- ਮਾਨਸਾ ਦਾ ਈਕੋ ਵੀਲਰਜ ਸਾਈਕਲ ਕਲੱਬ ਪ੍ਰਗਤੀ ਦੇ ਰਾਹਾਂ ਵੱਲ
09 ਅਕਤੂਬਰ (ਨਾਨਕ ਸਿੰਘ ਖੁਰਮੀ) ਮਾਨਸਾ: ਈਕੋ ਵੀਲਰਜ ਸਾਈਕਲ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਅੱਜ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਈਕੋ ਵੀਲਰਜ ਸਾਈਕਲ ਕਲੱਬ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ। ਇਹ ਕਲੱਬ ਪੂਰੇ ਭਾਰਤ ਵਿੱਚ ਆਪਣਾ ਵੱਖਰਾ ਹੀ ਸਥਾਨ ਰੱਖਦਾ ਹੈ, ਕਿਉਕਿ ਕਲੱਬ ਦੇ ਬਹੁਤ ਸਾਰੇ ਸਾਈਕਲਿਸਟ ਜੋ ਸਾਈਕਲਿੰਗ ਦੇ ਨਾਲ ਨਾਲ ਅਥਲੀਟ ਵੀ ਹਨ ਅਤੇ ਸਮੇਂ ਸਮੇਂ ਸਿਰ ਹੋ ਰਹੀਆ ਰੇਸਾ ਅਤੇ ਮੈਰਾਥਨ ਦੌੜਾਂ ਵਿੱਚ ਹਿੱਸਾ ਲੈ ਕੇ ਪੁਜੀਸ਼ਨਾਂ ਹਾਸਲ ਕਰਕੇ ਕਲੱਬ
ਦਾ ਨਾਮ ਰੋਸ਼ਨ ਕਰ ਰਹੇ ਹਨ।
ਕਲੱਬ ਦੇ ਸੈਕਟਰੀ ਅਮਨਦੀਪ ਸਿੰਘ ਔਲਖ ਜਿਸਨੇ ਮਿਤੀ 5-10-24 ਨੂੰ ਪਟਿਆਲਾ ਰੰਡੋਨੇਰ ਵੱਲੋਂ ਕਰਵਾਈ ਗਈ 600 ਕਿਲੋਮੀਟਰ ਰਾਈਡ ਨੂੰ 34 ਘੰਟਿਆ ‘ਚ ਪੂਰਾ ਕਰਕੇ 9ਵੀ. ਵਾਰ ਐਸ.ਆਰ. ਦਾ ਟਾਈਟਲ ਹਾਸਲ ਕੀਤਾ ਹੈ। ਦੱਸਣਾ ਬਣਦਾ ਹੈ ਕਿ ਇੱਕ ਐਸ.ਆਰ. ਦਾ ਮਤਲਬ 5 ਰਾਈਡਾ (100,200,300,400 ਅਤੇ 600 ਕਿਲੋਮੀਟਰ) ਨੂੰ ਨੀਯਤ ਸਮੇੰ ਵਿੱਚ ਕੰਪਲੀਟ ਕਰਨਾ ਹੁੰਦਾ ਹੈ। ਇਸ ਤੋਂ ਪਹਿਲਾ ਵੀ ਇਸ ਮਾਣਮੱਤੇ ਰਾਈਡਰ ਵੱਲੋਂ ਪਿਛਲੇ ਵਰ੍ਹੇ ਦਿੱਲੀ ਰੰਡੋਨੇਰ ਵੱਲੋਂ ਦਿੱਲੀ-ਅਟਾਰੀ ਤੋਂ ਵਾਪਸ ਦਿੱਲੀ ਤੱਕ ਕਰਵਾਈ 1000 ਕਿਲੋਮੀਟਰ ਰਾਈਡ ਨੂੰ 