—ਸਿੱਖਿਆ ਵਿਭਾਗ ਪੰਜਾਬ ਵਿੱਚੋ ਸੇਵਾ ਮੁਕਤ ਹੋ ਰਹੇ ਲੈਕਚਰਾਰ ਗੁਰਮੇਲ ਸਿੰਘ ਦਾ ਜਨਮ 05 ਮਾਰਚ 1966 ਨੂੰ ਪਿੰਡ ਕਲਿਆਣ ਸੁੱਖਾ ਜਿਲ੍ਹਾ ਬਠਿੰਡਾ ਵਿਖੇ ਪਿਤਾ ਕਿਸ਼ਨ ਸਿੰਘ ਅਤੇ ਮਾਤਾ ਪ੍ਰਸਿੰਨ ਕੌਰ ਦੇ ਘਰ ਹੋਇਆ। ਇਹਨਾਂ ਨੂੰ ਆਪਣੇ ਪਿੰਡ ਪੱਤੀ ਕਲਿਆਣ ਭਾਈਕੀ ਦਾ ਪਹਿਲਾ ਗਰੈਜੂਏਟ ਅਤੇ ਸਰਕਾਰੀ ਅਧਿਆਪਕ ਹੋਣ ਦਾ ਮਾਣ ਪ੍ਰਾਪਤ ਹੈ। ਇਹਨਾਂ ਨੇ ਪੰਜਵੀਂ ਤੱਕ ਦੀ ਪੜ੍ਹਾਈ ਸਰਕਾਰੀ ਪ੍ਰਾਇਮਰੀ ਸਕੂਲ ਕਲਿਆਣ ਭਾਈਕੀ ਤੋਂ, ਅੱਠਵੀ ਅਤੇ ਦਸਵੀਂ ਦੀ ਪੜ੍ਹਾਈ ਪਿੰਡ ਦੇ ਸਰਕਾਰੀ ਹਾਈ ਸਕੂਲ ਕਲਿਆਣ ਸੁੱਖਾ ਤੋ, ਬਾਰ੍ਹਵੀਂ ਦੀ ਪੜ੍ਹਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਥਾਣਾ ਤੋਂ, ਬੀ.ਏ. ਅਤੇ ਐਮ.ਏ. ਦੀ ਪੜ੍ਹਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਅਤੇ ਬੀ.ਐਡ. ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋ ਕੀਤੀ। ਇਸ ਉਪਰੰਤ ਇਹਨਾਂ ਨੇ 1991 ਵਿੱਚ ਆਪਣੀ ਪ੍ਰਾਈਵੇਟ ਸਰਵਿਸ ਸੰਤ ਬਾਬਾ ਲੌਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਤੋ ਬਤੌਰ ਮੈਥ ਮਾਸਟਰ ਸੁਰੂ ਕੀਤੀ। ਸਿੱਖਿਆ ਵਿਭਾਗ ਪੰਜਾਬ ਵੱਲੋ 1997 ਵਿੱਚ ਅਧਿਆਪਕ ਭਰਤੀ ਅਧੀਨ ਸਿਲੈਕਸ਼ਨ ਹੋਣ ਉਪਰੰਤ ਇਹਨਾਂ ਨੇ 04-09-1997 ਨੂੰ ਬਤੌਰ ਮੈਥ ਮਾਸਟਰ ਆਪਣੀ ਅਧਿਆਪਨ ਸੇਵਾ ਸਸਸਸ ਫੂਲ ਟਾਊਨ ਤੋ ਸੁਰੂ ਕੀਤੀ। ਸਾਲ 2007 ਤੋਂ 2009 ਤੱਕ ਗਿੱਲ ਕਲਾਂ ਅਤੇ ਸਾਲ 2009 ਤੋਂ 2016 ਤੱਕ ਬੁਰਜ ਗਿੱਲ ਵਿਖੇ ਡਿਉਟੀ ਨਿਭਾਉਣ ਉਪਰੰਤ 2016 ਵਿੱਚ ਬਤੌਰ ਲੈਕਚਰਾਰ ਅਰਥਸ਼ਾਸ਼ਤਰ ਪਦਉਨੱਤ ਹੋਣ ਉਪਰੰਤ ਸਸਸਸ ਫੂਲ ਟਾਊਨ ਵਿਖੇ ਜੁਆਇੰਨ ਕੀਤਾ। ਇਸ ਸਮੇਂ ਸਸਸਸ ਫੂਲ ਟਾਊਨ ਵਿਖੇ ਸੇਵਾ ਨਿਭਾ ਰਹੇ ਹਨ। ਇਨਸਾਫ ਪਸੰਦ, ਮਿਹਨਤੀ ਅਤੇ ਨੇਕ ਸੁਭਾਅ ਦੇ ਮਾਲਕ ਲੈਕਚਰਾਰ ਗੁਰਮੇਲ ਸਿੰਘ ਆਪਣੀ 