6 ਸਤੰਬਰ 2024 ਦੇ ਅੰਕ ਲਈ ,ਸ਼ਹੀਦੀ ਦਿਨ ‘ਤੇ ਵਿਸ਼ੇਸ਼
ਭਾਈ ਭਾਗ ਸਿੰਘ ਦਾ ਜਨਮ 1872 ਈ. ਵਿੱਚ ਪਿੰਡ ਭਿੱਖੀਵਿੰਡ ਜੋ ਕਿ ਹੁਣ ਤਰਨਤਾਰਨ ਜ਼ਿਲ੍ਹੇ ਵਿੱਚ ਹੈ ਤੇ ਉਸ ਸਮੇਂ ਲਾਹੌਰ ਜ਼ਿਲ੍ਹੇ ਵਿੱਚ ਹੁੰਦਾ ਸੀ, ਵਿਖੇ ਹੋਇਆ। ਆਪ ਦੇ ਪਿਤਾ ਦਾ ਨਾਂ ਸ. ਨਰਾਇਣ ਸਿੰਘ ਸੰਧੂ ਤੇ ਮਾਤਾ ਦਾ ਨਾਂ ਬੀਬੀ ਮਾਨ ਕੌਰ ਸੀ।20 ਸਾਲ ਦੀ ਉਮਰ ਵਿੱਚ ਆਪ ਦਸਵੀਂ ਬੰਗਾਲ ਲੈਂਸਰ ਰਜਮੈਂਟ ਵਿੱਚ ਭਰਤੀ ਹੋ ਗਏ ਪਰ ਪੰਜ ਸਾਲ ਪਿੱਛੋਂ ਅਸਤੀਫਾ ਦੇ ਦਿੱਤਾ। ਕੁਝ ਸਮੇਂ ਪਿੱਛੋਂ ਹਾਂਗਕਾਂਗ ਚਲੇ ਗਏ ਤੇ ਉੱਥੇ ਪੁਲੀਸ ਵਿੱਚ ਭਰਤੀ ਹੋ ਗਏ। ਡੇਢ ਸਾਲ ਨੌਕਰੀ ਕਰਨ ਪਿੱਛੋਂ ਆਪ ਹਾਂਗਕਾਂਗ ਤੋਂ ਚੀਨ ਦੇ ਸ਼ਹਿਰ ਸ਼ੰਘਾਈ ਜਾ ਕੇ ਉੱਥੋਂ ਦੀ ਮਿਉਂਸਿਪਲ ਪੁਲੀਸ ਵਿੱਚ ਭਰਤੀ ਹੋ ਗਏ। 1906 ਈ. ਵਿੱਚ ਨੌਕਰੀ ਛੱਡ ਕੇ ਕਨੇਡਾ ਰਵਾਨਾ ਹੋ ਗਏ।
ਵੈਨਕੂਅਰ ਆ ਕੇ ਆਪ ਨੂੰ ਨਸਲੀ ਵਿਤਕਰੇ ਦਾ ਸ਼ਿਕਾਰ ਹੋਣਾ ਪਿਆ।ਸੋੋਹਣ ਸਿੰਘ ਪੂੰਨੀ ਨੇ ਆਪਣੀ ਪੁਸਤਕ ‘ਕਨੇਡਾ ਦੇ ਗਦਰੀ ਯੋਧੇ ’ ਵਿਚ ਇਸ ਬਾਰੇ ਬੜੇ ਵਿਸਥਾਰ ਨਾਲ ਲਿਿਖਆ ਹੈ ਕਿ ਗੋਰੇ ਬੱਚੇ ਭਾਰਤੀਆਂ ਨੂੰ “ਹੈਲੋ ਇੰਡੀਅਨ ਸਾਲੇਵ” ਭਾਵ ਕਿ ਹੈਲੋ ਭਾਰਤੀ ਗੁਲਾਮੋਂ ਕਹਿ ਕੇ ਬੁਲਾਉਂਦੇ ਸਨ। ਵੋਟਾਂ ਦੇ ਲਾਲਚ ਵਿੱਚ ਗੋਰੇ ਹਿੰਦੁਸਤਾਨੀਆਂ ਵਿਰੁੱਧ ਜ਼ਹਿਰ ਉਗਲ ਰਹੇ ਸਨ। ਹਿੰਦੁਸਤਾਨੀ ਆਵਾਸੀ ਕਨੇਡਾ ਵਿੱਚ ਤਿੰਨ ਸਾਲ ਰਹਿਣ ਤੋਂ ਪਿੱਛੋਂ ਕਨੇਡਾ ਦੇ ਵਸਨੀਕ ਬਣ ਜਾਂਦੇ ਸਨ ਤੇ ਉਨ੍ਹਾਂ ਨੂੰ ਵੋਟ ਪਾਉਣ ਦਾ ਹੱਕ ਮਿਲ ਜਾਂਦਾ ਸੀ। ਪਰ ਬ੍ਰਿਿਟਸ਼ ਕੋਲੰਬੀਆਂ ਦੀ ਕਨਜ਼ਰਵੇਟਿਵ ਸਰਕਾਰ ਨੇ 27 ਮਾਰਚ 1907 ਨੂੰ ਬਿੱਲ ਪਾਸ ਕਰਕੇ ਵੋਟ ਪਾਉਣ ਦਾ ਅਧਿਕਾਰ ਖੋਹ ਲਿਆ। ਏਥੇ ਹੀ ਬੱਸ ਨਹੀਂ ਨਸਲ ਪ੍ਰਸਤ ਗੋਰਿਆਂ ਨੇ ਏਸ਼ੀਆਈਆਂ ਨੂੰ ਬਾਹਰ ਰੱਖਣ ਲਈ ਲੀਗ ਬਣਾ ਲਈ।
