11 ਅਪ੍ਰੈਲ (ਗਗਨਦੀਪ ਸਿੰਘ) ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਸ਼ਹੀਦ ਹੌਲਦਾਰ ਬਿੱਕਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ “ਸਕੂਲ ਆਫ਼ ਐਮੀਨੈਂਸ” ਬਰਨਾਲਾ ਵਿਖੇ ਸਹਾਇਕ ਡਾਇਰੈਕਟਰ ਅਰੁਣ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਪਿ੍ੰਸੀਪਲ ਹਰੀਸ਼ ਬਾਂਸਲ ਦੀ ਯੋਗ ਅਗਵਾਈ ਅਧੀਨ ” ਟਰੈਫਿਕ ਜਾਗਰੂਕਤਾ ਸੈਮੀਨਾਰ” ਦਾ ਆਯੋਜਨ ਕਰਵਾਇਆ ਗਿਆ।
ਇਹ ਪ੍ਰੋਗਰਾਮ ਸਿੱਖਿਆ ਵਿਭਾਗ ਅਤੇ ਪੁਲਿਸ ਵਿਭਾਗ ਦੇ ਸਾਂਝੇ ਉੱਦਮ ਨਾਲ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਪ੍ਰਬੰਧਨ ਸਕੂਲ ਆਫ਼ ਐਮੀਨੈਂਸ, ਬਰਨਾਲਾ ਦੀ ਕੌਮੀ ਸੇਵਾ ਯੋਜਨਾ ਯੂਨਿਟ ਦੁਆਰਾ ਬੜੇ ਹੀ ਵਧੀਆ ਢੰਗ ਨਾਲ ਕੀਤਾ ਗਿਆ।
ਇਸ ਮੌਕੇ ਕਰਵਾਏ ਗਏ ਸੈਮੀਨਾਰ ਵਿੱਚ ਵੱਖ ਵੱਖ ਵਿਦਵਾਨ ਬੁਲਾਰਿਆਂ ਨੇ ਭਾਗ ਲਿਆ। ਇੰਸਪੈਕਟਰ ਜਸਵਿੰਦਰ ਸਿੰਘ ਢੀਂਡਸਾ ਜ਼ਿਲ੍ਹਾ ਟਰੈਫਿਕ ਇੰਚਾਰਜ, ਬਰਨਾਲਾ ਨੇ ਵਿਦਿਆਰਥੀਆਂ ਨੂੰ ਬਹੁਤ ਹੀ ਵਿਸਥਾਰ ਨਾਲ ਟਰੈਫਿਕ ਦੇ ਵੱਖ ਵੱਖ ਨਿਯਮਾਂ ਬਾਰੇ ਜਾਣੂ ਕਰਵਾਇਆ । ਏ.ਐਸ.ਆਈ. ਗੁਰਚਰਨ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਟਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਾਨੂੰ ਇਸ ਦੇ ਬਾਰੇ ਪੂਰਾ ਗਿਆਨ ਹੋਣਾ ਜਰੂਰੀ ਹੈ।
ਮੰਚ ਦਾ ਸੰਚਾਲਨ ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰ ਹਰਦੀਪ ਕੁਮਾਰ ਦੁਆਰਾ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ। ਇਸ ਮੌਕੇ ਏ.ਐਸ.ਆਈ ਗੁਰਜੀਤ ਸਿੰਘ , ਹੌਲਦਾਰ ਬਲਵੀਰ ਸਿੰਘ, ਟਰੈਫਿਕ ਮੁਨਸ਼ੀ ਮਨਦੀਪ ਸਿੰਘ ਨੇ ਵੀ ਆਪਣੇ ਆਪਣੇ ਵਿਚਾਰ ਵਲੰਟੀਅਰਾਂ ਨਾਲ ਸਾਂਝੇ ਕੀਤੇ।
ਪ੍ਰਿੰਸੀਪਲ ਹਰੀਸ਼ ਬਾਂਸਲ ਨੇ ਦੱਸਿਆ ਕਿ ਰਸਮੀ ਪੜ੍ਹਾਈ ਦੇ ਨਾਲ ਨਾਲ ਸਾਨੂੰ ਟਰੈਫਿਕ ਵਰਗੇ ਜਰੂਰੀ ਵਿਸ਼ਿਆਂ ਬਾਰੇ ਗਿਆਨ ਹੋਣਾ ਵੀ ਬਹੁਤ ਜਰੂਰੀ ਹੈ। ਲੈਕਚਰਾਰ ਜਗਤਾਰ ਸਿੰਘ ਨੇ ਟਰੈਫਿਕ ਐਜੂਕੇਸ਼ਨ ਸੈੱਲ, ਬਰਨਾਲਾ ਦਾ ਧੰਨਵਾਦ ਕੀਤਾ ।
ਇਸ ਸੈਮੀਨਾਰ ਦੌਰਾਨ ਵਰਿੰਦਰ ਕੌਰ, ਮਨਦੀਪ ਕੌਰ, ਮੋਨਾ ਅਤੇ ਰਾਜਵਿੰਦਰ ਜੋਸ਼ੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।