– ਸੰਗਤ ਮੰਡੀ ਵਿੱਚ ਸਿਹਤ ਟੀਮ ਨੇ ਡੇਂਗੂ ਲਾਰਵੇ ਦੀ ਭਾਲ ਲਈ ਕੀਤਾ ਸਰਵੇ
08 ਅਗਸਤ (ਰਾਜਦੀਪ ਜੋਸ਼ੀ) ਬਠਿੰਡਾ: ਵਿਭਾਗ ਵੱਲੋਂ ਬਾਰਿਸ਼ਾਂ ਦੇ ਸੀਜਨ ਨੂੰ ਮੁੱਖ ਰੱਖਦੇ ਹੋਏ ਚਲਾਈ ਜਾ ਰਹੀ ਡੇਂਗੂ ਵਿਰੋਧੀ ਮੁਹਿੰਮ ਦੇ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਡੇਂਗੂ ਲਾਰਵੇ ਦੀ ਭਾਲ ਲਈ ਸਰਵੇ ਵੀ ਕੀਤਾ ਜਾ ਰਿਹਾ ਹੈ। ਜਿਸ ਦੀ ਲੜੀ ਤਹਿਤ ਅੱਜ ਸੰਗਤ ਮੰਡੀ ਵਿਖੇ ਡੇਂਗੂ ਸਰਵੇ ਕੀਤਾ ਗਿਆ। ਇਸ ਸਰਵੇ ਲਈ ਸਿਹਤ ਵਰਕਰ ਪਰਮਿੰਦਰ ਸਿੰਘ, ਕੁਲਦੀਪ ਸਿੰਘ, ਅਮਨਦੀਪ ਸ਼ਰਮਾਂ ਅਤੇ ਚਮਕੌਰ ਸਿੰਘ ਦੀ ਟੀਮ ਗਠਿਤ ਕੀਤੀ ਗਈ ਹੈ।
ਇਸ ਬਾਬਤ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਪਮਿਲ ਬਾਂਸਲ ਨੇ ਕਿਹਾ ਕਿ ਡੇਂਗੂ ਬੁਖਾਰ ਮਾਦਾ ਐਡੀਜ ਅਜੈਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਇਸ ਨੂੰ ਟਾਇਗਰ ਮੱਛਰ ਵੀ ਕਹਿੰਦੇ ਹਨ। ਇਸ ਦੇ ਸ਼ਰੀਰ ਤੇ ਟਾਇਗਰ ਵਰਗੀਆ ਧਾਰੀਆ ਬਣੀਆ ਹੁੰਦੀਆ ਹਨ। ਇਹ ਮੱਛਰ ਕੂਲਰਾਂ, ਕੰਨਟੇਨਰਾ, ਫਰਿਜ਼ ਦੇ ਪਿਛੇ ਲੱਗੀਆ ਟ੍ਰੈਆਂ, ਗਮਲਿਆਂ, ਘਰਾਂ ਦੀਆ ਛੱਤਾ ਉਪਰ ਪਏ ਕਬਾੜ, ਟਾਇਰ ਆਦਿ ਵਿਚ ਖੜ੍ਹੇ ਸਾਫ ਪਾਣੀ ਵਿਚ ਪੈਦਾ ਹੁੰਦਾ ਹੈ।
ਬਲਾਕ ਐਕਸਟੈਨਸ਼ਨ ਐਜੂਕੇਟਰ ਸਾਹਿਲ ਪੁਰੀ ਨੇ ਦੱਸਿਆ ਇੱਕ ਹਫਤੇ ਦੇ ਅੰਦਰ-ਅੰਦਰ ਅੰਡੇ ਤੋਂ ਪੂਰਾ ਅਡੱਲਟ ਮੱਛਰ ਬਣ ਕੇ ਤਿਆਰ ਹੋ ਜਾਂਦਾ ਹੈ। ਇਹ ਮੱਛਰ ਇਕ ਚੱਮਚ ਪਾਣੀ ਵਿਚ ਵੀ ਪੈਦਾ ਹੋ ਜਾਂਦਾ ਹੈ। ਇਹ ਮੱਛਰ ਜਿਆਦਾਤਰ ਸਵੇਰ ਵੇਲੇ ਸੂਰਜ ਚੜਣ ਤੋਂ ਬਾਅਦ ਅਤੇ ਸ਼ਾਮ ਨੂੰ ਸੂਰਜ ਡੁਬਣ ਵੇਲੇ ਕੱਟਦਾ ਹੈ। ਇਹ ਮੱਛਰ ਜਿਆਦਾਤਰ ਸ਼ਰੀਰ ਦੇ ਹੇਠਲੇ ਹਿੱਸਿਆਂ ਤੇ ਕੱਟਦਾ ਹੈ ਇਸਦੀ ਪੈਦਾਵਾਰ 20 ਡਿਗਰੀ ਤੋਂ 34 ਡਿਗਰੀ ਤਾਪਮਾਨ ਵਿਚ ਜਿਆਦਾ ਹੁੰਦੀ ਹੈ।
ਸਿਹਤ ਸੁਪਰਵਾਈਜ਼ਰ ਸੁਖਰਾਜ ਸਿੰਘ ਤੇ ਓਮ ਪ੍ਰਕਾਸ਼ ਨੇ ਦੱਸਿਆ ਕਿ ਤੇਜ਼਼ ਬੁਖਾਰ, ਸਿਰ ਦਰਦ, ਮਾਸਪੇਸ਼ੀਆ ਵਿੱਚ ਦਰਦ, ਚਮੜੀ ਤੇ ਦਾਣੇ, ਅੱਖਾ ਦੇ ਪਿਛਲੇ ਹਿੱਸੇ ਵਿਚ ਦਰਦ, ਮਸੂੜਿਆ ਤੇ ਨੱਕ ਵਿਚ ਖੂਨ ਵਗਣਾ ਡੇਂਗੂ ਬੁਖਾਰ ਦੇ ਲਛਣ ਹਨ । ਬੁਖਾਰ ਹੋਣ ਤੇ ਐਸਪ੍ਰੀਨ ਅਤੇ ਬਰੂਫਨ ਨਾ ਲਵੋ ਸਿਰਫ ਪੈਰਾਸੀਟਾਮੋਲ ਡਾਕਟਰ ਦੀ ਸਲਾਹ ਨਾਲ ਲਵੋ। ਪਾਣੀ ਜਾਂ ਤਰਲ ਚੀਜਾ ਜਿਆਦਾ ਪੀਓ ਅਤੇ ਆਰਾਮ ਕਰਨਾ ਚਾਹੀਦਾ ਹੈ। ਉਹਨਾਂ ਨੇ ਡੇਂਗੂ ਦੀ ਰੋਕਥਾਮ ਲਈ ਲੋਕਾਂ ਤੋਂ ਵੀ ਸਹਿਯੋਗ ਦੇਣ ਦੀ ਅਪੀਲ ਕੀਤੀ ।