ਪਾਸ਼ ਇਕ ਵਰਤਾਰੇ ਦਾ ਨਾਮ ਹੈ, ਜੋ ਪੰਜਾਬੀ ਕਵਿਤਾ ਵਿੱਚ ਵਾਵਰੋਲੇ ਵਾਂਗ ਆਇਆ ਅਤੇ ਆਪਣੇ ਪਿੱਛੇ ਬਹੁਤ ਕੁਝ ਅਜਿਹਾ ਛੱਡ ਗਿਆ, ਜਿਸ ਨੂੰ ਸਮਝਣਾ, ਉਸ ਦੇ ਵਿਛੜ ਜਾਣ ਤੋਂ ਏਨੇ ਸਾਲਾਂ ਬਾਅਦ ਵੀ ਇਕ ਰਹੱਸ ਬਣਿਆ ਹੋਇਆ ਹੈ।
ਉਹ ਨਕਸਲੀ ਕਾਰਕੁਨ ਸੀ? ਕਵੀ ਸੀ? ਸਮਾਜ ਸੁਧਾਰਕ ਸੀ? ਜਾਂ ਫਿਰ ਇਕ ਅਜਿਹਾ ਤਿੱਖਾ ਸ਼ਰਾਰਤੀ ਅਤੇ ਸ਼ਿੱਦਰੀ ਨੌਜਵਾਨ ਸੀ, ਜੋ ਪੈਰ-ਪੈਰ ਉੱਤੇ ਬਦਲਦਾ, ਪਲਾਇਨ ਕਰਦਾ ਅਤੇ ਆਪਣੇ ਆਸ਼ਿਆਂ ਵੱਲ ਅੱਗੇ ਵੱਧਦਾ ਜਾਂਦਾ ਸੀ?
ਕੀ ਹੋ ਸਕਦੇ ਸਨ, ਉਸ ਦੇ ਆਸ਼ੇ? ਇਹ ਰਹੱਸ ਵੀ ਅਜੇ ਤੱਕ ਬਣਿਆ ਹੋਇਆ ਹੈ।
ਮੈਂ ਉਸਨੂੰ ਪਹਿਲੀ ਵਾਰ ਆਪਣੇ ਪਿੰਡ ਜੰਡਿਆਲਾ (ਮੰਜਕੀ) ਦੀਆਂ ਗਲੀਆਂ ਵਿੱਚ ਗਲ਼ ਵਿੱਚ ਚੁੱਕਵਾਂ, ਸਪੀਕਰ ਲਟਕਾਈ, ਯੁਵਕ ਕੇਂਦਰ ਵਲੋਂ ਕਰਵਾਏ ਜਾ ਰਹੇ ਇਨਕਲਾਬੀ ਡਰਾਮੇ ਦੀ ਅਨਾਊਂਸਮੈਂਟ ਕਰਦੇ ਵੇਖਿਆ ਸੀ। ਭੂਰੀ ਮਹਿੰਦੀ ਲੱਗੇ ਉਸ ਦੇ ਘੁੰਗਰਾਲੇ ਵਾਲ, ਮੋਟੀਆਂ-ਮੋਟੀਆਂ ਨੁਕੀਲੀਆਂ ਅੱਖਾਂ, ਜੀਨ ਦੀ ਪੈਂਟ ਨਾਲ ਪਾਇਆ ਹੋਇਆ ਬਦਾਮੀ ਰੰਗ ਦਾ ਪੰਜਾਬੀ ਕੁੜਤਾ। ਸਪੀਕਰ ਰਾਹੀਂ ਗੂੰਜਦੇ ਉਸ ਦੇ ਗੋਲਾਈਦਾਰ ਸ਼ਬਦ… ਸੁਣਦੇ ਸੁਣਦੇ ਅਤੇ ਉਸ ਨੂੰ ਵੇਖਦੇ-ਵੇਖਦੇ ਅਸੀਂ ਪਿੰਡ ਦੇ ਬੱਚੇ ਸਾਰੇ ਪਿੰਡ ਵਿੱਚ ਉਸ ਦੇ ਨਾਲ-ਨਾਲ ਘੁੰਮਦੇ ਰਹੇ ਸਾਂ। ਉਦੋਂ ਮੈਂ ਅਜੇ ਸਕੂਲ ਵਿੱਚ ਹੀ ਪੜ੍ਹਦਾ ਸੀ।…
ਪਾਸ਼ ਸਿਰਫ਼ ਵੀਹ ਕੁ ਸਾਲ ਦਾ ਸੀ, ਜਦੋਂ ਉਸ ਦੀ ਪਹਿਲੀ ਕਾਵਿ-ਕਿਤਾਬ ‘ਲੋਹ ਕਥਾ’ ਛਪ ਗਈ ਸੀ। ਕਵਿਤਾ ਦੀਆਂ ਉਸ ਨੇ ਸਿਰਫ਼ ਤਿੰਨ ਕਿਤਾਬਾਂ ਲਿਖੀਆਂ ਸਨ। ਲੋਹਕਥਾ (1970), ਉੱਡਦੇ ਬਾਜ਼ਾਂ ਮਗਰ (1973) ਅਤੇ ਸਾਡੇ ਸਮਿਆਂ ਵਿੱਚ (1978)। ਉਸ ਦੀਆਂ ਰਚਨਾਵਾਂ ਦੀ ਚੌਥੀ ਕਿਤਾਬ ‘ਖਿੱਲਰੇ ਹੋਏ ਵਰਕੇ’ (1989) ਵਿੱਚ ਉਸ ਦੀ ਮੌਤ ਤੋਂ ਬਾਅਦ ਅਮਰਜੀਤ ਚੰਦਨ ਦੀ ਹਿੰਮਤ ਨਾਲ ਸਾਹਮਣੇ ਆਈ ਸੀ। ਜਿਸ ਵਿੱਚ ਕਵਿਤਾਵਾਂ ਦੇ ਨਾਲ-ਨਾਲ ਉਸ ਦੀਆਂ ਹੋਰ ਲਿਖਤਾਂ ਵੀ ਹਨ। ਇਸ ਕਿਤਾਬ ਵਿੱਚ ਉਸ ਦੀਆਂ ਬਹੁਚਰਚਿਤ ਕਵਿਤਾਵਾਂ ‘ਸਭ ਤੋਂ ਖ਼ਤਰਨਾਕ’, ‘ਧਰਮ ਦੀਖਸ਼ਾਂ ਲਈ ਬਿਨੈਪੱਤਰ’ ਅਤੇ ਅੰਗਰੇਜ਼ੀ ਕਵੀ ਕਾਰਲ ਸੈਂਡਬਰਗ ਦੀ ਮਸ਼ਹੂਰ ਕਵਿਤਾ ‘ਗਰਾਸ’ ਦਾ ਪੰਜਾਬੀ ਰੂਪਾਂਤਰਣ ‘ਘਾਹ’ ਕਵਿਤਾ ਵੀ ਸ਼ਾਮਿਲ ਹਨ। ਇਸੇ ਕਿਤਾਬ ਵਿੱਚ ਉਸ ਦੀਆਂ ਗ਼ਜ਼ਲਾਂ , ਕੁਝ ਦੋਹੇ ਅਤੇ ਕੁਝ ਚਿੱਠੀਆਂ ਵੀ ਸ਼ਾਮਿਲ ਹਨ।
ਗ਼ਜ਼ਲ :
ਡੁੱਬਦਾ ਡੁੱਬਦਾ ਸੂਰਜ ਸਾਨੂੰ, ਨਿੱਤ ਹੀ ਲਾਲ ਸਲਾਮ ਕਹੇ
ਫੜ ਲਓ ਇਹ ਤਾਂ ਨਕਸਲੀਆਂ ਹੈ, ਕੇਹੀ ਗੱਲ ਸ਼ੇਰਆਮ ਕਹੇ
ਖੇਤਾਂ ਵਿੱਚ ਮੱਕੀਆਂ ਦੇ ਟੁੰਬੇ, ਚਰੀਆਂ ਵਾਂਗ ਤਣੇ ਹੋਏ
ਖੜਕ ਖੜਕ ਕੇ ਰੁੱਖ ਟਾਹਲੀ ਦਾ, ਜੂਝਣ ਦਾ ਪੈਗਾਮ ਕਹੇ
ਦੋਹੇ:-
ਛਪੜ ਦੀਏ ਟਟਰੀਏ, ਮੰਦੇ ਬੋਲ ਨਾ ਬੋਲ
ਦੁਨੀਆ ਤੁਰੀ ਹੱਕ ਲੈਣ ਨੂੰ, ਤੂੰ ਬੈਠੀ ਚਿਕੜ ਕੋਲ
ਵਿੰਗ ਤੜਿੰਗੀ ਲਕੜੀ, ਉੱਤੇ ਬੈਠਾ ਮੋਰ
ਕੰਮੀ ਟੁੱਟ-ਟੁੱਟ ਮਰਦੇ, ਹੱਡੀਆਂ ਲੈਂਦੇ ਖੋਰ
ਨਿਰਸੰਦੇਹ ਪਾਸ਼ ਦਾ ਇਹ ਉਹ ਪ੍ਰਗੀਤਕ ਰੰਗ ਹੈ, ਜਿਸ ਨੂੰ ਉਹ ਅਭਿਆਸ ਵਜੋਂ ਲਿਖਦਾ ਤਾਂ ਰਿਹਾ ਸੀ, ਪਰ ਉਸ ਨੇ ਆਪ ਇਸ ਨੂੰ ਆਪਣੀਆਂ ਕਿਤਾਬਾਂ ਦਾ ਹਿੱਸਾ ਨਹੀਂ ਬਣਾਇਆ ਸੀ।
