕਾਰਨ ਉਸ ਦੀ ਪਤਨੀ ਦੀ ਮੌਤ ਹੋਈ ਹੈ। ਇਸ ਮੌਕੇ ਹਰਪ੍ਰੀਤ ਸਿੰਘ ਨੇ ਥਾਣਾ ਮੁਖੀ ਭਿੱਖੀਵਿੰਡ ਤੇ ਡੀਐੱਸਪੀ ਭਿੱਖੀਵਿੰਡ ਪਾਸੋਂ ਹਸਪਤਾਲ ਦੇ ਡਾਕਟਰ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉੱਧਰ ਇਸ ਮਾਮਲੇ ਸੰਬੰਧੀ ਜਦੋਂ ਧਵਨ ਨਰਸਿੰਗ ਹੋਮ ਭਿੱਖੀਵਿੰਡ ਦੇ ਡਾਕਟਰ ਵਿਜੇ ਧਵਨ ਦਾ ਪੱਖ ਲੈਣ ਲਈ ਪੱਤਰਕਾਰਾਂ ਦੀ ਟੀਮ ਹਸਪਤਾਲ ਪਹੁੰਚੀ ਤਾਂ ਡਾਕਟਰ ਆਪਣੇ ਕਮਰੇ ਵਿੱਚ ਹਾਜ਼ਰ ਨਹੀਂ ਸਨ। ਜਦੋਂ ਡਾਕਟਰ ਨਾਲ ਫੋਨ ‘ਤੇ ਰਾਬਤਾ ਕਾਇਮ ਕੀਤਾ ਗਿਆ ਤਾਂ ਆਪਣਾ ਪੱਖ ਦੇਣ ਦੀ ਬਜਾਏ ਡਾਕਟਰ ਸਾਹਬ ਨੇ ਆਪਣੇ ਆਫ਼ਿਸ ਆ ਕੇ ਸਾਰੀ ਜਾਣਕਾਰੀ ਦੇਣ ਦੀ ਗੱਲ ਕਹਿ ਕੇ ਫੋਨ ਕੱਟ ਦਿੱਤਾ। ਇਸ ਮਾਮਲੇ ਸੰਬੰਧੀ ਜਦੋਂ ਥਾਣਾ ਮੁਖੀ ਭਿੱਖੀਵਿੰਡ ਮੋਹਿਤ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮ੍ਰਿਤਕ ਔਰਤ ਸੰਦੀਪ ਕੌਰ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਡੈੱਡ ਹਾਊਸ ਵਿੱਚ ਭੇਜ ਦਿੱਤਾ ਗਿਆ ਹੈ। ਐੱਸ.ਐੱਚ.ਓ ਨੇ ਦੱਸਿਆ ਕਿ ਮ੍ਰਿਤਕ ਔਰਤ ਦੇ ਪਰਿਵਾਰ ਦੇ ਬਿਆਨ ਦਰਜ ਕਰਨ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।