ਮੀਤ ਹੇਅਰ ਤੇ ਪੰਡੋਰੀ ਵੱਲੋਂ ਮਹਿਲ ਕਲਾਂ ਹਲਕੇ ਦੇ ਪਿੰਡਾਂ ਦਾ ਤੂਫਾਨੀ ਦੌਰਾ, ਲੋਕਾਂ ਦੇ ਵੱਡੇ ਇਕੱਠਾਂ ਨੇ ਕੀਤਾ ਸਵਾਗਤ
ਬਰਨਾਲਾ ਮੇਰੀ ਕਰਮ ਭੂਮੀ ਤੇ ਮਹਿਲ ਕਲਾਂ ਮੇਰੀ ਜਨਮ ਭੂਮੀ, ਹੁਣ ਸੰਗਰੂਰ ਹਲਕੇ ਨੂੰ ਕਰਮ ਭੂਮੀ ਬਣਾਉਣ ਲਈ ਪਾਰਟੀ ਤੇ ਮੁੱਖ ਮੰਤਰੀ ਦਾ ਬਹੁਤ ਧੰਨਵਾਦ
ਬਰਨਾਲਾ, 5 ਮਈ (ਗਗਨਦੀਪ ਸਿੰਘ) ਟੱਲੇਵਾਲ/ਮਹਿਲ ਕਲਾਂ: ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਉਹ ਸੱਥਾਂ ਤੋਂ ਲੈ ਕੇ ਸੰਸਦ ਤੱਕ ਸੰਗਰੂਰ ਦੀ ਹਰ ਮੰਗ ਉਠਾਵੇਗਾ ਅਤੇ ਸੰਗਰੂਰ ਹਲਕੇ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗਾ। ਮੀਤ ਹੇਅਰ ਨੇ ਅੱਜ ਐਮ ਐਲ ਏ ਕੁਲਵੰਤ ਸਿੰਘ ਪੰਡੋਰੀ ਦੇ ਨਾਲ ਮਹਿਲ ਕਲਾਂ ਹਲਕੇ ਦੇ ਪਿੰਡਾਂ ਦਾ ਤੂਫ਼ਾਨੀ ਦੌਰਾ ਕਰਦਿਆਂ ਪਿੰਡਾਂ ਵਿੱਚ ਹੋਏ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਸੰਗਰੂਰ ਵਾਸੀ ਦੀ ਸੰਸਦ ਤੱਕ ਜਾਵੇਗੀ।ਰੋਡ ਸ਼ੋਅ ਦੌਰਾਨ ਪੱਖੋਕੇ, ਚੀਮਾ, ਟੱਲੇਵਾਲ, ਭੋਤਨਾ, ਬੀਹਲਾ ਵਿਖੇ ਚੋਣ ਜਲਸੇ ਹੋਏ।ਇਸ ਤੋਂ ਬਾਅਦ ਚੋਣ ਮੀਟਿੰਗਾਂ ਦਾ ਕਾਫ਼ਲਾ ਅਗਲੇ ਪਿੰਡਾਂ ਵਿੱਚ ਤੁਰਿਆ।
ਮੀਤ ਹੇਅਰ ਨੇ ਕਿਹਾ ਕਿ ਬਰਨਾਲਾ ਉਸ ਦੀ ਕਰਮ ਭੂਮੀ ਹੈ ਤੇ ਮਹਿਲ ਕਲਾਂ ਹਲਕਾ ਜਨਮ ਭੂਮੀ। ਉਸ ਦਾ ਪਿੰਡ ਕੁਰੜ ਮਹਿਲ ਕਲਾਂ ਹਲਕੇ ਵਿੱਚ ਪੈਂਦਾ ਹੈ ਅਤੇ ਬਰਨਾਲਾ ਹਲਕੇ ਨੇ ਦੋ ਵਾਰ ਮੈਨੂੰ ਵਿਧਾਨ ਸਭਾ ਵਿੱਚ ਭੇਜ ਕੇ ਮਾਣ ਬਖ਼ਸ਼ਿਆ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਨ ਅਤੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਨੇ ਹੁਣ ਸੰਗਰੂਰ ਤੋਂ ਟਿਕਟ ਦੇ ਕੇ ਸਮੁੱਚੇ ਪਾਰਲੀਮੈਂਟ ਹਲਕੇ ਨੂੰ ਮੇਰੀ ਕਰਮ ਭੂਮੀ ਬਣਾਇਆ ਹੈ ਅਤੇ ਮੈਂ ਆਪਣੀ ਜਨਮ ਭੂਮੀ ਤੇ ਕਰਮ ਭੂਮੀ ਦਾ ਕਰਜ਼ਾ ਮੋੜਨ ਲਈ ਸਾਰੀ ਉਮਰ ਲੋਕਾਂ ਦੀ ਸੇਵਾ ਕਰਾਂਗਾ।
ਮੀਤ ਹੇਅਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੂਰੇ ਸੰਗਰੂਰ ਪਾਰਲੀਮੈਂਟ ਹਲਕੇ ਅਤੇ ਇਸ ਹਲਕੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਸਨੀਕਾਂ ਉਤੇ ਬਹੁਤ ਮਾਣ ਹੈ ਜਿੰਨਾਂ ਦੇਸ਼ ਵਿੱਚ ਬਦਲਵੀਂ ਰਾਜਨੀਤੀ ਦਾ ਰਾਹ ਖੋਲ੍ਹਿਆ ਅਤੇ ਹੁਣ ਭਾਰਤ ਵਿੱਚ ਆਉਣ ਵਾਲੀ ਕੇਂਦਰ ਸਰਕਾਰ ਵਿੱਚ ਆਮ ਆਦਮੀ ਪਾਰਟੀ ਬਹੁਤ ਵੱਡਾ ਰੋਲ ਨਿਭਾਏਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪਿਛਲੇ ਦੋ ਸਾਲ ਵਿੱਚ ਸੂਬੇ ਦੀ ਨੁਹਾਰ ਬਦਲ ਦਿੱਤੀ।ਹੁਣ ਵਾਰੀ ਕੇਂਦਰ ਸਰਕਾਰ ਵਿੱਚ ਭਾਈਵਾਲ ਬਣ ਕੇ ਕੇਂਦਰ ਤੋਂ ਵੱਡੇ ਪ੍ਰਾਜੈਕਟ ਹਾਸਲ ਕਰਨ ਦੀ।
ਐਮ ਐਲ ਏ ਕੁਲਵੰਤ ਸਿੰਘ ਪੰਡੋਰੀ ਨੇ ਮੀਤ ਹੇਅਰ ਨੂੰ ਵਿਸ਼ਵਾਸ ਦਿਵਾਇਆ ਕਿ ਮਹਿਲ ਕਲਾਂ ਹਲਕੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਡੀ ਲੀਡ ਹਾਸਲ ਹੋਵੇਗੀ।