—ਘੜੇ ਦੀ ਵਰਤੋਂ ਸਦੀਆਂ ਤੋਂ ਕੀਤੀ ਜਾ ਰਹੀ ਹੈ l ਸਿੰਧੂ ਘਾਟੀ ਦੀ ਸਭਿਅਤਾ ਵਿੱਚ ਘੜੇ ਮਿਲੇ ਸਨ l ਜਿਨ੍ਹਾਂ ਉੱਤੇ ਖੂਬਸੂਰਤ ਮੀਨਾਕਾਰੀ ਕੀਤੀ ਹੋਈ ਸੀ l ਘੜਾ ਸ਼ਬਦ ਸੰਸਕ੍ਰਿਤ ਦੇ “ਘਟ ” ਸ਼ਬਦ ਤੋਂ ਹਿੰਦੀ ਤੇ ਪੰਜਾਬੀ ਵਿੱਚ “ਘੜਾ” ਸ਼ਬਦ ਹੋਂਦ ਵਿੱਚ ਆਇਆ ਹੈl ਘਟ ਸ਼ਬਦ ਤੋਂ ਹੀ ਪਾਣੀ ਦੇ ਸਰੋਤ ਘਟਾ ਜਾਂ ਘਟ ਬਣਿਆ l ਪੁਰਾਤਨ ਸਮਿਆਂ ਵਿੱਚ ਚੌਂਕਾਂ, ਸੱਥਾਂ ਵਿੱਚ ਜਾਂ ਸਾਂਝੀ ਥਾਂ ਤੇ ਕਈ ਲੋਕ ਪਾਣੀ ਦੇ ਘੜੇ ਭਰ ਕੇ ਰੱਖ ਦਿੰਦੇ ਸਨ l ਆਉਣ ਜਾਣ ਵਾਲੇ ਅਤੇ ਪਿਆਸੇ ਆਪਣੀ ਪਿਆਸ ਬੁਝਾ ਸਕਣ l ਮਨੁੱਖ ਦਾ ਮਿੱਟੀ ਨਾਲ ਗੂੜਾ ਰਿਸ਼ਤਾ ਹੈ l ਮਿੱਟੀ ਵਿੱਚ ਪੈਦਾ ਹੋਇਆ, ਮਿੱਟੀ ਖਾਂਦਾ, ਮਿੱਟੀ ਵਿੱਚ ਖੇਡਦਾ, ਮਿੱਟੀ ਨਾਲ ਅਨੇਕਾਂ ਚੀਜ਼ਾਂ ਬਣਾਈਆਂ,ਘੜਾ ਵੀ ਮਿੱਟੀ ਦਾ ਬਣਿਆ ਇੱਕ ਗੋਲ ਆਕਾਰ ਦਾ ਭਾਂਡਾ ਹੈ l ਮਿੱਟੀ ਦੇ ਬਣੇ ਘੜੇ ਦੇ ਪਾਣੀ ਵਿੱਚ ਮਿੱਟੀ ਦੀ ਸੁਗੰਧ ਵੀ ਰਲੀ ਹੋਈ ਹੁੰਦੀ, ਪਾਣੀ ਠੰਡਾ ਤੇ ਸੁਆਦਲਾ ਹੋਣ ਦੇ ਨਾਲ ਨਾਲ ਗੁਣ ਭਰਪੂਰ ਹੁੰਦਾ ਹੈ l ਘੜੇ ਦੇ ਪਾਣੀ ਨਾਲ ਤੇਜ਼ਾਬੀ ਮਾਦਾ ਤੇ ਬਲੱਡ ਪ੍ਰੈਸ਼ਰ ਘਟਦਾ ਹੈ l ਦਮਾ, ਸਾਹ, ਨਜ਼ਲਾ, ਜ਼ੁਕਾਮ, ਕਬਜ਼ ਨਹੀਂ ਹੁੰਦੀ l ਇਸਦਾ ਠੰਡਾ ਪਾਣੀ ਕੁਦਰਤੀ ਤੱਤਾਂ ਤੇ ਊਰਜਾ ਨਾਲ ਭਰਪੂਰ ਹੁੰਦਾ ਹੈ l ਘੜੇ ਦਾ ਪਾਣੀ ਕੁਦਰਤੀ ਤੌਰ ਤੇ ਫ਼ਿਲਟਰ ਹੋ ਜਾਂਦਾ ਹੈ l ਇਹ ਘੜਾ ਸਾਡੀ ਪਿਆਸ ਨੂੰ ਸ਼ਾਂਤ ਕਰਦਾ ਅਤੇ ਰੂਹ ਨੂੰ ਵੀ ਖੁਸ਼ ਕਰਦਾ ਹੈ l ਘਰ ਵਿੱਚ ਅਨੇਕਾਂ ਭਾਂਡਿਆਂ ਵਿੱਚ ਘੜੇ ਦਾ ਬੜਾ ਮਹੱਤਵਪੂਰਨ ਸਥਾਨ ਹੁੰਦਾ ਹੈ l ਘੜੇ ਦੀ ਵਰਤੋਂ ਸਭ ਤੋਂ ਵੱਧ ਪਾਣੀ ਲਈ ਹੀ ਕੀਤੀ ਜਾਂਦੀ ਸੀ l ਕੁੜੀਆਂ ਤੇ ਮੁਟਿਆਰਾਂ ਆਪਣੇ ਆਪਣੇ ਘੜੇ ਲੈ ਕੇ ਇਕੱਠੀਆਂ ਹੋ ਖੂਹਾਂ, ਨਦੀਆਂ, ਛੱਪੜ, ਟੋਭੇਆਂ ,ਤਲਾਬਾਂ ਤੇ ਸੁਇਆਂ ਤੋਂ ਪਾਣੀ ਲੈਣ ਜਾਂਦੀਆਂ ਤੇ ਆਪਸ ਵਿੱਚ ਹਾਸਾ- ਮਜ਼ਾਕ ਕਰਦੀਆਂ ਗੀਤ ਗਾਉਂਦੀਆਂ, ਖੇਡਾਂ ਕਰਦੀਆਂ ਰੌਣਕਾਂ ਲਾਈ ਰੱਖਦੀਆਂ ਸਨ l ਆਪਣੇ ਘੜੇ ਨੂੰ ਸੋਹਣਾ ਬਣਾ ਕੇ ਰੱਖਦੀਆਂ ਸਨ l ਘੜੇ ਨੂੰ ਅਨੇਕਾਂ ਰੰਗਾਂ ਨਾਲ ਸਜਾਇਆ ਜਾਂਦਾ ਸੀ l ਉਸ ਉਤੇ ਬੇਲ ਬੂਟੀਆਂ, ਫੁੱਲ, ਅਤੇ ਹੋਰ ਚੀਜ਼ਾਂ ਬਣਾਈਆਂ ਜਾਂਦੀਆਂ ਸਨ l ਆਪਣੇ ਮਨ ਦੇ ਭਾਵ ਦਸਦੀਆਂ ਤੇ ਘੜੇ ਨਾਲ ਗੱਲਾਂ ਕਰਦੀਆਂ ਸਨ l ਪੁਰਸ਼ ਵਹਿੰਗੀ ਵਿੱਚ ਘੜੇ ਰੱਖ ਕੇ ਅਤੇ ਇਸਤਰੀਆਂ ਸਿਰ ਉਪਰ ਰੱਖ ਕੇ ਪਾਣੀ ਢੋਂਹਦੀਆਂ ਸਨ l ਘੜੇ ਦੇ ਸਹਾਇਕ ਰੂਪ ਸੁਰਾਹੀ, ਚਾਟੀ, ਦੋਹਣਾ, ਕਾਢਣੀ, ਮਟ,ਮਟਕਾ, ਤੋੜੀ ਵੀ ਸਨ l ਜੋ ਵੱਖ ਵੱਖ ਕੰਮਾਂ ਲਈ ਵਰਤੇ ਜਾਂਦੇ ਸਨ l ਇਹਨਾਂ ਵਿੱਚ ਅਨਾਜ, ਦਾਲਾਂ, ਮਸਾਲੇ, ਦੁੱਧ, ਦਹੀ, ਲੱਸੀ, ਗੁੜ, ਘਿਓ ਆਦਿ ਰੱਖੇ ਜਾਂਦੇ ਸੀ l ਇਹਨਾਂ ਦੇ ਛੋਟੇ ਵੱਡੇ ਅਨੇਕਾਂ ਆਕਾਰ ਹੁੰਦੇ ਸਨ l ਘੜੇ ਦੀ ਸ਼ਕਲ ਦੇ ਲੰਮੀ ਧੌਣ ਵਾਲੇ, ਤੰਗ ਮੂੰਹ ਵਾਲੇ, ਮੋਟੇ ਕੰਡਿਆਂ ਵਾਲੇ, ਕੜੇਦਾਰ ਥੱਲੇ ਵਾਲੇ ਆਦਿ ਅਨੇਕਾਂ ਪ੍ਰਕਾਰ ਦੇ ਪ੍ਰਚਲਤ ਸਨ l ਘੜੇ , ਪਿੱਤਲ,ਚਾਂਦੀ, ਲੋਹੇ, ਅਲਮੀਨੀਅਮ ਆਦਿ ਅਨੇਕਾਂ ਧਾਤਾਂ ਦੇ ਬਣਾਏ ਜਾਂਦੇ ਸਨ l ਪਰ ਮਿੱਟੀ ਦਾ ਘੜਾ ਹੀ ਵਿਸ਼ੇਸ ਤੇ ਗੁਣਕਾਰੀ ਮਨਿਆ ਜਾਂਦਾ ਸੀ l ਇਹ ਘੜੇ ਕਾਲੀ ਅਤੇ ਚੀਕਣੀ ਮਿੱਟੀ ਦੇ ਬਣਾਏ ਜਾਂਦੇ ਸਨ l ਘੁਮਿਆਰ ਮਿੱਟੀ ਨੂੰ ਪਾਣੀ ਵਿੱਚ ਗੁੰਨ੍ਹ ਕੇ ਮਿੱਟੀ ਤਿਆਰ ਕਰਦਾ ਸੀ l ਫਿਰ ਇਸਨੂੰ ਚੱਕ (ਭਾਂਡੇ ਬਣਾਉਣ ਵਾਲਾ ਪਹਿਆ )ਉਪਰ ਵਿਓਂਤਦਾ ਸੀ l ਫਿਰ ਇਸਨੂੰ ਸੁਕਾਇਆ ਜਾਂਦਾ ਸੀ ਘੜੇ ਨੂੰ ਫਿਰ ਆਵੀ ਵਿੱਚ ਪਾ ਕੇ ਪਕਾਇਆ ਜਾਂਦਾ ਸੀ l ਇਸ ਤਰ੍ਹਾਂ ਘੜਾ ਮੁਟਿਆਰ ਦੇ ਸਿਰ ਤਕ ਪਹੁੰਚਦਾ l ਘੜੇ ਦੀ ਸਿਰਜਨਾ ਬਾਰੇ ਇੱਕ ਗੀਤਕਾਰ ਨੇ ਆਪਣੇ ਸ਼ਬਦਾਂ ਵਿੱਚ ਵਿਆਖਿਆ ਕੀਤੀ ਹੈ :
ਮੈਂ ਮਿੱਟੀ ਘੁਮਿਆਰਾ ਲੱਭੀ, ਨਾਲ ਮੇਰੇ ਕਿ ਬੀਤੀ l
ਮਾਰ -ਮਾਰ ਮੇਰੇ ਸਿਰ ਵਿੱਚ ਥਾਪੇ, ਸੁਰਮੇ ਵਰਗੀ ਕੀਤੀ l
ਪਾਣੀ ਸੰਗ ਰਲਾ ਕੇ ਮੇਰੀ, ਬਣ ਗਈ ਕੱਚੀ ਘਾਣੀ l
ਫਿਰ ਘੁਮਿਆਰਾ ਗੁੰਨਿਆਂ ਮੈਨੂੰ,ਲੱਤਾਂ ਮੁੱਕਿਆਂ ਥਾਣੀ l
ਫਿਰ ਚੱਕਰ ਤੇ ਚੱਕਰ ਕਢੇ, ਆਂ ਗਈ ਚੇਤੇ ਨਾਨੀ l
ਥੋੜੀ ਦੇਰ ਵਿੱਚ ਬਣ ਬੈਠੀ ਮੈਂ, ਗਾਗਰ ਖਸਮਾਂ ਖਾਣੀ l
ਫਿਰ ਮੈਂ ਅੱਗ ਦੀ ਜੂਨੇ ਪਾਈ, ਉਹ ਵੀ ਪਈ ਹੰਢਾਣੀ l
ਫਿਰ ਮੁਟਿਆਰਾਂ ਸਿਰ ਤੇ ਧਰ ਕੇ, ਘਰ ਵਿੱਚ ਢੋਇਆ ਪਾਣੀ l
ਪਾਣੀ ਦੇ ਘੜੇ ਨਾਲ ਮਨੁੱਖ ਦਾ ਸੰਬੰਧ ਸ਼ੁਰੂ ਤੋਂ ਅੰਤ ਤੱਕ ਹੈ l ਕਈ ਰਸਮਾਂ ਰਿਵਾਜਾਂ ਉਸ ਨਾਲ ਸੰਬੰਧਤ ਹਨ l ਬੱਚੇ ਦੀ ਪੈਦਾਇਸ਼ ਸਮੇਂ ਗਰਭਵਤੀ ਇਸਤਰੀ ਦੇ ਮੰਜੇ ਕੋਲ਼ ਪਾਣੀ ਦਾ ਭਰਿਆ ਘੜਾ ਰੱਖਿਆ ਜਾਂਦਾ ਸੀ l ਬੱਚੇ ਦੇ ਜਨਮ ਤੋਂ ਬਾਅਦ ਖ਼ੂਹ ਪੂਜਨ ਸਮੇਂ ਪਾਣੀ ਦਾ ਘੜਾ ਭਰਿਆ ਜਾਂਦਾ ਹੈ l ਵਿਆਹ ਸਮੇਂ ਵੀ ਘੜਾ ਅਹਿਮ ਰੋਲ ਅਦਾ ਕਰਦਾ ਹੈ l ਸੁਭ ਅਤੇ ਧਾਰਮਿਕ ਕੰਮਾਂ ਵਿੱਚ ਵੀ ਘੜੇ ਦੀ ਵਰਤੋ ਕੀਤੀ ਜਾਂਦੀ ਹੈ l ਮੌਤ ਤੋਂ ਬਾਅਦ ਸੰਸਕਾਰ ਤੋਂ ਪਹਿਲਾ ਸਮਸ਼ਾਨ ਘਾਟ ਦੇ ਰਸਤੇ ਵਿੱਚ ਕਿਸੇ ਥਾਂ ਅਰਥੀ ਰੱਖ ਕੇ, ਮੁਰਦਾ ਸਰੀਰ ਦੀ ਪ੍ਰਕਰਮਾ ਕਰਦਿਆ ਪਾਣੀ ਦਾ ਘੜਾ ਲੈ ਕੇ ਪਾਣੀ ਡੋਲਦਿਆਂ ਸਿਰ ਕੋਲ ਜਾ ਕੇ ਜਮੀਨ ਤੇ ਮਾਰ ਕੇ ਭੰਨਿਆ ਜਾਂਦਾ ਹੈ l ਸਦੀਆਂ ਤੋਂ ਮਨੁੱਖ ਨਾਲ ਜੁੜਿਆ ਹੋਇਆ ਹੋਣ ਕਰਕੇ ਸਾਡੇ ਲੋਕ ਸਾਹਿਤ ਵਿੱਚ ਘੜੇ ਦਾ ਭਰਪੂਰ ਵਰਨਣ ਮਿਲਦਾ ਹੈ l ਪੰਜਾਬੀ ਸਭਿਆਚਾਰ ਵਿੱਚ ਘੜੇ ਦੀ ਅਹਿਮੀਅਤ ਬਹੁੱਤ ਵਡੀ ਹੈ l ਲੋਕ -ਗੀਤ, ਸੰਗੀਤ, ਕਵਿਤਾਵਾਂ, ਗਾਣਿਆਂ, ਮੁਹਾਵਰਿਆ, ਅਖਾਣ, ਲੋਕ-ਨਾਚ ਨਾਲ ਘੜੇ ਦੇ ਵਰਨਣ ਨਾਲ ਭਰੇ ਪਏ ਹਨ l ਬੋਲੀਆਂ, ਟੱਪੇ, ਸਮਾਜਿਕ ਹਾਲਾਤਾਂ, ਰਸਮਾਂ, ਰਿਵਾਜ਼ਾ ਵਿੱਚ ਘੜੇ ਦਾ ਆਪਣਾ ਪ੍ਰਭਾਵ ਵੇਖਣ ਨੂੰ ਮਿਲਦਾ ਹੈ l ਕੋਈ ਵੀ ਲਿਖਤ ਓਨਾ ਚਿਰ ਅਧੂਰੀ ਹੋਵੇਗੀ ਜਦੋਂ ਤੱਕ ਘੜੇ ਨਾਲ ਜੁੜੀਆਂ ਲੋਕ ਗਾਥਾਵਾਂ ਬਾਰੇ ਜ਼ਿਕਰ ਨਾਂ ਕੀਤਾ ਜਾਵੇ l ਘੜੇ ਦੀ ਹੋਂਦ ਘਾਟ, ਅਲੋਪ ਹੋਣ ਦੇ ਬਾਵਜੂਦ ਵੀ ਲੋਕ ਜ਼ਿਕਰ ਵਿੱਚੋਂ ਮਨਫ਼ੀ ਨਹੀਂ ਹੋਇਆ l ਘੜਾ ਸਾਜ਼ ਦੇ ਤੌਰ ਤੇ ਵੀ ਵਰਤਿਆ ਜਾਂਦਾ ਹੈ l ਵਜਾਉਣ ਵਾਲਾ ਦੋਹਾਂ ਹੱਥਾਂ ਦੀ ਉਂਗਲਾਂ ਵਿੱਚ ਮੁੰਦਰੀਆਂ ਪਾ ਕੇ ਇਸਨੂੰ ਵਜਾਉਂਦਾ ਹੈ l ਇੱਕ ਵੱਖਰਾ ਤਾਲ ਬਣਾਉਣ ਲਈ ਇਸਦੇ ਖੁਲੇ ਮੂੰਹ ਦੀ ਵਰਤੋਂ ਵੀ ਕੀਤੀ ਜਾਂਦੀ ਹੈ l ਕਈ ਵਾਰ ਕਈ ਘੜੇ ਇਕੱਠੇ ਕਰਕੇ ਵੱਖਰੀ ਕਿਸਮ ਦੀ ਤਾਲ ਪੈਦਾ ਕੀਤੀ ਜਾਂਦੀ ਹੈ l ਕਈ ਲੋਕ ਨਾਚ ਵਿੱਚ ਵੀ ਘੜੇ ਦਾ ਅਹਿਮ ਰੋਲ ਹੁੰਦਾ ਹੈ l ਪੰਜਾਬ, ਹਰਿਆਣਾ ਅਤੇ ਦੱਖਣ ਭਾਰਤ ਦੇ ਲੋਕ ਨਾਚ ਵਿੱਚ ਕਈ- ਕਈ ਘੜੇ ਸਿਰ ਤੇ ਰੱਖੇ ਜਾਂਦੇ ਹਨ l ਸਾਡੇ ਲੋਕ, ਲੋਕ ਗੀਤ, ਕਹਾਣੀਆਂ,ਟੱਪੇ, ਅਖਾਣ, ਮੁਹਾਵਰਿਆ,ਬੋਲੀਆਂ ਆਦਿ ਸਾਹਿਤ ਵਿੱਚ ਘੜੇ ਦਾ ਭਰਪੂਰ ਵਰਨਣ ਮਿਲਦਾ ਹੈ