ਸਤੰਬਰ 1907 ਵਿੱਚ ਅਮਰੀਕਾ ਦੇ ਸ਼ਹਿਰ ਬੈਲੰਿਗਹੈਮ ਵਿੱਚ ਨਸਲ ਪ੍ਰਸਤ ਗੋਰਿਆਂ ਨੇ ਹਿੰਦੁਸਤਾਨੀਆਂ ਨੂੰ ਕੁੱਟਿਆ ਮਾਰਿਆ ਤੇ ਉਹ ਮਜ਼ਬੂਰ ਹੋ ਕੇ ਉਹ ਵੈਨਕੂਅਰ ਆ ਗਏ । ਇੱਥੇ ਵੀ ਨਸਲੀ ਦੰਗੇ ਭੜਕ ਉੱਠੇ। ਇਹ ਮਾਹੌਲ ਵੇਖ ਕੇ ਭਾਈ ਜੀ ਦੀ ਰੂਹ ਕੰਬ ਉੱਠੀ।ਵੈਨਕੂਅਰ ਵਿੱਚ ਆਪ ਦੀ ਨੇੜਤਾ ਬੰਗਾਲੀ ਇਨਕਲਾਬੀ ਬਾਬੂ ਤਾਰਕਨਾਥ ਨਾਲ ਹੋਈ ਤੇ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਇਸ ਵਿਤਕਰੇ ਭਰੇ ਮਾਹੌਲ ਲਈ ਗੁਲਾਮੀ ਜ਼ੁੰਮੇਵਾਰ ਹੈ ਤੇ ਉਨ੍ਹਾਂ ਨੇ ਹਿੰਦੁਸਤਾਨੀਆਂ ਨੂੰ ਦੇਸ਼ ਨੂੰ ਗੁਲਾਮੀ ਤੋਂ ਮੁਕਤ ਕਰਨ ਦਾ ਹੋਕਾ ਦੇਣਾ ਸ਼ੁਰੂ ਕਰ ਦਿੱਤਾ।
ਭਾਈ ਭਾਗ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਨੇਡਾ ਦਾ ਸਭ ਤੋਂ ਪਹਿਲਾ ਗੁਰਦੁਆਰਾ ਬਣਾਇਆ। ਇਹ ਗੁਰਦੁਆਰਾ 19 ਜਨਵਰੀ 1908 ਈ. ਨੂੰ ਖੁੱਲ੍ਹਾ ਜੋ ਕਿ ਧਾਰਮਿਕ ਸਰਗਰਮੀਆਂ ਦੇ ਨਾਲ ਸਮਾਜਿਕ ਤੇ ਰਾਜਨੀਤਕ ਗਤੀਵਿਧੀਆਂ ਦਾ ਕੇਂਦਰ ਵੀ ਬਣ ਗਿਆ।ਗੁਰਦੁਆਰਾ ਬਨਾਉਣ ਲਈ 22 ਜੁਲਾਈ 1906 ਨੂੰ ਮਤਾ ਪਾਸ ਕੀਤਾ ਗਿਆ ਤੇ ਕਮੇਟੀ ਬਣਾਈ ਗਈ ਜੋ ਕਿ 13 ਮਾਰਚ 1909 ਨੂੰ ‘ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਅਰ’ ਦੇ ਨਾਂ ਹੇਠ ਰਜਿਸਟਰ ਕਰਵਾਈ ਗਈ। ਭਾਈ ਭਾਗ ਸਿੰਘ ਇਸ ਸੁਸਾਇਟੀ ਦੇ ਮਾਰਚ 1909 ਤੋਂ ਮਾਰਚ 1910 ਤੀਕ ਖਜ਼ਾਨਚੀ ਤੇ ਮੁੱਖ ਸਕੱਤਰ ਰਹੇ ਤੇ ਮਾਰਚ 1910 ਤੋਂ ਬਾਅਦ ਪ੍ਰਧਾਨ ਰਹੇ।
ਆਪ ਕਨੇਡਾ ਵਿੱਚ ਬਣੀਆਂ ਸੋਸ਼ਿਿਲਟ ਜਥੇਬੰਦੀਆਂ ਦੇ ਵੀ ਆਹੁਦੇਦਾਰ ਰਹੇ। ਆਪ ਨੇ ਭਾਈ ਬਲਵੰਤ ਸਿੰਘ, ਖਾਲਸਾ ਦੀਵਾਨ ਸੁਸਾਇਟੀ ਦੇ ਕਾਰਜਕਾਰਨੀ ਦੇ ਆਹੁਦੇਦਾਰਾਂ ਨੇ ਹੁਸੈਨ ਰਹੀਮ ਨਾਲ ਰਲ ਕੇ ਵੈਨਕੂਅਰ ਵਿੱਚ ਸੋਸ਼ਲਿਸਟ ਪਾਰਟੀ ਆਫ਼ ਕੈਨੇਡਾ ਦੀ ਇੱਕ ਵਿਸ਼ੇਸ਼ ਸ਼ਾਖਾ ਕਾਇਮ ਕੀਤੀ।
ਹਿੰਦੁਸਤਾਨੀਆਂ ਨੇ ਮਹਿਸੂਸ ਕੀਤਾ ਕਿ ਉਹ ਕੰਮ ਕਰਨ ਵਿੱਚ ਗੋਰਿਆਂ ਨਾਲੋਂ ਘੱਟ ਨਹੀਂ ਪਰ ਉਨ੍ਹਾਂ ਨੂੰ ਉਹ ਮਾਣ ਸਤਿਕਾਰ ਨਹੀਂ ਮਿਲਦਾ ਜੋ ਕਿ ਗੋਰਿਆਂ ਨੂੰ ਮਿਲਦਾ ਹੈ। ਇਸ ਦਾ ਕਾਰਨ ਹਿੰਦੁਸਤਾਨ ਦਾ ਗੁਲਾਮ ਹੋਣਾ ਹੈ। ਰਾਜਨੀਤਕ ਚੇਤਨਾ ਨੂੰ ਵੱਧਦਾ ਹੋਇਆ ਵੇਖਕੇ ਕਨੇਡੀਅਨ ਸਰਕਾਰ ਨੇ ਹਿੰਦੁਸਤਾਨੀਆਂ ਦੇ ਕਨੇਡਾ ਵਿੱਚ ਦਾਖਲੇ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਯਤਨ ਕਰਨੇ ਸ਼ੁਰੂ ਕਰ ਦਿੱਤੇ। 1908 ਵਿੱਚ ਇਹ ਕਾਨੂੰਨ ਬਣਾਇਆ ਗਿਆ ਕਿ ਕਨੇਡਾ ਉਹੋ ਹੀ ਆ ਸਕਦਾ ਹੈ ਜਿਸ ਪਾਸ 200 ਡਾਲਰ ਨਕਦ ਹੋਣ ਤੇ ਉਹ ਹਿੰਦੁਸਤਾਨ ਤੋਂ ਸਿੱਧਾ ਕਨੇਡਾ ਆਵੇ। ਉਸ ਸਮੇਂ ਕੋਈ ਵੀ ਜਹਾਜ਼ ਸਿੱਧਾ ਨਹੀਂ ਸੀ ਆਉਂਦਾ। ਇਸ ਤਰ੍ਹਾਂ ਹਿੰਦੁਸਤਾਨੀਆਂ ਦਾ ਇਕ ਤਰ੍ਹਾਂ ਨਾਲ ਦਾਖਲਾ ਬੰਦ ਹੋ ਗਿਆ।
ਬਰਤਾਨੀਆਂ ਦੀਆਂ ਗੋਰੀ ਕਲੋਨੀਆਂ ਨੇ ਭਾਰਤੀਆਂ ਦੇ ਦਾਖਲੇ ਰੋਕਣ ਲਈ ਹਰ ਤਰੀਕਾ ਵਰਤਿਆ। ਅਸਟ੍ਰੇਲੀਆ ਦੀ ਫੈਡਰਲ ਸਰਕਾਰ ਨੇ 1901 ਵਿੱਚ ‘ਇਮੀਗ੍ਰੇਸ਼ਨ ਰਿਸਟ੍ਰਿਕਸ਼ਨ ਐਕਟ’ ਅਤੇ 1901 ਦਾ ‘ਲੇਬਰ ਰੈਕਰੂਟਮੈਂਟ ਐਕਟ’ ਪਾਸ ਕਰਕੇ ਹਿੰਦੁਸਤਾਨੀਆਂ ਦਾ ਜਾਣਾ ਬੰਦ ਕਰ ਦਿੱਤਾ ਸੀ। ਨਿਊਜ਼ੀਲੈਂਡ ਨੇ ਵੀ ਅਜਿਹੇ ਕਾਨੂੰਨ ਪਾਸ ਕਰਕੇ ਦਾਖਲਾ ਬੰਦ ਕਰ ਦਿੱਤਾ ਸੀ।
1908 ਵਿੱਚ ਕਨੇਡਾ ਦੇ ਸਾਰੇ ਦੇ ਸਾਰੇ ਹਿੰਦੁਸਤਾਨੀਆਂ ਨੂੰੂ ਕਨੇਡਾ ਵਿੱਚੋਂ ਕੱਢ ਕੇ ਸੈਂਟਰਲ ਅਮਰੀਕਾ ਦੀ ਬ੍ਰਿਿਟਸ਼ ਕਲੋਨੀ ਹਾਂਡੂਰਾਸ ਭੇਜਣ ਦੀ ਯੋਜਨਾ ਬਣਾਈ ਪਰ ਇਸ ਯੋਜਨਾ ਨੂੰ ਭਾਈ ਭਾਗ ਸਿੰਘ, ਭਾਈ ਤੇਜਾ ਸਿੰਘ ਤੇ ਭਾਈ ਬਲਵੰਤ ਸਿੰਘ ਵਰਗੇ ਭਾਈਚਾਰਕ ਆਗੂਆਂ ਨੇ ਸਿਰੇ ਨਾ ਲੱਗਣ ਦਿੱਤਾ।