ਪਾਸ਼ ਦੀ ਇਹ ਵਿਡੰਬਨਾ ਰਹੀ ਹੈ ਕਿ ਉਸ ਦੀ ਵਿਚਰਨ ਕਲਾ ਦੀ ਚੰਚਲਤਾ, ਉਸ ਦੀ ਸ਼ਖ਼ਸੀਅਤ ਬਾਰੇ ਕੋਈ ਬੱਝਵਾਂ ਪ੍ਰਭਾਵ ਨਹੀਂ ਸੀ ਬਣਨ ਦਿੰਦੀ।
ਨੌ ਸਤੰਬਰ, 1950 ਨੂੰ ਦੁਆਬੇ ਦੇ ਨਿੱਕੇ ਜਿਹੇ ਪਿੰਡ ਤਲਵੰਡੀ ਸਲੇਮ ਵਿੱਚ ਸੋਹਣ ਸਿੰਘ ਸੰਧੂ ਦੇ ਘਰ ਜੰਮਿਆ ਅਵਤਾਰ ਸਿੰਘ ਸੰਧੂ ਆਪਣੇ ਕਲਮੀ ਨਾਮ ਪਾਸ਼ ਨਾਲ ਜਾਣਿਆ ਗਿਆ। ਬਕੌਲ ਡਾਕਟਰ ਤੇਜਵੰਤ ਸਿੰਘ ਗਿੱਲ, ਰੂਸੀ ਲੇਖਕ ਮਿਖਾਈਲ ਸ਼ੋਲੋਖੋਵ ਦੇ ਨੋਬਲ ਪੁਰਸਕਾਰ ਜੇਤੂ ਨਾਵਲ ‘ਡਾਨ ਵਹਿੰਦਾ ਰਿਹਾ’ ਦੇ ਨਾਇਕ ਪਾਸ਼ਾ ਤੋਂ ਪ੍ਰਭਾਵਿਤ ਹੋ ਕੇ ਅਵਤਾਰ ਸਿੰਘ ਸੰਧੂ ਨੇ ਆਪਣਾ ਨਾਂ ‘ਪਾਸ਼’ ਰੱਖ ਲਿਆ ਸੀ। ਇਕ ਕਹਾਣੀ ਇਹ ਵੀ ਹੈ ਕਿ ਉਸ ਨੇ ਸਕੂਲ ਵਿੱਚ ਪੜ੍ਹਦਿਆਂ ਆਪਣੀ ਇਕ ਅਧਿਆਪਕਾ ਨਾਲ ਮਿਲਦਾ ਜੁਲਦਾ ਆਪਣਾ ਨਾਂ ਪਾਸ਼ ਰੱਖਿਆ ਸੀ… …
ਉਸ ਦਾ ਪਰਿਵਾਰ ਮੱਧਵਰਗੀ ਕਿਸਾਨੀ ਪਰਿਵਾਰ ਸੀ। ਪਿਤਾ ਸੋਹਣ ਸਿੰਘ ਸੰਧੂ ਫ਼ੌਜੀ ਸਨ ਅਤੇ ਕਵਿਤਾ ਲਿਖਣ ਦਾ ਸ਼ੌਕ ਵੀ ਰੱਖਦੇ ਸਨ। ਜਲੰਧਰ ਛਾਉਣੀ ਦੇ ਜੈਨ ਹਾਈ ਸਕੂਲ ਵਿੱਚ ਉਹ ਦਸਵੀਂ ਤੱਕ ਪੜ੍ਹਿਆ। ਫੇਰ ਉਸ ਨੇ ਗਿਆਨੀ ਕੀਤੀ ਅਤੇ ਫੇਰ ਸਰਕਾਰੀ ਸਕੂਲ ਸਮਰਾਏ ਜੰਡਿਆਲਾ ਵਿੱਚ ਜੇ.ਬੀ.ਟੀ. ਕਰਨ ਲੱਗਿਆ। ਇਥੋਂ ਹੀ ਉਹ ਸੇਖੂਪੁਰਾ (ਕਪੂਰਥਲਾ) ਦੇ ਸਕੂਲ ਵਿੱਚ ਚਲਾ ਗਿਆ। ਜੇ.ਬੀ.ਟੀ. ਕਰਨ ਤੋਂ ਪਹਿਲਾਂ-ਪਹਿਲਾਂ ਹੀ ਉਹ ਜੇਲ੍ਹ ਯਾਤਰਾਵਾਂ ਦੇ ਰੰਗ ਵੀ ਦੇਖ ਚੁੱਕਾ ਸੀ ਅਤੇ ਦੋ ਕਿਤਾਬਾਂ ਦਾ ਲੇਖਕ ਵੀ ਬਣ ਚੁੱਕਾ ਸੀ।
ਮਈ 1970 ਵਿੱਚ ਉਸਨੂੰ ਇਕ ਕਤਲ ਦੇ ਮੁਕੱਦਮੇ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਇਕ ਸਾਲ ਬਾਅਦ ਹੀ ਉਹ ਬਾਹਰ ਆ ਗਿਆ ਤਾਂ 1972 ਵਿੱਚ ਮੋਗਾ ਕਾਂਡ ਵਿੱਚ ਫੇਰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਨੂੰ ਕੇਂਦਰੀ ਜੇਲ੍ਹ ਜਲੰਧਰ ਵਿੱਚ ਰੱਖਿਆ ਗਿਆ। ਇਤਫ਼ਾਕ ਹੀ ਸੀ ਕਿ ਮੋਗਾ ਕਾਂਡ ਵਿੱਚ ਹੀ ਗ੍ਰਿਫ਼ਤਾਰ ਹੋਏ ਸਤਨਾਮ ਚਾਨਾ, ਜੋਗਿੰਦਰ ਭੰਗਾਲੀਆਂ, ਗੁਰਮੀਤ (ਦੇਸ਼ ਭਗਤ ਯਾਦਗਾਰ ਹਾਲ) ਤਰਸੇਮ ਜੰਡਿਆਲਾ, ਸੁਰਿੰਦਰ ਸੰਧੂ ਅਤੇ ਲਖਵਿੰਦਰ ਜੌਹਲ (ਯਾਨੀ ਮੈਂ) ਨੂੰ ਵੀ ਜਲੰਧਰ ਜੇਲ੍ਹ ਵਿੱਚ ਹੀ ਰੱਖਿਆ ਗਿਆ। ਜਿਨ੍ਹਾਂ ਚੱਕੀਆਂ ਵਿੱਚ ਅਸੀਂ ਬੰਦ ਸਾਂ, ਪਿਛਲੇ ਪਾਸੇ ਤੋਂ ਇਨ੍ਹਾਂ ਚੱਕੀਆਂ ਨਾਲ ਲਗਦੀਆਂ ਚੱਕੀਆਂ ਵਿੱਚ ਹੀ ਪਾਸ਼ ਵੀ ਬੰਦ ਸੀ। ਸ਼ਾਮ ਦੀ ਚਾਹ ਲੈ ਕੇ ਆਏ ਜੇਲ੍ਹ ਦੇ ਨੰਬਰਦਾਰ ਨੇ ਸੀਖਾਂ ਵਿੱਚ ਦੀ ਸਾਡੀਆਂ ਪਿੱਤਲ ਦੀਆਂ ਬਾਟੀਆਂ ਵਿੱਚ ਚਾਹ ਉੱਲਦਦੇ ਹੋਏ, ਸਾਨੂੰ ਦੱਸਿਆ ”ਓਹ ਪਿਛਲੀਆਂ ਚੱਕੀਆਂ ਵਿੱਚ ਇਕ ਕਵੀ ਪਾਸ਼ ਵੀ ਬੰਦ ਹੈ” ਅਸੀਂ ਇਕਦਮ ਚੌਂਕ ਕੇ ਕਿਹਾ, ”ਅਸੀਂ ਮਿਲ ਸਕਦੇ ਹਾਂ ਓਸ ਨੂੰ” ਕਹਿਣ ਲੱਗਾ, ”ਮਿਲਣ ਤਾਂ ਤੁਹਾਨੂੰ ਕਿਸੇ ਨੇ ਨਹੀਂ ਦੇਣਾ ਪਰ ਜੇਕਰ ਤੁਸੀਂ ਉੱਚੀ ਆਵਾਜ਼ ਮਾਰੋਂ ਤਾਂ ਉਹ ਤੁਹਾਡੇ ਨਾਲ ਗੱਲ ਕਰ ਸਕਦੈ, ਮੈਂ ਉਸ ਨੂੰ ਤੁਹਾਡੇ ਬਾਰੇ ਦੱਸ ਦਿਆਂਗਾ।” ਉਹ ਮੈਨੂੰ ਤਾਂ ਅਜੇ ਨਹੀਂ ਜਾਣਦਾ ਸੀ, ਪਰ ਚਾਨਾ ਅਤੇ ਭੰਗਾਲੀਆ ਨੂੰ ਜਾਣਦਾ ਸੀ। ਅਸੀਂ ਨੰਬਰਦਾਰ ਨੂੰ ਕਿਹਾ ”ਕੱਲ੍ਹ ਸ਼ਾਮ ਦੀ ਚਾਹ ਵੇਲੇ ਅਸੀਂ ਉਸ ਨੂੰ ਆਵਾਜ਼ ਲਗਾਵਾਂਗੇ”…