ਮੁਹਾਵਰਿਆ ਵਿੱਚ ਘੜਾ :
ਮੈਂ ਤਾਂ ਤੇਰੇ ਘੜੇ ਦੀ ਮੱਛੀ ਹਾਂ l
ਚੁੱਲ੍ਹੇ ਅੱਗ ਨਾਂ ਘੜੇ ਦੇ ਵਿੱਚ ਪਾਣੀ l
ਬੋਲੀਆਂ ਵਿੱਚ :
ਸ਼ੋਂਕ ਨਾਲ ਮੈਂ ਬੋਲੀਆਂ ਪਾਵਾਂ ਸਗਨ ਮਨਾਵਾਂ
ਉਹਦੀਆਂ ਖ਼ੈਰਾ ਮੰਗਾ ਜਿਹੜਾ ਦੂਰ ਖੜਾ
ਗਿੱਧਾ ਪਾ ਲਿਆ ਦੰਦਾਂ ਦੇ ਨਾਲੇ ਚੱਕ ਕੇ ਘੜਾ
ਉੱਚੀ -ਉੱਚੀ ਖੂਹੀ ਉੱਤੇ ਢੋਲ ਖੜਕਦੇ,
ਪਾਣੀ ਦਿਆਂ ਘੜਿਆਂ ਨੂੰ ਕੌਣ ਟੋਉਗਾ
ਭਾਬੀ ਸਾਗ ਨੂੰ ਨਾਂ ਜਾਈਂ ਤੇਰਾ ਮੁੰਡਾ ਰੋਊਗਾ
ਇੱਕ ਘੜੇ ਵਿੱਚ ਮੋਠ ਬਾਜਰਾ
ਦੂਜੇ ਘੜੇ ਵਿੱਚ ਰੂੰ l
ਥੋੜੀ ਥੋੜੀ ਮੈਂ ਵਿਗੜੀ
ਬਹੁਤਾ ਵਿਗੜਿਆ ਤੂੰ l
ਕਿਸੇ ਖ਼ੂਹ ਤੋਂ ਪਾਣੀ ਭਰਦੀ ਮੁਟਿਆਰ ਨੂੰ ਲੰਘਦਾ ਜਾਂਦਾ ਉਸਦਾ ਹਾਣੀ ਇਕੱਲਿਆ ਦੇਖ ਆਖ ਦਿੰਦਾ ਹੈ —
ਤੇਰੇ ਲੱਕ ਨੂੰ ਜ਼ਰਬ ਨਾਂ ਆਵੇ ਛੋਟਾ ਘੜਾ ਚੱਕ ਕੁੜੀਏ….
ਅਗੋ ਮੁਟਿਆਰ ਵੀ ਜਵਾਬ ਦਿੰਦੀ ਆਖਦੀ ਹੈ
ਇੱਕ ਦੇ ਮੈਂ ਤਿੰਨ ਚੁੱਕ ਲਊ, ਮੇਰਾ ਲੱਕ ਪਤਲਾ ਨਾ ਜਾਣੀ l
ਪ੍ਰੇਮ ਪਿਆਰ ਦੀ ਗਾਥਾਵਾਂ -ਮਲਕੀ -ਕੀਮਾਂ, ਸੋਹਣੀ – ਮਹੀਵਾਲ :
ਮਲਕੀ ਖ਼ੂਹ ਦੇ ਉੱਤੇ ਭਰਦੀ ਪਈ ਸੀ ਪਾਣੀl
ਕੀਮਾਂ ਕੋਲ ਆ ਕੇ ਬੇਨਤੀ ਗਜ਼ਾਰੇ l
ਘੜਾ ਤਾਂ ਤੇਰਾ ਭੰਨ ਦਿਆਂ ਮੁਟਿਆਰੇ ਨੀ,
ਲੱਜ ਕਰਾਂ ਟੋਟੇ ਚਾਰ, ਬਾਂਕੀਏ ਨਾਰੇ ਨੀ l
