27 ਜਨਵਰੀ (ਸੁਖਪਾਲ ਸਿੰਘ ਬੀਰ) ਬੁਢਲਾਡਾ: ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨੀ ਮੰਗਾਂ ਮਨਵਾਉਣ ਲਈ ਕੱਲ੍ਹ 26 ਜਨਵਰੀ ਦਿਨ ਸ਼ੁੱਕਰਵਾਰ ਨੂੰ ਭਾਰਤ ਵਿੱਚ ਪੰਜ ਸੌ ਜ਼ਿਲਿਆਂ ਵਿਚ ਟਰੈਕਟਰ ਮਾਰਚ ਕੱਢਿਆ ਗਿਆ। ਉਸ ਵਿੱਚ ਐਸ ਕੇ ਐਮ ਦੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਵੱਧ ਚੜ੍ਹ ਕੇ ਪੂਰੇ ਜੋਸ਼ ਨਾਲ ਭਰਪੂਰ ਯੋਗਦਾਨ ਪਾਇਆ ਗਿਆ। ਇਸ ਰੋਸ ਮੁਹਿੰਮ ਦੌਰਾਨ ਬੁਢਲਾਡਾ ਵਿਖੇ ਬੀ ਕੇ ਯੂ (ਰਾਜੇਵਾਲ) ਦੇ ਜਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਕਲੀਪੁਰ ਦੀ ਅਗਵਾਈ ਹੇਠ ਸਾਰੀਆਂ ਜਥੇਬੰਦੀਆਂ ਨੇ ਜ਼ੀਰੀ ਯਾਰਡ ਤੋਂ ਸ਼ੁਰੂ ਕਰਕੇ ਸਾਰੇ ਬੁਢਲਾਡਾ ਸ਼ਹਿਰ ਵਿੱਚ ਭਰਵਾਂ ਰੋਸ ਪ੍ਰਦਰਸ਼ਨ ਕੀਤਾ ਗਿਆ। ਹਰ ਇੱਕ ਟਰੈਕਟਰ ਉੱਤੇ ਜਥੇਬੰਦੀ ਦਾ ਝੰਡਾ, ਬੈਨਰ ਲੱਗਿਆ ਹੋਇਆ ਸੀ। ਅਸ਼ੋਕ ਕੁਮਾਰ ਕਾਠ ਸ਼ਹਿਰੀ ਪ੍ਰਧਾਨ ਬੁਢਲਾਡਾ ਵਰਗੇ ਕਾਰਕੁੰਨਾਂ ਨੇ ਅਪਣੇ ਸਾਥੀਆਂ ਸਮੇਤ ਮੋਟਰਸਾਈਕਲਾਂ ਅਤੇ ਹੋਰ ਸਾਧਨਾਂ ‘ਤੇ ਹੀ ਮਾਰਚ ‘ਚ ਸ਼ਮੂਲੀਅਤ ਕੀਤੀ। ਜਦੋਂ ਉਹਨਾਂ ਵਿੱਚੋਂ ਇਸ ਸਬੰਧੀ ਮਾਰਚ ਦੀ ਕਵਰੇਜ਼ ਕਰ ਰਹੇ ਐਸ ਪੀ ਸਿੰਘ ਨੂੰ ਪੁੱਛਿਆ ਗਿਆ ਕਿ ਤੁਸੀਂ ਰਾਜੇਵਾਲ ਜਥੇਬੰਦੀ ਦਾ ਝੰਡਾ ਵੀ ਫੜਿਆ ਹੈ ਤੇ ਕਵਰੇਜ਼ ਕਰਦੇ ਹੋਏ ਨਾਅਰੇ ਵੀ ਲਗਾ ਰਹੇ ਹੋ ਤੁਹਾਡਾ ਕਿਸਾਨ ਯੂਨੀਅਨ ਨਾਲ ਕੀ ਸਬੰਧ ਹੈ ਤੇ ਇਸ ਮਾਰਚ ਨੂੰ ਕਿਸ ਨਜ਼ਰੀਏ ਤੋਂ ਦੇਖ ਰਹੇ ਹੋ ਤਾਂ ਉਨ੍ਹਾਂ ਬੜਾ ਢੁਕਵਾਂ ਜਵਾਬ ਦਿੰਦਿਆਂ ਕਿਹਾ ਕਿ ਮੈਂ ਤੇ ਅਸ਼ੋਕ ਕੁਮਾਰ ਜਿਹੇ ਕੁੱਝ ਸਾਥੀ ਸਿੱਧੇ ਤੌਰ ‘ਤੇ ਕਿਸਾਨੀ ਨਾਲ ਸਬੰਧਤ ਨਹੀਂ ਹਾਂ ਪਰ ਅਸੀਂ ਸਮਝਦੇ ਹਾਂ ਕਿ ਭਾਰਤ ਖਾਸ ਕਰਕੇ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਜੇਕਰ ਕਿਸਾਨੀ ਨੂੰ ਹੀ ਤਬਾਹ ਕਰ ਦਿੱਤਾ ਗਿਆ ਤਾਂ ਸਾਡੇ ਜਿਹੇ ਸਾਰਿਆਂ ਦਾ ਹੀ ਜੀਣਾ ਦੁਸ਼ਵਾਰ ਹੋ ਜਾਣਾ ਹੈ ਕਿਉਂਕਿ ਬਦਲਵੇਂ ਰੋਜ਼ਗਾਰ ਨਾ ਹੋਣ ਕਰਕੇ ਬਾਕੀ ਸਾਰੀ ਜਨਤਾ ਜਿਉਣਾ ਵੀ ਦੂਭਰ ਹੋ ਰਿਹਾ ਹੈ। ਅਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹੋਏ ਹੀ ਕਿਸਾਨ ਜਥੇਬੰਦੀ ਵਿੱਚ ਸ਼ਾਮਿਲ ਹੋ ਕੇ ਆਪਣਾ ਬਣਦਾ ਯੋਗਦਾਨ ਪਾ ਰਹੇ ਹਾਂ। 1ਵਜੇ ਕਾਫ਼ਿਲੇ ਦੀ ਸ਼ਕਲ ਵਿੱਚ ਚੱਲੇ ਇਸ ਮਾਰਚ ਵਿੱਚ ਸਾਰੇ ਟਰੈਕਟਰ ਇੱਕ ਲਾਇਨ ਵਿੱਚ ਚੱਲ ਰਹੇ ਸਨ। ਚੱਲਦੇ ਚੱਲਦੇ ਹੀ ਸਪੀਕਰਾਂ ਰਾਹੀਂ ਨਾਅਰੇ ਲਾਏ ਜਾ ਰਹੇ ਸਨ ਕਿ ਐਮ ਐਸ ਪੀ ਉੱਤੇ ਕਾਨੂੰਨੀ ਗਰੰਟੀ ਦਿਓ, ਕਿਸਾਨਾਂ ਮਜਦੂਰਾਂ ਨੂੰ ਕਰਜ਼ ਮੁਕਤ ਕਰੋ, ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਉ, ਪੰਜਾਬ ਦੇ ਪਾਣੀਆਂ ਦੇ ਹੱਕ ਪੰਜਾਬ ਨੂੰ ਦਉ,ਹਰ ਕਿਸਾਨ ਨੂੰ ਘੱਟੋ ਘੱਟ ਦਸ ਹਜ਼ਾਰ ਰੁਪਏ ਹਰ ਮਹੀਨੇ ਪੈਨਸ਼ਨ ਦਉ, ਚੰਡੀਗੜ੍ਹ ਪੰਜਾਬ ਨੂੰ ਦੇਵੋ, ਸੰਯੁਕਤ ਕਿਸਾਨ ਮੋਰਚਾ ਜ਼ਿੰਦਾਬਾਦ, ਲੋਟੂ ਸਰਕਾਰ ਮੁਰਦਾਬਾਦ।