23 ਮਾਰਚ (ਰਿੰਪਲ ਗੋਲਣ) ਭਿੱਖੀਵਿੰਡ: ਖੇਮਕਰਨ ਪੁਲਸ ਤੇ ਬੀਐੱਸਐੱਫ਼ ਵੱਲੋਂ ਸਾਂਝੇ ਸਰਚ ਅਭਿਆਨ ਦੌਰਾਨ ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਪੈਂਦੇ ਪਿੰਡ ਮੀਆਂਵਾਲ ‘ਚੋਂ ਇੱਕ ਪਾਕਿਸਤਾਨੀ ਡਰੋਨ ਬਰਾਮਦ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਖੇਮਕਰਨ ਸੈਕਟਰ ਅਧੀਨ ਪੈਂਦੇ ਪਿੰਡ ਮੀਆਂਵਾਲ ‘ਚ ਸਮਾਂ ਕਰੀਬ 8:30 ਵਜੇ ਪਾਕਿਸਤਾਨੀ ਡਰੋਨ ਦੇ ਮੰਡਰਾਉਣ ਸੰਬੰਧੀ ਬੀਐੱਸਐੱਫ ਤੇ ਖੇਮਕਰਨ ਪੁਲਸ ਨੂੰ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਜਦੋਂ ਪੁਲਸ ਤੇ ਬੀਐੱਸਐੱਫ਼ ਵੱਲੋਂ ਉਪਰੋਕਤ ਪਿੰਡ ‘ਚ ਸਾਂਝਾ ਸਰਚ ਅਭਿਆਨ ਚਲਾਇਆ ਗਿਆ ਤਾਂ ਉਨ੍ਹਾਂ ਨੂੰ ਉਥੋਂ ਕੁਆਡਕੌਪਟਰ ਡਰੋਨ (ਡੀਜੇਆਈ ਮੈਟਰਿਸ) ਬਰਾਮਦ ਹੋਇਆ, ਜਿਸ ਨੂੰ ਖੇਮਕਰਨ ਪੁਲਸ ਵੱਲੋਂ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਬ ਡਵੀਜ਼ਨ ਭਿੱਖੀਵਿੰਡ ਤੋਂ ਡੀਐੱਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਹੱਦ ਨਾਲ ਲੱਗਦੇ ਪਿੰਡ ਮੀਆਂਵਾਲ ‘ਚ ਪਾਕਿਸਤਾਨੀ ਡਰੋਨ ਦੀ ਹਲਚਲ ਸੰਬੰਧੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਖੇਮਕਰਨ ਪੁਲਸ ਤੇ ਬੀਐੱਸਐੱਫ਼ ਵੱਲੋਂ ਮੀਆਂਵਾਲ ‘ਚ ਸਰਚ ਅਭਿਆਨ ਚਲਾਇਆ ਗਿਆ। ਡੀਐੱਸਪੀ ਭਿੱਖੀਵਿੰਡ ਨੇ ਦੱਸਿਆ ਕਿ ਬੀਐੱਸਐੱਫ਼ ਤੇ ਖੇਮਕਰਨ ਪੁਲਸ ਨੂੰ ਮੀਆਂਵਾਲ ‘ਚੋਂ ਇੱਕ ਕੁਆਡਕੌਪਟਰ ਡਰੋਨ (ਡੀਜੇਆਈ ਮੈਟਰਿਸ) ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਡਰੋਨ ਨੂੰ ਕਬਜ਼ੇ ਵਿੱਚ ਲੈ ਕੇ ਪੁਲਸ ਸਟੇਸ਼ਨ ਖੇਮਕਰਨ ‘ਚ ਐਫ਼ਆਈਆਰ ਨੰਬਰ 32 ਮਿਤੀ 23/3/2024 ਧਾਰਾ 10,11,12 ਏਅਰਕਰਾਫਟ ਐਕਟ 1934 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਡਰੋਨ ਰਾਹੀਂ ਭੇਜੀ ਗਈ ਸ਼ੱਕੀ ਵਸਤੂ ਦੀ ਭਾਲ ਹਾਲੇ ਵੀ ਜਾਰੀ ਹੈ।