ਕਰੀਬ 42 ਹਜ਼ਾਰ ਮੀਟਰਕ ਟਨ ਪ੍ਰਤੀ ਦਿਨ ਹੁੰਦੀ ਰਹੀ ਰਿਕਾਰਡ ਲਿਫਟਿੰਗ
ਖ੍ਰੀਦ ਕੀਤੀ ਗਈ ਕਣਕ ਦੀ ਅਦਾਇਗੀ ਵੀ ਹੋਈ ਨਾਲੋ-ਨਾਲ
ਮੰਡੀਆਂ ਚ ਕਿਸਾਨਾਂ ਨੂੰ ਨਹੀਂ ਆਉਣ ਦਿੱਤੀ ਕੋਈ ਪ੍ਰੇਸ਼ਾਨੀ
26 ਮਈ (ਗਗਨਦੀਪ ਸਿੰਘ) ਬਠਿੰਡਾ: ਸਾਲ 2024-25 ਦੇ ਸੀਜਨ ਦੌਰਾਨ ਜ਼ਿਲ੍ਹੇ ਭਰ ਵਿੱਚ 910410.65 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਵੱਖ-ਵੱਖ ਏਜੰਸੀਆਂ ਦੁਆਰਾ ਕੀਤੀ ਗਈ । ਪੂਰੇ ਸੀਜਨ ਦੌਰਾਨ ਮੰਡੀਆਂ ਚ ਕਿਸਾਨਾਂ ਨੂੰ ਕਣਕ ਦੀ ਖਰੀਦ, ਲਿਫਟਿੰਗ ਆਦਿ ਤੈਅ ਸਮੇਂ ਤੇ ਕਰਦਿਆਂ ਖ੍ਰੀਦ ਕੀਤੀ ਕਣਕ ਦੀ ਬਣਦੀ 1996.43 ਕਰੋੜ ਰੁਪਏ ਦੀ ਅਦਾਇਗੀ ਕਿਸਾਨਾਂ ਦੇ ਖਾਤਿਆਂ ਵਿੱਚ ਆਨਲਾਈਨ ਵਿਧੀ ਰਾਹੀਂ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ ਸਾਂਝੀ ਕੀਤੀ।
ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਖਰੀਦ ਸੀਜਨ ਦੇ ਪੂਰੇ ਜੋਬਨ ਵਾਲੇ ਦਿਨਾਂ ਦੌਰਾਨ ਖਰੀਦ ਕੀਤੀ ਕਣਕ ਦੀ ਰਿਕਾਰਡ ਕਰੀਬ 42 ਹਜ਼ਾਰ ਮੀਟਰਕ ਟਨ ਲਿਫ਼ਟਿੰਗ ਪ੍ਰਤੀ ਦਿਨ ਕੀਤੀ ਗਈ, ਜੋ ਕਿ ਇੱਕ ਰਿਕਾਰਡ ਹੈ। ਪਿਛਲੇ ਸਾਲ ਦੇ ਸੀਜਨ ਦੌਰਾਨ ਕਣਕ ਦੀ ਲਿਫਟਿੰਗ ਵੀ ਕਰੀਬ 30 ਹਜ਼ਾਰ ਮੀਟਰਕ ਟਨ ਪ੍ਰਤੀ ਦਿਨ ਹੁੰਦੀ ਰਹੀ ਸੀ।
ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਪਿਛਲੇ ਸਾਲ ਕਣਕ ਦੇ ਸੀਜਨ ਦੌਰਾਨ ਮੰਡੀਆਂ ਚ ਕਣਕ ਦੀ ਆਮਦ ਕਰੀਬ 40 ਦਿਨ ਤੱਕ ਜ਼ਿਆਦਾ ਹੋਈ ਸੀ, ਪਰ ਇਸ ਸੀਜਨ ਦੌਰਾਨ ਇੱਕਦਮ ਕਣਕ ਦੀ ਕਟਾਈ ਹੋਣ ਕਰਕੇ 25 ਦਿਨਾਂ ਵਿੱਚ ਹੀ ਮੰਡੀਆਂ ਵਿਚ ਕਣਕ ਦੀ ਆਮਦ ਪਿਛਲੇ ਸਾਲ ਦੇ 40 ਦਿਨਾਂ ਦੇ ਬਰਾਬਰ ਆਉਣ ਦੇ ਬਾਵਜੂਦ ਵੀ ਕਿਸਾਨਾਂ ਨੂੰ ਮੰਡੀਆਂ ਵਿਚ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਗਈ ।
ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ 910410.65 ਮੀਟਰਕ ਟਨ ਖਰੀਦ ਕੀਤੀ ਕਣਕ ਵਿੱਚੋਂ ਵੱਖ-ਵੱਖ ਖਰੀਦ ਏਜੰਸੀਆਂ ਜਿਸ ਚ ਪਨਗ੍ਰੇਨ ਵੱਲੋਂ 292738.45 ਮੀਟ੍ਰਿਕ ਟਨ, ਮਾਰਕਫ਼ੈਡ ਵੱਲੋਂ 225306.95 ਪਨਸਪ ਵੱਲੋਂ 205408.65, ਵੇਅਰਹਾਊਸ ਵੱਲੋਂ 154097.60 ਤੇ ਪ੍ਰਾਈਵੇਟ ਵਪਾਰੀਆਂ ਵਲੋਂ 32859 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ ਅਤੇ ਖਰੀਦ ਕੀਤੀ ਸਾਰੀ ਹੀ ਕਣਕ ਦੀ ਲਿਫਟਿੰਗ ਵੀ ਕੀਤੀ ਜਾ ਚੁੱਕੀ ਹੈ।