*ਕੰਬਾਇਨ ਹਾਰਵੈਸਟਰਾਂ ’ਤੇ ਸੁਪਰ ਐਸ.ਐਮ.ਐਸ. ਜ਼ਰੂਰੀ
*ਕਣਕ ਦੇ ਨਾੜ ਨੂੰ ਅੱਗ ਲਾਉਣ ’ਤੇ ਵੀ ਪੂਰਨ ਰੋਕ
2 ਅਪ੍ਰੈਲ (ਗਗਨਦੀਪ ਸਿੰਘ) ਬਰਨਾਲਾ: ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਵੱਲੋਂ ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ ਜ਼ਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਤਹਿਤ ਸ਼ਾਮ 7 ਵਜੇ ਤੋਂ ਲੈ ਕੇ ਸਵੇਰੇ 8 ਵਜੇ ਤੱਕ ਕੰਬਾਇਨਾਂ ਨਾਲ ਕਣਕ ਦੀ ਕਟਾਈ ਕਰਨ ’ਤੇ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ ਕਣਕ ਕੱਟਣ ਵਾਲੀਆਂ ਕੰਬਾਇਨਾਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਹਾਰਵੈਸਟਰ ਕੰਬਾਇਨ ਦੀ ਵਰਤੋਂ ਕਰਨ ਤੋਂ ਪਹਿਲਾਂ ਇਸ ਦੀ ਖੇਤੀਬਾੜੀ ਵਿਭਾਗ ਰਾਹੀਂ ਇੰਸਪੈਕਸ਼ਨ ਕਰਵਾਉਣਗੇ ਅਤੇ ਕੋਈ ਵੀ ਕੰਬਾਇਨ ਸੁਪਰ ਐਸ.ਐਮ.ਐਸ. ਲਗਾਏ ਬਿਨਾਂ ਨਹੀਂ ਵਰਤੀ ਜਾਵੇਗੀ।
ਇੱਕ ਹੋਰ ਹੁਕਮ ਜਾਰੀ ਕਰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਵੇਖਣ ਵਿੱਚ ਆਇਆ ਹੈ ਕਿ ਕਣਕ ਦੀ ਫਸਲ ਕੱਟਣ ਉਪਰੰਤ ਫਸਲ ਦੀ ਰਹਿੰਦ-ਖੂੰਹਦ ਨੂੰ ਸਬੰਧਤ ਕਿਸਾਨ ਵੱਲੋਂ ਅੱਗ ਲਗਾ ਦਿੱਤੀ ਜਾਂਦੀ ਹੈ, ਜਿਸ ਨਾਲ ਨੁਕਸਾਨ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ ਅਤੇ ਹਵਾ ਵਿੱਚ ਧੂੰਏ ਨਾਲ ਬਹੁਤ ਪ੍ਰਦੂਸ਼ਣ ਫੈਲਦਾ ਹੈ। ਅਜਿਹਾ ਕਰਨ ਨਾਲ ਆਲੇ ਦੁਆਲੇ ਖੜੀ ਫਸਲ ਜਾਂ ਪਿੰਡ ਵਿੱਚ ਵੀ ਅੱਗ ਲੱਗਣ ਦਾ ਡਰ ਰਹਿੰਦਾ ਹੈ। ਇਸ ਲਈ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ’ਤੇ ਵੀ ਪਾਬੰਦੀ ਲਾਈ ਗਈ ਹੈ। ਉਪਰੋਕਤ ਹੁਕਮ 26 ਮਈ 2024 ਤੱਕ ਲਾਗੂ ਰਹਿਣਗੇ।