ਸ਼ਰਧਾਂਜਲੀ ਸਮਾਰੋਹ ਮੌਕੇ ਮੈਡੀਕਲ ਕੈਂਪ ਦੌਰਾਨ ਮੁਫਤ ਚੈਕਅੱਪ ਕੀਤਾ, ਦਵਾਈਆਂ ਤੇ ਪੌਦੇ ਵੰਡੇ, ਪੁਸਤਕ ਪ੍ਰਦਰਸ਼ਨੀ ਲਗਾਈ
ਭੀਖੀ, 30 ਜੂਨ
ਇੱਥੇ ਬੀਤੇ ਦਿਨੀ ਨਵਯੁਗ ਸਾਹਿਤ ਕਲਾ ਮੰਚ ਦੇ ਪ੍ਰਧਾਨ ਤੇ ਤਰਕਸ਼ੀਲ ਆਗੂ ਭੁਪਿੰਦਰ ਫੌਜੀ ਤੇ ਦਰਸ਼ਨ ਸਿੰਘ ਖਾਲਸਾ ਦੀ ਮਾਤਾ ਲਛਮੀ ਦੇਵੀ ਦਾ ਦਿਹਾਂਤ ਹੋ ਗਿਆ ਸੀ, ਜਿਸ ਦੀ ਮਿ੍ਰਤਕ ਦੇਹ ਡਾਕਟਰੀ ਖੋਜ ਕਾਰਜਾਂ ਲਈ ਭੇਟ ਕੀਤੀ ਗਈ ਸੀ, ਅੱਜ ਸ਼ਿਵ ਮੰਦਿਰ ਵਿਖੇ ਮਾਤਾ ਨਮਿੱਤ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ।
ਇਸ ਮੌਕੇ ਬੋਲਦਿਆਂ ਤਰਕਸ਼ੀਲ ਸੂਬਾ ਆਗੂ ਮਾਸਟਰ ਰਜਿੰਦਰ ਭਦੌੜ ਨੇ ਕਿਹਾ ਕਿ ਬਹੁਤ ਥੋੜ੍ਹੇ ਲੋਕ ਹਨ, ਜੋ ਅਜਿਹੇ ਕਾਰਜ ਕਰਦੇ ਹਨ ਕਿ ਮਰਨ ਤੋਂ ਪਿੱਛੋਂ ਸਰੀਰ ਜਾਂ ਅੰਗ ਦਾਨ ਦਿੱਤੇ ਜਾਣ, ਇਸ ਪਰਿਵਾਰ ਨੇ ਸਮਾਜ ਦੀਆਂ ਲੀਹਾਂ ਨੂੰ ਤੋੜਦਿਆਂ ਮਾਤਾ ਲਛਮੀ ਦੇਵੀ ਦਾ ਸਰੀਰ ਡਾਕਟਰੀ ਖੋਜ ਲਈ ਦਿੱਤਾ, ਜਿਸ ਨਾਲ ਨਵੇਂ ਬਣ ਰਹੇ ਡਾਕਟਰ ਕੁਝ ਨਵਾਂ ਸਿੱਖ ਕੇ ਸਮਾਜ ਨੂੰ ਆਪਣੀਆਂ ਚੰਗੀਆਂ ਸੇਵਾਵਾਂ ਦੇਣਗੇ।
ਕਾਮਰੇਡ ਸੁਖਦਰਸ਼ਨ ਨੱਤ ਨੇ ਕਿਹਾ ਕਿ ਸਰੀਰ ਦਾਨ ਦੇਣ ਨਾਲ ਨਵੇਂ ਡਾਕਟਰ ਖੋਜ ਤਾਂ ਕਰਦੇ ਹੀ ਹਨ, ਪ੍ਰਦੂਸ਼ਨ ਵੀ ਘੱਟਦਾ ਹੈ, ਉਹਨਾਂ ਕਿਹਾ ਕਿ ਭਾਵੇਂ ਕਿ ਸਮਾਜ ਵਿੱਚ ਇਹ ਭਰਮ ਹੈ ਕਿ ਵਿਅਕਤੀ ਨੂੰ ਅਗਨ ਭੇਂਟ ਕਰਕੇ ਹੀ ਮੁਕਤੀ ਹੈ ਮਿਲਦੀ ਪਰ ਇਸ ਪਰਿਵਾਰ ਨੇ ਚੰਗਾ ਉਪਰਾਲਾ ਕੀਤਾ ਹੈ, ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਲੋਕਾਂ ਅਜਿਹੇ ਕਾਰਜਾਂ ਲਈ ਜਾਗਰੁਕ ਕਰਨ।
