—–ਸ੍ਰ. ਚਰਨ ਸਿੰਘ ਦਾ ਜਨਮ 1891 ਈਸਵੀ ਨੂੰ ਪਿਤਾ ਸਰਦਾਰ ਸੂਬਾ ਸਿੰਘ ਅਤੇ ਮਾਤਾ ਬੀਬੀ ਸ਼ਿਵ ਕੌਰ ਜੀ ਦੇ ਘਰ ਕਟੜਾ ਘੱਨਈਆ, ਗਲੀ ਗ੍ਰੰਥੀਆਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। ਆਪ ਜੀ ਦੇ ਦਾਦਾ ਜੀ ਦਾ ਨਾਮ ਭਾਈ ਕਿਸ਼ਨ ਸਿੰਘ ਸੀ। ਆਪ ਜੀ ਦੇ ਪਿਤਾ ਜੀ ਅਤੇ ਦਾਦਾ ਜੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪੁਰਾਤਨ ਖ਼ਾਨਦਾਨੀ ਗ੍ਰੰਥੀਆਂ ਵਿੱਚੋਂ ਸਨ। ਆਪ ਜੀ ਦੇ ਖ਼ਾਨਦਾਨ ਨੂੰ ਮਹਾਰਾਜਾ ਰਣਜੀਤ ਸਿੰਘ ਵੱਲੋਂ ਕੁਝ ਜਗੀਰ ਵੀ ਦਿੱਤੀ ਗਈ ਸੀ ਆਪ ਦੇ ਦੋ ਭਰਾ ਸਰਦਾਰ ਪ੍ਰੀਤਮ ਸਿੰਘ ਤੇ ਸਰਦਾਰ ਹਜ਼ਾਰਾ ਸਿੰਘ ਸਨ।
ਆਪ ਜੀ ਦਾ ਬਚਪਨ ਧਾਰਮਿਕ ਮਾਹੌਲ ਵਿੱਚ ਬੀਤਿਆ। ਉਸ ਸਮੇਂ ਦੇ ਰੀਤੀ ਰਿਵਾਜਾਂ ਤੇ ਮਾਪਿਆਂ ਦੀ ਪਹੁੰਚ ਦੇ ਅਨੁਸਾਰ ਆਪ ਜੀ ਨੂੰ ਬਚਪਨ ਸਮੇਂ ਸਕੂਲ ਵਿੱਚ ਵਿੱਦਿਆ ਪੰਜਾਬੀ ਵਿੱਚ ਪੜ੍ਹਨ ਦਾ ਅਵਸਰ ਮਿਲ਼ਿਆ।ਬਚਪਨ ਵਿੱਚ ਚੇਚਕ ਹੋ ਜਾਣ ਕਾਰਨ ਭਾਵੇਂ ਆਪਦੇ ਚਿਹਰੇ ਤੇ ਮਾਤਾ ਦੇ ਛੋਟੇ ਛੋਟੇ ਦਾਗ਼ ਸਨ ਪਰ ਆਪ ਸੋਹਣੇ ਕੱਦ ਵਾਲ਼ੇ, ਚੇਤਨ ਬੁੱਧੀ ਦੇ ਮਾਲਕ ਖ਼ੂਬਸੂਰਤ ਜਵਾਨ ਸਨ।
ਆਪ ਨੇ ਅੱਠਵੀਂ ਸ਼੍ਰੇਣੀ ਸੰਤ ਸਿੰਘ ਸੁੱਖਾ ਸਿੰਘ ਮਿਡਲ ਸਕੂਲ ਤੋਂ ਕੀਤੀ ਅਤੇ ਨੌਵੀਂ ਹਿੰਦੂ ਸਭਾ ਸਕੂਲ ਤੋਂ ਕੀਤੀ। ਇਸੇ ਸਮੇਂ ਹੀ ਆਪ ਨੇ ਆਪਣੇ ਪਿਤਾ ਜੀ ਦੇ ਮਿੱਤਰ ਪੰਡਿਤ ਹਜ਼ਾਰਾ ਸਿੰਘ ਤੋਂ ਧਾਰਮਿਕ ਵਿਦਿਆ ਹਾਸਿਲ ਕੀਤੀ ਜੋ ਆਪਣੇ ਸਮੇਂ ਦੇ ਮਹਾਨ ਵਿਦਵਾਨ ਸਨ। ਭਾਈ ਵੀਰ ਸਿੰਘ ਦੇ ਪਿਤਾ ਡਾਕਟਰ ਚਰਨ ਸਿੰਘ, ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ ਅਤੇ ਚਰਨ ਸਿੰਘ ਸ਼ਹੀਦ ਦੇ ਵੱਡੇ ਭਰਾ ਨਰਾਇਣ ਸਿੰਘ ਨੇ ਵੀ ਉਹਨਾਂ ਤੋਂ ਵਿਦਿਆ ਪ੍ਰਾਪਤ ਕੀਤੀ ਸੀ। ਆਪ ਜੀ ਪੰਜਾਬੀ ਤੋਂ ਇਲਾਵਾ ਉਰਦੂ ਅਤੇ ਅੰਗਰੇਜ਼ੀ ਭਾਸ਼ਾ ਦੇ ਵੀ ਗਿਆਤਾ ਸਨ।
1906 ਵਿੱਚ 16 ਸਾਲਾਂ ਦੀ ਉਮਰ ਵਿੱਚ ਆਪ ਖ਼ਾਲਸਾ ਸਮਾਚਾਰ ਅਖ਼ਬਾਰ ਦੇ ਪਰੂਫ ਰੀਡਰ ਬਣ ਗਏ। ਇੱਥੇ ਭਾਈ ਵੀਰ ਸਿੰਘ ਅਤੇ ਲਾਲਾ ਧਨੀ ਰਾਮ ਚਾਤ੍ਰਿਕ ਦੀ ਸੰਗਤ ਵਿੱਚ ਆਪ ਦੀਆਂ ਸਾਹਿਤ ਰੂਚੀਆਂ ਪ੍ਰਫੁਲਿਤ ਹੋਣ ਲੱਗੀਆਂ। ਸੰਨ 1907 ਵਿੱਚ ਆਪ ਨੇ ਪਹਿਲਾ ਨਾਵਲ ‘ਸ਼ਾਮ ਸੁੰਦਰ ਸਿੰਘ’ ਲਿਖਿਆ। 1909 ਵਿੱਚ ਆਪ ਅਖ਼ਬਾਰ ਬੀਰ ਦੇ ਚੀਫ ਐਡੀਟਰ ਬਣ ਗਏ। 1920 ਵਿੱਚ 20 ਸਾਲ ਦੀ ਉਮਰ ਵਿੱਚ ਉਹਨਾਂ ਨੇ ਸ਼ਹੀਦ ਨਾਂ ਦਾ ਰੋਜ਼ਾਨਾ ਅਖ਼ਬਾਰ ਜਾਰੀ ਕੀਤਾ। ਇਸੇ ਸਾਲ ਹੀ ਉਹਨਾਂ ਨੇ ਦਲੇਰ ਕੌਰ ਨਾਂ ਦਾ ਇੱਕ ਨਾਵਲ ਵੀ ਲਿਖਿਆ। 1913 ਵਿੱਚ ਉਹਨਾਂ ਨੇ ਆਪਣਾ ਦੂਜਾ ਨਾਵਲ ਰਣਜੀਤ ਕੌਰ ਵੀ ਛਪਵਾ ਦਿੱਤਾ। ਇਸੇ ਸਮੇਂ ਹੀ ਉਹਨਾਂ ਨੇ ਦਲੇਰਾਨਾ ਅਤੇ ਜੋਸ਼ੀਲੇ ਲੇਖ ਜੋ ਹਰਿਮੰਦਰ ਸਾਹਿਬ ਲਈ ਡਿਪਟੀ ਕਮਿਸ਼ਨਰ ਵੱਲੋਂ ਪਾਣੀ ਬੰਦ ਕਰਨ ਦੇ ਵਿਰੋਧ ਵਿੱਚ ਸੀ ਅਤੇ ਆਰੀਆ ਸਮਾਜ ਦੇ ਵਿਰੁੱਧ ਸੀ ਤੇ ਛਾਪਣ ਕਾਰਨ ਅੰਗਰੇਜ਼ ਸਰਕਾਰ ਨੇ ਉਹਨਾਂ ਨੂੰ 4000 ਜੁਰਮਾਨਾ ਕਰ ਦਿੱਤਾ। ਅਜਿਹਾ ਹੋਣ ਤੇ ਇਸ ਪਿੱਛੋਂ ਅੰਮ੍ਰਿਤਸਰ ਦੇ ਕਿਸੇ ਵੀ ਛਾਪੇਖਾਨੇ ਇਹਨਾਂ ਦਾ ਅਖ਼ਬਾਰ ਛਾਪਣ ਦਾ ਹੌਸਲਾ ਨਾ ਕੀਤਾ। ਆਪ ਨੇ ਲਾਹੌਰ ਜਾ ਕੇ ਮੁੜ ਪਰਚਾ ਆਰੰਭ ਕਰ ਦਿੱਤਾ। ‘ਸ਼ਹੀਦ’ ਅਖਬਾਰ ਅੰਗਰੇਜ਼ਾਂ ਦੇ ਜੁਲਮਾਂ ਕਰਕੇ ਸ਼ਹੀਦ ਹੋ ਗਿਆ ਅਤੇ ਲੋਕਾਂ ਨੇ ਆਪ ਦੇ ਨਾਂ ਨਾਲ਼ ਸ਼ਹੀਦ ਲਾ ਦਿੱਤਾ। ਆਪ ਨੇ ਆਪਣੇ ਨਾਮ ਨਾਲ ਆਪਣੇ ਪਿਤਾ ਸਰਦਾਰ ਸੂਬਾ ਸਿੰਘ ਦਾ ਨਾਂ ਜੋੜ ਕੇ ਸ.ਸ. ਚਰਨ ਸਿੰਘ ਸ਼ਹੀਦ ਲਿਖਣਾ ਸ਼ੁਰੂ ਕਰ ਦਿੱਤਾ।
1913 ਵਿੱਚ ਆਪ ਨੇ ਵਾਰਤਕ ਦੀ ਕਿਤਾਬ ਕਾਲਾ ਦੇਗੀ ਦੀ ਲੁੱਟ ਲਿਖੀ। 1914 ਵਿੱਚ ਜੀਵਨ ਜੁਗਤੀ ਨਾਂ ਦੀ ਪੁਸਤਕ ਲਿਖੀ। 1925 ਵਿੱਚ ਨਾਵਲ ਜਗਤ ਤਮਾਸ਼ਾ ਤੇ ਪਿੱਛੋਂ ਕੌਣ ਜਿੱਤਿਆ ਜਸੂਸੀ ਨਾਵਲ ਲਿਖਿਆ। 1914 ਵਿੱਚ ਇਹਨਾਂ ਨੂੰ ਨਾਭਾ ਦੇ ਰਾਜਾ ਨੇ ਸੱਦਾ ਭੇਜਿਆ। ਇੱਥੇ ਹੀ ਆਪ ਦਾ ਮੇਲ ਭਾਈ ਕਾਨ੍ਹ ਸਿੰਘ ਨਾਭਾ ਤੇ ਗਿਆਨੀ ਗਿਆਨ ਸਿੰਘ ਨਾਲ਼ ਹੋਇਆ ਤੇ ਉਹਨਾਂ ਨਾਲ਼ ਮਿੱਤਰਤਾ ਹੋ ਗਈ। ਆਪ ਅਕਾਲੀ ਲਹਿਰ ਦੇ ਹਮਦਰਦ ਸਨ ਪਰ ਮਾਸਟਰ ਤਾਰਾ ਸਿੰਘ ਦੇ ਕੱਟੜ ਵਿਰੋਧੀ ਸਨ। ਆਪ ਪਹਿਲੀ ਸ਼੍ਰੋਮਣੀ ਕਮੇਟੀ ਦੇ 35 ਨਾਮਜਦ ਮੈਂਬਰਾਂ ਵਿੱਚੋਂ ਸਨ ਅਤੇ ਉਸਦੇ ਸਕੱਤਰ ਸਨ। ਸੰਨ 1922 ਵਿੱਚ ਆਪ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਖ਼ਾਲਸਾ ਪ੍ਰੈਸ ਚਲਾਈ ਜਿਸ ਵਿੱਚ ਆਪ ਦੇ ਭਰਾਵਾਂ ਨੇ ਵੀ ਸਾਥ ਦਿੱਤਾ।
