*ਖੁਰਾਕ ਸੁਰੱਖਿਆ ਤੇ ਮਿਆਰ ਅਥਾਰਟੀ ਆਫ ਇੰਡੀਆ ਦੇ ਮਾਰਕੇ ਤੋਂ ਬਿਨ੍ਹਾਂ ਖਾਣ-ਪੀਣ ਦੀਆਂ ਵਸਤਾਂ ਨਾ ਖਰੀਦਣ ਦੀ ਸਲਾਹ
01 ਅਪ੍ਰੈਲ (ਕਰਨ ਭੀਖੀ) ਮਾਨਸਾ: ਕਮਿਸ਼ਨਰ ਫੂਡ ਸ੍ਰੀ ਅਭਿਨਵ ਤ੍ਰਿਖਾ ਦੇ ਆਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੀਆਂ ਹਦਾਇਤਾਂ ’ਤੇ ਸਿਹਤ ਵਿਭਾਗ ਵੱਲੋਂ ਸਰਦੂਲਗੜ੍ਹ, ਝੁਨੀਰ ਅਤੇ ਬੁਢਲਾਡਾ ਵਿਖੇ ਖੁਰਾਕ ਸੁਰੱਖਿਆ ਤੇ ਮਿਆਰ ਐਕਟ 2006 ਤਹਿਤ ਫੂਡ ਵਿਕਰੇਤਾਵਾਂ, ਖਾਣ ਪੀਣ ਦੀਆਂ ਦੁਕਾਨਾਂ ਅਤੇ ਬੇਕਰੀਆਂ ਦੀ ਚੈਕਿੰਗ ਕੀਤੀ ਗਈ।
ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਇਸ ਦੌਰਾਨ ਬੇਕਰੀਆਂ ਤੋਂ ਵੱਖ ਵੱਖ ਖਾਣ-ਪੀਣ ਵਾਲੀਆਂ 05 ਵਸਤੂਆਂ ਦੇ ਸੈਂਪਲ ਵੀ ਲਏ ਗਏ ਹਨ ਅਤੇ ਫੂਡ ਵਿਕਰੇਤਾਵਾਂ ਅਤੇ ਲੋਕਾਂ ਨੂੰ ਖਾਣ-ਪੀਣ ਦੀਆਂ ਵਸਤਾਂ ਦੇ ਮਾਮਲੇ ਵਿਚ ਸਿਹਤ ਸਾਵਧਾਨੀਆਂ ਵਰਤਣ ਸਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਹਦਾਇਤ ਕੀਤੀ ਕਿ ਜੇਕਰ ਕੋਈ ਵੀ ਫੂਡ ਵਿਕਰੇਤਾ, ਹਲਵਾਈ, ਡੇਅਰੀ ਮਾਲਕ, ਦੋਧੀ, ਰੇਹੜ੍ਹੀ ਵਾਲਾ ਸਿਹਤ ਵਿਭਾਗ ਵੱਲੋਂ ਦਰਸਾਏ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਪ੍ਰਤੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਜੋ ਵੀ ਫੂਡ ਵਿਕਰੇਤਾ ਜਾਂ ਖਾਣ ਪੀਣ ਦੀਆਂ ਵਸਤਾਂ ਤਿਆਰ ਕਰਦਾ ਹੈ/ ਵੇਚਦਾ ਹੈ ਅਤੇ ਜਿੰਨ੍ਹਾਂ ਦੀ ਸਲਾਨਾ ਟਰਨਓਵਰ 12 ਲੱਖ ਤੋਂ ਘੱਟ ਹੈ, ਉਨ੍ਹਾਂ ਦੀ ਰਜਿਸਟਰੇਸ਼ਨ ਅਤੇ ਜਿੰਨ੍ਹਾਂ ਦੀ ਟਰਨਓਵਰ 12 ਲੱਖ ਤੋਂ ਵੱਧ ਹੈ ਉਨ੍ਹਾਂ ਲਈ ਲਾਇਸੰਸ ਲੈਣਾ ਜਰੂਰੀ ਹੈ, ਜੋ ਕਿ ਆਨਲਾਈਨ ਪੋਰਟਲ foscos.fssai.gov.in ’ਤੇ ਅਪਲਾਈ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਬਿਨ੍ਹਾਂ ਲਾਇਸੰਸ/ਰਜਿਸਟਰੇਸ਼ਨ ਤੋਂ ਕੰਮ ਕਰਨ ’ਤੇ 10 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਫੂਡ ਵਿਕਰੇਤਾਵਾਂ ਨੂੰ ਸਰੀਰਕ ਤੋਰ ’ਤੇ ਫਿੱਟ ਸਰਟੀਫਿਕੇਟ ਸਿਹਤ ਵਿਭਾਗ ਤੋਂ ਪ੍ਰਾਪਤ ਕਰਨਾ ਜਰੂਰੀ ਹੈ, ਜਿਵੇਂ ਕਿ ਜ਼ਿਲ੍ਹੇ ਅੰਦਰ ਜਿੱਥੇ ਕਿਤੇ ਵੀ ਸਰਕਾਰੀ ਮੈਸ, ਕੰਟੀਨ, ਹੋਸਟਲ ਅਤੇ ਮਿਡ ਡੇਅ ਮੀਲ ਬਣਦਾ ਹੈ, ਉਨ੍ਹਾਂ ਦੀ ਰਜਿਸਟਰੇਸ਼ਨ ਤੇ ਲਾਇਸੰਸ ਬਣਾਉਣ ਲਈ ਉਨ੍ਹਾਂ ਦੀ ਸਾਫ-ਸਫਾਈ ਯਕੀਨੀ ਬਣਾਈ ਜਾਵੇ।
ਉਨ੍ਹਾਂ ਕਿਹਾ ਕਿ ਖਾਣ ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਨੂੰ ਬਰਕਰਾਰ ਰੱਖਿਆ ਜਾਵੇ। ਖਾਣ ਪੀਣ ਵਾਲੀਆਂ ਵਸਤੂਆਂ ਬਣਾਉਣ ਲਈ ਸ਼ੁੱਧ ਸਾਮਾਨ ਦੀ ਵਰਤੋਂ ਕੀਤੀ ਜਾਵੇ ਅਤੇ ਵਸਤੂਆਂ ਤਿਆਰ ਕਰਦੇ ਸਮੇਂ ਖੁਰਾਕੀ ਤੱਤ ਨਸ਼ਟ ਨਾ ਹੋਣ ਦਿੱਤੇ ਜਾਣ। ਉਨ੍ਹਾ ਕਿਹਾ ਕਿ ਸਰਕਾਰ ਵੱਲੋਂ ਖਾਣ ਪੀਣ ਦੀਆਂ ਵਸਤੂਆਂ ਵਿੱਚ ਲੋੜੀਂਦੇ ਖੁਰਾਕੀ ਤੱਤਾਂ ਅਤੇ ਵਿਟਾਮਿਨ ਦੀ ਮਾਤਰਾ ਨੂੰ ਪੂਰਾ ਕਰਨ ਲਈ ਫੋਰਟੀਫਾਇਡ ਫੂਡ ਮਿਲਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਖੁਰਾਕ ਪਦਾਰਥਾਂ ਵਿਚ ਲੋੜੀਂਦੇ ਤੱਤ ਮਿਲ ਸਕਣ। ਉਨ੍ਹਾਂ ਕਿਹਾ ਕਿ ਸਾਨੂੰ ਵਿਆਹ ਸ਼ਾਦੀਆਂ ਅਤੇ ਹੋਰ ਪ੍ਰੋਗਰਾਮਾਂ ਦੌਰਾਨ ਬਚਿਆ ਹੋਇਆ ਭੋਜਨ ਨਸ਼ਟ ਨਹੀਂ ਕਰਨਾ ਚਾਹੀਦਾ ਸਗੋਂ ਤੁੁਰੰੰਤ ਇਸ ਨੂੰ ਲੋੜਵੰਦਾਂ ਤੱਕ ਪਹੁੰਚਾਉਣਾ ਚਾਹੀਦਾ ਹੈ
ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਆਪ ਜਾਂ ਆਪਣੇ ਬੱਚਿਆਂ ਲਈ ਕੋਈ ਵੀ ਖਾਣ ਪੀਣ ਵਾਲੀ ਵਸਤੂ ਖਰੀਦਣ ਸਮੇਂ ਇਹ ਯਕੀਨੀ ਬਣਾਵੇ ਕਿ ਉਸ ਉੱਪਰ ਫੂਡ ਸੇਫਟੀ ਐਕਟ ਦੀ ਪਾਲਣਾ ਅਤੇ ਮਿਆਦ ਦੀ ਮਿਤੀ ਲਾਜ਼ਮੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਬੱਸ ਜਾ ਗੱਡੀ ਵਿੱਚ ਸਫਰ ਕਰਦੇ ਸਮੇਂ ਜਾਂ ਬਾਜ਼ਾਰ ਵਿੱਚੋਂ ਖੁੱਲ੍ਹੀ ਖਾਣ-ਪੀਣ ਵਾਲੀ ਚੀਜ਼, ਕੱਟਿਆ ਹੋਇਆ ਫਰੂਟ ਜਾਂ ਖੁੱਲ੍ਹਾ ਜੂਸ ਵਗੈਰਾ ਨਹੀਂ ਖਰੀਦਣਾ ਚਾਹੀਦਾ, ਇਸ ਤਰ੍ਹਾਂ ਦੀ ਖਾਣ-ਪੀਣ ਵਾਲੀਆਂ ਵਸਤੂਆਂ ਖਰੀਦਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਰਿਵਾਰ ਵਿੱਚ ਕਿਸੇ ਵੀ ਵਿਅਕਤੀ ਜਾਂ ਬੱਚੇ ਨੂੰ ਕਿਸੇ ਵੀ ਵੇਲੇ ਪੇਟ ਵਿੱਚ ਦਰਦ, ਉਲਟੀਆਂ, ਦਸਤ ਜਾਂ ਕੋਈ ਹੋਰ ਨਿਸ਼ਾਨੀ ਸਾਹਮਣੇ ਆਉਂਦੀ ਹੈ ਤਾਂ ਤੁਰੰਤ ਫਸਟ ਏਡ ਦਿੱਤੀ ਜਾਵੇ ਜਾਂ ਨੇੜੇ ਦੇ ਹਸਪਤਾਲ ਵਿੱਚ ਜਾ ਕੇ ਤਰੁੰਤ ਇਲਾਜ਼ ਕਰਵਾਇਆ ਜਾਵੇ ਤਾਂ ਜੋ ਕਿਸੇ ਵੀ ਅਣਹੋਣੀ ਤੋਂ ਬਚਿਆ ਜਾ ਸਕੇ।
ਇਸ ਮੌਕੇ ਅਮਰਿੰਦਰ ਸਿੰਘ ਅਤੇ ਦਿਵਿਆ ਗੋਸੁਆਮੀ ਫੂਡ ਸੇਫਟੀ ਅਫਸਰਾਂ ਨੇ ਕਿਹਾ ਕਿ ਹਰ ਕਿਸਮ ਦਾ ਖਾਣਾ ਬਣਾਉਣ ਅਤੇ ਵਰਤਾਉਣ ਸਮੇਂ ਵਿਅਕਤੀ ਦਾ ਸਿਰ ਢੱਕਿਆ ਹੋਣਾ ਚਾਹੀਦਾ ਹੈ। ਗਹਿਣੇ ਨਹੀਂ ਪਹਿਨਣੇ ਚਾਹੀਦੇ ਅਤੇ ਕੱਪੜਿਆਂ ’ਤੇ ਬਾਹਰੀ ਜੇਬ ਨਹੀਂ ਹੋਣੀ ਚਾਹੀਦੀ। ਕੱਪੜੇ ਸਾਫ ਸੁਥਰੇ ਹੋਣੇ ਚਾਹੀਦੇ ਹਨ। ਜਖ਼ਮਾਂ ਉੱਪਰ ਪੱਟੀ, ਨੌਹ ਕੱਟੇ ਅਤੇ ਹੱਥ ਸਾਫ ਸੁਥਰੇ ਹੋਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਸ਼ੁੱਧ ਖਾਣ ਪੀਣ ਵਾਲੀਆਂ ਵਸਤੂਆਂ ਉਪਲੱਬਧ ਕਰਵਾਉਣ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ, ਅਤੇ ਖਾਣ ਪੀਣ ਵਾਲੀਆਂ ਵਸਤੂਆ ਵੇਚਣ ਵਾਲੀਆਂ ਦੁਕਾਨਾਂ ਦੀ ਫੂਡ ਸੇਫਟੀ ਟੀਮ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਵਸਤੂਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਫੂਡ ਵਿਕਰੇਤਾ ਨੇ ਅਜੇ ਤੱਕ ਆਪਣੀ ਫੂਡ ਸੇਫਟੀ ਅਧੀਨ ਰਜਿਸਟਰੇਸ਼ਨ ਨਹੀਂ ਕਰਵਾਈ ਉਹ ਜਲਦੀ ਤੋਂ ਜਲਦ ਆਪਣੀ ਰਜਿਸਟਰੇਸ਼ਨ ਕਰਵਾ ਲੈਣ।