ਦਸੰਬਰ, 1972 ਦੇ ਠਰਦੇ ਦਿਨਾਂ ਦੀ ਇਹ ਸ਼ਾਮ ਅਦਭੁਤ ਸੀ। ”ਅਸੀਂ ਉਸ ਨੂੰ ਆਵਾਜ਼ ਲਗਾਈ, ਉਸ ਨੇ ਹਾਲ-ਚਾਲ ਪੁੱਛਿਆ, ਅਸੀਂ ਕਿਹਾ ਕੁਝ ਸੁਣਾ… … ਉਹ ਤਰੰਨਮ ਵਿੱਚ ਗਾਉਣ ਲੱਗ ਪਿਆ:-
”ਕੱਖਾਂ ਦੀਏ ਕੁੱਲੀਏ
ਮੀਨਾਰ ਬਣ ਜਾਈਂ ਨੀਂ
ਪੈਰਾਂ ਦੀਏ ਮਿੱਟੀਏ
ਪਹਾੜ ਬਣ ਜਾਈਂ ਨੀਂ
ਲੱਖ ਲੱਖ ਦਾ ਏ ਤੇਰਾ ਕੱਖ ਨੀਂ
ਕਿਰਤੀ ਦੀਏ ਕੁੱਲੀਏ
ਆਪਣੀ ਕਮਾਈ ਸਾਂਭ ਰੱਖ ਨੀ
ਕਿਰਤੀ ਦੀਏ ਕੁੱਲੀਏ…
ਸਾਡੇ ਜੋਸ਼ ਅਤੇ ਉਮਾਹ ਦੀ ਕੋਈ ਸੀਮਾ ਨਹੀਂ ਸੀ। ਜੇਲ੍ਹ ਦੀ ਉਦਾਸੀ ਹੁਲਾਸ ਵਿੱਚ ਬਦਲ ਗਈ ਸੀ। ਪਾਸ਼ ਨਾਲ ਇਹ ਮੇਰੀ ਆਵਾਜ਼ ਦੀ ਮੁਲਾਕਾਤ ਸੀ। ਇਕ ਅਦਭੁਤ ਮੁਲਾਕਾਤ। ਉਨ੍ਹੀ ਦਿਨਾਂ ਦੇ ਕਾਰਾਵਾਸ ਪਿੱਛੋਂ ਸਰਕਾਰ ਨੇ ਸਾਡੇ ਵਿਰੁੱਧ ਦਰਜ ਕੀਤਾ ਕੇਸ ਵਾਪਸ ਲੈ ਲਿਆ ਅਤੇ ਅਸੀਂ ਸਾਰੇ ਬਾਹਰ ਆ ਗਏ। ਪਾਸ਼ ਅਜੇ ਅੰਦਰ ਹੀ ਰਿਹਾ, ਉਸ ਨੂੰ ਸਾਰੇ ਪੰਜਾਬ ਵਿੱਚ ”ਗੜਬੜ ਫੈਲਾਉਣ ਦਾ ਦੋਸ਼ੀ ਗਰਦਾਨਿਆ ਗਿਆ ਸੀ। ਉਸ ਨੂੰ ਲਗਭਗ ਸਾਲ ਬਾਅਦ ਛੱਡਿਆ ਗਿਆ।
1973 ਵਿੱਚ ਜਦੋਂ ਉਹ ਬਾਹਰ ਆਇਆ ਤਾਂ ਨਕਸਲੀ ਦੌਰ ਦੇ ਕਈ ਸਾਹਿਤਕ ਪਰਚਿਆਂ ਦਾ ਕਰਤਾ-ਧਰਤਾ ਬਣਿਆ, ਜਿਸ ਵਿੱਚ, ‘ਸਿਆੜ’, ਅਤੇ ‘ਹੋਕਾ’ ਆਦਿ ਗਿਣੇ ਜਾ ਸਕਦੇ ਹਨ।
ਉਸ ਨੇ ਆਪਣਾ ਕੈਰੀਅਰ 1967 ਵਿੱਚ ਬੀ.ਐਸ.ਐਫ. ਵਿੱਚ ਭਰਤੀ ਹੋਣ ਤੋਂ ਆਰੰਭ ਕੀਤਾ ਸੀ। ਪਰ ਸਥਾਪਤੀ ਪ੍ਰਤੀ ਸਵਾਲੀਆ ਸੁਭਾਅ ਨੇ ਉਸ ਨੂੰ ਇਥੇ ਟਿਕਣ ਨਾ ਦਿੱਤਾ। ਪੰਜਾਬ ਵਿੱਚ ਹਰੇ ਇਨਕਲਾਬ ਅਤੇ ਪੰਜਾਬ ਸੰਕਟ ਦੇ ਵਿਚਕਾਰਲਾ ਸਮਾਂ ਨਕਸਲੀ ਚੜ੍ਹਤ ਦਾ ਸਮਾਂ ਸੀ। ਜਿਸ ਵੱਲ ਪੰਜਾਬ ਦੇ ਨੌਜਵਾਨ ਵੱਡੀ ਗਿਣਤੀ ਵਿੱਚ ਖਿੱਚੇ ਗਏ ਸਨ। ਪਾਸ਼ ਵੀ ਉਨ੍ਹਾਂ ਵਿੱਚੋਂ ਇਕ ਸੀ। 1973 ਵਿੱਚ ਉਸ ਨੇ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਮੰਚ ਦੀ ਸਥਾਪਨਾ ਕੀਤੀ ਸੀ। ਇਹੀ ਉਹ ਦੌਰ ਹੈ, ਜਦੋਂ ਪਾਸ਼ ਰਵਾਇਤੀ ਖੱਬੇਪੱਖੀਆਂ ਤੋਂ ਇਕ ਵਿੱਥ ਸਥਾਪਿਤ ਕਰਨ ਦੇ ਰਾਹ ਤੁਰ ਚੁੱਕਾ ਸੀ। ਹਾਲਾਂਕਿ ਉਸ ਦੀ ਇਹ ਫ਼ਿਤਰਤ 1971 ਦੇ ਸ਼ੁਰੂ ਦੇ ਦਿਨਾਂ ਵਿੱਚ ਹੀ ਉਜਾਗਰ ਹੋਣੀ ਸ਼ੁਰੂ ਹੋ ਗਈ ਸੀ। ਇੰਗਲੈਂਡ ਵਸਦੇ ਪੰਜਾਬੀ ਕਵੀ ਮੁਸ਼ਤਾਕ ਨੂੰ 29 ਜੁਲਾਈ 1971 ਨੂੰ ਲਿਖੇ ਇਕ ਪੱਤਰ ਵਿੱਚ ਉਸ ਨੇ ਲਿਖਿਆ ਸੀ…
”ਟਰਾਟਸਕੀ ਬਾਰੇ ਤੇਰੇ ਵਿਚਾਰ ਪ੍ਰਮਾਣਿਕ ਨਹੀਂ ਹਨ, ਉਸ ਦੇ ਵਿਚਾਰਾਂ ਨੂੰ ਦੂਜੀ ਸੰਸਾਰ ਜੰਗ ਬਾਰੇ ਪ੍ਰੋਲੇਤਾਰੀ ਦੇ ਰੋਲ, ਸਾਮਰਾਜਵਾਦ ਅਤੇ ਨਾਜ਼ੀਵਾਦ ਬਾਰੇ ਉਸ ਦੀ ਸਮਝ, ਸਥਾਈ ਇਨਕਲਾਬ ਦੇ ਸਿਧਾਂਤ ਦੀਆਂ ਵਿਲੱਖਣਤਾਵਾਂ ਨਾਲ ਜੋੜ ਕੇ ਵੇਖਣਾ ਚਾਹੀਦਾ ਹੈ।”
ਉਹ ਟਰਾਟਸਕੀ ਦੇ ਕਲਾ ਅਤੇ ਸਾਹਿਤ ਬਾਰੇ ਵਿਚਾਰਾਂ ਦਾ ਕੱਟੜ ਹਿਮਾਇਤੀ ਸੀ। ਇਸੇ ਕਰਕੇ ਉਸ ਨੇ ‘ਰੋਹਲੇ ਬਾਣ’ ਤੋਂ ਵੱਖਰੇ ਪਰਚੇ ‘ਸਿਆੜ’ ਦੀ ਸਥਾਪਨਾ ਕੀਤੀ ਸੀ।