57 ਘੰਟਿਆ ਅੰਦਰ ਪੂਰਾ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਸੀ। ਬੀਤੇ ਵਰ੍ਹੇ ਹੀ ਸਿਵਾਲਿਕ ਸਿਗਨੇਚਰ ਊਨਾ ਵੱਲੋਂ 600 ਕਿਲੋਮੀਟਰ ਅਤੇ ਰੇਸ ਕਰਵਾਈ ਗਈ ਸੀ, ਜਿਸ ਵਿੱਚ ਵੀ ਇਸਨੇ ਪਹਿਲਾ ਸਥਾਨ ਹਾਸਲ ਕੀਤਾ ਸੀ। ਇਸੇ ਤਰਾ ਸਾਲ-2024 ਦੌਰਾਨ ਆਲ ਇੰਡੀਆ ਸਾਈਕਲਿੰਗ ਕਲੱਬ ਬਠਿੰਡਾ ਵੱਲੋਂ ਕਰਵਾਈ ਗਈ 50 ਕਿਲੋਮੀਟਰ ਸਾਈਕਲ ਰੇਸ ਵਿੱਚੋ ਵੀ ਇਸ ਵੱਲੋਂ ਪਹਿਲੀ ਪੁਜੀਸ਼ਨ ਹਾਸਲ ਕੀਤੀ ਗਈ ਹੈ।
ਇਸੇ ਤਰਾ ਕਲੱਬ ਦਾ ਇੱਕ ਹੋਰ ਰਾਈਡਰ ਗੁਰਜੰਟ ਸਿੰਘ ਜੋ ਸਾਈਕਲਿਸਟ ਦੇ ਨਾਲ ਨਾਲ ਅਥਲੀਟ ਵੀ ਹੈ, ਜਿਸਨੇ ਮਿਤੀ 6-10-2024 ਨੂੰ ਗ੍ਰੇਟ ਬਠਿੰਡਾ ਹਾਫ ਮੈਰਾਥਨ ਦੀ 21 ਕਿਲੋਮੀਟਰ ਦੌੜ (ਉਮਰ ਸੀਮਾ 30 ਤੋਂ 45) ਵਿੱਚ ਭਾਗ ਲੈ ਕੇ ਸਿਲਵਰ ਮੈਡਲ ਪ੍ਰਾਪਤ ਕੀਤਾ ਹੈ।
ਇਸ ਮੌਕੇ ਕਲੱਬ ਦੇ ਉਪ ਪ੍ਰਧਾਨ ਬਲਜੀਤ ਸਿੰਘ ਬਾਜਵਾ ਵੱਲੋਂ ਦੱਸਿਆ ਗਿਆ ਕਿ ਅੱਜ ਦੀ ਰੁਝੇਵੇਂ ਭਰੀ ਜਿੰਦਗੀ ਦੌਰਾਨ ਤੰਦਰੁਸਤ ਜੀਵਨ ਜਿਊਣ ਲਈ ਸਾਈਕਲਿੰਗ ਕਰਨੀ ਬਹੁਤ ਜਰੂਰੀ ਹੈ। ਸਾਈਕਲਿੰਗ ਨਾਲ ਜਿਥੇ ਭਿਆਨਕ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ, ਉਥੇ ਹੀ ਨਸ਼ਿਆ ਜਿਹੀ ਭੈੜੀ ਅਲਾਮਤ ਤੋਂ ਬਚਿਆ ਜਾ ਸਕਦਾ ਹੈ। ਇਸੇ ਕਰਕੇ ਹੀ ਹੁਣ ਈਕੋ ਵੀਲਰਜ ਕਲੱਬ ਦੇ ਨਾਲ ਹਰ ਉਮਰ ਅਤੇ ਹਰ ਵਰਗ ਦੇ ਵੱਧ ਤੋਂ ਵੱਧ ਲੋਕ ਜੁੜ ਰਹੇ ਹਨ ਅਤੇ ਸਾਈਕਲ ਚਲਾ ਕੇ ਨਿਰੋਗ ਜੀਵਨ ਬਤੀਤ ਕਰ ਰਹੇ ਹਨ।