– ਕੌਮੀ ਖੁਰਾਕ ਹਫ਼ਤੇ ਤਹਿਤ ਸੰਤੁਲਿਤ ਭੋਜਨ ਬਾਰੇ ਕੀਤਾ ਜਾ ਰਿਹਾ ਹੈ ਜਾਗਰੂਕ
05 ਸਤੰਬਰ (ਰਾਜਦੀਪ ਜੋਸ਼ੀ) ਬਠਿੰਡਾ/ਸੰਗਤ ਮੰਡੀ: 1 ਤੋਂ 7 ਸਤੰਬਰ ਤੱਕ “ਕੌਮੀ ਖੁਰਾਕ ਹਫਤਾ” ਮਨਾਇਆ ਜਾ ਰਿਹਾ ਹੈ। ਇਸ ਤਹਿਤ ਬਲਾਕ ਸੰਗਤ ਦੇ ਵੱਖ ਵੱਖ ਪਿੰਡਾਂ ਚ’ ਲੋਕਾਂ ਨੂੰ ਸੰਤੁਲਿਤ ਭੋਜਨ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਜਿਸ ਵਿਚ ਗਰਭਵਤੀ ਔਰਤਾਂ, ਮਾਵਾਂ ਅਤੇ ਵਿਦਿਅਕ ਅਦਾਰਿਆਂ ਵਿਚ ਬੱਚਿਆਂ ਨੂੰ ਪੌਸ਼ਟਿਕ ਭੋਜਨ ਦੇ ਸੇਵਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੀ ਐਚ ਸੀ ਸੰਗਤ ਦੇ ਸੀਨੀਅਰ ਮੈਡੀਕਲ ਅਫਸਰ ਡਾ ਪਮਿਲ ਬਾਂਸਲ ਨੇ ਦੱਸਿਆ ਕਿ ਕੌਮੀ ਖੁਰਾਕ ਹਫ਼ਤੇ ਦਾ ਉਦੇਸ਼ ਗਰਭਵਤੀ ਔਰਤਾਂ, ਨਵ ਜੰਮੇ ਬੱਚਿਆਂ ਅਤੇ ਕਿਸ਼ੋਰ ਅਵਸਥਾ ਵਾਲੇ ਬੱਚਿਆਂ ਦੇ ਨਾਲ-ਨਾਲ ਹਰ ਉਮਰ ਵਰਗ ਦੇ ਲੋਕਾਂ ਨੂੰ ਸੰਤੁਲਿਤ ਭੋਜਨ ਤੇ ਸੰਤੁਲਿਤ ਭੋਜਨ ਦੇ ਸੋਮਿਆਂ ਸਬੰਧੀ ਜਾਗਰੂਕ ਕਰਨਾ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਸਾਰਾ ਸਾਲ ਹੀ ਸੰਤੁਲਿਤ ਭੋਜਨ ਬਾਰੇ ਜਾਗਰੂਕਤਾ ਦਿੱਤੀ ਜਾਂਦੀ ਹੈ, ਪਰ ਇਸ ਹਫ਼ਤੇ ਵਿਚ ਇਕ ਵਿਸ਼ੇਸ ਮੁਹਿੰਮ ਵਿੱਢ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹਰ ਇਨਸਾਨ ਨੂੰ ਆਪਣੇ ਰੋਜ਼ਾਨਾ ਦੇ ਜੀਵਨ ਵਿਚ ਆਪਣੀ ਰੁਝੇਵੇ ਭਰੇ ਕੰਮਾਂ ਦੇ ਨਾਲ ਨਾਲ ਆਪਣੇ ਭੋਜਨ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਹਰੇਕ ਆਦਮੀ ਨੂੰ ਆਪਣੇ ਰੋਜਾਨਾ ਲੋੜੀਦੀ ਮਾਤਰਾ ਵਿਚ ਕਾਰਬੋਹਾਈਡ੍ਰੇਟਸ, ਪ੍ਰੋਟੀਨ, ਪਾਣੀ, ਫੈਟ, ਵਿਟਾਮਿਨ, ਖਣਿਜ ਪਦਾਰਥਾਂ ਵਾਲਾ ਭੋਜਨ ਖਾਣਾ ਚਾਹੀਦਾ ਹੈ ਜਿਵੇਂ ਕਿ ਹਰੀਆਂ ਸਬਜ਼ੀਆਂ, ਦੁੱਧ, ਫਲ, ਉਬਲੀਆਂ ਅਤੇ ਪੁੰਗਰੀਆਂ ਦਾਲਾਂ ਆਦਿ। ਉਨ੍ਹਾਂ ਗਰਭਵਤੀ ਮਾਵਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੇਟ ਵਿਚ ਪਲ ਰਹੇ ਬੱਚੇ ਦੀ ਖੁਰਾਕ ਦਾ ਧਿਆਨ ਰੱਖ ਕੇ ਸਾਫ਼ ਸੁਥਰਾ ਅਤੇ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ ਅਤੇ ਕਿਸੇ ਮਾਹਿਰ ਡਾਕਟਰ ਤੋਂ ਘੱਟੋ-ਘੱਟ 4 ਵਾਰ ਚੈਕਅੱਪ ਕਰਵਾਉਣਾ ਚਾਹੀਦਾ ਹੈ, ਤਾਂ ਜੋ ਕਿ ਤੰਦਰੁਸਤ ਬੱਚਾ ਪੈਦਾ ਹੋਵੇ। ਉਨ੍ਹਾਂ ਇਹ ਵੀ ਦੱਸਿਆ ਕਿ ਬੱਚਿਆਂ ਨੂੰ ਸੂਚੀ ਅਨੁਸਾਰ ਸੰਪੂਰਨ ਟੀਕਾਕਰਣ ਕਰਵਾਉਣਾ ਚਾਹੀਦਾ ਹੈ ਤਾਂ ਜੋ ਬੱਚਾ ਆਪਣੀ ਪੂਰੀ ਜਿੰਦਗੀ 11 ਮਾਰੂ ਬਿਮਾਰੀਆਂ ਤੋਂ ਬਚਿਆ ਰਹੇ।
ਸਾਹਿਲ ਪੁਰੀ ਬਲਾਕ ਹੈਲਥ ਐਜੂਕੇਟਰ ਨੇ ਕਿਹਾ ਕਿ ਗਰਭਵਤੀ ਔਰਤਾਂ ਨੂੰ ਆਪਣੇ ਭੋਜਨ ਵਿਚ ਆਇਓਡੀਨ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਅਤੇ ਜਨੇਪਾ ਕਿਸੇ ਮਾਹਿਰ ਡਾਕਟਰ ਕੋਲੋਂ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਪੁਰਜੋਰ ਅਪੀਲ ਕਰਦਿਆਂ ਕਿਹਾ ਕਿ ਉਹ ਪੌਸ਼ਟਿਕ ਭੋਜਨ ਬਾਰੇ ਅੱਗੇ ਆਪਣੇ ਘਰ ਵਿਚ ਅਤੇ ਗੁਆਂਢੀਆਂ ਨੂੰ ਜਾਗਰੂਕ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਅਸੰਤੁਲਿਤ ਭੋਜਨ ਅਤੇ ਸਰੀਰਕ ਗਤੀਵਿਧੀਆਂ ਦੀ ਘਾਟ ਨਾਲ ਗੈਰ ਸੰਚਾਰੀ ਬਿਮਾਰੀਆਂ ਜਿਵੇਂ ਬਲੱਡ ਪ੍ਰੈਸ਼ਰ, ਸ਼ੂਗਰ, ਮੋਟਾਪਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ, ਇਸ ਲਈ ਹਮੇਸ਼ਾ ਸੰਤੁਲਿਤ ਭੋਜਨ ਖਾਣਾ ਚਾਹੀਦਾ ਅਤੇ ਸਰੀਰਕ ਕਸਰਤ ਵਿਚ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।