ਸੋਸ਼ਲ ਮੀਡੀਆ ਤੇ ਅੱਜ ਦੇ ਬੱਚੇ ਪਿਛਲੇ ਕੁਝ ਕੁ ਸਾਲਾਂ ਵਿੱਚ ਸਮਾਜ ਦੇ ਵਿੱਚ ਮੁੱਲ ਇਕਦਮ ਬਦਲ ਗਏ ਹਨ। ਸ਼ਹਿਰੀਕਰਨ, ਵਿਸ਼ਵੀਕਰਨ ,ਸੋਸ਼ਲ ਮੀਡੀਆ, ਟੀਵੀ ਚੈਨਲਾਂ ਨੇ ਜ਼ਿੰਦਗੀ ਨੂੰ ਇੱਕ ਦਮ ਬਦਲਾ ਦਿੱਤਾ ਹੈ ।ਸੋਸ਼ਲ ਮੀਡੀਆ ਨੇ ਤਾਂ ਬਹੁਤ ਹੀ ਤੇਜ਼ੀ ਨਾਲ ਇਸ ਦੇ ਵਿੱਚ ਭੂਮਿਕਾ ਨਿਭਾਈ ਹੈ ।ਹਰ ਵਰਗ ਦੇ ਬੱਚੇ, ਨੌਜਵਾਨ ,ਬਜ਼ੁਰਗ ਇਸ ਨਾਲ ਪ੍ਰਭਾਵਿਤ ਹਨ। ਮੋਬਾਇਲ ਜ਼ਿੰਦਗੀ ਦਾ ਇੱਕ ਹਿੱਸਾ ਬਣ ਚੁੱਕਾ ਹੈ। ਮੋਬਾਈਲ ਹਰ ਇੱਕ ਕੋਲ ਹੋਣਾ ਆਮ ਜਿਹੀ ਗੱਲ ਬਣ ਚੁੱਕੀ ਹੈ ਖਾਸ ਗੱਲ ਇਹ ਹੈ ਕਿ ਮੋਬਾਈਲ ਵੀ ਸਮਾਰਟ ਇਹੋ ਜਿਹਾ ਜਿਸ ਵਿੱਚ ਹਰ ਇਨਸਾਨ ਆਪਣੇ ਆਪ ਨੂੰ ਸੋਸ਼ਲ ਮੀਡੀਆ ਤੇ ਲੈ ਕੇ ਅੱਗੇ ਆ ਰਿਹਾ ਹੈ। ਹਰ ਕੋਈ ਇਸ ਦੀ ਵਰਤੋਂ ਆਪਣੇ ਕੰਮਾਂ ਕਾਰਾਂ ਲਈ ਰਾਜਨੀਤੀ ,ਵਪਾਰ ਜਾਂ ਹੋਰ ਅਨੇਕਾਂ ਕਿੱਤਿਆਂ ਦੇ ਲਈ ਕਰ ਰਹੇ ਹਨ। ਇੱਥੋਂ ਤੱਕ ਤਾਂ ਗੱਲ ਸਹੀ ਹੈ ਪਰ ਅੱਜ ਕੱਲ ਬੱਚੇ ਇਹਨਾਂ ਵਿੱਚ ਸਭ ਤੋਂ ਅੱਗੇ ਹਨ ਇਹ ਗੱਲ ਚਿੰਤਾ ਦਾ ਵਿਸ਼ਾ ਜਰੂਰ ਹੈ ।ਇੱਕ ਦੂਜੇ ਨੂੰ ਸੋਸ਼ਲ ਮੀਡੀਆ ਤੇ ਵੇਖ ਕੇ ਆਪਣੇ ਆਪ ਨੂੰ ਵੀ ਪ੍ਰਸਿੱਧ ਕਰਨ ਲਈ ਬਹੁਤ ਕੁਝ ਕਰ ਰਹੇ ਹਨ। ਸੋਸ਼ਲ ਮੀਡੀਆ ਨੇ ਕਿਸ਼ੋਰ ਉਮਰ ਬੱਚਿਆਂ ਦੇ ਵਿਵਹਾਰ ਅਤੇ ਮਾਨਸਿਕਤਾ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਉਹ ਆਪਣੀਆਂ ਫੋਟੋਆਂ ਤੇ ਵੀਡੀਓ ਇਸ ਮੀਡੀਆ ਦੇ ਉੱਤੇ ਅਪਲੋਡ ਕਰਦੇ ਸਮੇਂ ਕਈ ਤਰ੍ਹਾਂ ਦੇ ਫਿਲਟਰ ਦੀ ਵਰਤੋਂ ਕਰਦੇ ਹਨ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਵਿਖਾ ਰਹੇ ਹੁੰਦੇ ਹਨ ਜੋ ਅਸਲ ਵਿੱਚ ਉਹ ਨਹੀਂ ਹੁੰਦੇ ।