ਇਸ ਵੇਲੇ ਤੱਕ ਉਹ ਸਟਾਲਿਨ ਦਾ ਕੱਟੜ ਵਿਰੋਧੀ ਬਣ ਚੁੱਕਾ ਸੀ। ਉਸ ਦੀ ਦੋਸਤਾਂ ਨਾਲ ਵਾਰਤਾਲਾਪ ਅਤੇ ਉਸ ਵਲੋਂ ਲਿਖੇ ਗਏ ਅਨੇਕਾਂ ਖ਼ਤ ਇਸ ਦੀ ਗਵਾਹੀ ਭਰਦੇ ਹਨ। ਆਪਣੇ ਦੋਸਤ ਸਮਸ਼ੇਰ ਸੰਧੂ ਨੂੰ 19 ਜੁਲਾਈ, 1974 ਵਿੱਚ ਲਿਖੇ ਇਕ ਪੱਤਰ ਵਿੱਚ ਉਸ ਨੇ ਲਿਖਿਆ ਸੀ:- ”ਇਨ੍ਹਾਂ ਦਿਨਾਂ ਵਿੱਚ ਮੈਂ ਟਰਾਟਸਕੀ ਨੂੰ ਪੜ੍ਹ ਰਿਹਾ ਹਾਂ… … 1905 ਦੇ ਅਸਫ਼ਲ ਇਨਕਲਾਬ ਬਾਰੇ ਉਸ ਦੇ ਲੇਖਾਂ ਦੀ ਕਿਤਾਬ ਮੈਨੂੰ ਭਗਵਾਨ (ਜੋਸ਼) ਤੋਂ ਮਿਲੀ ਹੈ। ਉਹ ਬੜੀ ਆਸਾਧਾਰਨ ਅਤੇ ਖੌਰੂ ਪਾਊ ਰੂਹ ਹੈ। ਇਸ ਤੋਂ ਬਾਅਦ ਮੈਂ ਲੇਨਿਨ ਨੂੰ ਇਕ ਵੱਢਿਉਂ ਪੜ੍ਹਨਾ ਸ਼ੁਰੂ ਕਰਾਂਗਾ, ਅਜੇ ਤੱਕ ਮੈਂ ਉਸ ਨੂੰ ਅੱਧਾ ਕੁ ਹੀ ਪੜ੍ਹਿਆ ਹੈ।… … 25 ਅਗਸਤ, 1974 ਨੂੰ ਉਸ ਨੇ ਆਪਣੀ ਡਾਇਰੀ ਵਿੱਚ ਲਿਖਿਆ ਸੀ:-
”ਹੁਣੇ ਹੁਣੇ ਮੈਂ ਟਰਾਟਸਕੀ ਦੀ ਪੁਸਤਕ ਸਟਾਲਿਨਲਿਸਟ ਸਕੂਲ ਆਫ਼ ਫਾਲਸੀਫੀਕੇਸ਼ਨ ਖ਼ਤਮ ਕੀਤੀ ਹੈ।” ਇਨ੍ਹਾਂ ਦਿਨਾਂ ਵਿੱਚ ਹੀ ਉਸ ਨੇ ਮੈਨੂੰ ਦੱਸਿਆ ਸੀ ਕਿ ”ਕੁਝ ਨਕਸਲੀ ਆਗੂ ਮੈਨੂੰ ਐਨਸ਼ਨਾਂ ਵਿੱਚ ਸ਼ਾਮਿਲ ਹੋਣ ਲਈ ਧਮਕੀਆਂ ਦੇ ਰਹੇ ਹਨ ਪਰ ਮੈਂ ਸਾਫ਼ ਮਨ੍ਹਾਂ ਕਰ ਦਿੱਤਾ ਹੈ। ਉਹ ਮੇਰੀ ਕਵਿਤਾ ਵਿੱਚ ਵੀ ਨੁਕਸ ਕੱਢਣ ਲੱਗ ਪਏ ਹਨ। ਮੈਂ ਸੋਚ ਰਿਹਾ ਹਾਂ ਜੇ ਮੇਰੀ ਕਵਿਤਾ ਪਾਰਟੀ ਦੇ ਰਹਿਮ ਉੱਤੇ ਹੀ ਹੈ, ਤਾਂ ਫੇਰ ਇਹ ਕਾਹਦੀ ਕਵਿਤਾ ਹੋਈ”…
ਉਹ ਆਪਣੀ ਕਵਿਤਾ ਤੋਂ ਨਿਰਾਸ਼ ਹੋ ਗਿਆ ਸੀ ਅਤੇ ਆਗੂਆਂ ਨਾਲ ਨਰਾਜ਼ ਹੋ ਗਿਆ ਸੀ। ਖਟਕੜਾਂ ਵਾਲੇ ਦੋਸਤਾਂ… … ਦਰਸ਼ਨ ਖਟਕੜ, ਜਸਵੰਤ ਖਟਕੜ, ਦੀਪ ਕਲੇਰ, ਪਰਮਜੀਤ ਦੇਹਲ ਤੋਂ ਵੀ ਦੂਰੀ ਬਣਾਉਣ ਲੱਗ ਪਿਆ ਸੀ। ਉਨ੍ਹਾਂ ਨੂੰ ਮਿਲਣਾ-ਗਿਲਣਾ ਲਗਭਗ ਬੰਦ ਸੀ।
ਦਰਸ਼ਨ ਖਟਕੜ ਵਲੋਂ ਉਸ ਨੂੰ ਲਿਖੇ ਇਕ ਪੱਤਰ ਦੇ ਜਵਾਬ ਵਿੱਚ ਨੌਂ ਅਗਸਤ, 1974 ਨੂੰ ਉਸ ਨੇ ਲਿਖਿਆ ਸੀ:-
”ਪਿਆਰੇ ਦਰਸ਼ਨ ਖਟਕੜ,
ਤੁਹਾਡੇ ਪੱਤਰ ਲਈ ਧੰਨਵਾਦੀ ਹਾਂ। ਮੈਂ ਤਾਂ ਸਮਝੀ ਬੈਠਾ ਸਾਂ ਕਿ ਹੁਣ ਮੇਲੇ ਕਦੇ ਨਹੀਂ ਹੋਣਗੇ। ਅਸਲ ਵਿੱਚ ਜਦੋਂ ਆਪਾਂ ਨਕੋਦਰ ਲਾਗੇ ਇਕ ਪਿੰਡ ਵਿੱਚ ਕੁਦਰਤੀ ਮਿਲ ਗਏ ਸਾਂ, ਉਦੋਂ ਤੋਂ ਹੀ ਮੈਨੂੰ ਲੱਗ ਰਿਹਾ ਹੈ ਕਿ ਹੁਣ ਮਿਲਣ-ਗਿਲਣ ਦਾ ਬਹੁਤਾ ਲਾਭ ਨਹੀਂ ਹੋਣਾ। ਕਿਉਂ ਨਾ ਤੁਹਾਥੋਂ ਪਰ੍ਹੇ ਰਹਿ ਕੇ, ਤੁਹਾਡੀ ਸ਼ਖ਼ਸੀਅਤ ਪ੍ਰਤੀ ਆਪਣੇ ਅੰਤਾਂ ਦੇ ਮੋਹ ਅਤੇ ਸਤਿਕਾਰ ਨੂੰ ਸੁਰੱਖਿਅਤ ਰੱਖਣੇ ਦੀਆਂ ਲੱਜ਼ਤਾਂ ਮਾਣਾਂ। ਪਰ ਇਹ ਵੀ ਕੋਈ ਸੁਪਨ-ਖਿਆਲੀ ਸੀ। ਅੰਦਰਲੇ ਸੱਚ ਤੋਂ ਭੱਜਣਾ ਬਹੁਤ ਔਖਾ ਹੈ, ਦੋਸਤ… … ਬੰਗੇ ਆ ਕੇ ਵੀ ਤੁਹਾਡੇ ਪਿੰਡ ਨਾ ਆਉਣ ਬਾਰੇ? ਕੋਈ ਨਹੀਂ ਚਾਹੇਗਾ, ਮਹਾਨ ਸ਼ਹੀਦਾਂ ਅਤੇ ਪਿਆਰੇ ਯਾਰਾਂ ਦੀ ਧਰਤੀ ਨੂੰ ਪ੍ਰਣਾਮ ਕਰਨਾ। ਮੈਂ ਤਾਂ ਇਸ ਪਿੰਡ ਦੇ ਜ਼ਰਰੇ ਜ਼ਰਰੇ ਤੋਂ ਕੁਰਬਾਨ ਹਾਂ… … ਪਰ ਮੈਂ ਬਹੁਤ ਸਰੀਰਕ ਹੋ ਗਿਆ ਹਾਂ…… ਰੂਹ ਅਤੇ ਜਿਸਮਾਂ ਦੇ ਵਿਰੋਧਾਂ ਨੂੰ ਮੈਥੋਂ ਹੱਲ ਨਹੀਂ ਕਰ ਹੁੰਦਾ। ਇਕ ਕਹਾਣੀ ਸੁਣਾਵਾਂ?…… ਯੂਰਪ ਵਿੱਚ ਜਦੋਂ ਨਾਜ਼ੀ ਛਾ ਰਹੇ ਸਨ ਤਾਂ ਇਕ ਮੁਲਕ ਦੇ ਅਦੀਬ ਨੂੰ ਦੂਜੇ ਮੁਲਕ ਦੇ ਅਦੀਬ ਨੇ ਫ਼ਿਕਰ ਨਾਲ ਖ਼ਤ ਲਿਖਿਆ… … ”ਤੇਰਾ ਪਿੰਡ ਸਰਹੱਦ ਤੋਂ ਕਿੰਨਾ ਕੁ ਦੂਰ ਹੈ? (ਪਿੰਡ ਉਸ ਵੇਲੇ ਹੱਦ ਤੋਂ ਤਿੰਨ ਕੁ ਮੀਲ ਸੀ) ਉਸ ਨੇ ਉੱਤਰ ਦਿੱਤਾ, ‘ਦੋਸਤਾਂ ਲਈ ਸਿਰਫ਼ ਦਸ ਮਿੰਟ ਦਾ ਰਾਹ ਹੈ ਪਰ ਦੁਸ਼ਮਣ ਲਈ ਕਦੇ ਵੀ ਨਾ ਤੈਅ ਹੋਣ ਵਾਲਾ’। ਮੈਂ ਇਸ ਵਿੱਚੋਂ ‘ਦੁਸ਼ਮਣ’ ਸ਼ਬਦ ਕੱਟਦਾ ਹਾਂ, ਇਸ ਦੀ ਥਾਂ ਕੀ ਭਰਨਾ ਹੈ, ਮੈਨੂੰ ਪਤਾ ਨਹੀਂ। (ਪਾਸ਼ 9.8.74)
ਇਨ੍ਹਾਂ ਦਿਨਾਂ ਵਿੱਚ ਅਸੀਂ ਲਗਭਗ ਰੋਜ਼ ਮਿਲਦੇ, ਜੰਡਿਆਲੇ ਦੇ ਬੱਸ ਅੱਡੇ ਉੱਤੇ ਮਿੰਦੀ ਦੀ ਦੁਕਾਨ ਉੱਤੇ ਘੰਟਿਆਂ ਬੱਧੀ ਚਾਹ ਪੀਂਦੇ ਰਹਿੰਦੇ। ਬੱਸ ਅੱਡੇ ‘ਤੇ ਕੋਈ ਮਦਾਰੀ ਆ ਜਾਂਦਾ ਤਾਂ ਉਹ ਉਸ ਦਾ ਜਮੂਰਾ ਬਣ ਕੇ ਬੈਠ ਜਾਂਦਾ… … ਸ਼ਰਾਰਤੀ ਅੰਦਾਜ਼ ਵਿੱਚ ਸਾਨੂੰ ਤਰ੍ਹਾਂ-ਤਰ੍ਹਾਂ ਦੀਆਂ ਕਹਾਣੀਆਂ ਸੁਣਾਉਂਦਾ… … ਸ਼ਖ਼ਸੀਅਤ ਦਾ ਵਿਕਾਸ ਕਰਨ ਦੇ ਨੁਸਖੇ ਸਮਝਾਉਂਦਾ… … ਇਕ ਦਿਨ ਕਹਿਣ ਲੱਗਾ… … ”ਰੋਹਬਦਾਰ ਸ਼ਖ਼ਸੀਅਤ ਲਈ ਅੱਖਾਂ ਲਾਲ ਰੱਖਣੀਆਂ ਜ਼ਰੂਰੀ ਹੁੰਦੀਆਂ ਹਨ। ਮੈਂ ਕਿਹਾ ਇਹ ਕਿਵੇਂ ਹੋ ਜਾਵੇਗਾ। ਕਹਿੰਦਾ ਮੇਰੀਆਂ ਅੱਖਾਂ ਵਿੱਚ ਵੇਖ, ਮੈਂ ਵੇਖਿਆ ਸੱਚੀਂ ਮੁੱਚੀਂ ਲਾਲ ਸਨ। ਕਹਿੰਦਾ ਪੁੱਛ ਮੈਂ ਕਿਵੇਂ ਲਾਲ ਕੀਤੀਆਂ। ਮੈਂ ਕਿਹਾ ਦੱਸ… ਕਹਿੰਦਾਂ “ਸਵੇਰੇ-ਸਵੇਰੇ ਇਕ ਲਾਲ ਬਲੱਬ ਜਗਾ ਕੇ ਲਗਾਤਾਰ ਉਸ ਵੱਲ ਵੇਖੀ ਜਾਓ, ਅੱਖਾਂ ਵਿੱਚ ਲਾਲੀ ਭਰ ਜਾਵੇਗੀ। ਸਾਰਾ ਦਿਨ ਕਿਤੇ ਨਹੀਂ ਜਾਂਦੀ…
” ਉਸ ਦੀ ਇਹ ਗੱਲ ਵੀ ਉਨ੍ਹਾਂ ਬਹੁਤ ਸਾਰੀਆਂ ਗੱਲਾਂ ਵਾਂਗ ਹੀ ਸੀ, ਜਿਨ੍ਹਾਂ ਬਾਰੇ ਮੈਂ ਜਾਣਦਾ ਸਾਂ ਕਿ ਉਸ ਦੇ ਸ਼ਰਾਰਤੀ ਸੁਭਾਅ ਦੀ ਉਪਜ ਹੀ ਹੈ। ਅਸਲ ਵਿੱਚ ਇਹ ਆਪ ਵੀ ਅਜਿਹਾ ਕੁਝ ਨਹੀਂ ਕਰਦਾ। ਸਰਵਨ ਰਾਹੀਂ ਨੂੰ ਉਸ ਨੇ ਮਹੀਨਿਆਂ ਤੱਕ ਇਹ ਕਹਿ ਕੇ ਆਪਣੇ ਮਗਰ ਲਗਾ ਰੱਖਿਆ ਕਿ ਖੁਸ਼ਵੰਤ ਸਿੰਘ ਨੇ ਇਲਸਟਰਡ ਵੀਕਲੀ ਲਈ ਉਸ ਦੀਆਂ ਗ਼ਜ਼ਲਾਂ ਮੰਗਵਾਈਆਂ ਹਨ ਜਿਹੜੀਆਂ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਉਹ ਜਲਦੀ ਭੇਜ ਰਿਹਾ ਹੈ। ਸਰਵਣ ਰਾਹੀ ਲੰਮੇ ਸਮੇਂ ਤੱਕ ਆਪਣੀਆਂ ਅੰਗਰੇਜ਼ੀ ਵਿੱਚ ਛਪਣ ਵਾਲੀਆਂ ਗ਼ਜ਼ਲਾਂ ਲੱਭਣ ਲਈ ਬੁੱਕ ਸਟਾਲਾਂ ਤੋਂ ਹਰ ਹਫ਼ਤੇ ਇਲਸਟਰੇਟਿਡ ਵੀਕਲੀ ਲੱਭਦਾ ਰਿਹਾ ਸੀ।
ਸ਼ਿਵ ਕੁਮਾਰ ਦੀ ਪ੍ਰਗੀਤਕ ਕਵਿਤਾ ਅਤੇ ਸੁਰਜੀਤ ਪਾਤਰ ਦੀ ਗ਼ਜ਼ਲਕਾਰੀ ਬਾਰੇ ਉਹ ਬਹੁਤ ਕੌੜਾ ਬੋਲਦਾ… … ਆਪ ਉਹ ਦੋਸਤਾਂ ਦੇ ਨਾਲ-ਨਾਲ ਕਵਿਤਾ ਤੋਂ ਵੀ ਬੇਮੁੱਖ ਹੋ ਰਿਹਾ ਸੀ। ਕਵਿਤਾ ਤੋਂ ਬੇਮੁਖਤਾ ਦੀ ਗੱਲ ਚੱਲੀ ਤਾਂ ਕਹਿਣ ਲੱਗਾ, ਹੁਣ ਮਸਲੇ ਮੁਕ ਗਏ ਹਨ। ਮੈਂ ਹੈਰਾਨੀ ਪ੍ਰਗਟ ਕੀਤੀ ਤਾਂ ਕਹਿੰਦਾ, ”ਪਹਿਲਾਂ ਮੇਰੇ ਸਾਹਮਣੇ ਇਕ ਮਕਸਦ ਸੀ, ਜਿਸ ਤੋਂ ਮੈਂ ਨਿਰਾਸ਼ ਹੋ ਗਿਆ ਹਾਂ। ਜੇਲ੍ਹ ਵਿੱਚ ਸੀ ਤਾਂ ਪਿੰਡ ਯਾਦ ਆਉਂਦਾ ਸੀ, ਬਾਹਰ ਆ ਗਿਆ ਹਾਂ ਤਾਂ ਉਹ ਗੱਲ ਵੀ ਖ਼ਤਮ ਹੋ ਗਈ… … ਇਨ੍ਹਾਂ ਦਿਨਾਂ ਵਿੱਚ ਅਸੀਂ (ਅਖ਼ਤਰ ਹੁਸੈਨ, ਤਰਸੇਮ ਜੰਡਿਆਲਾ, ਦੇਵਿੰਦਰ ਜੌਹਲ ਅਤੇ ਮੈਂ) ਇਕ ਮਾਸਿਕ ਪੱਤਰ ‘ਸੰਦਰਭ’ ਸ਼ੁਰੂ ਕੀਤਾ ਸੀ। ਮੈਂ ਪਾਸ਼ ਨੂੰ ਕਿਹਾ, ”ਜੋ ਕੁਝ ਤੂੰ ਸੋਚਦਾਂ ਉਸ ਬਾਰੇ ਤੇਰੀ ਮੁਲਾਕਾਤ ‘ਸੰਦਰਭ’ ਵਿੱਚ ਛਾਪਣੀ ਹੈ। ਉਹ ਤਿਆਰ ਹੋ ਗਿਆ। ਦੇਵਿੰਦਰ ਜੌਹਲ (ਮੇਰਾ ਛੋਟਾ ਭਰਾ) ਨੇ ਇਹ ਮੁਲਾਕਾਤ ਕੀਤੀ। ਉਸ ਨੇ ਬਹੁਤ ਸਾਰੀਆਂ ਗੱਲਾਂ ਬਹੁਤ ਬੇਬਾਕੀ ਨਾਲ ਕੀਤੀਆਂ। ਇਸ ਮੁਲਾਕਾਤ ਦੀ ਸਭ ਤੋਂ ਮੁੱਲਵਾਨ ਪ੍ਰਾਪਤੀ ਇਹ ਸੀ ਕਿ ਇਹ ਸੰਵਾਦ ਇਸ ਨੁਕਤੇ ਉੱਤੇ ਪਹੁੰਚ ਗਿਆ ਕਿ ਪਾਸ਼ ਨੇ ਇਕਦਮ ਕਿਹਾ:-
