26 ਫਰਵਰੀ (ਰਾਜਦੀਪ ਜੋਸ਼ੀ) ਸੰਗਤ ਮੰਡੀ: ਅੱਜ ਬਾਬਾ ਹਰਦੇਵ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਸੰਗਤ ਮੰਡੀ ਦੇ ਨਿਰੰਕਾਰੀ ਸੇਵਾਦਾਰਾਂ ਵਲੋਂ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ‘ਪ੍ਰੋਜੈਕਟ ਅੰਮ੍ਰਿਤ’ ਅਤੇ ‘ਸਵੱਛ ਜਲ ਸਵਛ ਮਨ ਦੇ ਤਹਿਤ’ ਪਿਛਲੇ ਸਾਲ ਦੀ ਤਰ੍ਹਾਂ ਵਾਟਰ ਵਰਕਸ ਸੰਗਤ ਮੰਡੀ ਵਿਖੇ ਸਫ਼ਾਈ ਅਭਿਆਨ ਚਲਾਇਆ ਅਤੇ ਰੁੱਖ ਲਗਾਏ। ਇਸ ਮੌਕੇ ਸੰਗਤ ਮੰਡੀ ਬ੍ਰਾਂਚ ਦੇ ਮੁਖੀ ਜਗਦੀਸ਼ ਰਾਏ ਘੁੱਦਾ, ਚਰਨਦਾਸ ਘੁੱਦਾ, ਅਸ਼ੋਕ ਕੁਮਾਰ ਛੋਟਾ, ਰਾਜੀਵ ਕੁਮਾਰ, ਦਰਸ਼ਨ ਸਿੰਘ ਦੀ ਅਗਵਾਈ ਹੇਠ ਸਾਧ ਸੰਗਤ ਸੰਗਤ ਮੰਡੀ ਦੇ ਅਨੇਕਾਂ ਸੇਵਾਦਾਰਾਂ ਵਲੋਂ ਵਾਟਰ ਵਰਕਸ ਦੇ ਵੱਡੇ ਪਾਣੀ ਵਾਲੇ ਡਿੱਗ ਸਾਫ ਕੀਤੇ ਗਏ, ਆਲਾ ਦੁਆਲਾ ਸਾਫ ਕਰਕੇ ਕਈ ਪੌਦੇ ਵੀ ਲਗਾਏ ਗਏ। ਮੁੱਖ ਮਹਿਮਾਨ ਸੁਰਿੰਦਰ ਕੁਮਾਰ (ਟਰੇਡ ਵਿੰਗ ਬਠਿੰਡਾ ਦੇ ਪ੍ਰਧਾਨ ਆਮ ਆਦਮੀ ਪਾਰਟੀ) ਅਤੇ ਵਾਟਰ ਵਰਕਸ ਦੇ ਸਮੂਹ ਸਟਾਫ਼ ਵੱਲੋਂ ਭਰਪੂਰ ਸਹਿਯੋਗ ਦੇਕੇ ਨਿਰੰਕਾਰੀ ਮਿਸ਼ਨ ਦੀ ਭਰਪੂਰ ਸ਼ਲਾਘਾ ਕੀਤੀ ਗਈ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੀ ਛਤਰ-ਛਾਇਆ ਹੇਠ ਅੱਜ ਯਮੁਨਾ ਨਦੀ ਦੇ ਛੱਠ ਘਾਟ ਵਿਖੇ ‘ਅੰਮ੍ਰਿਤ ਪ੍ਰੋਜੈਕਟ’ ਦੇ ਤਹਿਤ ‘ਸਵੱਛ ਜਲ, ਸਵੱਛ ਮਨ’ ਪ੍ਰੋਜੈਕਟ ਦੇ ਦੂਜੇ ਪੜਾਅ ਦਾ ਉਦਘਾਟਨ ਸਵੇਰੇ 8.00 ਵਜੇ ਆਈ.ਟੀ.ਓ., ਦਿੱਲੀ ਤੋਂ ਕੀਤਾ ਗਿਆ । ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ, ਇਹ ਪ੍ਰੋਜੈਕਟ ਪੂਰੇ ਭਾਰਤ ਦੇ 27 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 1533 ਤੋਂ ਵੱਧ ਸਥਾਨਾਂ ‘ਤੇ 11 ਲੱਖ ਤੋਂ ਵੱਧ ਵਲੰਟੀਅਰਾਂ ਦੇ ਸਹਿਯੋਗ ਨਾਲ ਵੱਡੇ ਪੱਧਰ ‘ਤੇ ਆਯੋਜਿਤ ਕੀਤਾ ਗਿਆ। ਬਾਬਾ ਹਰਦੇਵ ਸਿੰਘ ਜੀ ਦੀਆਂ ਸਦੀਵੀ ਸਿੱਖਿਆਵਾਂ ਤੋਂ ਪ੍ਰੇਰਨਾ ਲੈਂਦਿਆਂ ਸੰਤ ਨਿਰੰਕਾਰੀ ਮਿਸ਼ਨ ਦੇ ਸਮਾਜਿਕ ਵਿੰਗ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੀ ਅਗਵਾਈ ਹੇਠ ‘ਪ੍ਰੋਜੈਕਟ ਅੰਮ੍ਰਿਤ’ ਦਾ ਆਯੋਜਨ ਕੀਤਾ ਗਿਆ। ਸਤਿਗੁਰੂ ਮਾਤਾ ਜੀ ਨੇ ਪ੍ਰੋਜੈਕਟ ਅੰਮ੍ਰਿਤ ਮੌਕੇ ਆਪਣੇ ਅਸ਼ੀਰਵਾਦ ਵਿੱਚ ਕਿਹਾ ਕਿ ਪਾਣੀ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ ਅਤੇ ਇਹ ਅੰਮ੍ਰਿਤ ਦੀ ਤਰ੍ਹਾਂ ਹੈ। ਪਾਣੀ ਸਾਡੇ ਜੀਵਨ ਦਾ ਮੂਲ ਆਧਾਰ ਹੈ। ਇਹ ਸਾਡਾ ਫਰਜ਼ ਹੈ ਕਿ ਅਸੀਂ ਇਸ ਸਾਫ਼-ਸੁਥਰੀ ਅਤੇ ਸੁੰਦਰ ਰਚਨਾ ਦੀ ਸੰਭਾਲ ਕਰੀਏ ਜੋ ਸਾਨੂੰ ਪਰਮਾਤਮਾ ਨੇ ਦਿੱਤੀ ਹੈ। ਅਸੀਂ ਮਨੁੱਖ ਵਜੋਂ, ਇਸ ਅਨਮੋਲ ਵਿਰਸੇ ਦੀ ਦੁਰਵਰਤੋਂ ਕਰਦੇ ਹੋਏ ਇਸ ਨੂੰ ਪ੍ਰਦੂਸ਼ਤ ਕੀਤਾ ਹੈ । ਅਸੀਂ ਕੁਦਰਤ ਨੂੰ ਇਸ ਦੇ ਅਸਲੀ ਰੂਪ ਵਿਚ ਰੱਖਣਾ ਹੈ ਅਤੇ ਇਸ ਨੂੰ ਸਾਫ਼ ਕਰਨਾ ਹੈ। ਸਾਨੂੰ ਸਾਰਿਆਂ ਨੂੰ ਆਪਣੇ ਕੰਮਾਂ ਨਾਲ ਪ੍ਰੇਰਿਤ ਕਰਨਾ ਹੋਵੇਗਾ ਨਾ ਕਿ ਸਿਰਫ਼ ਸ਼ਬਦਾਂ ਨਾਲ। ਜਦੋਂ ਅਸੀਂ ਹਰ ਕਣ ਵਿਚ ਮੌਜੂਦ ਪਰਮਾਤਮਾ ਨਾਲ ਜੁੜ ਜਾਂਦੇ ਹਾਂ ਅਤੇ ਜਦੋਂ ਅਸੀਂ ਉਸ ਦਾ ਆਸਰਾ ਲੈਂਦੇ ਹਾਂ, ਤਾਂ ਅਸੀਂ ਉਸ ਦੀ ਰਚਨਾ ਦੇ ਹਰ ਰੂਪ ਨੂੰ ਪਿਆਰ ਕਰਨਾ ਸ਼ੁਰੂ ਕਰ ਦਿੰਦੇ ਹਾਂ।