o ਸਵੈ ਰੋਜ਼ਗਾਰ ਰਾਹੀਂ ਮਹਿਲਾਵਾਂ ਕਰ ਸਕਦੀਆਂ ਹਨ ਆਪਣੀ ਆਮਦਨ ਚ ਵਾਧਾ : ਡਿਪਟੀ ਕਮਿਸ਼ਨਰ
o ਪਹਿਲ ਆਜੀਵਿਕਾ ਹੌਜ਼ਰੀ ਦਾ ਕੀਤਾ ਉਦਘਾਟਨ
11 ਜਨਵਰੀ (ਗਗਨਦੀਪ ਸਿੰਘ) ਬਠਿੰਡਾ: ਸੈਲਫ਼ ਹੈਲਪ ਗਰੁੱਪਾਂ ਦੀਆਂ ਮਹਿਲਾਵਾਂ ਹੋਰ ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਆਪਣੇ ਮਿੱਥੇ ਟੀਚੇ ਵਿੱਚ ਅੱਗੇ ਵਧ ਸਕਦੀਆਂ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਡਵੀਜ਼ਨਲ ਕਮਿਸ਼ਨਰ ਫਰੀਦਕੋਟ ਰੇਂਜ ਸ੍ਰੀ ਮਨਜੀਤ ਸਿੰਘ ਬਰਾੜ ਨੇ ਜ਼ਿਲ੍ਹੇ ਦੇ ਪਿੰਡ ਸਿਵੀਆ ਵਿਖੇ ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਅਧੀਨ ਪਹਿਲ ਆਜੀਵਿਕਾ ਹੌਂਜ਼ਰੀ ਦਾ ਉਦਘਾਟਨ ਕਰਨ ਉਪਰੰਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੈਡਮ ਲਵਜੀਤ ਕਲਸੀ ਆਦਿ ਹਾਜ਼ਰ ਸਨ। ਇਸ ਦੌਰਾਨ ਉਨ੍ਹਾਂ ਵਲੋਂ ਵੱਖ-ਵੱਖ ਸੈਲਪ ਹੈਲਪ ਗਰੁੱਪਾਂ ਦੀਆਂ ਮਹਿਲਾਵਾਂ ਵਲੋਂ ਹੱਥੀ ਤਿਆਰ ਕੀਤੇ ਗਏ ਵਸਤਾਂ ਦੀ ਲਗਾਈ ਗਈ ਪ੍ਰਦਰਸ਼ਨੀ ਦਾ ਵੀ ਦੌਰਾ ਕਰਕੇ ਜਾਇਜ਼ਾ ਲਿਆ ਗਿਆ।
ਇਸ ਦੌਰਾਨ ਡਵੀਜ਼ਨਲ ਕਮਿਸ਼ਨਰ ਨੇ ਇਸ ਨਿਵੇਕਲੇ ਕਾਰਜ ਚ ਵਿਸ਼ੇਸ਼ ਸਹਿਯੋਗ ਦੇਣ ਲਈ ਮਿੱਤਲ ਗਰੁੱਪ ਤੇ ਅੰਬੂਜ਼ਾ ਫਾਊਂਡੇਸ਼ਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਉਨ੍ਹਾਂ ਪ੍ਰੋਜੈਕਟ ਰਹਿਮਤ ਆਜੀਵਿਕਾ ਕਲੱਸਟਰ ਲੈਵਲ ਫੈਡਰੇਸ਼ਨ ਦੀ ਨਿਗਰਾਨੀ ਹੇਠ ਚਲਾਏ ਜਾ ਰਹੇ ਇਸ ਪ੍ਰੋਜੈਕਟ ਦੀਆਂ ਮਹਿਲਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿਰਫ਼ ਆਪਣੇ ਘਰ, ਪਿੰਡ ਜਾਂ ਜ਼ਿਲ੍ਹੇ ਚ ਹੀ ਨਹੀਂ ਸਗੋਂ ਪੂਰੇ ਦੇਸ਼ ਲਈ ਇੱਕ ਉਦਹਾਰਨ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮਹਿਲਾਵਾਂ ਨੂੰ ਜਿੰਦਗੀ ਵਿੱਚ ਅੱਗੇ ਵੱਧਣ ਲਈ ਹੋਰ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਪਹਿਲ ਆਜੀਵਿਕਾ ਮਿਸ਼ਨ ਦੀਆਂ ਮਹਿਲਾਵਾਂ ਦੀ ਪ੍ਰਸੰਸਾਂ ਕਰਦਿਆਂ ਕਿਹਾ ਕਿ ਉਹ ਹੋਰ ਮਿਹਨਤ ਕਰਕੇ ਸਵੈ ਰੋਜ਼ਗਾਰ ਰਾਹੀਂ ਆਪਣੇ ਅਤੇ ਆਪਣੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰ ਸਕਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮਹਿਲਾਵਾਂ ਆਪਣੀ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦਿਆਂ ਆਪਣੇ ਮਿੱਥੇ ਟੀਚੇ ਨੂੰ ਪੂਰਾ ਕਰਨ ਚ ਉੱਚ ਮੁਕਾਮ ਹਾਸਲ ਕਰਨ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਾਲ ਸਟੇਟ ਦਫ਼ਤਰ ਵੱਲੋਂ ਜ਼ਿਲ੍ਹੇ ਨੂੰ 10 ਹਜ਼ਾਰ ਸਰਕਾਰੀ ਸਕੂਲ ਦੀਆਂ ਵਰਦੀਆਂ ਬਣਾਉਣ ਦਾ ਟੀਚਾ ਮਿਲਿਆ ਹੈ, ਜਿਸ ਨੂੰ ਕਿ ਵਧਾ ਕੇ 20 ਹਜ਼ਾਰ ਸਕੂਲੀ ਵਰਦੀਆਂ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਿੱਖਿਆ ਵਿਭਾਗ ਨਾਲ ਤਾਲਮੇਲ ਕਰਕੇ ਵਰਦੀਆਂ ਦੇ ਸਾਇਜ਼ ਵਾਇਜ਼ ਸੈਂਪਲ ਭੇਜੇ ਜਾ ਚੁੱਕੇ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ 3196 ਵਰਦੀਆਂ ਦਾ ਆਰਡਰ ਸਾਇਜ਼ ਵਾਇਜ਼ ਮਿਲ ਚੁੱਕਾ ਹੈ ਅਤੇ ਬਾਕੀ ਆਰਡਰ ਅਗਲੇ ਹਫਤੇ ਮਿਲਣ ਦੀ ਉਮੀਦ ਹੈ। ਉਨ੍ਹਾਂ ਇਹ ਵੀ ਕਿਹਾ ਕਿ 20 ਹਜ਼ਾਰ ਵਰਦੀਆਂ ਦੇ ਟੀਚੇ ਵਿੱਚੋਂ 15 ਹਜ਼ਾਰ ਵਰਦੀਆਂ ਪਹਿਲ ਆਜੀਵਿਕਾ ਹੋਜਰੀ ਸਿਵੀਆਂ ਤੇ 5 ਹਜ਼ਾਰ ਵਰਦੀਆਂ ਸਫ਼ਲਤਾ ਆਜੀਵਿਕਾ ਕਲੱਸਟਰ ਲੈਵਲ ਫੈਡਰੇਸ਼ਨ ਅਧੀਨ ਕੰਮ ਕਰ ਰਹੀ ਅਤੇ ਵਿਰਾਸਤ-ਏ-ਮਾਲਵਾ ਪਿੰਡ ਬੁਲਾਢੇਵਾਲਾ ਤੋਂ ਤਿਆਰ ਕਰਵਾਉਣ ਦੀ ਤਜਵੀਜ ਬਣਾਈ ਗਈ ਹੈ।