ਹਲਕਾ ਮਾਨਸਾ ਵਿਧਾਇਕ ਵਿਜੇ ਸਿੰਗਲਾ ਨੇ ਕਿਹਾ ਕਿ ਬਹੁਤੇ ਲੋਕਾਂ ਦੀ ਕਰਨੀ ਤੇ ਕਹਿਣੀ ਵਿੱਚ ਫਰਕ ਹੁੰਦਾ ਹੈ, ਪਰ ਭੁਪਿੰਦਰ ਫੌਜੀ ਤੇ ਦਰਸ਼ਨ ਸਿੰਘ ਨੇ ਉਸ ਤਰਾਂ ਹੀ ਕੀਤਾ ਜਿਸ ਤਰ੍ਹਾਂ ਉਹ ਸਮਾਜ ਵਿੱਚ ਵਿਚਰਦੇ ਹਨ।
ਇਸ ਸਮੇਂ ਸ਼ਿਵ ਸ਼ਕਤੀ ਗਰੁੱਪ ਆਫ ਕਾਲਜ ਭੀਖੀ ਵੱਲੋਂ 145 ਲੋਕਾਂ ਦਾ ਚੈਕਅੱਪ ਕਰਕੇ ਦਵਾਈਆਂ ਮੁਫਤ ਦਿੱਤੀਆਂ, ਗੁਰੂ ਨਾਨਕ ਮਿਸ਼ਨ ਸੈਂਟਰ ਵੱਲੋਂ ਮੋਟਾਪੇ ਸਬੰਧੀ 40 ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ। ਸਾਹਿਬਦੀਪ ਪਬਲੀਕੇਸ਼ਨ ਵੱਲੋਂ ਉਸਾਰੂ ਸਾਹਿਤਕ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ, ਆਏ ਲੋਕਾਂ ਨੂੰ ਛਾਂਦਾਰ, ਫਲਦਾਰ ਤੇ ਫੁੱਲਾਂ ਵਾਲੇ ਪੌਦੇ ਵੰਡੇ ਗਏ। ਮੰਚ ਸੰਚਾਲਨ ਹਰਭਗਵਾਨ ਭੀਖੀ ਵੱਲੋਂ ਕੀਤਾ ਗਿਆ।
ਇਸ ਮੌਕੇ ਮਾ. ਛੱਜੂ ਰਾਮ ਰਿਸ਼ੀ, ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸਾਹੀਆ, ਗੁਰਨਾਮ ਸਿੰਘ ਭੀਖੀ, ਵਿਨੋਦ ਸਿੰਗਲਾ ਸਾਬਕਾ ਪ੍ਰਧਾਨ ਨਗਰ ਪੰਚਾਇਤ, ਸ਼ਾਇਰ ਗੁਰਪ੍ਰੀਤ, ਕਹਾਣੀਕਾਰ ਦਰਸ਼ਨ ਜੋਗਾ, ਮਾ. ਮੇਘਰਾਜ ਰੱਲਾ, ਡਾ. ਦੀਪਕ ਮਹਿਤਾ, ਡਾ. ਸ਼ਿਵਾਲੀ, ਡਾ. ਪਰਦੀਪ, ਡਾ. ਸ਼ੁਸ਼ਮਿਤਾ, ਡਾ. ਰਸ਼ਮੀ, ਡਾ. ਸ਼ਿਖਾ ਅਤੇ ਡਾ. ਗੁਰਦੀਪ ਸਿੰਘ ਭੀਖੀ ਆਦਿ ਨੇ ਹਾਜ਼ਰੀ ਲਵਾਈ।