16 ਸਤੰਬਰ (ਨਾਨਕ ਸਿੰਘ ਖੁਰਮੀ) ਮਾਨਸਾ: ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਪੋਸਟਰ ਪ੍ਰਦਰਸ਼ਨੀ ਦੇ ਫੈਸਲੇ ਨੂੰ ਲਾਗੂ ਕਰਦਿਆਂ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਦੀ ਇਕਾਈ ਵੱਲੋਂ ਕਾਲਜ ਅੰਦਰ ਪੋਸਟਰ ਪ੍ਰਦਰਸ਼ਨੀ ਕੀਤੀ ਗਈ।ਇਸ ਮੌਕੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਆਇਸਾ ਵੱਲੋਂ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਦੀ ਇਕਾਈ ਪ੍ਰਧਾਨ ਗਗਨਦੀਪ ਕੌਰ ਮਾਨਸਾ ਨੇ ਕਿਹਾ ਕਿ ਅੱਜ ਮੌਜੂਦਾ ਦੌਰ ਵਿੱਚ ਵਿਦਿਆਰਥੀਆਂ ਨੌਜਵਾਨਾਂ ਨੂੰ ਜ਼ਿੰਦਗੀ ਦੇ ਬੁਨਿਆਦੀ ਸੁਆਲਾਂ ਸਿੱਖਿਆ,ਸਿਹਤ ਅਤੇ ਰੁਜ਼ਗਾਰ ਦੇ ਸੁਆਲ ਨੂੰ ਮੁੱਖ ਰੱਖਦਿਆਂ ਜਥੇਬੰਦ ਹੋਣ ਦੇ ਲਈ ਦੇਸ਼ ਭਗਤਾਂ,ਸੂਰਬੀਰਾਂ ਅਤੇ ਯੋਧਿਆਂ ਦੀਆਂ ਰਚਨਾਵਾਂ ਨੂੰ ਪੜਨ ਅਤੇ ਸਮਝਣ ਦੀ ਮੁੱਖ ਲੋੜ ਹੈ। ਅੱਜ ਦੇਸ਼ ਅੰਦਰ ਪਿਛਾਖੜੀ ਤਾਕਤਾਂ ਸਮਾਜ ਨੂੰ ਨਿਘਾਰ ਵੱਲ ਲਿਜਾ ਰਹੀਆਂ ਹਨ ਪਰ ਵਿਦਿਆਰਥੀਆਂ ਨੌਜਵਾਨਾਂ ਨੂੰ ਆਪਣੇ ਭਵਿੱਖ ਨੂੰ ਵਧੀਆ ਬਣਾਉਣ ਦੇ ਲਈ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਦੇ ਲਈ ਜੱਦੋਜਹਿਦ ਨੂੰ ਜਾਰੀ ਰੱਖਦਿਆਂ ਅੱਗੇ ਵਧਣ ਦੀ ਲੋੜ ਹੈ। ਇਕਾਈ ਸਕੱਤਰ ਗਗਨਦੀਪ ਕੌਰ ਡੇਲੂਆਣਾ ਨੇ ਕਿਹਾ ਕਿ ਕਾਲਜ ਅੰਦਰ ਵਿਦਿਆਰਥਣਾਂ ਨੂੰ ਕੰਪਿਊਟਰ ਲੈਬ,ਲਾਇਬ੍ਰੇਰੀ ਸੰਬੰਧੀ ਅਤੇ ਅਧਿਆਪਕਾਂ ਦੀ ਘਾਟ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਅਤੇ ਬੱਸ ਕਿਰਾਏ ਵਿੱਚ ਕੀਤਾ ਗਿਆ ਵਾਧਾ ਵਾਪਸ ਲਿਆ ਜਾਵੇ, ਵਿਦਿਆਰਥੀ ਬੱਸ ਪਾਸ ਸਾਰੀਆਂ ਸਰਕਾਰੀ ਅਤੇ ਗੈਰ ਸਰਕਾਰੀ ਬੱਸਾਂ ਵਿੱਚ ਲਾਗੂ ਕੀਤਾ ਜਾਵੇ, ਨਵੀਂ ਸਿੱਖਿਆ ਨੀਤੀ ਵਾਪਸ ਲਈ ਜਾਵੇ ਅਤੇ ਵਿਦਿਆਰਥੀਆਂ ਦੀਆਂ ਫੀਸਾਂ ਵਿੱਚ ਕੀਤਾ ਗਿਆ ਵਾਧਾ ਵਾਪਸ ਲਿਆ ਜਾਵੇ,ਵਿੱਦਿਅਕ ਅਦਾਰਿਆਂ ਵਿੱਚ ਅਧਿਆਪਕਾਂ ਦੀਆਂ ਖ਼ਾਲੀ ਪਈਆਂ ਅਸਾਮੀਆਂ ਤੁਰੰਤ ਭਰੀਆਂ ਜਾਣ, ਸਿੱਖਿਆ ਉੱਪਰ ਕੇਂਦਰੀ ਬਜਟ ਦਾ 10 ਪ੍ਰਤੀਸ਼ਤ ਹਿੱਸਾ ਖਰਚ ਕੀਤਾ ਜਾਵੇ ਅਤੇ ਰੁਜ਼ਗਾਰ ਅਧਿਕਾਰ ਗਰੰਟੀ ਲਾਗੂ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਕੱਲ੍ਹ ਨੂੰ ਪੋਸਟਰ ਪ੍ਰਦਰਸ਼ਨੀ ਲਗਾਈ ਜਾਵੇਗੀ ਅਤੇ ਵਿਦਿਆਰਥੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।ਇਸ ਮੌਕੇ ਜ਼ਿਲ੍ਹਾ ਕਮੇਟੀ ਮੈਂਬਰ ਸੁਖਦੀਪ ਕੌਰ ਡੇਲੂਆਣਾ,ਕਾਲਜ ਕਮੇਟੀ ਦੇ ਆਗੂ ਅਤੇ ਮੈਂਬਰ ਗਗਨਦੀਪ ਕੌਰ ਮੌਜੋ,ਹੁਸਨਪ੍ਰੀਤ ਕੌਰ ਮੌਜੋ,ਮਹਿਕਦੀਪ ਕੌਰ ਚਕੇਰੀਆਂ,ਹੁਸਨਦੀਪ ਕੌਰ ਨੰਗਲ ਕਲਾਂ ਅਤੇ ਗੁਰਸ਼ਰਨ ਕੌਰ ਸ਼ਾਹਪੁਰ ਤੋਂ ਇਲਾਵਾ ਹੋਰ ਵੀ ਵਿਦਿਆਰਥਣਾਂ ਹਾਜ਼ਰ ਸਨ।