ਸੰਗਤ ਖੇਤਰ ਦੇ ਪਿੰਡਾਂ ਵਿੱਚ ਪਿਤਾ ਲਈ ਮੰਗੀਆਂ ਵੋਟਾਂ
28 ਅਪ੍ਰੈਲ (ਰਾਜਦੀਪ ਜੋਸ਼ੀ ) ਸੰਗਤ ਮੰਡੀ: ਸੂਬੇ ਦੇ ਚੰਗੇ ਭਵਿੱਖ ਲਈ ਇਮਾਨਦਾਰ ਲੀਡਰਾਂ ਨੂੰ ਅੱਗੇ ਲਿਆਉਣਾ ਸਮੇਂ ਦੀ ਲੋੜ ਹੈ। ਇਹ ਵਿਚਾਰ ਬਠਿੰਡਾ ਲੋਕ ਸਭਾ ਹਲਕੇ ਤੋਂ ਆਪਦੇ ਉਮੀਦਵਾਰ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਦੇ ਸਪੁੱਤਰ ਅਮੀਤ ਖੁੱਡੀਆਂ ਨੇ ਸੰਗਤ ਖੇਤਰ ਦੇ ਪਿੰਡ ਜੋਧਪੁਰ ਰੋਮਾਣਾ ਵਿੱਚ ਇਕੱਠਾ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਇਮਾਨਦਾਰ ਲੀਡਰਾਂ ਦੀ ਜਰੂਰਤ ਹੈ, ਇਸ ਲਈ ਪੰਜਾਬ ਦੇ ਲੋਕ ਇਸ ਵਾਰ ਇਮਾਨਦਾਰ ਤੇ ਸ਼ਰੀਫ ਲੀਡਰਾਂ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਣਗੇ। ਉਹਨਾਂ ਕਿਹਾ ਕਿ ਬਠਿੰਡਾ ਲੋਕ ਸਭਾ ਹਲਕੇ ਤੋਂ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਚੋਣ ਜਿੱਤ ਕੇ ਹਮੇਸ਼ਾ ਦੀ ਤਰ੍ਹਾਂ ਤੁਹਾਡੀ ਸੇਵਾ ਵਿੱਚ ਹਾਜ਼ਰ ਰਹਿਣਗੇ। ਉਹਨਾਂ ਲੋਕਾਂ ਨੂੰ ਪੁੱਛਿਆ ਕਿ ਇਸ ਤੋਂ ਪਹਿਲਾਂ ਬਣੇ ਮੈਂਬਰ ਪਾਰਲੀਮੈਂਟ ਤੁਹਾਨੂੰ ਕਦੇ ਮਿਲੇ ਹਨ ਤਾਂ ਲੋਕਾਂ ਨੇ ਨਾਂ ਵਿੱਚ ਜਵਾਬ ਦਿੱਤਾ। Ameet ਖੁੱਡੀਆਂ ਨੇ ਕਿਹਾ ਕਿ ਜਥੇਦਾਰ ਗੁਰਮੀਤ ਸਿੰਘ ਆਮ ਲੋਕਾਂ ਦੀ ਤਰ੍ਹਾਂ ਸਧਾਰਨ ਪਰਿਵਾਰ ਵਿੱਚੋਂ ਹਨ ਅਤੇ ਉਹਨਾਂ ਨੂੰ ਕਦੋਂ ਵੀ ਕਿੱਥੇ ਵੀ ਮਿਲਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਅਸਲ ਵਿੱਚ ਬਠਿੰਡਾ ਲੋਕ ਸਭਾ ਹਲਕੇ ਤੋਂ ਨਿਤਾਣਿਆਂ ਦਾ ਮੁਕਾਬਲਾ ਜਰਵਾਣਿਆਂ ਨਾਲ ਹੋ ਰਿਹਾ। ਰਵਾਇਤੀ ਪਾਰਟੀਆਂ ਦੇ ਉਮੀਦਵਾਰ ਜਗੀਰਦਾਰ ਅਤੇ ਧਨਾਡ ਹਨ, ਜਿਹੜੇ ਪੈਸੇ ਅਤੇ ਆਪਣੀ ਜਾਇਦਾਦ ਦਾ ਹੰਕਾਰ ਕਰ ਰਹੇ ਹਨ। ਜਦੋਂ ਕਿ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਕੋਲ ਲੋਕਾਂ ਦੀ ਵੱਡੀ ਤਾਕਤ ਹੈ। ਇਸ ਮੌਕੇ ਇਕੱਠੀਆਂ ਹੋਈਆਂ ਵੱਡੀ ਗਿਣਤੀ ਔਰਤਾਂ ਨੂੰ ਸੰਬੋਧਨ ਕਰਦਿਆਂ ਅਮੀਤ ਖੁੱਡੀਆਂ ਨੇ ਕਿਹਾ ਕਿ ਆਪਣੇ ਬੱਚਿਆਂ ਦੇ ਭਵਿੱਖ ਲਈ ਉਹ ਜਥੇਦਾਰ ਖੁੱਡੀਆਂ ਨੂੰ ਜਿਤਾ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਮਜਬੂਤ ਕਰਨ।