ਸੋਹਣੀ ਮਹੀਵਾਲ ਦੇ ਕਿੱਸੇ ਵਿੱਚ ਤਾਂ ਘੜਾ ਸਮੁਚੇ ਬਿਰਤਾਂਤ ਦੀ ਚੂਲ ਬਣਿਆ ਨਜ਼ਰ ਆਉਂਦਾ ਹੈ l ਸੋਹਣੀ ਮਹੀਵਾਲ ਅਤੇ ਘੜੇ ਦਾ ਸੰਬੰਧ ਲਗਭਗ ਸਾਰੇ ਜਾਣਦੇ ਹਨ l ਸੋਹਣੀ ਮਹੀਵਾਲ ਨੂੰ ਮਿਲਣ ਲਈ ਰੋਜ਼ ਝਨਾਂ ਨੂੰ ਪਾਰ ਕਰਦੀ ਹੋਈ ਘੜੇ ਦੀ ਵਰਤੋਂ ਕਰਦੀ ਸੀ l
ਸੋਹਣੀ ਦੀ ਨਣਦ ਉਸਦੇ ਪੱਕੇ ਘੜੇ ਦੀ ਥਾਂ ਕੱਚਾ ਘੜਾ ਰੱਖ ਦਿੰਦੀ ਹੈ ਸੋਹਣੀ ਠਾਠਾਂ ਮਾਰਦੇ ਝਨਾਂ ਵਿੱਚ ਜਾਣ ਤੋਂ ਪਹਿਲਾ ਕਚੇ ਘੜੇ ਬਾਰੇ ਪਤਾ ਲੱਗ ਜਾਂਦਾ ਹੈ ਫਿਰ ਵੀ ਉਹ ਪਾਰ ਲੱਗਣ ਦੀਆਂ ਰੱਬ ਅੱਗੇ ਅਰਜੋਈਆਂ ਕਰਦੀ ਹੈ :
ਰਾਤ ਹਨੇਰੀ ਲਿਸ਼ਕਣ ਤਾਰੇ
ਕੱਚੇ ਘੜੇ ਤੇ ਮੈਂ ਤਰਦੀਂ
ਵੇਖੀ ਰੱਬਾ ਖੈਰ ਕਰੀਂ
ਤੇਰੀ ਆਸ ਤੇ ਮੂਲ ਨਾਂ ਡਰਦੀ
ਘੜੇ ਨੂੰ ਪਾਰ ਲਾਉਣ ਲਈ ਕਹਿੰਦੀ ਹੈ :
ਮੈਨੂੰ ਪਾਰ ਲੰਘਾਂ ਦੇ ਵੇ, ਘੜਿਆ ਮਿੰਨਤਾ ਤੇਰੀਆਂ ਕਰਦੀ l
ਪਰ ਘੜਾ ਆਖਦਾ ਹੈ ਮੈਂ ਕੱਚਾ ਹਾਂ ਅਤੇ ਮੇਰੀ ਮਿੱਟੀ ਨੇ ਖੁਰ ਜਾਣਾ ਹੈ, ਮੁੜ ਜਾ ਨਹੀਂ ਤਾਂ ਆਪਾਂ ਦੋਵਾਂ ਡੁੱਬ ਜਾਵਾਂਗੇ l :
ਜਾ ਮੁੜ ਜਾਹ ਸੋਹਣੀਏਂ ਨੀ, ਏਥੇ ਕੋਈ ਨੀ ਤੇਰਾ ਦਰਦੀ l
ਅਰਬੀ ਅਰਬੀ ਅਰਬੀ ਸੋਹਣੀ ਕੱਚੇ ਘੜੇ ਤੇ ਤਰਗੀ
ਨੀ ਕੱਚੇ ਘੜੇ ਨੇ ਸਾਰ ਨਾਂ ਜਾਣੀ
ਵਿੱਚ ਦਰਿਆ ਦੇ ਹੜਗੀ
ਡੋਬੀ ਤੂੰ ਨਣਦੇ ਘੜਾ ਵਟਾ ਕੇ ਧਰਗੀ
ਗੀਤ :
