ਕਾਂਗਰਸ ਦੇ ਇਕ ਆਗੂ ਨਾਲ ਰਲ ਕੇ ਜਿੱਤੀ ਸੀ ਤੀਜੀ ਵਾਰ ਚੋਣ
29 ਅਪ੍ਰੈਲ (ਰਾਜਦੀਪ ਜੋਸ਼ੀ) ਬਠਿੰਡਾ: ਬਠਿੰਡਾ ਲੋਕ ਸਭਾ ਹਲਕੇ ਤੋਂ ਆਪ ਦੇ ਉਮੀਦਵਾਰ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਜੇਕਰ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਦੀ ਕਾਰਗੁਜ਼ਾਰੀ ਚੰਗੀ ਹੁੰਦੀ ਤਾਂ ਹਰ ਚੋਣ ਵਿਚ ਉਸ ਦਾ ਵੋਟਾਂ ਦਾ ਅੰਤਰ ਨਾ ਘੱਟਦਾ। ਉਹ ਬਠਿੰਡਾ ਸ਼ਹਿਰ ਵਿੱਚ ਵੱਖ-ਵੱਖ ਮਹੱਲਿਆਂ ਅੰਦਰ ਚੋਣ ਜਲਸਿਆਂ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਪਹਿਲੀ ਵਾਰ ਕਰੀਬ ਸਵ ਲੱਖ ਵੋਟਾਂ ਦੇ ਅੰਤਰ ਨਾਲ ਜੇਤੂ ਰਹੀ ਸੀ ਪਰ ਸਾਲ 2019 ਦੇ ਵਿਚ ਤੀਜੀ ਵਾਰ ਆਪਣੇ ਪਰਿਵਾਰ ਦੇ ਕਾਂਗਰਸੀ ਆਗੂ ਨਾਲ ਮਿਲ ਕੇ ਉਹਨਾਂ ਚੋਣ ਜਿੱਤੀ, ਜੇਕਰ ਪਰਿਵਾਰ ਨਾਂ ਮਿਲਦਾ ਤਾਂ ਹਰਸਿਮਰਤ ਬਾਦਲ ਨੇ ਬੁਰੀ ਤਰ੍ਹਾਂ ਹਾਰ ਜਾਣਾ ਸੀ, ਪਰ ਵੋਟਾਂ ਦਾ ਅੰਤਰ ਸਿਰਫ 20 ਹਜਰ ਦੇ ਨੇੜੇ ਤੇੜੇ ਰਿਹਾ। ਉਹਨਾਂ ਕਿਹਾ ਕਿ ਏਮਜ਼ ਦੇ ਨਾਂ ’ਤੇ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਬਣਦੀ ਆ ਰਹੀ ਹੈ ਪਰ ਇਸ ਵਾਰ ਲੋਕ ਉਸ ਨੂੰ ਵੱਡੇ ਅੰਤਰ ਨਾਲ ਹਰਾ ਦੇਣਗੇ। ਉਹਨਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਨੂੰ ਇਕ ਸਾਲ ਵਿਚ ਪੰਜ ਕਰੋੜ ਰੁਪਏ ਦੀ ਗਰਾਂਟ ਮਿਲਦੀ ਹੈ ਪਰ ਬਠਿੰਡਾ ਲੋਕ ਸਭਾ ਹਲਕੇ ਅੰਦਰ ਜੇਕਰ ਹਰਸਿਮਰਤ ਨੇ ਗ੍ਰਾਂਟ ਖਰਚੀ ਹੁੰਦੀ ਤਾਂ ਲੋਕਾਂ ਨੂੰ ਅੱਜ ਸੁੱਖ ਦਾ ਸਾਹ ਆਇਆ ਹੁੰਦਾ। ਉਹਨਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਨੇ ਪੰਜਾਬ ਨਾਲ ਹੋਣ ਵਾਲੇ ਧੱਕਿਆਂ ਖਿਲਾਫ ਲੜਾਈ ਲੜ ਕੇ ਲੋਕਾਂ ਦਾ ਭਲਾ ਕਰਨਾ ਹੁੰਦਾ ਹੈ ਪਰ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਹੁੰਦਿਆਂ ਕੇਂਦਰ ਸਰਕਾਰ ਦੇ ਧੱਕਿਆਂ ਦੇ ਭਾਈਵਾਲ ਬਣੇ ਰਹੇ। ਉਹਨਾਂ ਕਿਹਾ ਕਿ ਪੰਜਾਬ ਲਈ ਉਹੀ ਆਗੂ ਲੜ ਸਕਦਾ ਹੈ ਜਿਸ ਨੇ ਕੇਂਦਰ ਤੋਂ ਆਪਣੇ ਨਿੱਜੀ ਪ੍ਰੋਜੈਕਟ ਨਾ ਲੈਣੇ ਹੋਣ। ਉਹਨਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਬਠਿੰਡਾ ਦੇ ਮਸਲਿਆਂ ਨੂੰ ਲੋਕ ਸਭਾ ਵਿੱਚ ਉਠਾ ਕੇ ਹੱਲ ਕਰਵਾਉਣ ਲਈ ਉਹ ਸਦਾ ਯਤਨਸ਼ੀਲ ਰਹਿਣਗੇ। ਜਥੇਦਾਰ ਖੁੱਡੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦਾ 5700 ਕਰੋੜ ਰੁਪਏ ਆਰਡੀਐਫ ਨੱਪ ਕੇ ਬੈਠੀ ਹੋਈ ਹੈ। ਉਹਨਾਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਦੀ ਗੱਲ ਕਰਦਿਆਂ ਕਿਹਾ ਕਿ ਹਰ ਘਰ ਨੂੰ 600 ਯੂਨਿਟ ਬਿਜਲੀ ਮੁਫਤ ਦਿੱਤੀ ਗਈ ਹੈ ਜਦੋਂ ਕਿ ਆਮ ਆਦਮੀ ਕਲੀਨਿਕਾਂ ਵਿੱਚ ਲੋਕ ਆਪਣਾ ਮੁਫਤ ਇਲਾਜ ਕਰਵਾ ਰਹੇ ਹਨ।