ਬਠਿੰਡਾ, 26 ਅਕਤੂਬਰ (ਗਗਨਦੀਪ ਸਿੰਘ) ਫੂਲ ਟਾਊਨ: ਪੰਜਾਬੀ ਸਾਹਿਤ ਸਭਾ ਅਤੇ ਸੱਭਿਆਚਾਰਕ ਕੇਂਦਰ ਤਰਨ ਤਾਰਨ ਵੱਲੋਂ 3 ਨਵੰਬਰ 2024 ਨੂੰ ਜਿੱਥੇ ਹੋਰਨਾਂ ਸਖਸ਼ੀਅਤਾਂ ਨੂੰ ਸਨਮਾਨਿਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਉੱਥੇ ਹੀ ਮਸ਼ਹੂਰ ਕਮੇਡੀਅਨ, ਵਿਅੰਗਕਾਰ, ਰੰਗ ਕਰਮੀ ਅਤੇ ਸਮਾਜ ਨੂੰ ਆਪਣੀਆਂ ਫ਼ਿਲਮਾਂ ਜ਼ਰੀਏ ਵਹਿਮਾਂ ਭਰਮਾਂ ਤੋਂ ਦੂਰ ਕਰਨ ਲਈ ਭਾਵ ਲੋਕਾਂ ਨੂੰ ਪਾਖੰਡਵਾਦ ਚੋਂ ਕੱਢਣ ਲਈ ਹਰ ਸਮੇਂ ਜੁਟੀ ਸਖਸ਼ੀਅਤ ਜੋ ਕਿ ਕਿਸੇ ਜਾਣ ਪਹਿਚਾਣ ਦੀ ਮੋਹਤਾਜ ਨਹੀਂ ਹੈ, ਸ. ਸ਼ਮਸ਼ੇਰ ਸਿੰਘ ਮੱਲ੍ਹੀ ਫੂਲ ਨੂੰ ਵੀ “ਮੇਹਰ ਮਿੱਤਲ ਪੁਰਸਕਾਰ” ਨਾਲ ਨਿਵਾਜਿਆ ਜਾ ਰਿਹਾ ਹੈ। ਸ਼ਮਸ਼ੇਰ ਸਿੰਘ ਮੱਲ੍ਹੀ ਕਈ ਵੱਡੀਆਂ ਨਾਮਵਰ ਫੀਚਰ ਫ਼ਿਲਮਾਂ ਤੇ ਆਪਣੀਆਂ ਲਘੂ ਫ਼ਿਲਮਾਂ ਅਤੇ ਟੀਵੀ ਸੀਰੀਅਲਾਂ ਵਿੱਚ ਆਪਣੀ ਬਣਦੀ ਥਾਂ ਬਣਾ ਚੁੱਕਾ ਹੈ। ਅੱਜ ਵੀ ਲਗਾਤਾਰ ਸ਼ਮਸ਼ੇਰ ਸਿੰਘ ਮੱਲ੍ਹੀ ਦੀਆਂ ਲਘੂ ਫ਼ਿਲਮਾਂ ਅਤੇ ਕਮੇਡੀ ਫ਼ਿਲਮਾਂ ਸ਼ੋਸ਼ਲ ਮੀਡੀਆ ਉੱਤੇ ਆ ਰਹੀਆਂ ਹਨ। ਇੰਨਾ ਹੀ ਨਹੀਂ ਆਪਣੀ ਕਲਾ ਦੇ ਜੌਹਰ ਵਿਖਾਉਣ ਦੇ ਨਾਲ ਨਾਲ ਕਈ ਸਮਾਜ ਭਲਾਈ ਦੇ ਕੰਮਾਂ ਵਿੱਚ ਵੀ ਜੁਟਿਆ ਹੋਇਆ ਹੈ ਅਤੇ ਪੰਜਾਬੀ ਸਾਹਿਤ ਨੂੰ ਪ੍ਰਫੁੱਲਤ ਕਰਨ ਲਈ ਆਪਣੇ ਹੀ ਪਿੰਡ, ਪਿੰਡ ਦੇ ਵਡੇਰੇ “ਚੌਧਰੀ ਬਾਬਾ ਫੂਲ” ਜੀ ਦੇ ਨਾਮ ਉੱਤੇ “ਬਾਬਾ ਫੂਲ ਯਾਦਗਾਰੀ ਸਾਹਿਤ ਸਭਾ” ਸਥਾਪਤ ਕਰਨ ਉਪਰੰਤ ਉਹਨਾਂ ਦੇ ਨਾਮ ਉੱਤੇ “ਬਾਬਾ ਫੂਲ ਯਾਦਗਾਰੀ ਐਵਾਰਡ” ਵੀ ਚਲਾ ਚੁੱਕਾ ਹੈ। ਜਿਸ ਨਾਲ ਪਿੰਡ ਦੀ ਸ਼ਾਨ ਵਿੱਚ ਹੋਰ ਵਾਧਾ ਹੋਇਆ ਹੈ, ਹਾਲਾਂਕਿ ਪਿੰਡ ਫੂਲ ਭਾਵ ਫੂਲਕੀਆਂ ਰਿਆਸਤ ਦੇ ਨਾਮ ਤੋਂ ਪਹਿਲਾਂ ਹੀ ਇਤਿਹਾਸ ਦੇ ਪੰਨਿਆਂ ਤੇ ਮੌਜੂਦ ਹੈ। ਧੰਨਵਾਦ ਪੰਜਾਬੀ ਸਾਹਿਤ ਸਭਾ ਅਤੇ ਸੱਭਿਆਚਾਰਕ ਕੇਂਦਰ ਤਰਨ ਤਾਰਨ ਸਾਹਿਬ ਦਾ ਜਿੰਨ੍ਹਾਂ ਨੇ ਇਹਨਾਂ ਦੀ ਕਲਾ ਦਾ ਮੁੱਲ ਪਾਉਂਦੇ ਹੋਏ “ਮੇਹਰ ਮਿੱਤਲ ਐਵਾਰਡ” ਲਈ ਚੁਣਿਆ ਹੈ। ਹੋਰ ਜਾਣਕਾਰੀ ਇਹਨਾਂ ਦੇ ਨਾਲ ਫਿਲਮ ਕਲਾਕਾਰ ਪਰਮ ਸਿੱਧੂ ਬਠਿੰਡਾ ਅਤੇ ਸ਼ਿੰਦਾ ਧਾਲੀਵਾਲ ਕੁਰਾਈਵਾਲਾ ਨੂੰ ਵੀ ਸਨਮਾਨਿਤ ਕੀਤਾ ਜਾ ਰਿਹਾ ਹੈ।