ਇਸ ਦਾ ਸਿੱਟਾ ਇਹ ਨਿਕਲਿਆ ਕਿ ਉਨ੍ਹਾਂ ਨੇ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦਾ ਮਨ ਬਣਾ ਲਿਆ। ਇਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਸਾਬਕਾ ਫ਼ੌਜੀਆਂ ਦੀ ਸੀ, ਜਿਨ੍ਹਾਂ ਨੇ ਭਾਰਤ ਨੂੰ ਗੁਲਾਮ ਬਣਾਈ ਰੱਖਣ ਲਈ ਅੰਗਰੇਜ਼ਾਂ ਦੀ ਮਦਦ ਕੀਤੀ ਸੀ । ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਉਨ੍ਹਾਂ ਨੂੰ ਜਿਹੜੇ ਬਹਾਦਰੀ ਦੇ ਮੈਡਲ ਮਿਲੇ ਹਨ ਇਹ ਅਸਲ ਵਿੱਚ ਗੁਲਾਮੀ ਦੇ ਮੈਡਲ ਹਨ।
ਇਸ ਸਮੇਂ ਇੱਕ ਘਟਨਾ 3 ਅਕਤੂਬਰ 1909 ਨੂੰ ਵੈਨਕੂਅਰ ਦੇ ਗੁਰਦੁਆਰੇ ਵਾਪਰੀ। ਭਾਈ ਨੱਥਾ ਸਿੰਘ ਬਿਲਗਾ ਜੋ ਕਿ ਭਾਈ ਭਾਗ ਸਿੰਘ ਦਾ ਦੋਸਤ ਤੇ ‘ਹਿੰਦੁਸਤਾਨ ਐਸੋਸੀਏਸ਼ਨ’ ਦਾ ਸਰਗਰਮ ਮੈਂਬਰ ਸੀ ਨੇ ਸੰਗਤ ਵਿੱਚ ਖੜ੍ਹੇ ਹੋ ਕੇ ਬਰਤਾਨੀਆ ਦੀਆਂ ਬਸਤੀਆਂ ਵਿੱਚ ਹਿੰਦੁਸਤਾਨੀਆਂ ਦੀ ਮਾੜੀ ਦਸ਼ਾ ਬਾਰੇ ਭਾਸ਼ਨ ਦਿੱਤਾ। ਭਾਸ਼ਨ ਤੋਂ ਬਾਅਦ ਮਤਾ ਰੱਖਿਆ ਗਿਆ ਕਿ ‘ਗੁਰਦੁਆਰੇ ਦੀ ਕਾਰਜਕਾਰਨੀ ਦਾ ਕੋਈ ਵੀ ਮੈਂਬਰ ਕੋਈ ਵੀ ਐਸਾ ਤਗ਼ਮਾ, ਵਰਦੀ ਜਾਂ ਇਨਸਿਗਨਿਆ ਨਹੀਂ ਪਾਵੇਗਾ ਜਿਸ ਤੋਂ ਪਤਾ ਲੱਗੇ ਕਿ ਪਹਿਨਣਵਾਲਾ ਅੰਗਰੇਜ਼ਾਂ ਦੇ ਇੱਕ ਗੁਲਾਮ ਤੋਂ ਵੱਧ ਕੁਝ ਨਹੀਂ। ਇਹ ਮਤਾ ਜੈਕਾਰਿਆਂ ਦੀ ਗੂੰਜ ਵਿੱਚ ਪਾਸ ਹੋ ਗਿਆ।
ਖਾਲਸਾ ਦੀਵਾਨ ਸੁਸਾਇਟੀ ਨੇ ਉਪ-ਪ੍ਰਧਾਨ ਚੌਦ੍ਹਵੀਂ ਸਿੱਖ ਰਜ਼ਮੈਂਟ ਦੇ ਸਾਬਕਾ ਫ਼ੌਜੀ ਮੋਗੇ ਲਾਗੇ ਫੂਲਾ ਸਿੰਘ ਵਾਲੀ ਕੋਕਰੀ ਦੇ ਭਾਈ ਗਰੀਬ ਸਿੰਘ ਨੇ ਚੀਨ ਵਿੱਚ ਬੌਕਸਰ ਵਿਦਰੋਹ ਵਿਚ ਵਿਖਾਈ ਬਹਾਦਰੀ ਕਾਰਨ ਮਿਿਲਆ ਤਗਮਾ ਲਾਹ ਦਿੱਤਾ ਅਤੇ ਸਕੱਤਰ ਭਾਈ ਭਾਗ ਸਿੰਘ ਭਿੱਖੀ ਵਿੰਡ ਨੇ ਆਪਣੀ ਵਰਦੀ ਤੇ ਆਨਰੇਬਲ ਡਿਸਚਾਰਜ ਸਰਟੀਫਿਕੇਟ ਨੂੰ ਅੱਗ ਲਾ ਦਿੱਤੀ। ਬਹੁਤ ਸਾਰੇ ਹੋਰ ਸਾਬਕਾ ਸਿੱਖ ਫ਼ੌਜੀਆਂ ਨੇ ਵੀ ਆਪਣੇ ਮੈਡਲ, ਵਰਦੀਆਂ, ਫੋਟੋਆਂ ਅਤੇ ਸਰਟੀਫਿਕੇਟ ਅਗਨੀ ਭੇਟ ਕਰ ਦਿੱਤੇ।
ਬਾਦਸ਼ਾਹ ਜਾਰਜ ਪੰਜਵੇਂ ਦੀ ਤਾਜਪੋਸ਼ੀ ਦੇ ਜਸ਼ਨ 19 ਸਤੰਬਰ 1912 ਨੂੰ ਵੈਨਕੂਅਰ ਵਿੱਚ ਮਨਾਏ ਜਾਣੇੇ ਸਨ ਜਿਸ ਵਿੱਚ ਕਨੇਡਾ ਦੇ ਗਵਰਨਰ ਜਨਰਲ ਬੀ.ਸੀ. ਨੇ ਮੁੱਖ ਮਹਿਮਾਨ ਹੋਣਾ ਸੀ। ਵੈਨਕੂਅਰ ਦੇ ਮੇਅਰ ਵੱਲੋਂ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਭਾਈ ਭਾਗ ਸਿੰਘ ਨੂੰ ਸਾਬਕਾ ਸਿੱਖ ਫ਼ੌਜੀਆਂ ਸਮੇਤ ਜਸ਼ਨ ਅਤੇ ਫ਼ੌਜੀ ਪ੍ਰੇਡ ਵਿੱਚ ਸ਼ਾਮਲ ਹੋਣ ਦਾ ਸੱਦਾ ਪੱਤਰ ਭੇਜਿਆ ਗਿਆ। ਭਾਈ ਭਾਗ ਸਿੰਘ ਨੇ ਖਾਲਸਾ ਦੀਵਾਨ ਸੁਸਾਇਟੀ ਦੇ ਅਹੁਦੇਦਾਰਾਂ ਨਾਲ ਸਲਾਹ ਕਰਕੇ ਇਹ ਸੱਦਾ-ਪੱਤਰ ਲੈਣੋਂ ਨਾਂਹ ਕਰ ਦਿੱਤੀ।
ਅਪ੍ਰੈਲ 1913 ਵਿੱਚ ਜਦ ਅਮਰੀਕਾ ਵਿੱਚ ਗਦਰ ਪਾਰਟੀ ਬਣੀ ਤਾਂ ਭਾਈ ਭਾਗ ਸਿੰਘ ਇਸ ਦੇ ਮੈਂਬਰ ਬਣ ਗਏ। ਜਦ ਗ਼ਦਰ ਪਾਰਟੀ ਨੇ 1 ਨਵੰਬਰ 1913 ਨੂੰ ਸਾਂਨਫਰਾਂਸਿਸਕੋ ਤੋਂ ਉਰਦੂ ਵਿੱਚ ਹਫਤਾਵਾਰੀ ਗ਼ਦਰ ਅਖ਼ਬਾਰ ਕੱਢਿਆ ਤਾਂ ਭਾਈ ਭਾਗ ਸਿੰਘ ਨੇ ਅਖਬਾਰ ਮੰਗਵਾਉਣਾ ਸ਼ੁਰੂ ਕਰ ਦਿੱਤਾ। ਇਹ ਅਖ਼ਬਾਰ ਗੁਰਦੁਆਰੇ ਦੀਆਂ ਮੀਟਿੰਗਾਂ ਵਿੱਚ ਪੜ੍ਹਿਆ ਜਾਂਦਾ। ਆਪ ਦੀ ਪ੍ਰੇਰਨਾ ਸਦਕਾ ਸੈਂਕੜੇ ਹਿੰਦੁਸਤਾਨੀ ਗ਼ਦਰ ਪਾਰਟੀ ਦੇ ਮੈਂਬਰ ਬਣ ਗਏ ਤੇ ਹਜ਼ਾਰਾਂ ਡਾਲਰ ਚੰਦਾ ਇਕੱਠਾ ਕਰਕੇ ਗ਼ਦਰ ਪਾਰਟੀ ਦੇ ਮੁੱਖ-ਦਫ਼ਤਰ ਸਾਂਨਫਰਾਂਸਿਸਕੋ ਭੇਜਿਆ।
ਆਪ ਦੀ ਪਤਨੀ ਬੀਬੀ ਹਰਨਾਮ ਕੌਰ ਨੇ 21 ਜਨਵਰੀ 1914 ਨੂੰ ਧੀ ਨੂੰ ਜਨਮ ਦਿੱਤਾ। ਜਣੇਪੇ ਸਮੇਂ ਪਈਆਂ ਕਈ ਗੁੰਝਲਾਂ ਕਾਰਨ 30 ਜਨਵਰੀ 1914 ਨੂੰ 28 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਤੇ ਬੱਚਿਆਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਆਪ ਸਿਰ ਆ ਪਈ।
ਕਾਮਾਗਾਟਾਮਾਰੂ ਦਾ ਜਹਾਜ਼ 23 ਮਈ 1914 ਨੂੰ 376 ਮੁਸਾਫਰਾਂ ਸਮੇਤ ਵੈਨਕੂਅਰ ਆਣ ਪੁੱਜਾ। ਇਮੀਗਰੇਸ਼ਨ ਅਧਿਕਾਰੀਆਂ ਨੇ ਮੁਸਾਫਰਾਂ ਨੂੰ ਉਤਰਨ ਨਾ ਦਿੱਤਾ। ਭਾਈ ਭਾਗ ਸਿੰਘ ਨੇ ਯੂਨਾਈਟਿਡ ਇੰਡੀਆ ਲੀਗ ਦੇ ਪ੍ਰਧਾਨ ਹੁਸੈਨ ਰਹੀਮ ਨੂੰ ਨਾਲ ਲੈ ਕੇ ਮੁਸਾਫਰਾਂ ਦੀ ਸਹਾਇਤਾ ਲਈ 15 ਮੈਂਬਰੀ ਕਮੇਟੀ ਬਣਾਈ। ਕਮੇਟੀ ਨੇ ਚੰਦਾ ਇਕੱਠਾ ਕਰਕੇ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਪਰ ਕਨੇਡਾ ਸਰਕਾਰ ਆਪਣੇ ਹੀ ਕਾਨੂੰਨਾਂ ਦੀ ਉਲੰਘਣਾਂ ਕਰਕੇ ਕਾਮਾਗਾਟਾਮਾਰੂ ਜਹਾਜ਼ ਨੂੰ ਵਾਪਸ ਭੇਜ ਦਿੱਤਾ।
ਭਾਈ ਭਾਗ ਸਿੰਘ ਤੇ ਉਨ੍ਹਾਂ ਦੇ ਸਾਰੇ ਸਾਥੀ ਚਾਹੁੰਦੇ ਸਨ ਕਿ ਕਾਮਾਗਾਟਾਮਾਰੂ ਦੇ ਜਹਾਜ਼ ਰਾਹੀਂ ਅਸੀਂ ਹਥਿਆਰ ਭੇਜੀਏ ਤਾਂ ਜੋ ਅਮਰੀਕਾ ਨਾਲ ਹਥਿਆਰਬੰਦ ਲੜਾਈ ਹੋ ਸਕੇ। ਉਹ ਕਨੇਡਾ ਵਿੱਚੋਂ ਹਥਿਆਰ ਖ੍ਰੀਦਣ ਵਿੱਚ ਸਫ਼ਲ ਨਾ ਹੋ ਸਕੇ। ਭਾਈ ਭਾਗ ਸਿੰਘ 16 ਜੁਲਾਈ 1914 ਨੂੰ ਆਪਣੇ ਸਾਥੀ ਭਾਈ ਬਲਵੰਤ ਸਿੰਘ, ਭਾਈ ਮੇਵਾ ਸਿੰਘ ਅਤੇ ਬਾਬੂ ਹਰਨਾਮ ਸਿੰਘ ਸਾਹਰੀ ਨਾਲ ਐਸਟਸਫੋਰਡ ਲਾਗਿਉਂ ਸਰਹੱਦ ਪਾਰ ਕਰਕੇ ਅਮਰੀਕਾ ਦੇ ਸ਼ਹਿਰ ਸੁਮਾਸ ਤੋਂ ਹਥਿਆਰ ਲੈਣ ਗਏ। ਅਮਰੀਕੀ ਪੁਲੀਸ ਨੇ 17 ਜੁਲਾਈ ਨੂੰ ਭਾਈ ਬਲਵੰਤ ਸਿੰਘ ਅਤੇ ਬਾਬੂ ਹਰਨਾਮ ਦਾਸ ਸਾਹਰੀ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਭੇਜ ਦਿੱਤਾ। ਭਾਈ ਭਾਗ ਸਿੰਘ ਦਾ 32 ਮਹੀਨਿਆਂ ਦਾ ਪੁੱਤਰ ਵੀ ਜੇਲ੍ਹ ਵਿੱਚ ਬੰਦ ਸੀ।ਅਮਰੀਕਾ ਵਿੱਚ ਹਥਿਆਰ ਖ੍ਰੀਦਣੇ ਅਤੇ ਰੱਖਣੇ ਜ਼ੁਰਮ ਨਹੀਂ ਸੀ, ਇਸ ਲਈ ਕਾਮਾਗਾਟਾ ਮਾਰੂ ਦੇ ਵੈਨਕੂਅਰ ਤੋਂ ਤੁਰ ਜਾਣ ਪਿੱਛੋਂ 30 ਜੁਲਾਈ 1914 ਨੂੰ ਭਾਈ ਭਾਗ ਸਿੰਘ ਹੋਰਾਂ ਨੂੰ ਰਿਹਾਅ ਕਰ ਦਿੱਤਾ ਗਿਆ।
ਪਹਿਲਾ ਵਿਸ਼ਵ ਯੁੱਧ 4 ਅਗਸਤ 1914 ਨੂੰ ਸ਼ੁਰੂ ਹੋ ਗਿਆ। ਵੱਡੀ ਗਿਣਤੀ ਵਿੱਚ ਦੇਸ਼ ਭਗਤ ਗਦਰੀ ਯੋਧੇ ਕਨੇਡਾ ਅਤੇ ਅਮਰੀਕਾ ਤੋਂ ਹਿੰਦੁਸਤਾਨ ਵੱਲ ਨੂੰ ਕੂਚ ਕਰ ਗਏ। ਭਾਈ ਭਾਗ ਸਿੰਘ ਵੀ ਜਾਣਾ ਚਾਹੁੰਦੇ ਸਨ ਪਰ ਪੌਣੇ ਤਿੰਨ ਸਾਲ ਦੇ ਪੁੱਤਰ ਜੁਗਿੰਦਰ ਸਿੰਘ ਅਤੇ ਛੇ ਮਹੀਨੇ ਦੀ ਧੀ ਕਰਮ ਕੌਰ ਦੀ ਸੰਭਾਲ ਵਿੱਚ ਦੇਰ ਹੋਣ ਕਰਕੇ ਉਹ ਜਾ ਨਾ ਸਕੇ।
ਉਧਰ ਵੈਨਕੂਅਰ ਵਿੱਚ ਗ਼ਦਾਰ ਟੋਲਾ ਪੂਰਾ ਜੋਰ ਲਾ ਰਿਹਾ ਸੀ ਕਿ ਕੋਈ ਵੀ ਹਿੰਦੁਸਤਾਨ ਨਾ ਜਾਵੇ। ਬੇਲਾ ਸਿੰਘ ਜਿਆਣ ਨੇ 22 ਅਤੇ 25 ਅਗਸਤ 1914 ਨੂੰ ਵੈਨਕੂਅਰ ਅਤੇ ਵਿਕਟੋਰੀਆ ਦੇ ਘਾਟਾਂ ਤੋਂ ਜਹਾਜ਼ਾਂ ‘ਤੇ ਚੜ੍ਹਨ ਵਾਲੇ ਹਿੰਦੁਸਤਾਨੀਆਂ ਨੂੰ ਡਰਾਇਆ ਧਮਕਾਇਆ ਪਰ ਹਿੰਦੁਸਤਾਨੀਆਂ ਨੇ ਉਸ ਦੀ ਕੋਈ ਪ੍ਰਵਾਹ ਨਾ ਕੀਤੀ।
ਬੇਲਾ ਸਿੰਘ ਜਿਆਣ ਧੜੇ ਦੇ ਅਰਜਨ ਸਿੰਘ ਦੀ ਤਿੰਨ ਸਤੰਬਰ ਨੂੰ ਗੋਲੀ ਲੱਗਣ ਨਾਲ ਮੌਤ ਹੋ ਗਈ। ਬਹੁਤੇ ਲੋਕ ਇਸ ਨੂੰ ਦੁਰਘਟਨਾ ਸਮਝਦੇ ਸਨ ਪਰ ਬੇਲਾ ਸਿੰਘ ਦਾ ਖਿਆਲ ਸੀ ਕਿ ਅਰਜਨ ਸਿੰਘ ਦਾ ਕਤਲ ਹੋਇਆ ਹੈ। ਅਰਜਨ ਸਿੰਘ ਦੇ ਸਸਕਾਰ ਤੋਂ ਬਾਅਦ 5 ਸਤੰਬਰ 1914 ਨੂੰ ਸ਼ਾਮ ਨੂੰ ਵੈਨਕੂਅਰ ਦੇ ਗੁਰਦੁਆਰੇ ਵਿੱਚ ਸੰਗਤ ਜੁੜੀ ਹੋਈ ਸੀ। ਭਾਈ ਬਲਵੰਤ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਹੋਏ ਸਨ। ਭਾਈ ਭਾਗ ਸਿੰਘ ਵੀ ਗੁਰੂ ਗ੍ਰੰਥ ਸਾਹਿਬ ਵਾਲੇ ਤਖ਼ਤ ਪੋਸ਼ ਦੇ ਕੋਲ ਹੀ ਬੈਠੇ ਸਨ। ਬੇਲਾ ਸਿੰਘ ਸੱਤ ਵੱਜਣ ਵਿੱਚ ਕੁਝ ਮਿੰਟ ਰਹਿੰਦਿਆਂ ਗੁਰਦੁਆਰੇ ਅੰਦਰ ਆਇਆ ਤੇ ਮੱਥਾ ਟੇਕ ਕੇ ਭਾਈ ਭਾਗ ਸਿੰਘ ਦੇ ਪਿੱਛੇ ਚਾਰ-ਪੰਜ ਫੁੱਟ ਦੀ ਦੂਰੀ ‘ਤੇ ਬੈਠ ਗਿਆ। 