ਘੜਾ ਵੱਜਦਾ, ਘੜੋਲੀ ਵੱਜਦੀ,
ਕਿਤੇ ਗਾਗਰ ਵੱਜਦੀ ਸੁਣ ਮੁੰਡਿਆ l
ਸੱਸ ਲੜਦੀ, ਜਿਠਾਣੀ ਲੜਦੀ,
ਕਿਤੇ ਮੈਨੂੰ ਵੀ ਲੜਦੀ ਸੁਣ ਮੁੰਡਿਆ l
ਵੇ ਮੈਂ ਤਿੜਕੇ ਘੜੇ ਦਾ ਪਾਣੀ, ਮੈਂ ਕੱਲ੍ਹ ਤਕ ਨਹੀਂ ਰਹਿਣਾ l
ਘਰਾਂ ਵਿੱਚ ਪਾਣੀ ਦੇ ਨਲਕੇ, ਮੋਟਰ, ਫਰਿੱਜ ਆਉਣ ਕਰਕੇ ਘੜੇ ਦੀ ਵਰਤੋ ਘੱਟ ਹੋ ਗਈ ਸੀ l ਇਸਦਾ ਵਜੂਦ ਅਲੋਪ ਹੋ ਗਿਆ ਸੀ l ਪਰ ਹੁਣ ਕੁਝ ਸਮੇਂ ਤੋਂ ਮਿੱਟੀ ਦੇ ਘੜੇ ਦੀ ਵਰਤੋਂ ਮੁੜ ਵਧਣ ਲੱਗਾ ਹੈ l ਲੋਕ ਹੁਣ ਪਾਣੀ ਪੀਣ ਲਈ ਘੜੇ ਦੀ ਵਰਤੋ ਕਰਨ ਲੱਗ ਪਏ ਹਨ l ਡਾਕਟਰ ਵੀ ਫਰਿੱਜ ਦੀ ਥਾਂ ਘੜੇ ਦੇ ਪਾਣੀ ਦੀ ਸਲਾਹ ਦਿੰਦੇ ਹਨ l ਘੜੇ ਬਣਾਉਣ ਵਾਲੇ ਹੁਣ ਵੱਧ ਘੜੇ ਬਣਾ ਕੇ ਪਿੰਡਾਂ ਵਿੱਚ ਵੇਚਣ ਜਾਣ ਲਗ ਪਏ ਹਨ l ਮਿੱਟੀ ਦੇ ਘੜੇ ਵਾਂਗ ਪਾਣੀ ਲਈ ਮਿੱਟੀ ਦੀਆਂ ਬੋਤਲਾਂ, ਮਿੱਟੀ ਦੇ ਵਾਟਰ ਕੂਲਰ ਹੁਣ ਮਿਲਦੇ ਹਨ l ਘੜੇ ਅਤੇ ਵਾਟਰ ਕੁਲਰ ਵਿੱਚ ਪਾਣੀ ਲਈ ਟੂਟੀ ਲਾਉਣ ਲੱਗ ਪਏ ਹਨ l ਹੁਣ ਰੰਗ -ਬਿਰੰਗੇ, ਛੋਟੇ-ਵੱਡੇ ਘੜੇ ਘਰਾਂ ਵਿੱਚ ਵੇਖਣ ਨੂੰ ਮਿਲਦੇ ਹਨ l ਘੜੇ ਦਾ ਲੋਕ ਸਾਹਿਤ, ਸੱਭਿਆਚਾਰ ਅਤੇ ਮਨੁੱਖ ਨਾਲ ਇਸਦਾ ਅਟੁੱਟ ਸੰਬੰਧ ਵੇਖ ਕੇ ਇਸ ਨੂੰ ਸੁਰਜੀਤ ਕਰਨ ਦੀ ਲੋੜ ਹੈ l
ਸੰਦੀਪ ਕੁਮਾਰ (ਹਿੰਦੀ ਅਧਿਆਪਕ )
ਫੋਨ ਨੰ: 9464310900