”ਹੁਣ ਮੈਂ ਲਿਖਾਂਗਾ”, ਇਸੇ ਸਿਰਲੇਖ ਹੇਠ ਇਹ ਮੁਲਾਕਾਤ ‘ਸੰਦਰਭ’ ਵਿੱਚ ਛਾਪੀ ਗਈ … ਇਸ ਤੋਂ ਬਾਅਦ ਉਸ ਦੀ ਕਿਤਾਬ ਆਈ ‘ਸਾਡੇ ਸਮਿਆਂ ਵਿੱਚ” ਇਸ ਕਿਤਾਬ ਦੇ ਮੁੱਖ ਬੰਦ ਵਿੱਚ ਉਸ ਨੇ ਲਿਖਿਆ ਸੀ :-
“ਪਾਰਟੀ ਲੇਬਲਾਂ ਤੋਂ ਪਿੱਛਾ ਛੁਡਾਉਣ ਲਈ ਮੈਨੂੰ ਪਤਾ ਨਹੀਂ ਕੀ-ਕੀ ਸ਼ਰਾਰਤਾਂ ਕਰਨੀਆਂ ਪਈਆਂ। ਰਾਜਨੀਤਕ ਸਰਗਰਮੀਆਂ ਵਿੱਚੋਂ ਹੱਥ ਖਿੱਚ ਲੈਣ ਨਾਲ ਕੁਦਰਤੀ ਹੀ ਸੀ ਕਿ ਮੇਰੀ ਕਵਿਤਾ ਅੰਤਰਮੁਖਤਾ ਵੱਲ ਵਧ ਜਾਂਦੀ।”
ਇਹ ਅੰਤਰਮੁਖਤਾ ਉਸ ਦੀ ਸਮਾਜ ਸ਼ਾਸਤਰੀ ਪਹੁੰਚ ਦਾ ਇਕ ਪਾਸਾਰ ਹੈ, ਜਿਸ ਨੇ ਉਸ ਨੂੰ ਕਾਵਿ ਸਿਰਜਣਾ ਦੇ ਨਾਲ-ਨਾਲ ਇਕ ਗਹਿਰੇ ਸੋਚਸ਼ੀਲ ਵਿਅਕਤੀ ਵਜੋਂ ਹਮੇਸ਼ਾ ਜਿਊਂਦੇ ਰੱਖਿਆ। ਇਕ ਅਜਿਹੇ ਵਿਅਕਤੀ ਵਜੋਂ, ਜਿਸ ਨੇ ਸਿਧਾਂਤ ਅਤੇ ਵਿਚਾਰਧਾਰਾ ਨੂੰ ਇਕ ਆਦਰਸ਼ਕ ਖੜੋਤ ਵਾਂਗ ਗ੍ਰਹਿਣ ਨਾ ਕਰਦੇ ਹੋਏ, ਇਸ ਦੀ ਗਤੀਸ਼ੀਲਤਾ ਨੂੰ ਪਛਾਣਿਆ। ਇਸ ਪਛਾਣ ਨੇ ਉਸ ਨੂੰ ਇਕ ਅੰਧ-ਵਿਸ਼ਵਾਸੀ ਰੋਮਾਂਟਿਕ ਕਾਰਕੁੰਨ ਤੋਂ, ਇਕ ਵਾਸਤਵਿਕ ਚਿੰਤਕ ਤੱਕ ਵਿਸਥਾਰ ਦਿੱਤਾ। ਇਸੇ ਪਹੁੰਚੇ ਨੇ ਉਸ ਦੀ ਕਵਿਤਾ ਨੂੰ ਵਾਸਤਵਿਕ-ਵਿਸ਼ਲੇਸ਼ਣ ਵਾਲੀ ਦਾਰਸ਼ਨਿਕ ਕਵਿਤਾ ਤੱਕ ਫੈਲਾਅ ਦਿੱਤਾ:-
ਇਹ ਸ਼ਰਮਨਾਕ ਹਾਦਸਾ
ਸਾਡੇ ਹੀ ਸਮਿਆਂ ਨਾਲ ਹੋਣਾ ਸੀ
ਕਿ ਦੁਨੀਆ ਦੇ ਸਭ ਤੋਂ ਪਵਿੱਤਰ
ਹਰਫ਼ਾਂ ਨੇ
ਬਣ ਜਾਣਾ ਸੀ ਸਿੰਘਾਸਣ ਦੇ ਪੌਡੇ
ਮਾਰਕਸ ਦਾ ਸ਼ੇਰ ਵਰਗਾ ਸਿਰ
ਦਿੱਲੀ ਦੀਆਂ ਭੂਲ-ਭੁਲਾਈਆਂ ਵਿੱਚ
ਮਿਆਂਕਦਾ ਫਿਰਦਾ
ਅਸੀਂ ਹੀ ਤੱਕਣਾ ਸੀ
ਮੇਰੇ ਯਾਰੋ
ਇਹ ਕੁਫ਼ਰ ਸਾਡੇ ਹੀ ਸਮਿਆਂ ਵਿੱਚ ਹੋਣਾ ਸੀ …
ਸਮਾਜ ਨੂੰ ਬਦਲਣ ਲਈ ਤੁਰੇ ਇਕ ਸੱਚੇ-ਸੁੱਚੇ ਨੌਜਵਾਨ ਦੇ ਆਦਰਸ਼ਾਂ ਦਾ ਇਸ ਤਰ੍ਹਾਂ ਟੁੱਟਣਾ ਅਤੇ ਉਸ ਦੀ ਸਿਰਜਣਾਤਮਿਕ ਸਮਰੱਥਾ ਵਿੱਚ ਇਸ ਟੁੱਟ-ਭੱਜ ਦਾ ਇਸ ਤਰ੍ਹਾਂ ਓਤ-ਪੋਤ ਹੋ ਜਾਣਾ ਹੀ, ਪਾਸ਼ ਦਾ ਸੰਤਾਪ ਸੀ।
ਇਸੇ ਸੰਤਾਪ ਨੇ ਉਸ ਨੂੰ ਬੇਹੱਦ ਸ਼ਿੱਦਤ ਨਾਲ ਉਹ ਟੇਢ ਵੀ ਪ੍ਰਦਾਨ ਕਰ ਦਿੱਤੀ, ਜੋ ਆਪਣੀਆਂ ਰਾਜਨੀਤਕ ਅਤੇ ਸੱਭਿਆਚਾਰਕ ਰਹਿਤਲਾਂ ਵਿੱਚੋਂ ਬਾਹਰ ਆਉਣ ਲਈ ਭਾਰਤੀ ਸਮਾਜ ਲਈ ਬੇਹੱਦ ਜ਼ਰੂਰੀ ਹੈ। ਆਪਣੀ ਇਸ ਤੀਸਰੀ ਅੱਖ ਦੇ ਖੁੱਲ੍ਹਣ ਨਾਲ ਪੈਦਾ ਹੋਣ ਵਾਲੇ ਖ਼ਤਰੇ ਤੋਂ ਉਹ ਵਾਕਿਫ਼ ਸੀ:-
ਚਾਹੁਣ ਲਗਦਾ ਹਾਂ
ਪਲ ਦੀ ਪਲ
ਅਚਾਨਕ ਆਏ ਕਿਤੋਂ
ਉਹ ਨਿਊਟਨ ਦਾ ਦਰਵੇਸ਼ ਡਾਇਮੰਡ
ਫਿਰ ਸੁੱਟੇ ਇਕ ਵਾਰ ਬਲਦੀ ਮੋਮਬੱਤੀ
ਮੇਰੇ ਜ਼ਿਹਨ ਦੀ ਖੁੱਲ੍ਹੀ ਦਰਾਜ਼ ਵਿੱਚ
ਏਸ ਤੋਂ ਪਹਿਲਾਂ ਕਿ
ਮੇਰੇ ਜ਼ਿਹਨ ਵਿੱਚ ਮੌਜੂਦ
ਕੁੱਲ ਅਧੂਰੀਆਂ ਇਤਲਾਹਾਂ
ਕਿਸੇ ਸਿਧਾਂਤ ਵਿੱਚ ਵਟਣ
ਉਨ੍ਹਾਂ ਨੂੰ ਸਾੜ ਦਏ
ਉਨ੍ਹਾਂ ਦੇ ਨਾ ਸੜਨ ਵਿੱਚ
ਬਹੁਤ ਖ਼ਤਰਾ ਹੈ-