1923-24 ਵਿੱਚ ਆਪ ਨੇ ਰੇਲਵੇ ਸਟੇਸ਼ਨ ਦੇ ਨੇੜੇ ਇੱਕ ਸ਼ਾਹੀ ਠਾਠ ਬਾਠ ਵਾਲ਼ੀ ਕੋਠੀ ਵਿੱਚ ਵਸੇਬਾ ਕੀਤਾ ਅਤੇ ਇਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਫ਼ਰੀ ਬੀੜ ਛਾਪੀ। ਇਥੋਂ ਹੀ 1926 ਵਿੱਚ ਸੰਪਾਦਕ ਬਣ ਕੇ ਮੌਜੀ ਅਖ਼ਬਾਰ ਕੱਢਿਆ। ਆਪ ਬੜੇ ਮਿਹਨਤੀ ਸਨ। ਆਪ ਸ਼ਰਾਬ ਜਾਂ ਕਿਸੇ ਵੀ ਨਸ਼ੇ ਤੋਂ ਪਰਹੇਜ਼ਗਾਰ ਸਨ। ਉਹਨਾਂ ਦੇ ਮਨ ਵਿੱਚ ਪੰਜਾਬੀ ਭਾਸ਼ਾ ਤੇ ਪੰਜਾਬੀ ਸਾਹਿਤ ਲਈ ਇਸ਼ਕ ਸੀ। 1926 ਤੋਂ 1935 ਦੇ ਸਮੇਂ ਵਿੱਚ ਸੀ ਉਹਨਾਂ ਨੇ ਸੈਂਟਰਲ ਪੰਜਾਬੀ ਸਭਾ ਤੇ ਪੰਜਾਬੀ ਟਕਸਾਲ ਚਲਾਈ। ਪੰਜਾਬੀ ਕਾਨਫ਼ਰੰਸਾਂ ਤੇ ਕਵੀ ਦਰਬਾਰਾਂ ਦੀ ਲਹਿਰ ਚਲਾ ਦਿੱਤੀ। ਕਵੀ ਦਰਬਾਰਾਂ ਤੇ ਸੈਂਕੜੇ ਰੁਪਏ ਇਨਾਮ ਵਜੋਂ ਦਿੱਤੇ ਗਏ। ਪੰਜਾਬੀ ਕਾਨਫ਼ਰੰਸਾਂ ਵਿੱਚ ਲੋਕ ਟਿਕਟਾਂ ਲੈ ਕੇ ਭਾਗ ਲੈਣ ਲੱਗੇ। ਪੰਜਾਬੀ ਨਾਟਕ ਖੇਡੇ ਜਾਣ ਲੱਗੇ। ਇਸੇ ਸਮੇਂ ਹੀ ਆਪ ਨੇ ਅਨੇਕਾਂ ਪੁਸਤਕਾਂ ਸੰਕਲਿਤ ਕਰਕੇ ਛਪਵਾਈਆਂ ਜਿਵੇਂ – ਸੁਥਰੇ ਦੇ ਨਾਮ ਤੇ 1932 ਵਿੱਚ ਬਾਦਸ਼ਾਹ, ਫਿਰੋਜ਼ਦੀਨ ਸ਼ਰਫ ਦੀ ਧਾਰਮਿਕ ਕਵਿਤਾ, ਨੂਰੀ ਦਰਸ਼ਨ, ਚੁਟਕਲੇ ਇਤਿਹਾਸ ਵੰਨਗੀ ਦੀਆਂ ਕਿਤਾਬਾਂ, ਢਾਈ ਸੌ ਹੀਰੇ, ਜਗਤ ਤਮਾਸ਼ਾ, ਹਾਸੇ ਦੀ ਵਰਖਾ, ਨੂਰੀ ਦਰਸ਼ਨ, ਸਵਾਦ ਦੇ ਟੋਕਰੇ ਆਦਿ।
1928 ਵਿੱਚ ਆਪ ਨੇ ‘ਹੰਸ’ ਮਾਸਕ ਪੱਤਰ ਕੱਢਿਆ। 1933-34 ਵਿੱਚ ਕਰਤਾਰਪੁਰ ਵਾਲ਼ੀ ਬੀੜ ਸੋਧ ਕੇ ਛਾਪੀ। 1930 ਵਿੱਚ ਸ਼ੁੱਧ ਗੁਰਬਾਣੀ ਟਰੱਸਟ ਸਥਾਪਿਤ ਕੀਤਾ। 1935 ਦਾ ਕਵੀ ਦਰਬਾਰ ਸ਼ਿਮਲੇ ਹੋਇਆ ਜਿੱਥੇ 24 ਅਗਸਤ 1935 ਨੂੰ ਭਰ ਜਵਾਨੀ 44 ਸਾਲ ਦੀ ਉਮਰ ਵਿੱਚ ਆਪ ਦਾ ਦੇਹਾਂਤ ਹੋ ਗਿਆ। ਆਪ ਆਪਣੇ ਪਿੱਛੇ ਆਪਣੀ ਪਤਨੀ ਤੇ ਵੱਡਾ ਪਰਿਵਾਰ ਛੱਡ ਗਏ – ਪਤਨੀ ਬੀਬੀ ਦਿਲਜੀਤ ਕੌਰ ਜੋ ਮੁਸਲਿਮ ਘਰਾਣੇ ਦੀ ਜੰਮਪਲ ਸੀ ਪਰ ਪਿੱਛੋਂ ਸਿੰਘਣੀ ਸਜ ਗਏ। ਬੱਚੇ – ਜਗਜੀਤ ਕੌਰ, ਸਤਨਾਮ ਕੌਰ, ਦਿਲਦਾਰ ਕੌਰ, ਬਲਵੀਰ ਕੌਰ, ਜਗਤੇਸ਼ਵਰ ਸਿੰਘ, ਸਤਵੰਤ ਕੌਰ, ਕਿਸ਼ਨ ਸਿੰਘ, ਪ੍ਰਤਾਪ ਕੌਰ ਅਤੇ ਇੰਦਰਜੀਤ ਕੌਰ।
ਸ਼ਹੀਦ ਜੀ ਦੀਆਂ ਕੁਝ ਰਚਨਾਵਾਂ ਦਾ ਸੰਖੇਪ ਬਿਓਰਾ ਅਤੇ ਇਸ ਤੋਂ ਇਲਾਵਾ ਅਨੇਕਾਂ ਹੀ ਟ੍ਰੈਕਟ ਅਤੇ ਹੋਰ ਪੁਸਤਕਾਂ ਸਨ।
ਕਵਿਤਾ : ਬਾਦਸ਼ਾਹੀਆਂ, ਬੇਪਰਵਾਹੀਆਂ, ਸ਼ਹਿਨਸ਼ਾਹੀਆਂ, ਅਰਸ਼ੀ ਕਿੰਗਰੇ, ਰਾਜਸੀ ਹੁਲਾਰੇ, ਇਸ਼ਕ ਮੁਸ਼ਕ।
ਨਾਵਲ : ਸ਼ਾਮ ਸੁੰਦਰ, ਚੰਚਲ ਮੂਰਤੀ, ਦਲੇਰ ਕੌਰ, ਦੋ- ਵਹੁਟੀਆਂ, ਰਣਜੀਤ ਕੌਰ, ਜਗਤ ਤਮਾਸ਼ਾ, ਕੌਣ ਜਿੱਤਿਆ, ਜ਼ਬੇਲਾ, ਕਾਲਾ ਦੇਗੀ ਦੀ ਲੁੱਟ(ਕੁਝ ਹਿੱਸਾ), ਜੋਗਣ ਜਾਦੂਗਰਨੀ, ਖ਼ੂਨੀ ਹਾਰ, ਫੈਸ਼ਨਦਾਰ ਵਹੁਟੀ, ਮੇਮਾਂ ਦੇ ਦੁਖੜੇ।
ਕਹਾਣੀਆਂ : ਹੱਸਦੇ ਹੰਝੂ ,ਸ਼ਹੀਦ ਟਕੋਰਾਂ, ਹੋਰ ਸਵਾਦ ਦੇ ਟੋਕਰੇ, ਹਾਸੇ ਦੀ ਵਰਖਾ, ਦਿਲ ਪਰਚਾਵੇ, ਦਿਲ ਦੇ ਪੁਆੜੇ, ਢਾਈ ਸੌ ਹੀਰੇ, ਮੰਨੋ ਭਾਵੇਂ ਨਾ ਮੰਨੋ ਗ੍ਰਹਿਸਤ ਦੀ ਬੇੜੀ, ਅਖੁਟ ਖ਼ਜ਼ਾਨੇ ਦੀ ਚਾਬੀ, ਖ਼ੂਨੀ ਹਾਰ।
ਨੀਤੀ : ਭਰਥਰੀ ਨੀਤੀ, ਵਿਦੁਰ ਨੀਤੀ ਸੁਦਾਮਾ ਨੀਤੀ, ਕਨਫਿਊਸ਼ੀਅਸ ਨੀਤੀ, ਸਾਅਦੀ ਨੀਤੀ, ਗ੍ਰਹਿਸਤ ਦੀ ਬੇੜੀ।
ਜੀਵਨੀ : ਨੈਪੋਲੀਅਨ ਬੋਨਾ ਪਾਰਟ, ਪ੍ਰਤਾਪ ਉਦਯ ਟ੍ਰੈਕਟ, ਪੰਜਾਬ ਵਿਛੋੜਾ, ਕਲਗੀਧਰ ਕੌਤਕ ਆਦਿ।
– ਜਗਤਾਰ ਸਿੰਘ ਸੋਖੀ
ਫ਼ੋਨ : 9417166386
ਸ.ਸ. ਚਰਨ ਸਿੰਘ ਸ਼ਹੀਦ
Leave a comment