*ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਖ਼ੂਨ ਦਾਨ ਕੈਂਪ ਦਾ ਆਯੋਜਨ
08 ਮਈ (ਕਰਨ ਭੀਖੀ) ਮਾਨਸਾ: ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਮਾਨਸਾ ਵੱਲੋਂ ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਐਂਡ ਵੈੱਲਫੇਅਰ ਕਲੱਬ ਮਾਨਸਾ ਦੇ ਸਹਿਯੋਗ ਨਾਲ ਸਥਾਨਕ ਬਾਲ ਭਵਨ ਵਿਖੇ ਖ਼ੂਨ ਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਨਿਰਮਲ ਓਸੇਪਚਨ ਨੇ ਕੀਤਾ।
ਉਨ੍ਹਾਂ ਇਸ ਮੌਕੇ ਰੈੱਡ ਕਰਾਸ ਦੇ ਬਾਨੀ ਸਰ ਜੀਨ ਹੈਨਰੀ ਡਿਊਨਾ ਦੀ ਜੀਵਨੀ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਖ਼ੂਨ ਦਾਨ ਮਾਨਵਤਾ ਦੀ ਸੇਵਾ ਵਿੱਚ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਖ਼ੂਨ ਦਾਨ ਮਹਾਨ ਦਾਨ ਹੈ ਅਤੇ ਇਸ ਨਾਲ ਬੇਸ਼ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਹਰ ਤੰਦਰੁਸਤ ਵਿਅਕਤੀ ਨੂੰ ਖ਼ੂਨ ਦਾਨ ਜ਼ਰੂਰ ਕਰਨਾ ਚਾਹੀਦਾ ਹੈ।
ਇਸ ਮੌਕੇ ਖ਼ੂਨ ਦਾਨ ਕੈਂਪ ਵਿਚ 22 ਯੂਨਿਟ ਖ਼ੂਨ ਦਾਨ ਕੀਤਾ ਗਿਆ। ਵਧੀਕ ਡਿਪਟੀ ਕਮਿਸ਼ਨਰ ਵੱਲੋਂ ਖ਼ੂਨ ਦਾਨ ਕਰਨ ਵਾਲਿਆਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਅਤੇ ਹੋਰਨਾਂ ਨੂੰ ਵੀ ਮਾਨਵਤਾ ਦੀ ਸੇਵਾ ਲਈ ਖ਼ੂਨ ਦਾਨ ਕਰਨ ਲਈ ਪ੍ਰੇਰਿਤ ਕਰਨ ਲਈ ਕਿਹਾ।
ਇਸ ਮੌਕੇ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਸੰਧੂ, ਚੇਅਰਮੈਨ ਕਰਤਾਰ ਸਿੰਘ ਸਰਾਭਾ ਕਲੱਬ ਜੱਸੀ ਸਿੰਘ ਸਿੱਧੂ, ਸ਼੍ਰੀ ਰਣਵੀਰ ਮਾਨਸ਼ਾਹੀਆ, ਸ੍ਰੀ ਗੁਰਪ੍ਰੀਤ ਸਿੰਘ ਭੰਮੇ, ਹਰਦੀਪ ਸਿੱਧੂ, ਅਮਨਦੀਪ ਢੂੰਡਾ, ਡਿੰਪਲ ਫਰਵਾਹੀਂ, ਧਰਵਿੰਦਰ ਔਲਖ, ਭੋਲਾ ਸਿੰਘ, ਅਭਿਸ਼ੇਕ ਮਿੱਤਲ, ਸੁਖਵੀਰ ਢਿੱਲੋ, ਮਨਜੀਤ ਮਾਨ ਅਤੇ ਸਟੇਟ ਅਵਾਰਡੀ ਰਾਜਿੰਦਰ ਕੁਮਾਰ ਵਰਮਾ ਹਾਜ਼ਰ ਸਨ।