ਜਗਦੀਸ਼ ਕੁਲਰੀਆਂ ਦਾ ਇਲਾਕੇ ਦੀਆਂ ਸੰਸਥਾਵਾਂ ਵੱਲੋਂ ਸਨਮਾਨ
ਬਰੇਟਾ, 15 ਮਾਰਚ, ਦੇਸ ਪੰਜਾਬ ਬਿਊਰੋ: ਸਥਾਨਕ ਸਾਹਿਤ ਤੇ ਕਲਾ ਮੰਚ ਵੱਲੋਂ ਇਲਾਕੇ ਦੀਆਂ ਸਮਾਜ ਸੈਵੀ ਅਤੇ ਜਨਤਕ ਜਥੇਬੰਦੀਆਂ ਨਾਲ ਮਿਲ ਕੇ ਸਾਹਿਤਕਾਰ ਤੇ ਅਨੁਵਾਦਕ ਜਗਦੀਸ਼ ਰਾਏ ਕੁਲਰੀਆਂ ਨੂੰ ਭਾਰਤੀ ਸਾਹਿਤ ਅਕਾਦਮੀ ਦਿੱਲੀ ਦਾ ਕੌਮੀ ਪੱਧਰ ਦਾ ਅਨੁਵਾਦ ਪੁਰਸਕਾਰ ਐਲਾਨੇ ਜਾਣ ਤੇ ਇਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਨਮਾਨ ਸਮਾਰੋਹ ਵਿਚ ਲੋਕ ਹਿਤ ਕਲੱਬ, ਆਸਰਾ ਫਾਊਡੇਸ਼ਨ, ਸਰਬ ਸੁੱਖ ਸੇਵਾ ਟਰੱਸਟ, ਪੈਨਸ਼ਨਰਜ਼ ਐਸ਼ੋਸ਼ੀਏਸ਼ਨ, ਇਲਾਕਾ ਵਿਕਾਸ ਕਮੇਟੀ, ਮਿੰਨੀ ਕਹਾਣੀ ਵਿਕਾਸ ਮੰਚ, ਭਾਰਤ ਗਿਆਨ ਵਿਗਿਆਨ ਸੰਮਤੀ, ਮਲਟੀਪਰਪਜ਼ ਹੈਲਥ ਇੰਮਪਲਾਈਜ਼ ਯੂਨੀਅਨ ਅਤੇ ਹੋਰ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਿਲ ਹੋਏ। ਸਮਾਗਮ ਦੇ ਪ੍ਰਧਾਨਗੀ ਮੰਡਲ ਆਲੋਚਕ ਪ੍ਰੋ. ਗੁਰਦੀਪ ਢਿਲੋਂ, ਜਗਦੀਸ਼ ਰਾਏ ਕੁਲਰੀਆਂ, ਸ਼ਿਖਾ ਗਰਗ, ਮਾਸਟਰ ਕ੍ਰਿਸ਼ਨ ਗੋਇਲ, ਪ੍ਰਿੰਸੀਪਲ ਦਰਸ਼ਨ ਸਿੰਘ ਬਰੇਟਾ ਤੇ ਮੈਡਮ ਅੰਜਨਾ ਰਾਣੀ ਸ਼ਾਮਿਲ ਹੋਏ। ਡਾ. ਭਵਾਨੀ ਸ਼ੰਕਰ ਗਰਗ ਨੇ ਜੀ ਆਇਆ ਨੂੰ ਕਹਿੰਦਿਆ ਕੁਲਰੀਆਂ ਦੇ ਜੀਵਨ, ਸਾਹਿਤਕ ਪ੍ਰਾਪਤੀਆਂ ਅਤੇ ਅਨੁਵਾਦ ਕਲਾ ਬਾਰੇ ਚਾਨਣਾ ਪਾਇਆ। ਪ੍ਰੋ. ਗੁਰਦੀਪ ਢਿਲੋਂ ਨੇ ਕਿਹਾ ਕਿ ਇਸ ਸਨਮਾਨ ਨਾਲ ਸਮੁੱਚੇ ਮਾਨਸਾ ਵਾਸੀਆਂ ਦਾ ਸਿਰ ਉੱਚਾ ਹੋਇਆ ਤੇ ਇਹ ਸਨਮਾਨ ਸਾਨੂੰ ਮਿਲਿਆ ਹੈ। ਉਨਾਂ ਕਿਹਾ ਕਿ ਕੁਲਰੀਆਂ ਦੀ ਮਿਹਨਤ ਇਸ ਨਾਵਲ ਦੇ ਅਨੁਵਾਦ ਵਿਚ ਮੂੰਹੋਂ ਬੋਲਦੀ ਹੈ, ਜਿਸ ਕਾਰਨ ਵੱਡੇ ਵਿਦਵਾਨਾਂ ਅਤੇ ਪਾਠਕਾਂ ਨੇ ਵੱਡੀ ਪੱਧਰ ਤੇ ਇਸ ਅਨੁਵਾਦ ਤੇ ਨਾਵਲ ਦੀ ਸਹਾਰਨਾ ਕੀਤੀ ਹੈ। ਉਨਾਂ ਕਿਹਾ ਕਿ ਹੁਣ ਕੁਲਰੀਆਂ ਦੀਆਂ ਜਿੰਮੇਵਾਰੀਆਂ ਵੀ ਵਧ ਗਈਆਂ ਹਨ। ਪ੍ਰਿੰਸੀਪਲ ਦਰਸ਼ਨ ਬਰੇਟਾ ਨੇ ਕਿਹਾ ਕਿ ਇਸ ਨਾਵਲ ਦੇ ਅਨੁਵਾਦ ਦਾ ਚਰਚਿਤ ਹੋਣ ਦਾ ਇਕ ਕਾਰਨ ਇਹ ਵੀ ਹੈ ਕਿ ਜਗਦੀਸ਼ ਨੇ ਉਲੱਥਾ ਕਰਦਿਆਂ ਇਸ ਵਿਚ ਬਹੁਤ ਸਾਰੇ ਠੇਠ ਅਤੇ ਆਮ ਬੋਲਚਾਲ ਦੀ ਭਾਸ਼ਾ ਵਾਲੇ ਸ਼ਬਦ ਵਰਤੇ ਹਨ। ਇਸ ਦੇ ਸਿਰੜ ਤੇ ਜਾਨੂੰਨ ਦੀ ਦਾਦ ਦੇਣੀ ਬਣਦੀ ਹੈ। ਸ਼ਾਇਰ ਅਸ਼ਵਨੀ ਖੁਡਾਲ, ਸਰਦੂਲ ਸਿੰਘ ਚਹਿਲ, ਨਿਰਮਲ ਸਿੰਘ ਬਰੇਟਾ, ਪਰਮਜੀਤ ਸਿੰਘ ਮੰਡੇਰ, ਦਸੌਦਾ ਸਿੰਘ ਬਹਾਦਰਪੁਰ, ਮਨਜੀਤ ਸਿੱਧੂ ਰਤਨਗੜ, ਅਮਨਦੀਪ ਸਿੰਘ ਬਰੇਟਾ, ਬੂਟਾ ਸਿੰਘ ਸਿਰਸੀਵਾਲਾ, ਟਿੰਕੂ ਕੁਮਾਰ, ਅਵਤਾਰ ਸਿੰਘ ਆਦਿ ਬੁਲਾਰਿਆਂ ਨੇ ਕੁਲਰੀਆਂ ਦੀ ਸ਼ਖਸੀਅਤ ਦੇ ਹੋਰ ਪੱਖਾਂ ਤੇ ਚਾਨਣਾ ਪਾਇਆ। ਇਸ ਤੋਂ ਬਾਅਦ ਸਮੂਹ ਸੰਸਥਾਵਾਂ ਵੱਲੋਂ ਜਗਦੀਸ਼ ਕੁਲਰੀਆਂ ਤੇ ਉਨਾਂ ਦੀ ਧਰਮਪਤਨੀ ਸ਼ਿਖਾ ਗਰਗ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਆਪਣੇ ਵਿਚਾਰ ਰਖਦਿਆ ਕੁਲਰੀਆਂ ਨੇ ਕਿਹਾ ਕਿ ਉਹ ਇਸ ਸਨਮਾਨ ਲਈ ਆਪਣਿਆ ਦੇ ਸ਼ੁਕਰਗੁਜ਼ਾਰ ਹਨ ਅਤੇ ਉਨਾ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਸ ਅਨੁਵਾਦ ਨੂੰ ਏਨੀ ਵੱਡੀ ਸਫਲਤਾ ਮਿਲੇਗੀ। ਉਨਾਂ ਕਿਹਾ ਕਿ ਇਹ ਵੱਖਰੀ ਭਾਂਤ ਦਾ ਇਤਿਹਾਸਕ ਤੇ ਰੁਮਾਂਟਿਕ ਨਾਵਲ ਹੈ, ਜੋ ਕਿ ਬਹੁਤ ਜਿਆਦਾ ਰੌਚਕਿਤਾ ਭਰਪੂਰ ਹੈ। ਉਨਾਂ ਨਾਵਲ ਗੁਲਾਰਾ ਬੇਗਮ ਦੇ ਲੇਖਕ ਸ਼ਰਦ ਪਗਾਰੇ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ,ਪਰਮਜੀਤ ਕੌਰ,ਅੰਜਨਾ ਰਾਣੀ,ਗੁਰਜੀਤ ਕੌਰ,ਦਿਲਾਵਰ ਸਿੰਘ,ਅੰਮ੍ਰਿਤਪਾਲ ਸਿੰਘ,ਪ੍ਰਸੋਤਮ ਸਿੰਗਲਾ ਆਦਿ ਵੀ ਮੌਜੂਦ ਸਨ। ਮੰਚ ਸੰਚਾਲਨ ਨਿਰਮਲ ਸਿੰਘ ਬਰੇਟਾ ਵੱਲੋਂ ਬਾਖੂਬੀ ਤਰੀਕੇ ਨਾਲ ਕੀਤਾ ਗਿਆ।
ਫੋਟੋ: ਸਾਹਿਤਕਾਰ ਜਗਦੀਸ਼ ਰਾਏ ਕੁਲਰੀਆਂ ਅਤੇ ਉਨਾਂ ਦੀ ਪਤਨੀ ਸ਼ਿਖਾ ਗਰਗ ਦਾ ਸਨਮਾਨ ਕਰਦੇ ਹੋਏ ਵੱਖ ਵੱਖ ਸੰਸਥਾਵਾਂ ਦੇ ਅਹੁਦੇਦਾਰ।