ਇਸ ਦੌਰਾਨ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਰਹਿਮਤ ਆਜੀਵਿਕਾ ਕਲੱਸਟਰ ਲੈਵਲ ਫੈਡਰੇਸ਼ਨ, ਬਲਾਕ ਗੋਨਿਆਣਾ ਨਾਲ 423 ਸਵੈ ਸਹਾਇਤਾ ਸਮੂਹਾਂ ਦੇ 4230 ਮੈਂਬਰ ਜੁੜੇ ਹੋਏ ਹਨ ਅਤੇ ਇਕੱਲੇ ਪਿੰਡ ਸਿਵੀਆਂ ਵਿੱਚ 72 ਸਵੈ ਸਹਾਇਤਾ ਸਮੂਹ ਬਣੇ ਹਨ, ਜਿਨ੍ਹਾਂ ਵਿੱਚ 750 ਦੇ ਕਰੀਬ ਮੈਂਬਰ ਜੁੜੇ ਹੋਏ ਹਨ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਮੈਡਮ ਲਵਜੀਤ ਕਲਸੀ ਨੇ ਪਹੁੰਚੀਆਂ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਤਹਿਤ ਜ਼ਿਲ੍ਹੇ ਅੰਦਰ ਕਰਵਾਏ ਜਾ ਰਹੇ ਕਾਰਜਾ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਮੈਨੇਜ਼ਰ ਸੁਖਵਿੰਦਰ ਸਿੰਘ ਚੱਠਾ ਨੇ ਆਜੀਵਿਕਾ ਮਿਸ਼ਨ ਵਲੋਂ ਕੀਤੇ ਜਾ ਰਹੇ ਕਾਰਜਾਂ ਅਤੇ ਰਹਿਮਤ ਆਜੀਵਿਕਾ ਕਲੱਸਟਰ ਲੈਵਲ ਫਡਰੇਸ਼ਨ ਦੀ ਪ੍ਰਧਾਨ ਸੁਖਵਿੰਦਰ ਕੌਰ ਵਲੋਂ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਹੋਰ ਮਹਿਲਾਵਾਂ ਨੂੰ ਵੀ ਮਿਸ਼ਨ ਨਾਲ ਜੁੜਨ ਲਈ ਪ੍ਰੇਰਿਆ। ਇਸ ਦੌਰਾਨ ਪਹੁੰਚੀਆਂ ਸਖ਼ਸੀਅਤਾਂ ਦਾ ਮੁੱਖ ਮਹਿਮਾਨ ਵਲੋਂ ਸਨਮਾਨ ਚਿੰਨ ਦੇ ਕੇ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਆਪ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ (ਦਿਹਾਤੀ) ਸ਼੍ਰੀ ਗੁਰਜੰਟ ਸਿੰਘ ਸਿਵੀਆ, ਸਾਬਕਾ ਬਲਾਕ ਪ੍ਰਧਾਨ ਡਾ. ਬੂਟਾ ਸਿੰਘ, ਬਲਾਕ ਪ੍ਰਧਾਨ ਸ਼੍ਰੀ ਮਨਪ੍ਰੀਤ ਸਿੰਘ ਗੁੱਗੀ ਚਹਿਲ, ਮੈਡਮ ਮਨਦੀਪ ਕੌਰ ਰਾਮਗੜੀਆ, ਪਿੰਡ ਦੀ ਸਰਪੰਚ ਸ਼੍ਰੀਮਤੀ ਹਰਿੰਦਰ ਕੌਰ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਰਹਿਮਤ ਆਜੀਵਿਕਾ ਕਲੱਸਟਰ ਲੈਵਲ ਫਡਰੇਸ਼ਨ ਦੀਆਂ ਮਹਿਲਾਵਾਂ ਆਦਿ ਹਾਜ਼ਰ ਸਨ।