28 ਸਤੰਬਰ (ਨਾਨਕ ਸਿੰਘ ਖੁਰਮੀ) ਮਾਨਸਾ: ਦਾ ਰੈਨੇਸਾਂ ਸਕੂਲ ਮਾਨਸਾ ਵਿੱਚ ਬੱਚਿਆਂ ਤੇ ਅਧਿਆਪਕਾਂ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਜੋੜਨ ਦੇ ਮਕਸਦ ਨਾਲ 117ਵਾਂ ਜਨਮ ਦਿਨ ਮਨਾਇਆ ਗਿਆ।ਸਕੂਲ ਦੇ ਪਹਿਲੀ ਜਮਾਤ ਤੋਂ ਬਾਰੵਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਭਗਤ ਸਿੰਘ ਨਾਲ਼ ਜੋੜਨ ਲਈ,ਭਗਤ ਸਿੰਘ ਦੀ ਵਿਚਾਰਧਾਰਾ ਤੋਂ ਜਾਣੂ ਕਰਵਾਉਣ ਲਈ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਪ੍ਰਾਇਮਰੀ ਵਿੰਗ ਦੇ ਵਿੱਚ ਬੱਚਿਆਂ ਦੁਆਰਾ ਵੱਖ -ਵੱਖ ਵੰਨਗੀਆਂ ਨਾਲ਼ ਭਗਤ ਸਿੰਘ ਦੀ ਤਸਵੀਰ ਵਿੱਚ ਰੰਗ ਭਰਨ ਦੇ ਮੁਕਾਬਲੇ,ਭਗਤ ਸਿੰਘ ਦੀ ਜੀਵਨੀ ਨਾਲ਼ ਸੰਬੰਧਿਤ ਲੇਖ- ਰਚਨਾ ਅਤੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਦਰਸਾਉਂਦੇ ਨਾਅਰੇ ਲਿਖਣ ਦੇ ਮੁਕਾਬਲੇ ਕਰਵਾਏ ਗਏ।ਛੇਵੀਂ ਤੋਂ ਬਾਰੵਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਗੀਤ ਗਾਉਣ, ਸ਼ਹੀਦ ਦੀ ਜ਼ਿੰਦਗੀ ਨੂੰ ਦਰਸਾਉਂਦੀਆਂ ਕੋਰਿਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ ।ਸਕੂਲ ਵਿੱਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਮਨਾਉਣ, ਗਤੀਵਿਧੀਆਂ ਉਲੀਕਣ ਵਿੱਚ ਸਕੂਲ ਵਿੱਚ ਬਣੇ ਭਗਤ ਸਿੰਘ ਹਾਊਸ ਦੇ ਇੰਚਾਰਜ ਅਧਿਆਪਕ ਸੰਦੀਪ ਸਿੰਘ ਅਤੇ ਅਧਿਆਪਕਾ ਸ਼ਾਲੂ ਰਾਣੀ ਨੇ ਵਿਸ਼ੇਸ਼ ਰੋਲ ਅਦਾ ਕੀਤਾ। ਸਕੂਲ ਦੇ ਅਕਾਦਮਿਕ ਡਾਇਰੈਕਟਰ ਸ਼੍ਰੀ ਰਾਕੇਸ਼ ਕੁਮਾਰ ਦੁਆਰਾ ਬੱਚਿਆਂ ਨਾਲ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਸੰਬੰਧੀ ਗੱਲਬਾਤ ਕੀਤੀ ਗਈ । ਉਹਨਾਂ ਕਿਹਾ ਕਿ ਅੱਜ ਵੀ ਸਾਨੂੰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨੂੰ ਅਪਣਾਉਣ ਦੀ ਓਨੀ ਹੀ ਲੋੜ ਹੈ ਜਿੰਨੀ ਅੱਜ ਤੋਂ ਇੱਕ ਸਦੀ ਪਹਿਲਾਂ ਸੀ।ਉਹਨਾਂ ਕਿਹਾ ਕਿ ਸਾਨੂੰ ਸ਼ਹੀਦ ਭਗਤ ਸਿੰਘ ਤੋਂ ਪੜ੍ਹਨ, ਅਧਿਐਨ ਕਰਨ ਅਤੇ ਦੇਸ਼- ਪਿਆਰ ਦੀ ਭਾਵਨਾ ਗ੍ਰਹਿਣ ਕਰਨ ਦੀ ਲੋੜ ਹੈ।