20-25 ਮਿੰਟ ਬਾਅਦ ਜਦੋਂ ਅਰਦਾਸ ਹੋਣ ਲੱਗੀ ਤਾਂ ਬੇਲਾ ਸਿੰਘ ਨੇ ਕਾਹਲੀ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸਭ ਤੋਂ ਪਹਿਲਾਂ ਉਸ ਨੇ ਭਾਈ ਭਾਗ ਸਿੰਘ ਦੇ ਪਿੱਛਿਉਂ ਗੋਲੀਆਂ ਚਲਾਈਆਂ। ਉਹ ਦੋਹਾਂ ਹੱਥਾਂ ਵਿੱਚ ਪਿਸਤੋਲ ਫੜ੍ਹਕੇ ਗੋਲੀਆਂ ਚਲਾਈ ਜਾ ਰਿਹਾ ਸੀ। ਸਾਰਾ ਹਾਲ ਧੂੰਏ ਨਾਲ ਭਰ ਗਿਆ। ਕੁਝ ਵੀ ਵਿਖਾਈ ਨਹੀਂ ਸੀ ਦੇ ਰਿਹਾ। ਸਾਰੇ ਹਾਲ ਵਿੱਚ ਭਗਦੜ ਮੱਚ ਗਈ। ਬੇਲਾ ਸਿੰਘ ਧੂੰਏ ਦਾ ਲਾਭ ਉਠਾ ਕੇ ਗੁਰਦੁਆਰੇ ਵਿੱਚੋਂ ਭੱਜ ਗਿਆ।
ਸਾਰਾ ਹਾਲ ਲਹੂ ਲੁਆਨ ਹੋਇਆ ਸੀ। ਬਹੁਤ ਸਾਰੇ ਬੰਦੇ ਜ਼ਖ਼ਮੀ ਹੋ ਗਏ। ਭਾਈ ਭਾਗ ਸਿੰਘ ਦੇ ਕਮਰ ਤੋਂ ਉਪਰ ਅਤੇ ਮੌਰਾਂ ਵਿਚਕਾਰ ਕਈ ਗੋਲੀਆਂ ਲੱਗੀਆਂ ਹੋਈਆਂ ਸਨ। ਇੱਕ ਗੋਲੀ ਪਿੱਠ ਵਿੱਚੋਂ ਦੀ ਹੋ ਕੇ ਫੇਫੜਿਆਂ ਵਿੱਚ ਜਾ ਫਸੀ। ਡਾਕਟਰਾਂ ਨੇ ਰਾਤ ਨੂੰ ਸਰਜਰੀ ਕੀਤੀ। ਅਗਲੇ ਦਿਨ ਪੁਲੀਸ ਬੇਲਾ ਸਿੰਘ ਨੂੰ ਲੈ ਕੇ ਦੁਪਹਿਰ ਇੱਕ ਵਜ੍ਹੇ ਹਸਪਤਾਲ ਪੁੱਜੀ। ਭਾਈ ਭਾਗ ਸਿੰਘ ਨੇ ਬੇਲਾ ਸਿੰਘ ਵੱਲ ਵੇਖਦਿਆਂ ਕਿਹਾ ਕਿ ਉਨ੍ਹਾਂ ਦੇ ਗੋਲੀਆਂ ਮਾਰਨ ਵਾਲਾ ਬੇਲਾ ਸਿੰਘ ਹੀ ਹੈ।
ਭਾਈ ਭਾਗ ਸਿੰਘ ਦੇ ਮਿੱਤਰ ਉਨ੍ਹਾਂ ਨੂੰ ਹਸਪਤਾਲ ਮਿਲੇ। ਭਾਈ ਭਾਗ ਸਿੰਘ ਦਾ ਕਹਿਣਾ ਸੀ “ਮਨ ਦੀ ਚਾਹ ਸੀ ਕਿ ਆਜ਼ਾਦੀ ਦੇ ਮੈਦਾਨੇ ਜੰਗ ਵਿੱਚ ਜੂਝ ਕੇ ਸ਼ਹੀਦ ਹੁੰਦਾ ਪਰ ਭਾਣਾ ਅਮਿੱਟ ਹੈ, ਅੱਜ ਇਸ ਬਿਸਤਰ ਪਰ ਸਰੀਰ ਛੱਡ
ਣਾ ਪੈ ਰਿਹਾ ਹੈ”। 6 ਸਤੰਬਰ 1914 ਨੂੰ ਲੌਢੇ ਵੇਲੇ ਉਹ ਵੈਨਕੂਅਰ ਦੇ ਹਸਪਤਾਲ ਵਿੱਚ ਅਕਾਲ ਚਲਾਣਾ ਕਰ ਗਏ।
0019375739812 (ਅਮਰੀਕਾ), ਵਟਸਐਪ 919417533060