27 ਸਾਲ 3 ਮਹੀਨੇ ਦੀ ਬੇਦਾਗ ਸੇਵਾ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੂਲ ਟਾਊਨ ਤੋ 31 ਮਾਰਚ 2024 ਨੂੰ ਸੇਵਾ ਮੁਕਤ ਹੋ ਰਹੇ ਹਨ। ਇਹਨਾਂ ਦਾ ਆਪਣਾ ਵਿਸ਼ਾ ਪੜ੍ਹਾਉਣ ਤੋ ਇਲਾਵਾ ਸਕੂਲ ਦੇ ਹਰ ਤਰ੍ਹਾਂ ਦੇ ਵਿਕਾਸ ਲਈ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਹ ਆਪਣੀ ਇਲੈਕਸ਼ਨ ਡਿਊਟੀ, ਮਰਦਮਸੁਮਾਰੀ ਡਿਊਟੀ ਜਾਂ ਪ੍ਰਸ਼ਾਸ਼ਨ ਵੱਲੋ ਲਗਾਈ ਕਿਸੇ ਵੀ ਪ੍ਰਕਾਰ ਦੀ ਗੈਰ ਵਿਦਿਅਕ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਦੇ ਰਹੇ ਹਨ। ਇਹ ਆਪਣੀ ਮਿਹਨਤ, ਵਿਸ਼ਾ ਮਾਹਿਰ ਅਤੇ ਪੜ੍ਹਾਉਣ ਦੇ ਨਵੇ ਂ ਨਵੇ ਤਰੀਕਿਆਂ ਕਾਰਨ ਬੱਚਿਆਂ ਵਿੱਚ ਬਹੁਤ ਹਰਮਨ ਪਿਆਰੇ ਅਧਿਆਪਕ ਰਹੇ ਹਨ। ਇਹਨਾਂ ਨੇ ਕਦੇ ਵੀ ਬੱਚਿਆਂ ਨੂੰ ਆਪਣੇ ਵਿਸ਼ੇ ਗਣਿਤ ਅਤੇ ਇਕਨਾਮਿਕਸ ਨੂੰ ਔਖਾ ਨਹੀ ਲੱਗਣ ਦਿੱਤਾ। ਸਗੋ ਰੋਚਕ ਤਰੀਕੇ ਰਾਹੀਂ ਸਮਝਾਕੇ ਇਹਨਾਂ ਵਿਸ਼ਿਆਂ ਨੂੰ ਦਿਲਚਸਪ ਬਣਾਇਆ। ਇਹਨਾਂ ਦੇ ਪੜ੍ਹਾਏ ਹੋਏ ਵਿਦਿਆਰਥੀ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਸਫ਼ਲਤਾ ਪੂਰਵਕ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਇਹਨਾਂ ਵੱਲੋ ਮੈਥ ਮਾਸਟਰ ਦੀ ਡਿਊਟੀ ਦੌਰਾਨ ਲਗਭਗ 10-12 ਸਾਲ ਬਤੌਰ ਰਿਸੋਰਸ ਪਰਸਨ ਕੰਮ ਕੀਤਾ ਅਤੇ ਆਪਣੇ ਗਣਿਤ ਵਿਸ਼ੇ ਦੇ ਮਾਡਲ ਅਤੇ ਤਜਰਬੇ ਅਧਿਆਪਕਾਂ ਨਾਲ ਸਾਂਝੇ ਕੀਤੇ। ਇਹਨਾਂ ਦੇ ਯਤਨਾਂ ਸਦਕਾ ਵਾਤਾਵਰਨ ਦੀ ਸਾਂਭ ਸੰਭਾਲ ਲਈ ਸਕੂਲ ਵਿੱਚ ਸੈਂਕੜੇ ਦਰੱਖਤ ਅਤੇ ਸੁੰਦਰਤਾ ਵਾਲੇ ਪੌਦੇ ਲਗਾਏ ਗਏ। ਇਹਨਾਂ ਨੇ ਆਪਣੀ ਜੇਬ ਵਿੱਚੋ ਖਰਚ ਕਰਕੇ ਸਕੂਲ ਵਿੱਚ ਫੁੱਲਾਂ ਦੀਆਂ ਪੱਕੀਆਂ ਕਿਆਰੀਆਂ ਤਿਆਰ ਕਰਵਾਈਆਂ। ਇਹਨਾਂ ਵੱਲੋ ਆਪਣੇ ਅਸਰ ਰਸੂਖ ਨਾਲ ਸਕੂਲ ਲਈ ਦਾਨ ਇਕੱਠਾ ਕਰਕੇ ਸਕੂਲ ਦੇ ਵਿਕਾਸ ਕਾਰਜ ਕਰਵਾਏ। ਇਹ ਸਕੂਲ ਦੀ ਹਰੇਕ ਸਮੱਸਿਆ ਨੂੰ ਆਪਣੀ ਨਿੱਜੀ ਸਮੱਸਿਆ ਸਮਝਕੇ ਹਮੇਸ਼ਾਂ ਅਗਾਂਹਵਧੂ ਰੋਲ ਅਦਾ ਕਰਕੇ ਸਮੱਸਿਆ ਨੂੰ ਸੁਲਝਾਉਣ ਦਾ ਯਤਨ ਕਰਦੇ ਰਹੇ ਹਨ। ਇਹ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ ਪੈਦਾ ਕਰਨ ਲਈ ਸਕੂਲ ਵਿੱਚ ਤਰਕਸ਼ੀਲ ਸੁਸਾਇਟੀ ਦੇ ਸੈਮੀਨਾਰ ਕਰਵਾਕੇ ਚੇਤਨਾ ਪਰਖ ਪ੍ਰੀਖਿਆ ਵਿੱਚ ਵਿਦਿਆਰਥੀਆਂ ਨੂੰ ਸ਼ਾਮਿਲ ਕਰਵਾਉਦੇ ਰਹੇ ਹਨ। ਜਿਸ ਕਾਰਨ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਬਠਿੰਡਾ ਵੱਲੋ ਇਹਨਾਂ ਨੂੰ ਸਾਲ 2022 ਵਿੱਚ ਸਨਮਾਨ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਇਹਨਾਂ ਨੂੰ ਸਾਲ 2015-16 ਦੌਰਾਨ 100 ਪ੍ਰਤੀਸ਼ਤ ਨਤੀਜੇ ਲਈ ਮਾਨਯੋਗ ਜਿਲ੍ਹਾ ਸਿੱਖਿਆ ਅਫ਼ਸਰ ਵੱਲੋ ਸਨਮਾਨਿਤ ਕੀਤਾ ਗਿਆ। ਇਹਨਾਂ ਦੀ ਮਿਹਨਤ ਸਦਕਾ ਇਹਨਾਂ ਨੂੰ ਸਾਲ 2021 ਵਿੱਚ ਮਾਨਯੋਗ ਸਿੱਖਿਆ ਸਕੱਤਰ ਪੰਜਾਬ ਵੱਲੋ ਪ੍ਰਸ਼ੰਸਾ ਪੱਤਰ ਦਿੱਤਾ ਗਿਆ। ਅਧਿਆਪਕ ਦਿਵਸ 2023 ਦੇ ਬਲਾਕ ਪੱਧਰੀ ਸਮਾਰੋਹ ਦੌਰਾਨ ਮਾਨਯੋਗ ਜਿਲ੍ਹਾ ਸਿੱਖਿਆ ਅਫਸਰ ਬਠਿੰਡਾ ਅਤੇ ਬਲਾਕ ਨੋਡਲ ਅਫਸਰ ਰਾਮਪੁਰਾ ਫੂਲ ਵੱਲੋ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਨੂੰ ਹਰ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਕਾਰਨ ਸੁਤੰਤਰਤਾ ਦਿਵਸ 2018 ਅਤੇ ਗਣਤੰਤਰਤਾ ਦਿਵਸ 2024 ਦੇ ਤਹਿਸੀਲ ਪੱਧਰੀ ਸਮਾਰੋਹ ਦੌਰਾਨ ਮਾਨਯੋਗ ਐਸ.ਡੀ.ਐਮ. ਰਾਮਪੁਰਾ ਫੂਲ ਵੱਲੋ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਸਟਾਫ, ਵਿਦਿਆਰਥੀ, ਸਕੂਲ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀਆਂ ਵੱਲੋ ਇਹਨਾਂ ਨੂੰ ਮਿਤੀ 30 ਮਾਰਚ 2024 ਦਿਨ ਸ਼ਨੀਵਾਰ ਨੂੰ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਜਾ ਰਹੀ ਹੈ।