23 ਸਤੰਬਰ (ਨਾਨਕ ਸਿੰਘ ਖੁਰਮੀ) ਮਾਨਸਾ: ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਮਾਨਸਾ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਸਾਹਿਬ ਭਾਈ ਬਹਿਲੋ ਫਫੜੇ ਭਾਈਕੇ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਪ੍ਰਸ਼ੋਤਮ ਸਿੰਘ ਗਿੱਲ , ਜਮਹੂਰੀ ਕਿਸਾਨ ਸਭਾ ਦੇ ਆਗੂ ਛੱਜੂ ਰਾਮ ਰਿਸ਼ੀ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੁਰਜ਼ ਗਿੱਲ) ਦੇ ਆਗੂ ਲਛਮਣ ਚੱਕ ਅਲੀਸ਼ੇਰ ਵੱਲੋਂ ਕੀਤੀ ਗਈ । ਮੀਟਿੰਗ ਦੇ ਸ਼ੁਰੂ ‘ਚ ਆਗੂਆਂ ਨੇ ਪਿਛਲੇ ਦਿਨੀਂ ਕਾਮਰੇਡ ਸੀਤਾਰਾਮ ਯੇਚੁਰੀ ਦੇ ਬੇਵਕਤ ਵਿਛੋੜੇ ਨੂੰ ਸਿਆਸੀ ਤੌਰ ਤੇ ਨਾ ਪੂਰਿਆ ਜਾਣ ਵਾਲਾ ਘਾਟਾ ਦੱਸਦਿਆਂ ਸ਼ਰਧਾਂਜ਼ਲੀ ਅਰਪਿਤ ਕੀਤੀ ਗਈ । ਸੰਯੁਕਤ ਕਿਸਾਨ ਮੋਰਚੇ ਦੇ ਸੂਬਾਈ ਸੱਦੇ ਅਨੁਸਾਰ ਜਿਲ੍ਹਾ ਮਾਨਸਾ ਵੱਲੋਂ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਸਾਂਝੇ ਤੌਰ ਤੇ ਜ਼ਿਲ੍ਹਾ ਕਚਹਿਰੀ ਮਾਨਸਾ ਵਿਖੇ 11 ਵਜੇ ਤੋਂ 2 ਵਜੇ ਤੱਕ ਮਨਾਉਣ ਦਾ ਫੈਸਲਾ ਸਰਬ ਸੰਮਤੀ ਨਾਲ ਲਿਆ ਗਿਆ। ਜਿਸ ਵਿੱਚ ਬੁਲਾਰਿਆਂ ਦਾ ਮੁੱਖ ਵਿਸ਼ਾ ਸ਼ਹੀਦ ਭਗਤ ਸਿੰਘ ਦੇ ਜੀਵਨ, ਫਲਸਫੇ ਅਤੇ ਮੌਜੂਦਾ ਦਰਪੇਸ਼ ਚੁਣੌਤੀਆਂ ਹੀ ਮੁੱਖ ਤੌਰ ”ਤੇ ਹੋਵੇਗਾ। ਇਸ ਤੋਂ ਇਲਾਵਾ ਸੇਵਾ ਸਿੰਘ ਠੀਕਰੀ ਵਾਲਾ ਦੇ ਬੁੱਤ ਤੱਕ ਪੈਦਲ ਮਾਰਚ ਵੀ ਕੱਢਿਆ ਜਾਵੇਗਾ। ਇਸ ਸਮੇਂ ਪਰਮਜੀਤ ਗਾਗੋਵਾਲ ਬੀ ਕੇ ਯੂ ਕਾਦੀਆਂ , ਜਮਹੂਰੀ ਕਿਸਾਨ ਸਭਾ ਦੇ ਅਮਰੀਕ ਸਿੰਘ ਫਫੜੇ ਅਤੇ ਬੱਲਮ ਸਿੰਘ, ਮੈਡੀਕਲ ਪੈ੍ਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਡਾ.ਧੰਨਾ ਮੱਲ ਗੋਇਲ ਅਤੇ ਡਾ.ਸੱਤਪਾਲ ਰਿਸ਼ੀ , ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਭਜਨ ਸਿੰਘ ਘੁੰਮਣ, ਪੰਜਾਬ ਕਿਸਾਨ ਯੂਨੀਅਨ ਦੇ ਗੁਰਨਾਮ ਸਿੰਘ ਭੀਖੀ , ਕੁਲ ਹਿੰਦ ਕਿਸਾਨ ਸਭਾ ਦੇ ਰੂਪ ਸਿੰਘ ਢਿੱਲੋਂ , ਬੀਕੇਯੂ ਡਕੌਂਦਾ ਬੁਰਜ਼ ਗਿੱਲ ਦੇ ਸੱਤਪਾਲ ਬਰੇ ,ਬੀਕੇਯੂ ਲੱਖੋਵਾਲ ਗੁਰਮੀਤ ਸਿੰਘ ਆਦਿ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਵਿਚਾਰ ਚਰਚਾ ਕੀਤੀ ਅਤੇ ਮੌਜੂਦਾ ਹਾਲਤਾਂ ਤੇ ਚਿੰਤਾਂ ਦਾ ਪ੍ਰਗਟਾਵਾ ਕਰਦਿਆਂ ਸੰਘਰਸ਼ਸ਼ੀਲ ਜਥੇਬੰਦੀਆਂ ਅਤੇ ਆਗੂਆਂ ਖ਼ਿਲਾਫ਼ ਕੂੜ ਪ੍ਰਚਾਰ ਕਰਨ ਵਾਲਿਆਂ ਨੂੰ ਸਖ਼ਤ ਤਾੜਨਾ ਕੀਤੀ ਅਤੇ ਇਨਸਾਫ਼ ਪਸੰਦ ਲੋਕਾਂ ਨੂੰ ਸਮੇਂ ਸਮੇ ਤੇ ਨਜ਼ਰਸਾਨੀ ਕਰਦੇ ਰਹਿਣ ਲਈ ਸੁਚੇਤ ਵੀ ਕੀਤਾ। ਪਿਛਲੇ ਦਿਨੀਂ ਸ੍ਰ. ਮਾਲਵਿੰਦਰ ਸਿੰਘ ਮਾਲੀ ਦੀ ਬੇਵਜਹਾ ਗਿ੍ਫ਼ਤਾਰੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਪੰਜਾਬ ਸਰਕਾਰ ਤੋਂ ਫੌਰੀ ਰਿਹਾਈ ਦੀ ਮੰਗ ਕੀਤੀ ਅਤੇ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਜਲਦੀ ਰਿਹਾ ਨਾ ਕੀਤਾ ਗਿਆ ਤਾਂ ਸੰਯੁਕਤ ਕਿਸਾਨ ਮੋਰਚਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ। ਆਗੂਆਂ ਨੇ ਸਮੂਹ ਭਰਾਤਰੀ ਜਥੇਬੰਦੀਆਂ , ਟਰੇਡ ਯੂਨੀਅਨਾਂ ਅਤੇ ਲੋਕ ਹਿਤਾਂ ਲਈ ਲੜਨ ਵਾਲੀਆਂ ਜਥੇਬੰਦੀਆਂ ਅਤੇ ਇਨਸਾਫ਼ ਪਸੰਦ ਲੋਕਾਂ ਨੂੰ ਇਸ ਪ੍ਰੋਗਰਾਮ ‘ਚ ਪੁਹੁੰਚਣ ਦੀ ਪੁਰਜ਼ੋਰ ਅਪੀਲ ਵੀ ਕੀਤੀ ਗਈ।