- ਹਰਿਆਣਾ ਦੇ ਲੋਕ ਵੀ ਚਾਹੁੰਦੇ ਹਨ ਦਿੱਲੀ ਅਤੇ ਪੰਜਾਬ ਵਰਗਾ ਪਾਰਦਰਸ਼ੀ ਰਾਜ: ਜਤਿੰਦਰ ਭੱਲਾ
08 ਸਤੰਬਰ (ਰਾਜਦੀਪ ਜੋਸ਼ੀ) ਬਠਿੰਡਾ: ਨਗਰ ਸੁਧਾਰ ਟਰਸਟ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਭੱਲਾ ਨੇ ਕਿਹਾ ਹੈ ਕਿ ਹਰਿਆਣਾ ਦੇ ਲੋਕ ਦਿੱਲੀ ਅਤੇ ਪੰਜਾਬ ਵਰਗਾ ਸਾਫ ਸੁਥਰਾ ਤੇ ਪਾਰਦਰਸ਼ੀ ਰਾਜ ਚਾਹੁੰਦੇ ਹਨ। ਹਰਿਆਣਾ ਦੇ ਫਾਂਸੀ ਵਿਧਾਨ ਸਭਾ ਹਲਕੇ ਵਿੱਚ ਚੋਣ ਪ੍ਰਚਾਰ ਤੋਂ ਬਾਅਦ ਗੱਲਬਾਤ ਕਰਦਿਆਂ ਭੱਲਾ ਨੇ ਕਿਹਾ ਕਿ ਹਰਿਆਣਾ ਦੇ ਲੋਕ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਵੇਖਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਹਰਿਆਣਾ ਦੇ ਲੋਕਾਂ ਨੇ ਦਿੱਲੀ ਅਤੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦਾ ਸਾਫ ਸੁਥਰਾ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਰਹਿਤ ਰਾਜ ਨੇੜਿਓਂ ਦੇਖਿਆ ਹੈ, ਜਿਸ ਕਾਰਨ ਉਹ ਵੀ ਚਾਹੁੰਦੇ ਹਨ ਕਿ ਹਰਿਆਣਾ ਵਿੱਚ ਅਜਿਹਾ ਹੀ ਰਾਜ ਸਥਾਪਤ ਹੋਵੇ ਜਿਸ ਵਿੱਚ ਆਮ ਆਦਮੀ ਦੀ ਸੁਣਵਾਈ ਅਤੇ ਉਸ ਨੂੰ ਸਹੂਲਤਾਂ ਮਿਲਣ। ਭੱਲਾ ਨੇ ਕਿਹਾ ਕਿ ਹਰਿਆਣਾ ਵਿੱਚ ਵੀ ਪੰਜਾਬ ਵਾਂਗ ਕੁਝ ਸਿਆਸੀ ਪਾਰਟੀਆਂ ਲੋਕਾਂ ਨੂੰ ਗੁਮਰਾਹ ਕਰਕੇ ਵਾਰੋ ਵਾਰੀ ਰਾਜ ਕਰਦੀਆਂ ਆ ਰਹੀਆਂ ਹਨ, ਪਰ ਇਸ ਵਾਰ ਹਰਿਆਣਾ ਦੇ ਲੋਕ ਜਾਗਰੂਕ ਹੋ ਚੁੱਕੇ ਹਨ ਅਤੇ ਉਹ ਪੰਜਾਬ ਵਾਂਗ ਰਵਾਇਤੀ ਪਾਰਟੀਆਂ ਦਾ ਇਨਾ ਵਿਧਾਨ ਸਭਾ ਚੋਣਾਂ ਵਿੱਚ ਸਫਾਇਆ ਕਰ ਦੇਣਗੇ। ਉਹਨਾਂ ਕਿਹਾ ਕਿ ਹਰਿਆਣਾ ਦੇ ਲੋਕ ਵੀ ਚਾਹੁੰਦੇ ਹਨ ਕਿ ਦਿੱਲੀ ਅਤੇ ਪੰਜਾਬ ਵਾਂਗ ਆਮ ਆਦਮੀ ਕਲੀਨਿਕ ਸਕੂਲ ਆਫ ਐਮੀਨੈਂਸ ਅਤੇ ਹੋਰ ਸਹੂਲਤਾਂ ਉਹਨਾਂ ਨੂੰ ਮਿਲਣ। ਭੱਲਾ ਨੇ ਕਿਹਾ ਕਿ ਹਰਿਆਣਾ ਦੇ ਲੋਕ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀਆਂ ਗਰੰਟੀਆਂ ਉੱਪਰ ਵਿਸ਼ਵਾਸ ਹੀ ਨਹੀਂ ਕਰ ਰਹੇ ਸਗੋਂ ਇਹਨਾਂ ਗਰੰਟੀਆਂ ਦਾ ਭਰਪੂਰ ਸਵਾਗਤ ਕਰ ਰਹੇ ਹਨ। ਉਹਨਾਂ ਦਾਅਵਾ ਕੀਤਾ ਕਿ ਦਿੱਲੀ ਅਤੇ ਪੰਜਾਬ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਹਰਿਆਣਾ ਵਿੱਚ ਵੀ ਬਹੁਮਤ ਹਾਸਿਲ ਕਰਕੇ ਆਪਣੀ ਸਰਕਾਰ ਬਣਾਵੇਗੀ ਅਤੇ ਪੰਜਾਬ ਦੀ ਤਰ੍ਹਾਂ ਸਾਰੀਆਂ ਸਹੂਲਤਾਂ ਹਰਿਆਣਾ ਦੇ ਲੋਕਾਂ ਨੂੰ ਵੀ ਮੁਹਈਆ ਕਰਵਾਈਆਂ ਜਾਣਗੀਆਂ।