ਉਸ ਦਾ ਇਹ ਕਾਵਿ-ਬਿਆਨ ਕਮਿਊਨਿਸਟ ਸਿਧਾਂਤ ਦੇ ਪ੍ਰਾਪਤ ਪਰਿਪੇਖ ਦੇ ਵਿਰੋਧ ਵਿੱਚ ਇਕ ਨਵੇਂ ਵਿਸਥਾਰ ਦੀ ਸਿਰਜਣਾ ਦਾ ਸੰਕੇਤ ਦਿੰਦਾ ਹੈ। ਉਸ ਦੀਆਂ ਕਿਆਸ ਅਰਾਈਆਂ ਵਿੱਚ ਉਸ ਦੀ ਚਿੰਤਨਸ਼ੀਲਤਾ ਵਿੱਚ, ਇਸ ਨਵੇਂ ਵਿਸਥਾਰ ਦੀ ਰੂਪਰੇਖਾ ਕੀ ਸੀ? ਇਸ ਦੀ ਤਲਾਸ਼ ਵਿੱਚ ਰੁੱਝਿਆ ਹੋਇਆ ਪਾਸ਼ ਪੰਜਾਬ ਸੰਕਟ ਦੇ ਸਭ ਤੋਂ ਭਿਆਨਕ ਦਿਨਾਂ ਵਿੱਚ ਅਮਰੀਕਾ ਚਲਾ ਗਿਆ। ਉਹ ਐਂਟੀ-47 ਫਰੰਟ ਨਾਲ ਜੁੜ ਗਿਆ ਅਤੇ ਆਪਣੀਆਂ ਸਰਗਰਮੀਆਂ ਕਾਰਨ ਮੂਲਵਾਦੀਆਂ ਦੀਆਂ ਅੱਖਾਂ ਵਿੱਚ ਬੁਰੀ ਤਰ੍ਹਾਂ ਰੜਕਣ ਲੱਗਾ। ਕੁਝ ਹੀ ਸਾਲਾਂ ਬਾਅਦ 1988 ਦੇ ਸ਼ੁਰੂ ਵਿੱਚ ਉਹ ਆਪਣੇ ਵੀਜ਼ੇ ਦੇ ਨਵੀਨੀਕਰਨ ਲਈ ਇਧਰ ਆਇਆ ਹੋਇਆ ਸੀ …
ਡੀ.ਏ.ਵੀ. ਕਾਲਜ ਨਕੋਦਰ ਵਿਖੇ ਇਕ ਕਵੀ ਦਰਬਾਰ ਵਿੱਚ ਸ਼ਾਮਿਲ ਹੋਣ ਲਈ ਮੈਂ ਅਤੇ ਸਵਿਤੋਜ (ਸਵਰਗੀ) ਵੀ ਗਏ ਹੋਏ ਸਾਂ। ਹਾਲ ਵਿੱਚ ਬੈਠੇ ਆਪਣੀ ਕਵਿਤਾ ਦੀ ਉਡੀਕ ਕਰ ਰਹੇ ਸਾਂ ਕਿ ਪਰਮਜੀਤ ਦੇਹਲ ਨੇ ਪਿੱਛਿਓਂ ਆ ਕੇ ਮੇਰਾ ਮੋਢਾ ਥਪਥਪਾਇਆਂ ”ਬਾਹਰ ਆਓ ਤੁਹਾਨੂੰ ਪਾਸ਼ ਬੁਲਾ ਰਿਹਾ ਹੈ।” ਮੈਂ ਕਿਹਾ” ਉਹ ਕਦੋਂ ਆ ਗਿਆ। ਕਹਿੰਦਾ, ”ਕਈ ਦਿਨ ਹੋ ਗਏ ਆਏ ਨੂੰ । ਬਾਹਰ ਲਾਅਨ ਵਿਚ ਬੈਠੈ।” ਅਸੀਂ ਉੱਠ ਕੇ ਬਾਹਰ ਚਲੇ ਗਏ। ਉਹ ਸਾਨੂੰ ਉੱਠ ਕੇ ਜੱਫ਼ੀ ਪਾ ਕੇ ਮਿਲਿਆ। ਅਸੀਂ ਉਥੇ ਹੀ ਬੈਠ ਗਏ। ਅਸੀਂ ਕਿਹਾ “ਸਾਡੀ ਕਵਿਤਾ ਸੁਣਾਉਣ ਦੀ ਵਾਰੀ ਆਉਣ ਵਾਲੀ ਹੈ। ਚੱਲੋ ਅੰਦਰ ਚੱਲੀਏ”। ਉਹ ਵੀ ਅਤੇ ਬਾਕੀ ਸਾਰੇ ਦੋਸਤ ਵੀ ਸਾਡੇ ਨਾਲ ਅੰਦਰ ਚਲੇ ਗਏ … … ਇਹ ਪਹਿਲੀ ਵਾਰ ਸੀ ਕਿ ਦੋਸਤਾਂ ਦੇ ਕਹਿਣ ‘ਤੇ ਉਹ ਕਵੀ ਦਰਬਾਰ ਵਿੱਚ ਆਪਣੀ ਕਵਿਤਾ ਵੀ ਸੁਣਾਉਣ ਲਈ ਰਾਜ਼ੀ ਹੋ ਗਿਆ। ਨਹੀਂ ਤਾਂ ਸਾਡੇ ਕਈ ਵਾਰ ਕੋਸ਼ਿਸ਼ ਕਰਨ ਉੱਤੇ ਵੀ ਉਹ ਕਿਸੇ ਕਵੀ ਦਰਬਾਰ ਵਿੱਚ, ਇਥੋਂ ਤੱਕ ਕਿ ਦੂਰਦਰਸ਼ਨ ਦੇ ਕਵੀ ਦਰਬਾਰਾਂ ਵਿੱਚ ਵੀ ਕਦੇ ਸ਼ਾਮਿਲ ਨਾ ਹੁੰਦਾ। ਕਈ ਵਾਰ ਚਲਦੇ ਕਵੀ ਦਰਬਾਰਾਂ ਵਿੱਚ ਨਾਵਾਂ-ਕੁਨਾਵਾਂ ਦੀਆਂ ਪਰਚੀਆਂ ਭੇਜ ਕੇ ਸਟੇਜ ਸਕੱਤਰਾਂ ਨੂੰ ਪਰੇਸ਼ਾਨ ਕਰਦਾ ਰਹਿੰਦਾ। ਪਰ ਅੱਜ ਉਹ ਆਪਣੀ ਕਵਿਤਾ ਸੁਣਾਉਣ ਲਈ ਮਾਈਕ ਉੱਤੇ ਪਹੁੰਚ ਚੁੱਕਾ ਸੀ:-
ਸਭ ਤੋਂ ਖ਼ਤਰਨਾਕ ਹੁੰਦਾ ਹੈ
ਮੁਰਦਾ ਸ਼ਾਂਤੀ ਨਾਲ ਭਰ ਜਾਣਾ
ਨਾ ਹੋਣਾ ਤੜਪ ਦਾ
ਸਭ ਕੁਝ ਸਹਿਣ ਕਰ ਜਾਣਾ
ਘਰਾਂ ਤੋਂ ਨਿਕਲਣਾ ਕੰਮ ਤੇ
ਤੇ ਕੰਮ ਤੋਂ ਘਰ ਆਉਣਾ
ਸਭ ਤੋਂ ਖ਼ਤਰਨਾਕ ਹੁੰਦਾ ਹੈ
ਸਾਡੇ ਸੁਪਨਿਆਂ ਦਾ ਮਰ ਜਾਣਾ …
ਇਹ ਕਵਿਤਾ ਉਸ ਨੇ ਪਹਿਲੀ ਵਾਰ ਇਸੇ ਕਵੀ ਦਰਬਾਰ ਵਿੱਚ ਪੜ੍ਹੀ। ਸ਼ਾਇਦ ਇਹ ਕਵਿਤਾ ਉਸ ਵਲੋਂ ਲਿਖੀ ਗਈ ਸਭ ਤੋਂ ਆਖ਼ਰੀ ਕਵਿਤਾ ਹੈ। ਇਸ ਕਵੀ ਦਰਬਾਰ ਤੋਂ ਕੁਝ ਦਿਨਾਂ ਬਾਅਦ ਉਹ ਮੈਨੂੰ ਜਲੰਧਰ ਬੱਸ ਅੱਡੇ ਉੱਤੇ ਮਿਲਿਆ। ਮੈਂ ਦੂਰਦਰਸ਼ਨ ਪਹੁੰਚਣ ਲਈ ਸਾਈਕਲ ਸਟੈਂਡ ਤੋਂ ਆਪਣਾ ਸਾਈਕਲ ਲੈਣਾ ਸੀ ਅਤੇ ਉਹ ਕਿਤੇ ਹੋਰ ਜਾਣ ਲਈ ਰਿਕਸ਼ਾ ਲੈ ਰਿਹਾ ਸੀ ।ਖੜੇ ਖੜੇ ਮੈਂ ਉਸ ਨੂੰ ਦੱਸਿਆ ”ਮੈਂ ਐੱਮ.ਫਿੱਲ ਦੇ ਆਪਣੇ ਥੀਸਿਸ ਵਿੱਚ ਤੇਰੇ ਬਾਰੇ ਵੀ ਲਿਖਿਆ ਹੈ, ਹੁਣ ਮੈਂ ਉਸ ਦੀ ਕਿਤਾਬ ਛਪਵਾ ਰਿਹਾਂ।” ਉਹ ਉੱਚੀ ਦੇਣੀ ਹੱਸਿਆ, ‘ਮੈਨੂੰ ਗਾਲ੍ਹ ਕੱਢ ਕੇ ਕਹਿੰਦਾਂ ”ਤੂੰ ਹੁਣ ਮੇਰੇ ‘ਤੇ ਗਾਈਡਾਂ ਲਿਖੂੰਗਾ?” ਮੈਂ ਕੱਚਾ ਜਿਹਾ ਹੋ ਗਿਆ। ਉਹ ਰਿਕਸ਼ੇ ‘ਤੇ ਬੈਠ ਕੇ ਚਲਾ ਗਿਆ। ਮੈਂ ਮੰਦ-ਮੰਦ ਮੁਸਕਰਾਉਂਦਾ ਆਪਣਾ ਸਾਈਕਲ ਚੁੱਕਣ ਸਾਈਕਲ ਸਟੈਂਡ ਅੰਦਰ ਜਾ ਵੜਿਆ …
