*ਸੰਪੂਰਨ ਟੀਕਾਕਰਨ ਦੀ ਅਹਿਮੀਅਤ ਬਾਰੇ ਕਰਵਾਇਆ ਜਾਣੂ
29 ਅਪ੍ਰੈਲ (ਕਰਨ ਭੀਖੀ) ਮਾਨਸਾ: ਵਿਸ਼ਵ ਟੀਕਾਕਰਣ ਦੀ 50ਵੀਂ ਵਰੇ੍ਹਗੰਢ ਮੌਕੇ ਸਰਕਾਰੀ ਸੈਕੰਡਰੀ ਸਕੂਲ (ਲੜਕੀਆ) ਮਾਨਸਾ ਵਿਖੇ ਕੁਇੱਜ ਮੁਕਾਬਲੇ ਕਰਵਾਏ ਗਏ ਜਿਸ ਵਿਚ ਪੰਜ ਟੀਮਾਂ ਅਤੇ 60 ਦੇ ਕਰੀਬ ਬੱਚਿਆਂ ਨੇ ਭਾਗ ਲਿਆ। ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲਿਆਂ ਰਾਹੀਂ ਲੋਕਾਂ ਵਿੱਚ ਜਾਗਰੂਕਤਾ ਪੈਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਕਾਰਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਨਵਜੰਮੇ ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਵੱਲੋਂ ਟੀਕਾਕਰਣ ਦੀ 50ਵੀਂ ਵਰੇਗੰਢ ’ਤੇ ਸਪੈਸ਼ਲ ਕੈਂਪਾਂ ਰਾਹੀਂ 30 ਅਪ੍ਰੈਲ ਤੱਕ ਸਪੈਸ਼ਲ ਟੀਕਾਕਰਨ ਹਫ਼ਤਾ ਮਨਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਕੁਇੱਜ ਮੁਕਾਬਲਿਆਂ ਵਿਚ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ’ਤੇ ਆਈਆਂ ਟੀਮਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਪਹਿਲਾ ਸਥਾਨ ਟੀਮ ਈ ਦੀਆਂ ਵਿਦਿਆਰਥਣਾਂ ਕੋਮਲਪ੍ਰੀਤ ਕੌਰ, ਜਸਮੀਨ ਕੌਰ ਅਤੇ ਗਗਨਦੀਪ ਕੌਰ ਨੇ ਪ੍ਰਾਪਤ ਕੀਤਾ, ਦੂਸਰਾ ਸਥਾਨ ਟੀਮ ਏ ਦੀਆਂ ਵਿਦਿਆਰਥਣਾਂ ਦੀਪਿਕਾ, ਰਿਤਿਕਾ ਅਤੇ ਰਾਣੀ ਨੇ ਪ੍ਰਾਪਤ ਕੀਤਾ, ਤੀਸਰਾ ਸਥਾਨ ਟੀਮ ਬੀ ਦੀਆਂ ਵਿਦਿਆਰਥਣਾਂ ਚਾਹਤ, ਸ਼ਿਵਾਨੀ ਅਤੇ ਜੈਸਮੀਨ ਕੌਰ ਨੇ ਪ੍ਰਾਪਤ ਕੀਤਾ।
ਸਿਵਲ ਸਰਜਨ ਨੇ ਦੱਸਿਆ ਕਿ ਇਹ ਮੁਹਿੰਮ ਅਰਬਨ, ਸਲੱਮ, ਮਾਈਗਰੇਟਰੀ ਅਬਾਦੀ, ਝੁੱਗੀ ਝੋਪੜੀਆਂ, ਭੱਠੇ ਅਤੇ ਸੈਲਰਾਂ ਆਦਿ ਵਿੱਚ ਟੀਕਾਕਰਨ ਤੋਂ ਵਾਂਝੇ ਰਹਿੰਦੇ ਬੱਚਿਆਂ ਤੇ ਗਰਭਵਤੀ ਮਾਵਾਂ ਲਈ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ ਇਸ ਹਫਤੇ ਦੌਰਾਨ ਜ਼ਿਲੇ੍ਹ ਵਿੱਚ ਕੁੱਲ 30 ਸਪੈਸ਼ਲ ਕੈਂਪ ਲਗਾ ਕੇ ਟੀਕਾਕਰਨ ਤੋਂ ਵਾਂਝੇ ਰਹਿੰਦੇ ਬੱਚਿਆਂ ਤੇ ਗਰਭਵਤੀ ਮਾਵਾਂ ਦਾ ਟੀਕਾਕਰਨ ਮਾਈਕਰੋਪਲਾਨ ਅਨੁਸਾਰ ਸੰਪੂਰਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੰਪੂਰਨ ਟੀਕਾਕਰਨ ਘਾਤਕ ਬਿਮਾਰੀਆਂ ਤੋਂ ਮੁਕਤੀ ਪਾਉਣ ਦਾ ਇਕ ਉਪਰਾਲਾ ਹੈ, ਟੀਕਾਕਰਨ ਨਾਲ ਹੀ ਬੀਮਾਰੀਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।
ਜਿਲਾ ਟੀਕਾਕਰਨ ਅਫ਼ਸਰ, ਡਾ.ਕੰਵਲਪ੍ਰੀਤ ਬਰਾੜ ਨੇ ਕਿਹਾ ਕਿ ਟੀਕਾਕਰਨ ਦੀ ਸਫਲਤਾ ਲਈ ਮਾਈਕਰੋਪਲਾਨ ਤਿਆਰ ਕਰਕੇ ਵਿਸ਼ੇਸ਼ ਸ਼ੈਸ਼ਨ ਲਾਏ ਜਾਣਗੇ। ਉਨਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਟੀਕਾਕਰਨ ਮੁਹਿੰਮ ਵਿਚ ਸ਼ਾਮਲ ਹੋਣ ਅਤੇ ਕਿਸੇ ਕਾਰਨ ਟੀਕਾਕਰਨ ਤੋ ਵਾਂਝੇ ਰਹਿ ਗਏ ਬੱਚਿਆਂ ਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਆਪਣੇ ਪੱਧਰ ’ਤੇ ਪਹੁੰਚ ਕਰਕੇ ਕਰਵਾਇਆ ਜਾਵੇ।
ਇਸ ਮੌਕੇ ਪ੍ਰਿੰਸੀਪਲ ਗੁਰ ਸਿਮਰਨ ਕੌਰ, ਡਾ.ਬਲਜੀਤ ਕੌਰ ਸੀਨੀਅਰ ਮੈਡੀਕਲ ਅਫ਼ਸਰ, ਡਾ. ਵਰੁਣ ਮਿੱਤਲ ਨੋਡਲ ਅਫ਼ਸਰ, ਵਿਜੈ ਕੁਮਾਰ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਦਰਸ਼ਨ ਸਿੰਘ ਧਾਲੀਵਾਲ ਉਪ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ, ਲੈਕਚਰਾਰ ਸੁਸ਼ੀਲ ਕੁਮਾਰ, ਸਾਇੰਸ ਅਧਿਆਪਕ ਸ੍ਰੀਮਤੀ ਮੀਨਾਕਸ਼ੀ ਗੁਪਤਾ, ਰਜਨੀ ਰਾਣੀ, ਰੰਜਨਾ ਰਾਣੀ, ਸ਼ਿਲਪਾ ਆਦਿ ਤੋਂ ਇਲਾਵਾ ਸਕੂਲੀ ਵਿਦਿਆਰਥਣਾ ਮੌਜੂਦ ਸਨ।