ਕਈ ਵਾਰ ਆਪਣੇ ਗਰੁੱਪ ਜਾਂ ਕਿਸੇ ਦੋਸਤਾਂ ਕਰਕੇ ਉਹ ਇਸ ਤਰਾਂ ਦੀ ਵੀਡੀਓ ਤੇ ਫੋਟੋ ਅਪਲੋਡ ਵੀ ਕਰ ਦਿੰਦੇ ਹਨ ਜੋ ਉਹਨਾਂ ਨੂੰ ਮਹਿਸੂਸ ਵੀ ਨਹੀਂ ਹੁੰਦਾ ਕਿ ਉਹ ਕੀ ਕਰਨ ਜਾ ਰਹੇ ਹਨ ।ਹਰ ਕੋਈ ਆਪਣੀ ਪੜ੍ਹਾਈ ਜਾਂ ਹੋਰ ਕੰਮਾਂਕਾਰਾਂ ਨੂੰ ਛੱਡ ਕੇ ਸੋਸ਼ਲ ਮੀਡੀਆ ਨੂੰ ਵਾਰ ਵਾਰ ਚੈੱਕ ਕਰਦੇ ਹਨ ।ਉਹ ਕੰਮ ਕਾਰ ਜਾਂ ਆਪਣੀ ਬਾਕੀ ਜਿੰਮੇਦਾਰੀਆਂ ਨੂੰ ਛੱਡ ਸੋਸ਼ਲ ਮੀਡੀਆ ਤੇ ਅਪਡੇਟ ਰਹਿਣਾ ਜਿਆਦਾ ਪਸੰਦ ਕਰਦੇ ਹਨ। ਆਪਣੇ ਫੋਲੋਵਰ ਅਤੇ ਵਿਊ ਵਧਾਉਣ ਲਈ ਉਤਾਵਲੇ ਰਹਿੰਦੇ ਹਨ। ਇਸ ਲਈ ਉਹ ਆਪਣੇ ਨਿੱਜੀ ਨਹੀਂ ਉਹੀ ਕੰਮ ਕਰਦੇ ਹਨ ਜੋ ਬਾਕੀ ਲੋਕ ਕਰਦੇ ਹਨ। ਉਹ ਪਰਿਵਾਰ ਅਤੇ ਸਮਾਜ ਤੋਂ ਵੱਖ ਹੁੰਦੇ ਜਾ ਰਹੇ ਹਨ। ਬੱਚਿਆਂ ਦੀ ਜੀਵਨ ਸ਼ੈਲੀ ਸੋਸ਼ਲ ਮੀਡੀਆ ਨੇ ਬਿਲਕੁਲ ਬਦਲ ਦਿੱਤੀ ਹੈ ।ਬੱਚੇ ਕੀ ਖਾ ਰਹੇ ਹਨ। ਕੀ ਪਹਿਣ ਰਹੇ ਹਨ ।ਇਹ ਸੋਸ਼ਲ ਮੀਡੀਆ ਨਿਰਧਾਰਿਤ ਕਰਦਾ ਹੈ।ਉਹ ਸਹੀ ਸਮੇਂ ਜਾਂ ਸਹੀ ਕੰਮ ਕਰਦੇ ਹੋਏ ਨਹੀਂ ਬਲਕਿ ਸਮੇਂ ਤੋਂ ਪਹਿਲਾਂ ਮਸ਼ਹੂਰ ਹੋਣ ਦੀ ਦੌੜ ਵਿੱਚ ਹਨ। ਇਹ ਵੇਖਦੇ ਹਨ ਕਿ ਬਾਕੀ ਸੋਸ਼ਲ ਮੀਡੀਆ ਤੇ ਕੀ ਕਰ ਰਹੇ ਹਨ। ਮੈਂ ਵੀ ਕਰ ਸਕਦਾ ਹਾਂ। ਉਹ ਵੀ ਬਾਕੀਆਂ ਵਾਂਗ ਕਰਦੇ ਹੋਏ ਮਾਨਸਿਕ ਰੋਗੀ ਬਣਦੇ ਜਾ ਰਹੇ ਹਨ। ਸੋਸ਼ਲ ਮੀਡੀਆ ਉੱਤੇ ਗੇਮ ਖੇਡਣ ਦੇ ਮਾੜੇ ਨਤੀਜਿਆਂ ਬਾਰੇ ਤਾਂ ਸਭ ਜਾਣਦੇ ਹੀ ਹਾਂ। ਜਿਨਾਂ ਬੱਚਿਆਂ ਨੂੰ ਅੱਜ ਪੜ੍ਨਾ ਲਿਖਣਾ ਜਾਂ ਨੈਤਿਕ ਕਦਰਾਂ ਕੀਮਤਾਂ ਨੂੰ ਸਿੱਖਣ ਵੱਲ ਜਾਣਾ ਚਾਹੀਦਾ ਹੈ ਉਹ ਅੱਜ ਕੱਲ ਅਸ਼ਲੀਲ ਗਾਣਿਆਂ ਤੇ ਨੱਚ ਰਹੇ ਹਨ। ਜਿੰਨਾ ਬੱਚਿਆਂ ਨੂੰ ਖੁੱਲੇ ਅਸਮਾਨ ਹੇਠਾਂ ਮਿੱਟੀ ਵਿੱਚ ਖੇਡਣਾ ਚਾਹੀਦਾ ਹੈ ਉਹ ਅੱਜ ਕੱਲ ਵੀਡੀਓ ਗੇਮਾਂ ਵਿੱਚ ਰੁਝੇ ਹਨ। ਬੱਚਿਆਂ ਦੇ ਚਿੰਤਨ, ਚਰਿਤਰ, ਵਿਹਾਰ ਨੂੰ ਹੇਠਲੇ ਪੱਧਰ ਤੇ ਲੈ ਕੇ ਆਉਣ ਵਾਲਾ ਸੋਸ਼ਲ ਮੀਡੀਆ ਹੀ ਹੈ ਅੱਜ ਕੱਲ ਬੱਚੇ ਘਰਾਂ ਵਿੱਚ ਪਰਿਵਾਰ ਵਿੱਚ ਸਭ ਦੇ ਸਾਹਮਣੇ ਜਾਂ ਕਈ ਵਾਰ ਤਾਂ ਖੁਦ ਪਰਿਵਾਰਿਕ ਮੈਂਬਰ ਵੀ ਉਸ ਨਾਲ ਵੀਡੀਓ ਬਣਾ ਰਹੇ ਹੁੰਦੇ ਹਨ ਜੋ ਕਿ ਬੱਚਿਆਂ ਨੂੰ ਹੱਲਾਸ਼ੇਰੀ ਦਿੰਦੇ ਹਨ ਦੁੱਖ ਦੀ ਗੱਲ ਇਹ ਹੈ ਕਿ ਮਾਂ ਬਾਪ ਜਾਂ ਹੋਰ ਭੈਣ ਭਰਾ ਉਹਨਾਂ ਨੂੰ ਰੋਕਣ ਦੀ ਬਜਾਏ ਖੁਦ ਉਸ ਦਾ ਹਿੱਸਾ ਬਣਦੇ ਜਾ ਰਹੇ ਹਨ ।ਬੱਚੇ ਵੱਖ ਵੱਖ ਐਪ ਵੱਲ ਵਧੇਰੇ ਜਾਂਦੇ ਹਨ ।ਉਹ ਅਕਸਰ ਰਾਤ ਨੂੰ ਸੋਣ ਤੋਂ ਪਹਿਲਾਂ ਕਾਫੀ ਸਮਾਂ ਸੋਸ਼ਲ ਮੀਡੀਆ ਤੇ ਰਹਿੰਦੇ ਹਨ ਤੇ ਕਈ ਤਰ੍ਹਾਂ ਦੀ ਵੀਡੀਓ ਰੀਲਸ ਵੇਖਦੇ ਹਨ ਜੋ ਉਹਨਾਂ ਦੀ ਉਮਰ ਜਾਂ ਅਵਸਥਾ ਲਈ ਚੰਗੀਆਂ ਨਹੀਂ ਹਨ ਇਹ ਮਾਨਸਿਕ ਤਨਾਅ ਅਤੇ ਅੱਖਾਂ ਦੀ ਬਿਮਾਰੀ ਬਣਦਾ ਜਾ ਰਿਹਾ ਹੈ ।ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣਾ ਫੋਲੋਅਰ ਵਧਾਉਣਾ ਇੱਕ ਨਸ਼ੇ ਵਾਂਗ ਆਪਣੇ ਪੈਰ ਪਸਾਰ ਰਿਹਾ ਹੈ। ਇਹ ਉਹ ਬਿਮਾਰੀ ਬਣ ਚੁੱਕਾ ਹੈ ਜੋ ਇੱਕ ਦੂਜੇ ਨੂੰ ਵੇਖ ਕੇ ਲੱਗਦੀ ਜਾ ਰਹੀ ਹੈ ਲੋੜ ਹੈ ਬੱਚਿਆਂ ਨੂੰ ਧਿਆਨ ਨਾਲ ਰੱਖਣ ਦੀ ਉਹਨਾਂ ਨਾਲ ਸਮਾਂ ਬਿਤਾਉਣ ਦਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਕਾਰਾਤਮਕ ਅਤੇ ਨਕਾਰਾਤਮਕ ਪੱਖ ਦੀ ਜਾਣਕਾਰੀ ਦੇਣ ਦੀ ਸੋਸ਼ਲ ਮੀਡੀਆ ਦੀ ਵਰਤੋ ਸਹੀ ਤਰੀਕੇ ਨਾਲ ਕਿਵੇਂ ਕਰ ਸਕਦੇ ਹਾਂ ਇਹ ਜਾਣਕਾਰੀ ਦੇਣ ਦੀ।
ਸੰਦੀਪ ਕੁਮਾਰ (ਹਿੰਦੀ ਅਧਿਆਪਕ) 9464310900