ਅੱਜ 23 ਮਾਰਚ, 1988 ਸੀ, ਜਲੰਧਰ ਦੂਰਦਰਸ਼ਨ ਦੇ ਗੇਟ ਉੱਤੇ ਲੇਖਕਾਂ ਨੇ ਧਰਨਾ ਮਾਰਿਆ ਸੀ। ਮੰਗਾਂ ਸਨ ਕਿ ਉਨ੍ਹਾਂ ਨੂੰ ਕਵੀ ਦਰਬਾਰਾਂ ਵਿੱਚ ਬਹੁਤਾ ਸਮਾਂ ਨਹੀਂ ਮਿਲਦਾ। … ਬਾਹਰ ਭਾਸ਼ਣ ਚੱਲ ਰਹੇ ਸਨ। ਅੰਦਰ ਅਸੀਂ ਲੇਖਕਾਂ ਦੀਆਂ ਮੰਗਾਂ ਬਾਰੇ ਵਿਚਾਰ ਕਰ ਰਹੇ ਸਾਂ।
ਅਚਾਨਕ ਖ਼ਬਰ ਆਈ ਕਿ ਪਾਸ਼ ਅਤੇ ਉਸ ਦੇ ਦੋਸਤ ਹੰਸ ਰਾਜ ਨੂੰ ਗੋਲੀਆਂ ਵੱਜੀਆਂ ਹਨ … ਅਤੇ ਉਨ੍ਹਾਂ ਦੀ ਮੌਤ ਹੋ ਗਈ ਹੈ। ਅਸੀਂ ਸੁੰਨ ਹੋ ਗਏ। ਫ਼ੈਸਲਾ ਹੋਇਆ ਕਿ ਬਾਹਰ ਲੇਖਕਾਂ ਨੂੰ ਵੀ ਇਹ ਖ਼ਬਰ ਦੱਸ ਦਿੱਤੀ ਜਾਵੇ। ਡਲਕਦੀਆਂ ਅੱਖਾਂ ਅਤੇ ਭਰੇ ਹੋਏ ਮਨ ਨਾਲ ਬਾਹਰ ਜਾ ਕੇ ਅਸੀਂ ਇਹ ਖ਼ਬਰ ਲੇਖਕਾਂ ਨਾਲ ਸਾਂਝੀ ਕੀਤੀ …ਧਰਨਾ ਇਕਦਮ ਖ਼ਤਮ ਹੋ ਗਿਆ। ਰੋਹ ਭਰੇ ਸੋਗ ਦਾ ਸਨਾਟਾ ਚਾਰੇ ਪਾਸੇ ਪਸਰ ਗਿਆ।
ਪਾਸ਼ ਦੇ ਵਿਛੋੜੇ ਨੇ ਪਾਸ਼ ਨੂੰ ਇਕ ਮਿੱਥ ਵਾਂਗ ਸਥਾਪਿਤ ਕਰ ਦਿੱਤਾ। ਪਰ ਪਾਸ਼ ਦੇ ਅੰਤਹਕਰਨ ਵਿੱਚ ਚਲਦੇ ਕਮਿਊਨਿਸਟ ਸਿਧਾਂਤ ਦੀਆਂ ਨਵੀਆਂ ਪਰਤਾਂ ਖੁੱਲ੍ਹਣ ਦੇ ਵਿਸਥਾਰ ਨੂੰ ਅਤੇ ਪਾਰਟੀਆਂ ਦੀ ਪੈਂਤੜੇਬਾਜ਼ੀ ਉੱਤੇ ਪੁਨਰ ਵਿਚਾਰ ਦੇ ਪ੍ਰਵਾਹ ਨੂੰ, ਪਾਸ਼ ਦੀ ਇਸ ਮਿੱਥ ਸਥਾਪਨਾ ਨੇ ਰੋਕ ਲਿਆ।
ਪਾਸ਼ ਜਦੋਂ ਵੀ ਯਾਦ ਆਉਦਾ ਹੈ ਉਸ ਦੀਆਂ ਨੁਕੀਲੀਆਂ ਅੱਖਾਂ ਵਿੱਚ ਤੈਰਦੀ ਦਿਭ ਦ੍ਰਿਸ਼ਟੀ ਵਿੱਚੋਂ, ਉਹ ਚੇਸ਼ਟਾ ਸਾਫ਼ ਦਿਖਾਈ ਦਿੰਦੀ ਹੈ, ਜੋ ਇਕ ਨਵੇਂ ਸਮਾਜ ਦੀ ਸਿਰਜਣਾ ਅਤੇ ਸਾਹਿਤਕ- ਸੱਭਿਆਚਾਰਕ ਕਦਰਾਂ-ਕੀਮਤਾਂ ਦਾ ਨਿਵੇਕਲਾ ਨਿਰਮਾਣ ਕਰਨਾ ਚਾਹੁੰਦੀ ਸੀ।
ਉਸ ਨੇ ਪੰਜਾਬੀ ਕਵਿਤਾ ਨੂੰ ਵਿਦਰੋਹ ਦਾ ਉਹ ਮੁਹਾਵਰਾ ਪ੍ਰਦਾਨ ਕੀਤਾ ਜਿਸ ਦੀ ਕੋਈ ਹੋਰ ਮਿਸਾਲ ਨਹੀਂ ਹੈ:-
ਮੈਂ ਉਮਰ ਭਰ ਜਿਸਦੇ ਖਿਲਾਫ਼
ਸੋਚਿਆ ਅਤੇ ਲਿਖਿਆ
ਜੇ ਉਸ ਦੇ ਸੋਗ ਵਿੱਚ
ਸਾਰਾ ਹੀ ਦੇਸ਼ ਸ਼ਾਮਿਲ ਹੈ
ਤਾਂ ਇਸ ਦੇਸ਼ ‘ਚ ਮੇਰਾ ਨਾਮ ਕੱਟ ਦੇਵੋ
(-ਬੇਦਖਲੀ ਲਈ ਬਿਨੈ ਪੱਤਰ)
ਹੱਥ ਜੇ ਹੋਣ ਤਾਂ
ਜੋੜਨ ਲਈ ਹੀ ਨਹੀਂ ਹੁੰਦੇ
ਨਾ ਦੁਸ਼ਮਮ ਸਾਹਮਣੇ
ਚੁੱਕਣ ਨੂੰ ਹੀ ਹੁੰਦੇ ਹਨ
ਇਹ ਗਿੱਚੀਆਂ ਮਰੋੜਨ ਲਈ
ਵੀ ਹੁੰਦੇ ਹਨ …
ਤਿੱਖੀ ਰਾਜਨੀਤਕ ਚੇਤਨਾ ਅਤੇ ਸੂਖ਼ਮ ਸੰਵੇਦਨਾ ਵਾਲੀ ਉਸ ਦੀ ਕਵਿਤਾ ਬਹੁ-ਪਰਤੀ ਪਾਸਾਰਾਂ ਵਾਲੀ ਹੈ। ਪ੍ਰਚਲਿਤ ਮਿੱਥਾਂ ਨੂੰ ਅਤਿ ਸੂਖ਼ਮਤਾ ਨਾਲ ਤੋੜਨ ਵਾਲੀ ਇਹ ਕਵਿਤਾ ਸਮਕਾਲੀ ਸਥਿਤੀ ਨੂੰ ਅੰਦਰੋਂ ਬਾਹਰੋਂ ਸਮਝਣ ਲਈ ਕਿਰਿਆਸ਼ੀਲ ਹੈ। ਸਿੱਧੇ ਸੰਬੋਧਨ ਦੀ ਇਹ ਕਵਿਤਾ ਨਾਹਰੇ ਵਾਂਗ ਦਿਸਦੀ ਹੋਈ ਵੀ ਨਾਹਰਾ ਨਹੀਂ ਹੈ। ਐਲਾਨ ਵਾਂਗ ਬੋਲਦੀ ਹੋਈ ਵੀ ਨਿਰਾ ਐਲਾਨ ਨਹੀਂ ਹੈ:-
ਮੇਰੇ ਤੋਂ ਆਸ ਨਾ ਕਰਿਓ
ਕਿ ਮੈਂ ਖੇਤਾਂ ਦਾ ਪੁੱਤ ਹੋ ਕੇ
ਥੋਡੇ ਚਗਲੇ ਸੁਆਦਾਂ ਦੀ ਗੱਲ ਕਰਾਂਗਾ
ਜਿਨ੍ਹਾਂ ਦੇ ਹੜ੍ਹ ਵਿੱਚ ਰੁੜ੍ਹ ਜਾਂਦੀ ਹੈ
ਸਾਡੇ ਬੱਚਿਆਂ ਦੀ ਤੋਤਲੀ ਕਵਿਤਾ
ਤੇ ਧੀਆਂ ਦਾ ਕੰਜਕ ਜਿਹਾ ਹਾਸਾ…
ਉਹ ਇਕੋ ਵੇਲੇ ਬੁਲੰਦ ਕਵੀ ਸੀ, ਅਤਿ ਦਰਜੇ ਦਾ ਗਹਿਰ-ਗੰਭੀਰ ਚਿੰਤਕ ਸੀ ਤੇ ਬੇਹੱਦ ਲਚਕੀਲਾ ਅਤੇ ਚੁਲਬੁਲਾ ਵਿਅਕਤੀ ਵੀ ਸੀ। ਉਸ ਦੀ ਸ਼ਖ਼ਸੀਅਤ ਦੀ ਏਹੀ ਵਿਲੱਖਣਤਾ, ਬਹੁਤ ਸਾਰੀਆਂ ਵਿਰੋਧਤਾਈਆਂ ਦੇ ਬਾਵਜੂਦ ਉਸ ਨੂੰ ਸਾਡਾ ਦੋਸਤ ਬਣਾਈ ਰੱਖਦੀ ਸੀ।
-ਡਾ. ਲਖਵਿੰਦਰ ਸਿੰਘ ਜੌਹਲ
94171-94812